For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

06:19 AM Aug 31, 2023 IST
ਪਾਠਕਾਂ ਦੇ ਖ਼ਤ
Advertisement

ਕੁਦਰਤ ਅਤੇ ਅਸੀਂ

25 ਅਗਸਤ ਦੇ ਅੰਕ ਵਿਚ ਰਾਜੇਸ਼ ਰਾਮਚੰਦਰਨ ਦਾ ਲੇਖ ‘ਪਹਾੜਾਂ ’ਚੋਂ ਆ ਰਹੇ ਡਰਾਉਣੇ ਸੁਨੇਹੇ’ ਪੜ੍ਹਿਆ। ਲੇਖਕ ਨੇ ਪਹਾੜਾਂ ਦੀ ਹਾਲਤ ਤੇ ਹੜ੍ਹਾਂ ਦੇ ਪ੍ਰਸੰਗ ਬਾਰੇ ਚਾਨਣਾ ਪਾਇਆ ਹੈ। ਉਨ੍ਹਾਂ ਦੱਸਿਆ ਹੈ ਕਿ ਧੜਾ-ਧੜ ਸੜਕਾਂ ਚੌੜੀਆਂ ਕਰਨ ਖਾਤਰ ਹੋਟਲਾਂ ਤੇ ਹੋਰ ਬਿਲਡਿੰਗਾਂ ਦੀ ਉਸਾਰੀ ਲਈ ਜੋ ਵੱਡੇ ਰੁੱਖ ਪੁੱਟੇ ਗਏ, ਨੇ ਜ਼ਮੀਨ ਨੂੰ ਖੋਰਨ ਤੋਂ ਬਚਾਇਆ ਹੋਇਆ ਸੀ। ਫਿਰ ਢਲਾਣਾਂ ਨੂੰ ਧਮਾਕੇ ਕਰ ਕੇ ਤੋੜਨਾ ਤੇ ਰੇਤ ਬੱਜਰੀ ਬਣਾਉਣਾ, ਮਲਬਾ ਦਰਿਆਵਾਂ ’ਚ ਸੁੱਟੀ ਜਾਣਾ ਸਭ ਬਰਬਾਦੀ ਦਾ ਹੀ ਜੁਗਾੜ ਹੈ। ਇਸੇ ਕਾਰਨ ਖੁਸ਼ਹਾਲ ਹੋ ਰਹੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦਾ ਹੜ੍ਹਾਂ ਕਾਰਨ ਬੇਹਿਸਾਬ ਨੁਕਸਾਨ ਹੋਇਆ ਹੈ। ਸੋ, ਅਜੇ ਵੀ ਸੰਭਲ ਜਾਈਏ। ਲਾਲਚ ਵਿਚ ਆ ਕੇ ਰੁੱਖ, ਪਹਾੜ ਕੱਟ ਕੱਟ ਸੜਕਾਂ ਚੌੜੀਆਂ ਕਰਨ ਅਤੇ ਬੇਤਰਤੀਬੀਆਂ ਇਮਾਰਤਾਂ ਦੀ ਉਸਾਰੀ ਰੋਕੀਏ। ਜਿਵੇਂ ਕੁਦਰਤ ਵਿਚ ਹੈ, ਉਵੇਂ ਹੀ ਹਰਿਆਲੀ, ਆਕਸੀਜਨ ਅਤੇ ਸੁੰਦਰਤਾ ਨੂੰ ਰਹਿਣ ਦੇਈਏ। ਗੰਦਗੀ, ਪਲਾਸਟਿਕ ਆਦਿ ਨਾ ਫੈਲਾਈਏ। ਵਾਤਾਵਰਨ ਦੀ ਬਹੁਤੀ ਛੇੜਛਾੜ ਨਾਲੋਂ ਸੰਕੋਚ ਦਾ ਜੀਵਨ ਬਿਤਾਈਏ।
ਜਸਬੀਰ ਕੌਰ, ਅੰਮ੍ਰਿਤਸਰ

Advertisement

ਪੰਜਾਬ ਦਾ ਉਧੇੜ

30 ਅਗਸਤ ਦੇ ਇੰਟਰਨੈੱਟ ਸਫ਼ੇ ‘ਪੰਜਾਬੀ ਪੈੜਾਂ’ ’ਚ ਕੁਲਵੰਤ ਸਿੰਘ ਔਜਲਾ ਦਾ ਲੇਖ ‘ਵਾਈਪਰਾਂ ਨਾਲ ਡਾਲਰ ਹੂੰਝਦੇ ਪੰਜਾਬੀ’ ਪੜ੍ਹਿਆ। ਲੇਖਕ ਨੇ ਆਪਣੀ ਲੱਛੇਦਾਰ ਸ਼ੈਲੀ ’ਚ ਇਕ ਟਾਵੇਂ-ਟੱਲੇ ਸ਼ਾਨੋ-ਸ਼ੌਕਤ ਨਾਲ ਹੋਏ ਅਮਰੀਕੀ ਪੰਜਾਬੀ ਵਿਆਹ ਦੀ ਘਟਨਾ ਅਤੇ ਪੰਜਾਬੀ ਪਰਵਾਸੀਆਂ ਨੂੰ ਆਪਣੀ ਪੰਜਾਬ ਫੇਰੀ ਵੇਲੇ ਖੁੱਲ੍ਹੇ-ਡੁੱਲ੍ਹੇ ਖਰਚ ਕਰਨ ਦੀ ਆਦਤ ਨੂੰ ਹੀ ਆਧਾਰ ਬਣਾ ਕੇ ਇਹ ਨਤੀਜਾ ਕੱਢ ਮਾਰਿਆ, ਜਿਵੇਂ ਪੰਜਾਬ ਉੱਧੜਨ ਦੇ ਇਹ ਮੂਲ ਕਾਰਨ ਹੋਣ। ਨਸ਼ਾ, ਬੇਰੁਜ਼ਗਾਰੀ, ਰਿਸ਼ਵਤ ਦਾ ਲੈਣ-ਦੇਣ, ਪੌਣ ਪਾਣੀ ਦਾ ਪਲੀਤ ਹੋਣਾ ਅਤੇ ਸਰਕਾਰੀ ਨਿਜ਼ਾਮ ਤੋਂ ਇਨ੍ਹਾਂ ਅਲਾਮਤਾਂ ਨੂੰ ਹੱਲ ਕਰਨ ਦਾ ਕੋਈ ਠੋਸ ਉਪਚਾਰ ਨਾ ਹੋਣਾ ਆਦਿ ਹੋਰ ਕਾਰਨ ਵੀ ਪਰਵਾਸ ਲਈ ਮਜਬੂਰ ਕਰਦੇ ਹਨ। ਇਸ ਤੋਂ ਪਹਿਲਾਂ 25 ਅਗਸਤ ਦੇ ਅੰਕ ਦੀ ਇਕ ਖ਼ਬਰ ‘ਭਾਰਤ ਦੀ ਚੰਨ ਉੱਤੇ ਚਹਿਲਕਦਮੀ’ ਸੀ। ਦਰਅਸਲ, ਸਹੀ ਸ਼ਬਦ ‘ਚਿਹਲਕਦਮੀ’ ਹੈ। ਮਹਾਨਕੋਸ਼ ’ਚ ਇਸ ਸ਼ਬਦ ਦਾ ਇੰਦਰਾਜ ‘‘ਚਿਹਲਕਦਮੀ–ਫ਼ਾਰਸੀ, ਸੰਗਯਾ-ਕਬਰ ਤੋਂ ਚਾਲੀ ਕਦਮ ਪਿੱਛੇ ਹਟ ਕੇ ਅਤੇ ਫੇਰ ਚਾਲੀ ਕਦਮ ਅੱਗੇ ਵਧ ਕੇ ਮੁਰਦੇ ਦੇ ਹੱਕ ਵਿਚ ਦੁਆ ਮੰਗਣੀ। 2) ਭਾਵ ਟਹਿਲਣਾ।’’ ਹੈ। ਖ਼ਬਰ ਵਿਚ ਆਏ ਇਸ ਸ਼ਬਦ ‘ਚਿਹਲਕਦਮੀ’ ਦਾ ਭਾਵ ‘ਟਹਿਲਣ’ ਤੋਂ ਹੈ।
ਕੁਲਦੀਪ ਸਿੰਘ, ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)

ਲੋਕ ਹਿੱਤਾਂ ਦੀ ਤਰਜਮਾਨੀ

28 ਅਤੇ 29 ਅਗਸਤ ਨੂੰ ਛਪੇ ਇੰਜ. ਦਰਸ਼ਨ ਸਿੰਘ ਭੁੱਲਰ ਦੇ ਲੇਖ ‘ਬਿਜਲੀ ਕਾਰਪੋਰੇਸ਼ਨਾਂ ਦੇ ਰਲੇਵੇਂ ਦਾ ਮਸਲਾ’ ਅਰਥ ਭਰਪੂਰ ਅਤੇ ਢੁਕਵੇਂ ਸਮੇਂ ’ਤੇ ਪੇਸ਼ ਕੀਤਾ ਗਿਆ ਹੈ। ਇਹ ਲੋਕ ਹਿੱਤਾਂ ਦੀ ਤਰਜਮਾਨੀ ਕਰਦਾ ਹੋਇਆ ਕਫਾਇਤੀ ਦਰਾਂ ’ਤੇ ਬਿਜਲੀ ਸਪਲਾਈ ਕਰਨ ਦੀ ਬਾਤ ਪਾਉਂਦਾ ਹੈ। ਆਸ ਕੀਤੀ ਜਾਂਦੀ ਹੈ ਕਿ ਮੌਜੂਦਾ ਸਰਕਾਰ ਅਜਿਹੇ ਨਿੱਗਰ ਸੁਝਾਵਾਂ ਵੱਲ ਜ਼ਰੂਰ ਧਿਆਨ ਦੇਵੇਗੀ।
ਇੰਜ. ਕਰਨੈਲ ਸਿੰਘ ਮਾਨ, ਸਾਬਕਾ ਮੁੱਖ ਇੰਜਨੀਅਰ

ਕੁਦਰਤ ਦੀ ਚਿਤਾਵਨੀ

25 ਅਗਸਤ ਨੂੰ ਵਿਜੈ ਬੰਬੇਲੀ ਦਾ ਲੇਖ ‘ਮਨੁੱਖ ਤੇ ਕੁਦਰਤ’ ਕੁਦਰਤੀ ਸ੍ਰੋਤਾਂ ਦੀ ਸੰਭਾਲ ਬਾਰੇ ਚੇਤਨ ਕਰਦਾ ਹੈ। ਕੁਦਰਤ ਨੇ ਮਨੁੱਖ ਨੂੰ ਬਿਨਾ ਕਿਸੇ ਮੁੱਲ (ਕੀਮਤ) ’ਤੇ ਆਪਣੇ ਅਨੇਕਾਂ ਸੋਮਿਆਂ ਦੀ ਯੋਗ ਵਰਤੋਂ ਕਰਨ ਅਤੇ ਲਾਭ ਉਠਾਉਣ ਦਾ ਮੌਕਾ ਦਿੱਤਾ ਹੋਇਆ ਹੈ ਲੇਕਿਨ ਅਫਸੋਸ! ਮਨੁੱਖ ਲਾਲਚ ਕਾਰਨ ਕੁਦਰਤ ਅਤੇ ਇਸ ਦੇ ਬੇਸ਼ਕੀਮਤੀ ਸ੍ਰੋਤਾਂ ਨਾਲ ਖਿਲਵਾੜ ਕਰ ਰਿਹਾ ਹੈ। ਲੇਖਕ ਅਨੁਸਾਰ ਪੁਰਾਤਨ ਦਾਰਸ਼ਨਿਕ, ਧਾਰਮਿਕ ਗ੍ਰੰਥ ਕੁਦਰਤ ਦੀ ਸੰਭਾਲ ਬਾਰੇ ਪ੍ਰੇਰਨਾ ਦਿੰਦੇ ਹਨ ਪਰ ਅਜੋਕੇ ਸਮੇਂ ਵਿਚ ਮਨੁੱਖ ਇਸ ਦੇ ਉਲਟ ਆਪਣੀ ਧੌਂਸ ਜਮਾਉਣ ਲਈ ਕੁਦਰਤ ਦੇ ਕੁਝ ਅਹਿਮ ਸ੍ਰੋਤਾਂ ਨੂੰ ਵਪਾਰ ਦਾ ਜ਼ਰੀਆ ਸਮਝਦਾ ਹੋਇਆ ਆਪਣੇ ਹੀ ਭਵਿੱਖ ਨੂੰ ਤਬਾਹ ਕਰਨ ’ਤੇ ਤੁਲਿਆ ਹੋਇਆ ਹੈ। ਪਾਣੀ ਦਾ ਸਤਰ ਘਟਣਾ, ਆਲਮੀ ਤਪਸ਼ ਵਧਣਾ, ਬੇਹਿਸਾਬਾ ਮੀਂਹ, ਸੁਨਾਮੀ, ਹੜ੍ਹ-ਭੂਚਾਲ ਦੀ ਤਬਾਹੀ, ਪਹਾੜੀ ਭੂਮੀ ਦਾ ਖਿਸਕਣਾ, ਕੁਦਰਤ ਵੱਲੋਂ ਮਨੁੱਖਤਾ ਨੂੰ ਖਿਲਵਾੜ ਬਦਲੇ ਇਨ੍ਹਾਂ ਆਫ਼ਤਾਂ ਰਾਹੀਂ ਦਿੱਤਾ ਹੋਇਆ ਮੋੜਵਾਂ ਜਵਾਬ ਹੈ। ਇਸ ਨੂੰ ਕੁਦਰਤ ਦੀ ਮਨੁੱਖ ਨੂੰ ਚਿਤਾਵਨੀ ਵੀ ਕਿਹਾ ਜਾ ਸਕਦਾ ਹੈ।
ਗੁਰਮੇਲ ਸਿੰਘ ਬਰਾੜ, ਨੇਹੀਆ ਵਾਲਾ (ਬਠਿੰਡਾ)

(2)

ਵਿਜੈ ਬੰਬੇਲੀ ਦਾ ਮਿਡਲ ‘ਮਨੁੱਖ ਅਤੇ ਕੁਦਰਤ’ (25 ਅਗਸਤ) ਪੜ੍ਹਿਆ। ਮਨੁੱਖ ਅਤੇ ਕੁਦਰਤ ਦਾ ਰਿਸ਼ਤਾ ਬਹੁਤ ਗਹਿਰਾ ਹੈ। ਜੇ ਕੁਦਰਤ ਪ੍ਰਫੁੱਲਤ ਹੋਵੇਗੀ ਤਾਂ ਮਨੁੱਖੀ ਜੀਵਨ ਵੀ ਪ੍ਰਫੁੱਲਤ ਹੋਵੇਗਾ। ਜੇ ਮਨੁੱਖ ਸੰਸਾਰ ਦਾ ‘ਲੰਬੜਦਾਰ’ ਬਣ ਕੇ ਕੁਦਰਤ ਦਾ ਨਾਸ ਕਰੇਗਾ ਤਾਂ ਕੁਦਰਤ ਵੀ ਉਸ ਦਾ ਵਿਨਾਸ਼ ਕਰੇਗੀ। ਮਨੁੱਖ ਨੇ ਪਿਛਲੇ ਸਮੇਂ ਦੌਰਾਨ ਕੁਦਰਤ ਦਾ ਬਹੁਤ ਘਾਣ ਕੀਤਾ ਹੈ, ਇਸ ਲਈ ਕੁਦਰਤ ਨੇ ਵੀ ਵੱਖ ਵੱਖ ਕੁਦਰਤੀ ਆਫ਼ਤਾਂ ਦੇ ਰੂਪ ਵਿਚ ਆਪਣਾ ਰੂਪ ਦਿਖਾਇਆ ਹੈ। ਜੇ ਮਨੁੱਖ ਚੰਗਾ ਜੀਵਨ ਜਿਊਣਾ ਚਾਹੁੰਦਾ ਹੈ ਤਾਂ ਉਸ ਨੂੰ ਹੁਣ ਸਿਆਣਾ ਬਣ ਕੇ ਕੁਦਰਤ ਦੀ ਸੰਭਾਲ ਕਰਨੀ ਚਾਹੀਦੀ ਹੈ।
ਰੁਪਿੰਦਰ ਪਾਲ ਸਿੰਘ ਗਿੱਲ, ਜੰਡਿਆਲੀ (ਲੁਧਿਆਣਾ)

ਵਿਗਿਆਨ ਦੀ ਪ੍ਰਾਪਤੀ ਅਤੇ ਪੁਜਾਰੀ ਵਰਗ

24 ਅਗਸਤ ਦੀ ਸੰਪਾਦਕੀ ‘ਇਤਿਹਾਸਕ ਪ੍ਰਾਪਤੀ’ ਵਿਚ ਚੰਦਰਯਾਨ-3 ਦੇ ਵਿਕਰਮ ਲੈਂਡਰ ਦੀ ਚੰਦਰਮਾ ’ਤੇ ਸਫ਼ਲ ਪਹੁੰਚ ਉੱਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਇਸ ਉੱਤੇ ਹਰ ਭਾਰਤੀ ਨੂੰ ਫ਼ਖ਼ਰ ਵੀ ਹੈ। ਇਸ ਦੇ ਨਾਲ ਹੀ ਇਸ ਗੱਲ ਦਾ ਅਫਸੋਸ ਵੀ ਹੈ ਕਿ ਭਾਰਤੀ ਵਿਗਿਆਨੀਆਂ ਦੀ ਕਈ ਸਾਲਾਂ ਦੀ ਕਰੜੀ ਮਿਹਨਤ ਅਤੇ ਪੁਲਾੜ ਤਕਨਾਲੋਜੀ ਦੀ ਮਦਦ ਨਾਲ 23 ਅਗਸਤ ਨੂੰ ਜਦੋਂ ਵਿਕਰਮ ਲੈਂਡਰ ਨੂੰ ਚੰਦਰਮਾ ਉੱਤੇ ਉਤਾਰਿਆ ਜਾ ਰਿਹਾ ਸੀ ਤਾਂ ਪੁਜਾਰੀ ਵਰਗ ਅਤੇ ਭਾਰਤ ਦੇ ਆਮ ਲੋਕਾਂ ਵੱਲੋਂ ਹੀ ਨਹੀਂ ਬਲਕਿ ਭਾਜਪਾ ਆਗੂਆਂ ਵੱਲੋਂ ਵੀ ਇਸ ਦੀ ਸਫ਼ਲਤਾ ਲਈ ਧਾਰਮਿਕ ਸਥਾਨਾਂ ਵਿਚ ਸਾਰਾ ਦਿਨ ਪਾਠ ਪੂਜਾ, ਹਵਨ, ਆਰਤੀਆਂ ਅਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ। ਅਜਿਹਾ ਅੰਧ-ਵਿਸ਼ਵਾਸੀ ਵਰਤਾਰਾ ਵਿਗਿਆਨੀਆਂ ਅਤੇ ਵਿਗਿਆਨ ਦਾ ਨਿਰਾਦਰ ਹੈ ਅਤੇ ਸਾਡੇ ਦੇਸ਼ ਦੀ ਰੂੜੀਵਾਦੀ ਸਿੱਖਿਆ ਪ੍ਰਣਾਲੀ ਅਤੇ ਪਿਛਲੇ ਕੁਝ ਸਾਲਾਂ ਤੋਂ ਵਧ ਰਹੇ ਸਿੱਖਿਆ ਦੇ ਭਗਵੇਕਰਨ ਦਾ ਨਤੀਜਾ ਹੈ। ਪ੍ਰਧਾਨ ਮੰਤਰੀ ਵੱਲੋਂ ਵਿਕਰਮ ਲੈਂਡਰ ਦੇ ਚੰਦਰਮਾ ਉੱਤੇ ਉਤਰਨ ਵਾਲੀ ਜਗ੍ਹਾ ਨੂੰ ਸ਼ਿਵ ਸ਼ਕਤੀ ਪੁਆਇੰਟ ਦਾ ਨਾਮਕਰਨ ਦੇ ਕੇ ਫ਼ਿਰਕੂ ਰਾਜਨੀਤੀ ਅਤੇ ਗ਼ੈਰ-ਵਿਗਿਆਨਕ ਦ੍ਰਿਸ਼ਟੀਕੋਣ ਦਾ ਪ੍ਰਚਾਰ ਕੀਤਾ ਗਿਆ ਹੈ।
ਸੁਮੀਤ ਸਿੰਘ, ਅੰਮ੍ਰਿਤਸਰ

ਕਾਨੂੰਨਾਂ ਬਾਰੇ ਚਰਚਾ

22 ਅਗਸਤ ਨੂੰ ਟੀ ਕੇ ਅਰੁਣ ਦਾ ਲੇਖ ‘ਨਵੇਂ ਫ਼ੌਜਦਾਰੀ ਕਾਨੂੰਨ, ਗ਼ਲਤ ਦਾਅਵੇ’ ਵਿਚ ਭਾਰਤੀ ਦੰਡ ਵਿਧਾਨ ਅਤੇ ਫ਼ੌਜਦਾਰੀ ਵਿਧਾਨ ਉੱਪਰ ਖੁੱਲ੍ਹ ਕੇ ਚਰਚਾ ਕੀਤੀ ਗਈ ਹੈ। ਦੇਸ਼ ਵਿਚ ਅੰਦਰ ਫੈਲ ਰਹੀ ਫ਼ਿਰਕਾਪ੍ਰਸਤੀ ਨੂੰ ਦੇਖਦੇ ਹੋਏ ਲੇਖਕ ਨੇ ਜ਼ੁਲਮ ਅਤੇ ਕਾਨੂੰਨ ਵਿਵਸਥਾ ਦਾ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਦਿਨ ਸੰਪਾਦਕੀ ‘ਕਾਂਗਰਸ ਵਰਕਿੰਗ ਕਮੇਟੀ ਦਾ ਗਠਨ’ ਵਿਚਾਰਨ ਵਾਲਾ ਹੈ। ਪਾਰਟੀ ਪ੍ਰਧਾਨ ਦਾ ਨੌਜਵਾਨਾਂ ਨੂੰ ਅੱਗੇ ਲਿਆਉਣਾ ਦੂਰਅੰਦੇਸ਼ ਫ਼ੈਸਲਾ ਹੈ। ਇਸੇ ਹੀ ਦਿਨ ਲੋਕ ਸੰਵਾਦ ਪੰਨੇ ਉੱਤੇ ਮਨੋਜ ਜੋਸ਼ੀ ਦਾ ਲੇਖ ‘ਵਧਾਇਆ ਜਾ ਰਿਹਾ ਫ਼ਿਰਕੂ ਪਾੜਾ’ ਵੀ ਨਫ਼ੇ ਨੁਕਸਾਨ ਦਾ ਸੁਨੇਹਾ ਦਿੰਦਾ ਲੇਖ ਹੈ। ਇਸ ਤੋਂ ਪਹਿਲਾਂ 15 ਅਗਸਤ ਨੂੰ ਸਵਰਾਜਬੀਰ, ਸੁਰਿੰਦਰ ਸਿੰਘ ਤੇਜ ਅਤੇ ਗੁਰਦੇਵ ਸਿੰਘ ਸਿੱਧੂ ਦੇ ਲੇਖ ਛਪੇ ਹਨ ਜਿਨ੍ਹਾਂ ਵਿਚ ਪੰਜਾਬੀ ਟ੍ਰਿਬਿਊਨ ਦੇ ਇਤਿਹਾਸਕ ਰੋਲ ਬਾਰੇ ਯਾਦਾਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਹਨ। ਵੱਡੇ ਸੰਘਰਸ਼ਾਂ ਅਤੇ ਐਮਰਜੈਂਸੀ ਵਰਗੇ ਹਾਲਾਤ ਵਿਚ ਅਦਾਰੇ ਨੇ ਮੋਹਰੀ ਭੂਮਿਕਾ ਨਿਭਾਈ ਹੈ। ਇਸੇ ਲੜੀ ਵਿਚ ਰਾਮਚੰਦਰ ਗੁਹਾ ਦਾ ਲੇਖ ‘ਆਜ਼ਾਦੀ ਸੰਘਰਸ਼ ਦੀ ਚਿੰਤਨ ਧਾਰਾ’, ਡਾ. ਰਣਜੀਤ ਸਿੰਘ ਦਾ ਲੇਖ ‘ਸਾਰੀ ਵਸੋਂ ਆਜ਼ਾਦੀ ਦਾ ਨਿੱਘ ਮਾਣੇ’ ਅਤੇ ਜਸਵੰਤ ਸਿੰਘ ਪੂਨੀਆ ਦਾ ਲੇਖ ‘ਦੁਨੀਆ ਵਿਚ ਜਗਦੀ ਆਜ਼ਾਦੀ ਦੀ ਜੋਤ’ ਪੜ੍ਹ ਕੇ ਦੇਸ਼ ਨੂੰ ਆਜ਼ਾਦੀ ਦੇ ਸੰਘਰਸ਼ ਬਾਰੇ ਪਤਾ ਲੱਗਦਾ ਹੈ; ਖ਼ਾਸ ਕਰ ਕੇ ਗ਼ਦਰ ਲਹਿਰ ਨੂੰ ਵਧੀਆ ਢੰਗ ਨਾਲ ਬਿਆਨ ਕੀਤਾ ਗਿਆ ਹੈ।
ਮਨਮੋਹਨ ਸਿੰਘ, ਨਾਭਾ

Advertisement
Author Image

joginder kumar

View all posts

Advertisement
Advertisement
×