ਪਾਠਕਾਂ ਦੇ ਖ਼ਤ
ਲਾਇਬ੍ਰੇਰੀਆਂ ਦਾ ਹਾਲ
29 ਅਗਸਤ ਦੇ ਸੰਵਾਦ ਪੰਨੇ ’ਤੇ ਭਾਰਤੀ ਪ੍ਰਕਾਸ਼ਕ ਮਹਾਂ-ਸੰਘ ਦਾ ਐਲਾਨ ‘ਦੇਸ਼ ਦੇ ਹਰ ਪਿੰਡ ਵਿਚ ਖੋਲ੍ਹੀ ਜਾਵੇਗੀ ਲਾਇਬ੍ਰੇਰੀ’ ਪੜ੍ਹ ਕੇ ਖ਼ੁਸ਼ੀ ਹੋਈ। ਬਿਨਾ ਸ਼ੱਕ ਕਿਤਾਬਾਂ ਮਨੁੱਖੀ ਜੀਵਨ ਦਾ ਅਨਿੱਖੜ ਅਤੇ ਮਹੱਤਵਪੂਰਨ ਅੰਗ ਹਨ। ਮਨੁੱਖ ਨੂੰ ਗਿਆਨਵਾਨ ਤੇ ਸਿਆਣਾ ਬਣਾਉਣ ਲਈ ਕਿਤਾਬਾਂ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ ਤੇ ਕਿਤਾਬਾਂ ਕੇਵਲ ਲਾਇਬ੍ਰੇਰੀਆਂ ਵਿਚ ਹੀ ਸੁਰੱਖਿਅਤ ਰਹਿ ਸਕਦੀਆਂ ਹਨ। ਇਸ ਲਈ ਵੱਧ ਤੋਂ ਵੱਧ ਲਾਇਬ੍ਰੇਰੀਆਂ ਖੋਲ੍ਹਣੀਆਂ ਵਧੀਆ ਉਪਰਾਲਾ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਜਿਹੜੀਆਂ ਲਾਇਬ੍ਰੇਰੀਆਂ ਖੁੱਲ੍ਹੀਆਂ ਹੋਈਆਂ ਹਨ, ਉਨ੍ਹਾਂ ਦੀ ਸੁਚੱਜੀ ਵਰਤੋਂ ਵੱਲ ਕੌਣ ਧਿਆਨ ਦੇਵੇਗਾ ? ਸੋ, ਹੋਰ ਲਾਇਬ੍ਰੇਰੀਆਂ ਖੋਲ੍ਹਣ ਤੋਂ ਪਹਿਲਾਂ ਮੌਜੂਦਾ ਲਾਇਬ੍ਰੇਰੀਆਂ ਲਈ ਲੋੜੀਂਦੇ ਸਟਾਫ਼, ਸਾਜ਼ੋ-ਸਾਮਾਨ ਅਤੇ ਆਮ ਪਾਠਕਾਂ ਤਕ ਉਨ੍ਹਾਂ ਦੀ ਆਸਾਨ ਪਹੁੰਚ ਬਣਾਉਣ ਦੇ ਯੋਗ ਉਪਰਾਲੇ ਕੀਤੇ ਜਾਣ।
ਡਾ. ਤਰਲੋਚਨ ਕੌਰ, ਪਟਿਆਲਾ
ਰੈਗਿੰਗ ਦੀ ਮਾਰ
ਨਜ਼ਰੀਆ ਪੰਨੇ ਉੱਤੇ ਅਵਿਜੀਤ ਪਾਠਕ ਦਾ ਲੇਖ ‘ਰੈਗਿੰਗ ਦੇ ਰੋਗਾਣੂਆਂ ਦੀ ਨਿਸ਼ਾਨਦੇਹੀ’ (31 ਅਗਸਤ) ਪੜ੍ਹਿਆ। ਰੈਗਿੰਗ ਦੇ ਕੋਹੜ ਤੋਂ ਖਹਿੜਾ ਛੁਡਾਉਣ ਲਈ ਸਰਕਾਰ ਅਤੇ ਸਿੱਖਿਆ ਅਦਾਰਿਆਂ ਨੂੰ ਮੁਸਤੈਦੀ ਨਾਲ ਨੀਤੀ–ਫ਼ੈਸਲੇ ਕਰਨ ਦੀ ਲੋੜ ਹੈ। ਜਿਸ ਤਰ੍ਹਾਂ ਵੱਖ ਵੱਖ ਅਦਾਰਿਆਂ ਵਿਚ ਔਰਤਾਂ ਦੇ ਮਸਲਿਆਂ ਬਾਰੇ ਬਾਕਾਇਦਾ ਕਮੇਟੀ ਬਣਦੀਆਂ ਹਨ, ਇਸੇ ਤਰਜ਼ ’ਤੇ ਵਿਦਿਅਕ ਅਦਾਰਿਆਂ ਅੰਦਰ ਰੈਗਿੰਗ ਦੇ ਮਸਲੇ ਬਾਰੇ ਕਮੇਟੀਆਂ ਬਣਨੀਆਂ ਚਾਹੀਦੀਆਂ ਹਨ। ਇਸੇ ਦਿਨ ਦਾ ਮਿਡਲ ‘ਜਦੋਂ ਪ੍ਰਿੰਸੀਪਲ ਨੇ ਮੁਆਫ਼ੀ ਮੰਗੀ’ (ਲੇਖਕ ਸੁਖਦਰਸ਼ਨ ਨੱਤ) ਬਹੁਤ ਵੱਡਾ ਸੁਨੇਹਾ ਦੇਣ ਵਾਲੀ ਲਿਖਤ ਹੈ। ਬੱਚਿਆਂ ਨੂੰ ‘ਯੈੱਸ ਸਰ/ਯੈੱਸ ਮੈਡਮ’ ਕਹਿਣਾ ਸਿਖਾਉਣ ਦੀ ਥਾਂ ਸਵਾਲ ਪੁੱਛਣ ਵਾਲੇ ਪਾਸੇ ਤੋਰਨਾ ਜ਼ਰੂਰੀ ਹੈ। ਅਜਿਹੀ ਚੇਤਨਾ ਨਾਲ ਹੀ ਸਾਡੀ ਨਵੀਂ
ਪੀੜ੍ਹੀ ਅਗਲਾ ਕਦਮ ਪੁੱਟ ਸਕੇਗੀ। ਇਸ ਤੋਂ ਪਹਿਲਾਂ, 29 ਅਗਸਤ ਨੂੰ ਨਜ਼ਰੀਆ ਪੰਨੇ ’ਤੇ ਜਤਿੰਦਰ ਸਿੰਘ ਦਾ ਲੇਖ ‘ਹੜ੍ਹ: ਬੇਲਗਾਮ ਉਤਪਾਦਨ ਅਤੇ ਮਨੁੱਖੀ ਲਾਪਰਵਾਹੀ’ ਵਿਚ ਹਕੀਕਤ ਬਿਆਨ ਕੀਤੀ ਗਈ ਹੈ। ਮਸਲਾ ਠੱਲ੍ਹਣ ਜਾਂ ਟਲਣ ਤੋਂ ਬਾਅਦ ਸੱਚਮੁੱਚ ਹੀ ਸੰਜੀਦਗੀ ਜਾਂਦੀ ਲਗਦੀ ਹੈ। ਇਸ ਬਾਰੇ ਹੁਣ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
ਰਜਵੰਤ ਕੌਰ, ਹੁਸ਼ਿਆਰਪੁਰ
ਪਰਵਾਸ ਦਾ ਰੁਝਾਨ
30 ਅਗਸਤ ਦੇ ਸੰਪਾਦਕੀ ‘ਗ਼ੈਰ-ਕਾਨੂੰਨੀ ਪਰਵਾਸ’ ਵਿਚ ਵਿਦੇਸ਼ਾਂ ਵੱਲ ਨੌਜਵਾਨਾਂ ਦੇ ਰੁਝਾਨ ਬਾਰੇ ਚਰਚਾ ਹੈ। ਜੇਕਰ ਇਸੇ ਤਰ੍ਹਾਂ ਨੌਜਵਾਨ ਵਿਦੇਸ਼ਾਂ ਵੱਲ ਜਾਂਦੇ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਇਹ ਹੋਰ ਵੱਡਾ
ਸਵਾਲ ਬਣੇਗਾ। ਹੁਣ ਮੁੱਖ ਮਸਲਾ ਇਹ ਹੈ ਕਿ ਪੰਜਾਬ ਵਿਚ ਨਵੀਂ ਪੀੜ੍ਹੀ ਨੂੰ ਰੁਜ਼ਗਾਰ ਚਾਹੀਦਾ ਹੈ। ਹੁਣ ਹਾਲ ਇਹ ਹੈ ਕਿ ਨੌਜਵਾਨ ਕਾਨੂੰਨਨ ਹੀ ਨਹੀਂ, ਗ਼ੈਰ-ਕਾਨੂੰਨੀ ਢੰਗ ਨਾਲ ਵੀ ਵਿਦੇਸ਼ ਜਾ ਰਹੇ ਹਨ। ਪੰਜਾਬ ਦੀ ਨੌਜਵਾਨ ਸ਼ਕਤੀ ਪੰਜਾਬ ਵਿਚ ਹੀ ਲਾ ਕੇ ਤਰੱਕੀ ਕੀਤੀ ਜਾ ਸਕਦੀ ਹੈ।
ਕਮਲਪ੍ਰੀਤ ਕੌਰ ਜੰਗਪੁਰਾ, ਮੁਹਾਲੀ
ਦੇਸ ਰਾਜ ਕਾਲੀ ਦਾ ਸਮਾਂ
28 ਅਗਸਤ ਦੇ ਅੰਕ ਵਿਚ ਸਵਰਾਜਬੀਰ ਦਾ ਲੇਖ ‘ਦੇਸ ਰਾਜ ਕਾਲੀ ਦਾ ਸਮਾਂ ਤੇ ਅਸੀਂ’ ਦਿਲ ਨੂੰ ਧੂਹ ਪਾਉਂਦਾ ਹੈ। ਲੇਖਕ ਨੇ ਕਾਲੀ ਦੀਆਂ ਭੜੋਲੀਆਂ ਦੀਆਂ ਗੁੱਠਾਂ ਪਾਠਕਾਂ ਸਾਹਮਣੇ ਪਰੋਸ ਧਰੀਆਂ ਹਨ। ਕਾਲੀ ਦੀ ਬੇਬਾਕ ਲੇਖਣੀ ਸਦੀਆਂ ਤੋਂ ਸਤਾਏ, ਦਬਾਏ ਸਮਾਜ ਦੇ ਮਨੋਭਾਵਾਂ ਨੂੰ ਤਿਖੇਰੀ ਸ਼ਬਦਾਵਲੀ ਵਿਚ ਲਿਖੀ ਮਿਲਦੀ ਹੈ। ਉਨ੍ਹਾਂ ਦਾ ਇਹ ਲਿਖਣਾ ਕਿ ਦਲਿਤ ਸਾਹਿਤ ਪੰਜਾਬੀ ਸਾਹਿਤ ਦਾ ਹਿੱਸਾ ਨਹੀਂ ਸਗੋਂ ਮੁੱਖ ਧਾਰਾ ਹੈ, ਬਿਲਕੁੱਲ ਸਹੀ ਨਿਰਣਾ ਹੈ।
ਸਾਗਰ ਸਿੰਘ ਸਾਗਰ, ਬਰਨਾਲਾ
ਸਰਕਾਰ ਦੀ ਕਾਰਗੁਜ਼ਾਰੀ
26 ਅਗਸਤ ਦੇ ਨਜ਼ਰੀਆ ਪੰਨੇ ’ਤੇ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਮੌਜੂਦਾ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ’ ਦੱਸ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਗ਼ਰੀਬੀ ਦੇ ਅੰਕੜੇ ਜੱਗ ਜ਼ਾਹਿਰ ਹੀ ਨਹੀਂ ਕੀਤੇ। 2017-18 ਦੇ ਅੰਕੜਿਆਂ ਵਿਚ ਤਕਨੀਕੀ ਖਰਾਬੀ ਪੰਜ ਸਾਲ ਵਿਚ ਦਰੁਸਤ ਨਾ ਕੀਤੇ ਜਾਣਾ, ਸਰਕਾਰ ਦੀ ਅੰਕੜੇ ਛੁਪਾਉਣ ਦੀ ਮਨਸ਼ਾ ਦਰਸਾਉਂਦਾ ਹੈ। ਸਮਾਜਿਕ ਕਲਿਆਣ ਯੋਜਨਾਵਾਂ ਨੂੰ ਅਮੀਰਾਂ ਦੇ ਹੱਕ ਵਿਚ ਭੁਗਤਾ ਕੇ ਸਰਕਾਰ ਦਾ ਦੇਸ਼ ਦੇ ਵੱਡੇ ਹਿੱਸੇ ਨੂੰ ਗ਼ਰੀਬੀ ਵੱਲ ਧੱਕਣਾ ਸਾਜ਼ਿਸ਼ ਹੀ ਤਾਂ ਹੈ। ਪ੍ਰਤੀ ਵਿਅਕਤੀ ਆਮਦਨ ਦਾ ਸੰਕਲਪ ਭੁਲੇਖਾ ਪਾਊ ਹੈ ਜਿਸ ਨੂੰ ਵਧਣ ਬਾਰੇ ਦਮਗਜੇ ਮਾਰੇ ਜਾ ਰਹੇ ਹਨ।
ਜਗਰੂਪ ਸਿੰਘ, ਲੁਧਿਆਣਾ
ਖੇਤ ਮਜ਼ਦੂਰ ਦਾ ਦਰਦ
26 ਅਗਸਤ ਨੂੰ ਗੁਰਦੀਪ ਢੁੱਡੀ ਦਾ ਮਿਡਲ ‘ਸਾਡੇ ਕਿਹੜੇ ਨਾਮ ਹੁੰਦੇ…’ ਵਿਚ ਦਲਿਤ ਖੇਤ ਮਜ਼ਦੂਰ ਦੇ ਅੰਦਰ ਦਾ ਦਰਦ ਬਿਆਨ ਹੋਇਆ ਹੈ। ਕਿਵੇਂ ਇਹ ਕਾਮੇ ਲੋਕਾਂ ਦੇ ਖੇਤਾਂ ਵਿਚ ਜੀਅ ਜਾਨ ਲਾ ਕੇ ਕੰਮ ਕਰਦੇ ਹਨ ਪਰ ਮਾਲਕਾਂ ਵੱਲੋਂ ਉਨ੍ਹਾਂ ਨਾਲ ਹੋਰ ਤਰ੍ਹਾਂ ਦਾ ਵਿਹਾਰ ਕੀਤਾ ਜਾਂਦਾ ਹੈ। ਇਹ ਵੇਦਨਾ ਕਾਲੀ ਵੱਲੋਂ ਲੇਖਕ ਨੂੰ ਦਿੱਤੇ ਜਵਾਬ ਵਿਚੋਂ ਸਾਫ਼ ਝਲਕਦੀ ਹੈ। ਇਹ ਸਾਡੇ ਸਮਾਜ ਦੀ ਤ੍ਰਾਸਦੀ ਹੈ। ਹਰਦਿਆਲ ਸਿੰਘ ਥੂਹੀ ਵੱਲੋਂ ਜੈਲਾ ਰਾਮ ਬਾਜ਼ੀਗਰ ਵਰਗੇ ਅਣਗੌਲੇ ਕਲਾਕਾਰਾਂ ਬਾਰੇ ਦਿੱਤੀ ਜਾਣਕਾਰੀ ਸ਼ਲਾਘਾਯੋਗ ਹੈ।
ਗੁਰਚਰਨ ਸਿੰਘ ਗੁਣੀਕੇ, ਪਟਿਆਲਾ
(2)
26 ਅਗਸਤ ਦੇ ਅੰਕ ਵਿਚ ਗੁਰਦੀਪ ਢੁੱਡੀ ਦਾ ਲੇਖ ‘ਸਾਡੇ ਕਿਹੜੇ ਨਾਮ ਹੁੰਦੇ…’ ਪੜ੍ਹਿਆ। ਅਸੀਂ ਅੱਜ ਦੇ ਯੁੱਗ ਵਿਚ ਕਿੰਨੇ ਹੀ ਪੜ੍ਹ-ਲਿਖ ਕੇ ਉੱਚ ਅਹੁਦਿਆਂ ’ਤੇ ਪਹੁੰਚ ਗਏ ਪਰ ਸਾਡੇ ਮਨਾਂ ਵਿਚੋਂ ਜਾਤ ਪਾਤ ਨਹੀਂ ਨਿਕਲੀ। ਇਹ ਅਸਲ ਵਿਚ ਸਾਡੇ ਖੂਨ ਵਿਚ ਰਚ ਗਈ ਹੈ। ਇੱਥੋਂ ਤਕ ਕਿ ਅਸੀਂ ਜਾਤਾਂ ਅਨੁਸਾਰ ਆਪਣੀਆਂ ਸਾਂਝੀਆਂ ਥਾਵਾਂ ਵੀ ਵੰਡ ਲਈਆਂ ਹਨ। ਅਸੀਂ ਤਾਂ ਆਪਣੇ ਗੁਰੂਆਂ ਦੇ ਫਲਸਫ਼ੇ ’ਤੇ ਵੀ ਨਹੀਂ ਚੱਲ ਸਕੇ।
ਬੂਟਾ ਸਿੰਘ, ਚਤਾਮਲਾ (ਰੂਪਨਗਰ)
ਬੱਚਿਆਂ ਵੱਲ ਧਿਆਨ
24 ਅਗਸਤ ਦਾ ਲੇਖ ‘ਫ਼ਰਜ਼’ (ਸ਼ਵਿੰਦਰ ਕੌਰ) ਪੜ੍ਹਿਆ। ਵਾਕਿਆ ਹੀ ਕਿਸ਼ੋਰ ਅਵਸਥਾ ਵਿਚ ਮਾਤਾ ਪਿਤਾ ਨੂੰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਵਿਹਾਰਕ ਤਜਰਬਿਆਂ ਦੀ ਘਾਟ ਹੋਣ ਕਾਰਨ ਬੱਚੇ ਕਿਸੇ ਦੀਆਂ ਗੱਲਾਂ ’ਚ ਸੁਖਾਲੇ ਹੀ ਆ ਜਾਂਦੇ ਹਨ ਅਤੇ ਕੀਤੀਆਂ ਗ਼ਲਤੀਆਂ ਦੇ ਨਤੀਜੇ ਤੋਂ ਵੀ ਅਣਜਾਣ ਹੁੰਦੇ ਹਨ। ਇਸ ਸਮੇਂ ਬੱਚਿਆਂ ਨਾਲ ਭਾਵਨਾਤਮਕ ਰਿਸ਼ਤੇ ਬਣਾ ਕੇ ਰੱਖਣੇ ਜ਼ਰੂਰੀ ਹੁੰਦੇ ਹਨ।
ਸੁਖਪਾਲ ਕੌਰ, ਚੰਡੀਗੜ੍ਹ