ਪਾਠਕਾਂ ਦੇ ਖ਼ਤ
ਜੈਨੇਰਿਕ ਦਵਾਈਆਂ
23 ਅਗਸਤ ਦੇ ਸੰਪਾਦਕੀ ‘ਕੌਮੀ ਮੈਡੀਕਲ ਕਮਿਸ਼ਨ ਦੀਆਂ ਸੇਧਾਂ’ ਵਿਚ ਜੈਨੇਰਿਕ ਦਵਾਈਆਂ ਦਾ ਮੁੱਦਾ ਉਠਾਇਆ ਗਿਆ ਹੈ। ਆਮ ਤੌਰ ’ਤੇ ਹੁੰਦਾ ਇਹ ਹੈ ਕਿ ਡਾਕਟਰ ਮਰੀਜ਼ ਨੂੰ ਕਿਸੇ ਖ਼ਾਸ ਕੰਪਨੀ ਦੀਆਂ ਹੀ ਦਵਾਈਆਂ ਲਿਖਦਾ ਹੈ ਜੋ ਬਹੁਤ ਮਹਿੰਗੀਆਂ ਹੁੰਦੀਆਂ ਹਨ। ਪ੍ਰਾਈਵੇਟ ਹਸਪਤਾਲਾਂ ਦੇ ਆਪਣੇ ਮੈਡੀਕਲ ਸਟੋਰ ਹਨ ਤੇ ਪ੍ਰਾਈਵੇਟ ਡਾਕਟਰ ਦੀ ਲਿਖੀ ਦਵਾਈ ਉਨ੍ਹਾਂ ਦੇ ਹਸਪਤਾਲ ਦੇ ਸਟੋਰ ਜਾਂ ਖ਼ਾਸ ਮੈਡੀਕਲ ਸਟੋਰ ਤੋਂ ਹੀ ਮਿਲਦੀ ਹੈ। ਸਰਕਾਰੀ ਹਸਪਤਾਲਾਂ ਵਿਚ ਮਰੀਜ਼ ਨੂੰ ਦਵਾਈ ਲਿਖ ਕੇ ਕਿਹਾ ਜਾਂਦਾ ਹੈ ਕਿ ਦਵਾਈ ਲੈ ਕੇ ਚੈੱਕ ਕਰਵਾ ਕੇ ਜਾਣਾ ਜ਼ਰੂਰੀ ਹੈ, ਬਹਾਨਾ ਇਹ ਹੁੰਦਾ ਹੈ ਕਿ ਮਰੀਜ਼ ਨੂੰ ਸਮਝਾਉਣਾ ਹੈ ਕਿ ਦਵਾਈ ਲੈਣੀ ਕਿਵੇਂ ਹੈ। ਸਪੱਸ਼ਟ ਹੈ ਕਿ ਦਵਾਈ ਮਾਫ਼ੀਆ ਮੈਡੀਕਲ ਖੇਤਰ ’ਤੇ ਹਾਵੀ ਹੈ।
ਰਮਿੰਦਰਪਾਲ ਸਿੰਘ ਢਿੱਲੋਂ, ਗੁਰੂਸਰ (ਫਰੀਦਕੋਟ)
ਵਿਸ਼ਿਆਂ ਦੀ ਚੋਣ
23 ਅਗਸਤ ਦਾ ਮਿਡਲ ‘ਸਾਂਝੀ ਵਿਥਿਆ’ (ਲੇਖਕ ਜਸਵਿੰਦਰ ਸੁਰਗੀਤ) ਵਿਦਿਆਰਥੀਆਂ ਦੇ ਮਨ ਦੀ ਬਾਤ ਬਹੁਤ ਸ਼ਿੱਦਤ ਨਾਲ ਬਿਆਨ ਕਰਦਾ ਹੈ। ਵਿਸ਼ਿਆਂ ਦੀ ਚੋਣ ਦੇ ਮਾਮਲੇ ਵਿਚ ਵਿਦਿਆਰਥੀਆਂ ’ਤੇ ਕੋਈ ਦਬਾਅ ਨਹੀਂ ਹੋਣਾ ਚਾਹੀਦਾ ਸਗੋਂ ਅਧਿਆਪਕ ਅਤੇ ਮਾਪੇ ਵਿਦਿਆਰਥੀਆਂ ਦੀ ਰੁਚੀ ਅਨੁਸਾਰ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ। ਵਿਸ਼ਿਆਂ ਦੀ ਗ਼ਲਤ ਚੋਣ ਅਕਸਰ ਵਿਦਿਆਰਥੀਆਂ ਨੂੰ ਲੀਹੋਂ ਲਾਹ ਦਿੰਦੀ ਹੈ।
ਮਨਬੀਰ ਕੌਰ, ਅੰਮ੍ਰਿਤਸਰ
ਪ੍ਰਧਾਨ ਮੰਤਰੀ ਦਾ ਭਾਸ਼ਣ
18 ਅਗਸਤ ਨੂੰ ਸੰਪਾਦਕੀ ‘ਪ੍ਰਧਾਨ ਮੰਤਰੀ ਦਾ ਭਾਸ਼ਣ’ ਪੜ੍ਹ ਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦੀ ਸਮਝ ਵਿਚ ਵਾਧਾ ਹੋਇਆ। ਵਿਰੋਧੀ ਧਿਰ ਉੱਤੇ ਲਾਏ ਦੋਸ਼ ਕਿ ਉਹ ਤੁਸ਼ਟੀਕਰਨ ਦੀ ਨੀਤੀ ’ਤੇ ਚੱਲ ਰਹੀ ਹੈ, ਦੇ ਮਾਮਲੇ ਵਿਚ ਸੰਪਾਦਕੀ ਵਿਚ ਇਹ ਕਹਿਣਾ ਅਹਿਮ ਹੈ ਕਿ ਭਾਜਪਾ ਬਹੁਗਿਣਤੀ ਫ਼ਿਰਕੇ ਦਾ ਤੁਸ਼ਟੀਕਰਨ ਕਰ ਰਹੀ ਹੈ। ਜਦੋਂ ਤੁਸੀਂ ਦੂਜੇ ’ਤੇ ਇਕ ਉਂਗਲੀ ਉਠਾਉਂਦੇ ਹੋ ਤਾਂ ਤਿੰਨ ਤੁਹਾਡੇ ਵੱਲ ਸੇਧਿਤ ਹੁੰਦੀਆਂ ਹਨ। ਭਾਸ਼ਣ ਦਾ ਜਿਹੜਾ ਕਥਨ ਲੋਕਾਂ ਨੂੰ ਸਭ ਤੋਂ ਵੱਧ ਰੜਕਿਆ, ਉਹ ਸੀ ਕਿ ਉਹ ਗਿਆਰ੍ਹਵਾਂ ਭਾਸ਼ਣ ਵੀ ਲਾਲ ਕਿਲ੍ਹੇ ਤੋਂ ਦੇਣਗੇ। ਪ੍ਰਧਾਨ ਮੰਤਰੀ ਓਪੀਨੀਅਨ ਪੋਲ ਅਤੇ ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਵੀ ਅੱਗੇ ਲੰਘ ਗਏ ਹਨ। ਜੇ ਮਨ ਦੀ ਸੋਚ ਨੂੰ ਮਨੋਵਿਗਿਆਨਕ ਨਜ਼ਰੀਏ ਤੋਂ ਘੋਖੀਏ ਤਾਂ ਇਹ ਕਥਨ ਉਨ੍ਹਾਂ ਅੰਦਰ ਸੱਤਾ ਦੀ ਭੁੱਖ/ਤਮ੍ਹਾ ਨੂੰ ਹੀ ਉਜਾਗਰ ਕਰਦੀ ਹੈ। ਦੂਜਾ, ਇਹ ਭਾਵਨਾ ਮਨੁੱਖ ਵਿਚ ਉਦੋਂ ਜਾਗਦੀ ਹੈ ਜਦੋਂ ਹਉਮੈ ਇਸ ਕਦਰ ਵਧ ਜਾਵੇ ਕਿ ਉਹ ਹਕੀਕਤ ਦੀਆਂ ਐਨਕਾਂ ਨੂੰ ਲਾਹ ਕੇ ਪਰ੍ਹਾਂ ਵਗਾਹ ਮਾਰਦਾ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਗ਼ਰੀਬ ਅਮੀਰ ਵਿਚਕਾਰ ਪਾੜਾ
ਸ਼ੁੱਕਰਵਾਰ 18 ਅਗਸਤ ਨੂੰ ਨਜ਼ਰੀਆ ਪੰਨੇ ’ਤੇ ਰਾਜੇਸ਼ ਰਾਮਾਚੰਦਰਨ ਦਾ ਲੇਖ ‘ਅਗਲੀਆਂ ਲੋਕ ਸਭਾ ਚੋਣਾਂ ਦਾ ਸਿਆਸੀ ਮਿਜ਼ਾਜ’ ਪੜ੍ਹਿਆ। ਚੋਣਾਂ ਨੇੜੇ ਆਉਂਦਿਆਂ ਹੀ ਸਿਆਸੀ ਨੇਤਾਵਾਂ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਕਈ ਤਰ੍ਹਾਂ ਦੀਆਂ ਗਰੰਟੀਆਂ/ਅਹਿਦ ਚੁੱਕੇ ਜਾਂਦੇ ਹਨ। ਚੋਣ ਮਨੋਰਥ ਪੱਤਰਾਂ ਵਿਚ ਵੀ ਕੀਤੇ ਵਾਅਦੇ ਕੂੜ ਪ੍ਰਚਾਰ ਤੋਂ ਸਿਵਾਇ ਹੋਰ ਕੁਝ ਨਹੀਂ ਨਿਕਲਦੇ। ਭਲੇ ਦਿਨ ਦਿਖਾਉਣ ਦਾ ਵਾਅਦਾ ਕਰ ਕੇ ਸਿਆਸਤਦਾਨਾਂ ਵੱਲੋਂ ਮਹਿੰਗੀਆਂ ਪੁਸ਼ਾਕਾਂ ਹੀ ਦਿਖਾਈਆਂ ਜਾਂਦੀਆਂ ਹਨ। ਭਾਰਤ ਦੇ ਵੱਡੀ ਅਰਥ ਵਿਵਸਥਾ ਬਣਨ ਦੇ ਦਾਅਵੇ ਦਾ ਲਾਭਦਾਇਕ/ਸਾਰਥਿਕ ਮੁੱਲ ਤਾਂ ਹੀ ਪਵੇਗਾ ਜੇ ਗ਼ਰੀਬ ਅਤੇ ਅਮੀਰ ਦਾ ਫਰਕ ਘੱਟ ਹੋਵੇ ਅਤੇ ਪ੍ਰਤੀ ਵਿਅਕਤੀ ਆਮਦਨ ਵਿਚ ਵੀ ਇਜ਼ਾਫ਼ਾ ਹੋਵੇ।
ਸੁਖਪਾਲ ਕੌਰ, ਚੰਡੀਗੜ੍ਹ
ਯਾਦਗਾਰ ਦੀ ਨਿਸ਼ਾਨੀ
14 ਅਗਸਤ ਦੇ ਨਜ਼ਰੀਆ ਪੰਨੇ ’ਤੇ ਡਾ. ਕੁਲਦੀਪ ਸਿੰਘ ਦਾ ਲੇਖ ‘ਵੰਡ, ਤਰਾਸਦੀ ਤੇ ਯਾਦਗਾਰ ਦੀ ਨਿਸ਼ਾਨੀ’ ਪੜ੍ਹ ਕੇ ਮਨ ਨੂੰ ਧੱਕਾ ਜਿਹਾ ਲੱਗਦਾ ਹੈ। ਉਹ ਬਚੇ-ਖੁਚੇ ਲੋਕ ਜਿਨ੍ਹਾਂ ਨੇ 1947 ਦੀ ਵੰਡ ਦੀ ਪੀੜ ਆਪਣੇ ਪਿੰਡੇ ’ਤੇ ਹੰਢਾਈ, ਉਨ੍ਹਾਂ ਦੀਆਂ ਅੱਖਾਂ ਵਿਚੋਂ ਆਪ ਮੁਹਾਰੇ ਹੰਝੂ ਵਗ ਤੁਰਦੇ ਹਨ ਕਿਉਂਕਿ ਉਨ੍ਹਾਂ ਨੇ ਆਪਣੀ ਅੱਖੀਂ ਬੇਦੋਸ਼ੇ ਲੋਕਾਂ ਨੂੰ ਮਰਦੇ ਦੇਖਿਆ ਹੈ, ਧੀਆਂ ਭੈਣਾਂ ਨਾਲ ਵਧੀਕੀਆਂ ਦੇਖੀਆਂ ਹਨ, ਲੋਕਾਂ ਦਾ ਉਜਾੜਾ ਦੇਖਿਆ ਹੈ ਤੇ ਕਈ ਤਾਂ ਆਪ ਵੀ ਛਵੀਆਂ ਦੀ ਮਾਰ ਤੋਂ ਮਸਾਂ ਮਸਾਂ ਬਚ ਕੇ ਆਏ ਹਨ। ਜਦੋਂ ਮਨੁੱਖੀ ਵਹਿਸ਼ੀਪੁਣੇ ਅਤੇ ਧਾਰਮਿਕ ਕੱਟੜਤਾ ਦਾ ਸ਼ਿਕਾਰ ਹੋਏ ਲੱਖਾਂ ਬੇਦੋਸ਼ਿਆਂ ਦੀ ਯਾਦਗਾਰ ਨੂੰ ਸਮਰਪਿਤ ਯਾਦਗਾਰੀ ਮਸ਼ਾਲ ’ਤੇ ਮੋਮਬੱਤੀਆਂ ਜਗਾਉਣ ਦਾ ਹੱਕ ਖੋਹ ਲਿਆ ਗਿਆ ਤਾਂ ਲੋਕਾਂ ਦਾ ਰੋਹ ਵਿਚ ਆ ਕੇ ਹਾਅ ਦਾ ਨਾਅਰਾ ਮਾਰਨਾ ਸੁਭਾਵਿਕ ਸੀ। ਸ਼ੁਕਰ ਹੈ ਕਿ ਹੁਕਮਰਾਨਾਂ ਨੇ ਮੋਮਬੱਤੀਆਂ ਜਗਾਉਣ ਦਾ ਹੱਕ ਛੇਤੀ ਬਹਾਲ ਕਰ ਦਿੱਤਾ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਪਰਮਾਣੂ ਦੀ ਯਾਤਰਾ
5 ਅਗਸਤ ਨੂੰ ਵਿਗਿਆਨੀ ਹਰਜੀਤ ਸਿੰਘ ਦਾ ਲੇਖ ‘ਪਰਮਾਣੂ ਦੀ ਬਣਤਰ: ਲਗਾਤਾਰ ਖੋਜ’ ਪੜ੍ਹਨ ਨੂੰ ਮਿਲਿਆ। ਲੇਖਕ ਨੇ ਭਾਰਤੀ ਦਰਸ਼ਨ ਤੋਂ ਸ਼ੁਰੂਆਤ ਕਰ ਕੇ ਭਾਵ ਰਿਸ਼ੀ ਕਨਾਦ ਤੋਂ ਲੈ ਕੇ ਇਰਵਿਨ ਤਕ ਪਰਮਾਣੂ ਦੀ ਯਾਤਰਾ ਨੂੰ ਬਾਖ਼ੂਬੀ ਚਿਤਰਿਆ ਹੈ। ਅੱਜ ਦੀ ਭੌਤਿਕ ਦੁਨੀਆ ਨੂੰ ਸਮਝਣ ਲਈ ਪਰਮਾਣੂ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ। ਇਹ ਜਾਣ ਕੇ ਭਾਰਤੀ ਰਿਸ਼ੀਆਂ ਲਈ ਮੇਰੀ ਸ਼ਰਧਾ ਦੂਣੀ-ਚੌਣੀ ਵਧ ਗਈ, ਜਦੋਂ ਰਿਸ਼ੀ ਕਨਾਦ ਨੂੰ ਇਸ ਦਾ ਮੋਢੀ ਦੱਸਿਆ ਗਿਆ।
ਮਨਿੰਦਰ ਸਿੰਘ, ਈਮੇਲ
ਕੁਦਰਤੀ ਆਫ਼ਤਾਂ ਅਤੇ ਮਨੁੱਖ
21 ਅਗਸਤ ਦਾ ਸੰਪਾਦਕੀ ‘ਆਫ਼ਤ ਪ੍ਰਬੰਧਨ ਸਿਸਟਮ’ ਮਹੱਤਵਪੂਰਨ ਹੈ। ਹਾਲ ਹੀ ਵਿਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਆਏ ਹੜ੍ਹਾਂ ਨੇ ਤਬਾਹੀ ਮਚਾਈ ਹੈ। ਹਿਮਾਚਲ ਪ੍ਰਦੇਸ਼ ਵਿਚ ਬੱਦਲ ਫਟਣ, ਢਿੱਗਾਂ ਡਿੱਗਣ ਆਦਿ ਵਰਗੀਆਂ ਕੁਦਰਤੀ ਆਫ਼ਤਾਂ ਨੇ ਸੁਨਾਮੀ ਵਰਗੇ ਹਾਲਾਤ ਪੈਦਾ ਕਰ ਦਿੱਤੇ ਜਿਸ ਦਾ ਅਸਰ ਗੁਆਂਢੀ ਰਾਜਾਂ ਪੰਜਾਬ ਅਤੇ ਹਰਿਆਣਾ ਵਿਚ ਵੀ ਪਿਆ ਹੈ। ਹਰ ਪਾਸੇ ਤਬਾਹੀ ਦਾ ਮੰਜ਼ਰ ਹੈ। ਇਸ ਭਿਅੰਕਰ ਵਰਤਾਰੇ ਨਾਲ ਨਜਿੱਠਣ ਲਈ ਸਰਕਾਰਾਂ ਬੇਵੱਸ ਨਜ਼ਰ ਆ ਰਹੀਆਂ ਹਨ। ਉਂਝ ਇਸ ਗੱਲੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਨ੍ਹਾਂ ਕੁਦਰਤੀ ਆਫ਼ਤਾਂ ਲਈ ਮਨੁੱਖੀ ਲਾਲਸਾਵਾਂ ਕਾਫ਼ੀ ਹੱਦ ਤਕ ਜ਼ਿੰਮੇਵਾਰ ਹਨ। ਮਨੁੱਖ ਨੇ ਸੁੱਖ ਸਹੂਲਤਾਂ ਪੈਦਾ ਕਰਨ ਲਈ ਕੁਦਰਤੀ ਸੋਮਿਆਂ ਦਾ ਘਾਣ ਬੇਕਿਰਕੀ ਨਾਲ ਕੀਤਾ ਜਿਸ ਦਾ ਅਸਰ ਹੁਣ ਅਜਿਹੇ ਭਿਆਨਕ ਕੁਦਰਤੀ ਵਰਤਾਰਿਆਂ ਰਾਹੀਂ ਦੇਖਿਆ ਜਾ ਸਕਦਾ ਹੈ। ਇਨ੍ਹਾਂ ਨਾਲ ਨਜਿੱਠਣ ਲਈ ਸਰਕਾਰਾਂ ਨੂੰ ਵਿਆਪਕ ਪੱਧਰ ’ਤੇ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਹਨ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)