ਪਾਠਕਾਂ ਦੇ ਖ਼ਤ
ਵਿਦਿਆਰਥੀਆਂ ਦਾ ਪਰਵਾਸ
ਸੁੱਚਾ ਸਿੰਘ ਗਿੱਲ ਦਾ 13 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਛਪਿਆ ਲੇਖ ‘ਵਿਦਿਆਰਥੀਆਂ ਦਾ ਪਰਵਾਸ ਅਤੇ ਪੰਜਾਬ ’ਤੇ ਅਸਰ’ ਕਾਫੀ ਵਿਸਥਾਰ ਨਾਲ ਇਸ ਸਮੱਸਿਆ ਨੂੰ ਉਜਾਗਰ ਕਰਦਾ ਹੈ। ਇਹ ਸਮੱਸਿਆ ਇਸ ਲਈ ਵੀ ਗੰਭੀਰ ਹੈ ਕਿ ਇਸ ਸਬੰਧ ਵਿਚ ਜੋ ਆਮ ਵਰਤਾਰਾ ਹੈ ਤੇ ਲੋਕਾਂ ਦੀ ਭੇਡਚਾਲ ਹੈ, ਉਸ ਨੇ ਇਸ ਸਮੱਸਿਆ ਨੂੰ ਉਸ ਜਗ੍ਹਾ ਪਹੁੰਚਾ ਦਿੱਤਾ ਹੈ ਜਿੱਥੋਂ ਮੋੜ ਪੈਣਾ ਸ਼ਾਇਦ ਹਾਲੇ ਮੁਮਕਿਨ ਨਹੀਂ। ਲਗਾਤਾਰ ਖਰਾਬ ਹੋ ਰਹੇ ਰਾਜਨੀਤਕ ਹਾਲਾਤ ਅਤੇ ਘਟ ਰਹੀਆਂ ਨੌਕਰੀਆਂ ਨੇ ਨਵੀਂ ਪੀੜ੍ਹੀ ਲਈ ਭਵਿੱਖ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਅੱਜ ਪੰਜਾਬ ਦੇ ਬੱਚੇ ਬਿਹਤਰ ਭਵਿੱਖ ਦੇ ਸੁਪਨੇ ਸਜਾਈ ਵਿਦੇਸ਼ ਜਾ ਤਾਂ ਰਹੇ ਨੇ ਪਰ ਸਭ ਕੁਝ ਉੱਥੇ ਵੀ ਠੀਕ ਨਹੀਂ। ਅੱਜ ਹਰ ਪੰਜਾਬੀ ਨੂੰ ਲੋੜ ਹੈ ਕਿ ਇਸ ਮਸਲੇ ਬਾਰੇ ਆਤਮ-ਚਿੰਤਨ ਕੀਤਾ ਜਾਵੇ ਤਾਂ ਜੋ ਪੰਜਾਬ ਦਾ ਭਵਿੱਖ ਵਿਦੇਸ਼ਾਂ ਵਿਚ ਖੱਜਲ ਹੋਣ ਤੋਂ ਬਚ ਸਕੇ।
ਵਿਕਾਸ ਕਪਿਲਾ, ਖੰਨਾ
ਨਾਵਾਂ ’ਚ ਕੀ ਰੱਖਿਐ
ਕਹਿੰਦੇ ਹਨ, ਬੱਦਲਾਂ ਜਾਂ ਅੱਗ ਵਿਚੋਂ ਦੇਖਣ ਵਾਲੇ ਨੂੰ ਉਹੋ ਕੁਝ ਹੀ ਦਿਸਦਾ ਹੈ ਜੋ ਉਸ ਦੇ ਆਪਣੇ ਮਨ ਵਿਚ ਹੋਵੇ। ਕਈਆਂ ਨੂੰ NDA ਵਿਚੋਂ ਵੀ ਇੰਡੀਆ ਹੀ ਦਿਸਦਾ ਹੈ ਅਤੇ ਕਈਆਂ ਨੂੰ INDIA ਵਿਚੋਂ ਆਪਣਾ ਭੈਅ ਦਿਸ ਰਿਹਾ ਹੈ। ਜਤਿੰਦਰ ਪੰਨੂ ਦਾ ਲੇਖ ‘ਨਾਵਾਂ ਵਿਚ ਕੀ ਰੱਖਿਐ’ (12 ਸਤੰਬਰ, ਲੋਕ ਸੰਵਾਦ) ਦੇਸ਼ਾਂ ਅਤੇ ਸ਼ਹਿਰਾਂ ਦੇ ਨਾਵਾਂ ਦੇ ਇਤਿਹਾਸ ਨੂੰ ਲੈ ਕੇ ਬੜੀ ਦਿਲਚਸਪ ਪੜ੍ਹਨ ਸਮੱਗਰੀ ਹੈ। ਜਿਸ ਰਫ਼ਤਾਰ ਨਾਲ ਭਾਰਤੀ ਜਨਤਾ ਪਾਰਟੀ ਨੇ ਸ਼ਹਿਰਾਂ ਅਤੇ ਸੰਸਥਾਵਾਂ ਦੇ ਨਾਉਂ ਬਦਲੇ, ਉਹ ਆਪਣੇ ਆਪ ਵਿਚ ਰਿਕਾਰਡ ਹੈ। ਹਾਲਾਂਕਿ ਇੰਨੀ ਕਾਹਲ ਦਾ ਮਕਸਦ ਸਮਝਣਾ ਕਠਿਨ ਹੈ। ਵੈਸੇ ਦੇਸ਼ਵਾਸੀਆਂ ਨੂੰ ਭੰਬਲਭੂਸੇ ਵਿਚ ਪਾਉਣਾ ਵੀ ਇਕ ਮਕਸਦ ਹੋ ਸਕਦਾ ਹੈ ਅਤੇ ਇਸ ਵਿਚ ਰਾਜ ਸੱਤਾ ਵਿਚ ਬੈਠੀ ਪਾਰਟੀ ਕਾਫੀ ਸਫ਼ਲ ਵੀ ਜਾਪਦੀ ਹੈ। ‘ਭਾਰਤ’ (ਨਾਉਂ) ਪ੍ਰਤੀ ਜਾਗਿਆ ਹੇਜ ਕਾਫੀ ਕੁਝ ਸਪੱਸ਼ਟ ਕਰਦਾ ਹੈ। ਅਰਬਾਂ ਰੁਪਿਆਂ ਦੀ ਵੱਖ ਵੱਖ ਮੁੱਲਾਂ ਵਾਲੀ ਕਰੰਸੀ ਤੇ ਸਿੱਕੇ, ਨਵੇਂ ਤੇ ਪੁਰਾਣੇ, INDIA ਨੂੰ ਛਿਪਾ ਨਹੀਂ ਸਕਣਗੇ। ਇਹ ਸ਼ੌਕ ਛੱਡ ਦੇਣ ਵਿਚ ਹੀ ਭਲਾ ਹੈ।
ਪ੍ਰੋ. ਮੋਹਣ ਸਿੰਘ, ਅੰਮਿ੍ਰਤਸਰ
(2)
ਭਾਰਤ ਵਿਚ ਭਾਰਤ ਬਨਾਮ ਇੰਡੀਆ ਦੇ ਨਾਂ ’ਤੇ ਲੱਗੀ ਜੰਗ ਬਾਰੇ ਜਤਿੰਦਰ ਪੰਨੂ ਦਾ ਲੇਖ ‘ਨਾਵਾਂ ’ਚ ਕੀ ਰੱਖਿਐ’ (ਲੋਕ ਸੰਵਾਦ, 12 ਸਤੰਬਰ) ਪੜ੍ਹਿਆ। ਲੇਖਕ ਨੇ ਵਿਸਥਾਰ ਵਿਚ ਦੇਸ਼ਾਂ ਦੇ ਨਾਂ ਰੱਖਣ ਦੀਆਂ ਕਹਾਣੀਆਂ ਸੁਣਾਈਆਂ ਹਨ। ਭਾਰਤ, ਇੰਡੀਆ, ਹਿੰਦ, ਹਿੰਦੋਸਤਾਨ ਆਦਿ ਪਿਆਰੇ ਨਾਵਾਂ ਨੂੰ ਲੋਕ ਹੁਣ ਤੱਕ ਫੁੱਲਾਂ ਦੇ ਗੁਲਦਸਤੇ ਵਾਂਗ ਪਿਆਰ ਕਰਦੇ ਸਨ। ਜਿਉਂ ਹੀ ਵਿਰੋਧੀ ਧਿਰ ਨੇ ਸੁਭਾਵਕ ਜਾਂ ਜਾਣਬੁੱਝ ਕੇ ਆਪਣੇ ਗੱਠਜੋੜ ਦਾ ਨਾਂ ‘ਇੰਡੀਆ’ ਰੱਖਿਆ ਤਾਂ ਤਰਥੱਲੀ ਮੱਚ ਗਈ। ਪ੍ਰਧਾਨ ਮੰਤਰੀ ਨੇ ਝੱਟ ਹੀ ਕਿਹਾ ਕਿ ਈਸਟ ਇੰਡੀਆ ਕੰਪਨੀ, ਇੰਡੀਅਨ ਮੁਜਾਹਿਦੀਨ... ਵੀ ਹਨ ਤਾਂ ਸਮਝੋ ਇੰਡੀਆ ਸ਼ਬਦ ’ਤੇ ਇਤਰਾਜ਼ ਨੇ ਦੂਜਾ ਰੰਗ ਫੜ ਲਿਆ। ਲੇਖਕ ਨੇ ਅੰਤ ਵਿਚ ਕਿਹਾ ਹੈ ਕਿ ਇਹ ਮਸਲਾ ਹੁਣ ਜਿੰਨ ਪੈਦਾ ਕਰੇਗਾ ਜਿਹੜੇ ਵਿਹਲੇ ਨਹੀਂ ਬੈਠ ਸਕਦੇ ਉਨ੍ਹਾਂ ਨੂੰ ਰਾਜਸੀ ਰੋਟੀਆਂ ਸੇਕਣ ਦਾ ਨਵਾਂ ਮੁੱਦਾ ਮਿਲ ਗਿਆ ਹੈ। ਜਿੱਥੋਂ ਤੱਕ ਨਾਂ ਦਾ ਮਹੱਤਵ ਹੈ ਜਦੋਂ ਰੱਖ ਲਿਆ ਜਾਂਦਾ ਹੈ ਤਾਂ ਉਸ ਦੀ ਅਹਿਮੀਅਤ ਵਧ ਜਾਂਦੀ ਹੈ। ਇਹ ਉਦੋਂ ਤੱਕ ਕਾਇਮ ਰਹਿੰਦੀ ਹੈ ਜਦੋਂ ਤੱਕ ਵਸਤੂ ਜਾਂ ਮਨੁੱਖ ਕਾਇਮ ਰਹਿੰਦਾ ਹੈ। ਦੇਖਦੇ ਹਾਂ ਇਸ ਵਿਚੋਂ ਕੀ ਨਿਕਲਦਾ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਅਸਲ ਅਪਰਾਧੀ
8 ਸਤੰਬਰ ਦੇ ਸੰਪਾਦਕੀ ‘ਵੱਡੇ ਅਪਰਾਧੀਆਂ ਨੂੰ ਫੜਨਾ ਜ਼ਰੂਰੀ’ ਅਨੁਸਾਰ ਚੰਡੀਗੜ੍ਹ ਹਾਈ ਕੋਰਟ ਵੱਲੋਂ ਪੰਜਾਬ ਪੁਲੀਸ ਤੋਂ ਇਹ ਪੁੱਛਣਾ ਕਿ ਸਿਰਫ ਟਿੱਪਰਾਂ ਦੇ ਗਰੀਬ ਡਰਾਈਵਰਾਂ ਨੂੰ ਹੀ ਫੜ ਕੇ ਸਾਰ ਲੈਣਾ ਲੇਕਿਨ ਵੱਡੇ ਅਪਰਾਧੀਆਂ ਨੂੰ ਬਖਸ਼ਿਆ ਜਾਣਾ, ਅਜਿਹਾ ਕਿਉਂ? ਅਜਿਹੇ ਭੇਤ ਬਣੇ ਰਹਿੰਦੇ ਜੇ ਡਰਾਈਵਰ ਗ੍ਰਿਫ਼ਤਾਰੀ ਤੋਂ ਬਚਣ ਲਈ ਹਾਈ ਕੋਰਟ ਨਾ ਜਾਂਦਾ। ਕੋਰਟ ਵੱਲੋਂ ਪੁਲੀਸ ਦੀ ਇਸ ਝਾੜ-ਝੰਬ ਦੇ ਨਤੀਜੇ ਵਜੋਂ ਐਸਐਸਪੀ ਰੋਪੜ ਦੁਆਰਾ ਤੁਰਤ ਕਾਰਵਾਈ ਕਰਦਿਆਂ ਸਬੰਧਿਤ ਚੌਕੀ ਦੇ ਇੰਚਾਰਜ ਇੰਦਰਜੀਤ ਸਿੰਘ ਨੂੰ ਮੁਅੱਤਲ ਕਰਨਾ ਪਿਆ। ਇਸੇ ਦਿਨ ਇਕ ਹੋਰ ਸੰਪਾਦਕੀ ‘ਵਿਸ਼ੇਸ਼ ਇਜਲਾਸ’ ਪੜ੍ਹਿਆ। ਬਜਟ, ਮੌਨਸੂਨ ਅਤੇ ਸਰਦੀ ਤਿੰਨ ਇਜਲਾਸਾਂ ਬਿਨਾਂ ਕੋਈ ਹੋਰ ਇਜਲਾਸ ਕਿਸੇ ਖਾਸ ਘਟਨਾ ਜਾਂ ਡਰ ਕਾਰਨ ਵਿਸ਼ੇਸ਼ ਤੌਰ ’ਤੇ ਉਹ ਵੀ ਵਿਰੋਧੀ ਧਿਰਾਂ ਦੀ ਸਹਿਮਤੀ ਨਾਲ ਹੀ ਬੁਲਾਇਆ ਜਾਂਦਾ ਹੈ ਲੇਕਿਨ 18 ਤੋਂ 22 ਸਤੰਬਰ ਤੱਕ ਬੁਲਾਏ ਸਦਨ ਬਾਰੇ ਕੇਂਦਰ ਸਰਕਾਰ ਨੇ ਮਨਮਰਜ਼ੀ ਹੀ ਨਹੀਂ ਕੀਤੀ ਸਗੋਂ ਸਬੰਧਤ ਮੰਤਰੀ ਪ੍ਰਲਹਾਦ ਜੋਸ਼ੀ ਨੇ ‘‘ਇਜਲਾਸ ਬਾਰੇ ਨਿਰਣਾ ਲੈਣ ਦੀ ਜ਼ਿੰਮੇਵਾਰੀ ਕੇਂਦਰੀ ਮੰਤਰੀ ਮੰਡਲ ਦੇ ਸੰਸਦੀ ਮਾਮਲਿਆਂ ਬਾਰੇ ਕਮੇਟੀ ਕੋਲ ਹੈ’’ ਕਹਿ ਕੇ ਚੰਦ ਚਾੜ੍ਹ ਦਿੱਤਾ ਹੈ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਸਿਹਤ ਤੇ ਸਿੱਖਿਆ
ਭੋਜਨ ਮਨੁੱਖ ਦੀਆਂ ਬੁਨਿਆਦੀ ਲੋੜਾਂ ਵਿਚੋਂ ਇਕ ਹੈ; ਇਸ ਤੋਂ ਇਲਾਵਾ ਉਸ ਦੀਆਂ ਦੋ ਅਹਿਮ ਲੋੜਾਂ ਸਿਹਤ ਤੇ ਸਿੱਖਿਆ ਹਨ। ਇਨ੍ਹਾਂ ਦੀ ਉਪਲਬਧਤਾ ਤੋਂ ਬਿਨਾਂ ਜੀਵਨ ਕਮਜ਼ੋਰ ਤੇ ਦਿਸ਼ਾਹੀਣ ਹੁੰਦਾ ਹੈ। ਜਿਹੜੇ ਦੇਸ਼ਾਂ ਵਿਚ ਇਨ੍ਹਾਂ ਵੱਲ ਪੂਰਾ ਧਿਆਨ ਦਿੱਤਾ ਜਾਂਦਾ ਹੈ, ਉਹ ਦੇਸ਼ ਤਰੱਕੀ ਤੇ ਆਰਥਿਕ ਪੱਖੋਂ ਦੂਸਰੇ ਮੁਲਕਾਂ ਤੋਂ ਅੱਗੇ ਹਨ ਕਿਉਂਕਿ ਤੰਦਰੁਸਤ ਸ਼ਖਸ ਕਿਸੇ ਵੀ ਖੇਤਰ ਵਿਚ ਹੋਵੇ ਆਪਣੀ ਮਿਹਨਤ ਸਦਕਾ ਮੁਲਕ ਦੀ ਆਰਥਿਕਤਾ ਵਿਚ ਅਹਿਮ ਯੋਗਦਾਨ ਪਾ ਸਕਦਾ ਹੈ। ਇਸ ਦੇ ਨਾਲ ਹੀ ਸਿੱਖਿਆ ਹਰ ਸ਼ਖਸ ਲਈ ਲਾਜ਼ਮੀ ਹੋਣੀ ਚਾਹੀਦੀ ਹੈ। ਗਿਆਨ ਵਿਹੂਣਾ ਸ਼ਖਸ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦੇ ਵਿਕਾਸ ਵਿਚ ਬਣਦਾ ਯੋਗਦਾਨ ਪਾਉਣ ਵਿਚ ਹਮੇਸ਼ਾ ਅਸਮਰਥ ਹੁੰਦਾ ਹੈ। ਹਰ ਮੁਲਕ ਨੂੰ ਮਨੁੱਖ ਦੀਆਂ ਇਨ੍ਹਾਂ ਦੋਨਾਂ ਲੋੜਾਂ ’ਤੇ ਖਾਸ ਤਵੱਜੋ ਦੇਣੀ ਚਾਹੀਦੀ ਹੈ।
ਲਾਭ ਸਿੰਘ ਸ਼ੇਰਗਿੱਲ, ਸੰਗਰੂਰ