ਪਾਠਕਾਂ ਦੇ ਖ਼ਤ
ਜ਼ਿੰਮੇਵਾਰੀ ਤੇ ਜਵਾਬਦੇਹੀ
ਸੰਸਦ ਦਾ ਮੌਨਸੂਨ ਸੈਸ਼ਨ 20 ਜੁਲਾਈ ਤੋਂ 11 ਅਗਸਤ ਤੱਕ ਚੱਲਿਆ। ਇਸ ਦੌਰਾਨ ਬਹੁਤ ਸਾਰੇ ਬਿੱਲ ਇਕਪਾਸੜ ਢੰਗ ਨਾਲ ਪਾਸ ਕਰ ਦਿੱਤੇ ਗਏ। ਵਿਰੋਧੀ ਧਿਰ ਨੇ ਮਨੀਪੁਰ ਹਿੰਸਾ ਦੇ ਮਾਮਲੇ ’ਤੇ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ ਜਿਸ ਦਾ ਜਵਾਬ ਪ੍ਰਧਾਨ ਮੰਤਰੀ ਨੇ 10 ਅਗਸਤ ਨੂੰ ਦਿੱਤਾ ਪਰ ਉਨ੍ਹਾਂ ਬੇਭਰੋਸਗੀ ਮਤੇ ਦੇ ਹਿਸਾਬ ਨਾਲ ਜਵਾਬ ਦੇਣ ਦੀ ਥਾਂ ਗਾਂਧੀ ਪਰਿਵਾਰ, ਕਾਂਗਰਸ ਅਤੇ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਇਆ। ਜਦੋਂ ਲੱਗਿਆ ਕਿ ਉਹ ਮਨੀਪੁਰ ਦੇ ਹਾਲਾਤ ਬਾਰੇ ਤਾਂ ਬੋਲ ਹੀ ਨਹੀਂ ਰਹੇ, ਵਿਰੋਧੀ ਧਿਰ ਨੇ ਵਾਕਆਊਟ ਕਰ ਦਿੱਤਾ। ਉਹ ਸਬੰਧਿਤ ਮਸਲੇ ’ਤੇ ਕੁਝ ਮਿੰਟ ਹੀ ਬੋਲੇ। ਅਜਿਹਾ ਤਾਂ ਉਹ ਬੇਭਰੋਸਗੀ ਮਤਾ ਲਿਆਉਣ ਵੇਲੇ ਹੀ ਕਰ ਸਕਦੇ ਸਨ; ਇਉਂ ਸੰਸਦ ਦਾ ਪੈਸਾ, ਸਮਾਂ ਅਤੇ ਊਰਜਾ ਬਚਾ ਸਕਦੇ ਸਨ। ਇਕ ਜਾਣਕਾਰੀ ਅਨੁਸਾਰ ਸੰਸਦ ਦੀ ਇਕ ਮਿੰਟ ਦੀ ਕਾਰਵਾਈ ਉੱਤੇ ਢਾਈ ਲੱਖ ਰੁਪਏ ਦਾ ਖ਼ਰਚ ਆਉਂਦਾ ਹੈ। ਇਉਂ ਟੈਕਸ ਦੇਣ ਵਾਲਿਆਂ ਦਾ ਪੈਸਾ ਅਜਾਈਂ ਗਿਆ। ਲੋਕਾਂ ਦੇ ਪੈਸੇ ਦੀ ਅਜਿਹੀ ਦੁਰਵਰਤੋਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।
ਐੱਸ ਕੇ ਖੋਸਲਾ, ਚੰਡੀਗੜ੍ਹ
ਸੰਤਾਪ ਹੰਢਾਉਂਦੇ ਲੋਕ
‘ਬਦਨਸੀਬ ਲੋਕਾਂ ਦੀ ਦਰਦ ਕਹਾਣੀ’ (ਸੁਰਿੰਦਰ ਸਿੰਘ ਤੇਜ/ਪੜ੍ਹਦਿਆਂ ਸੁਣਦਿਆਂ, 14 ਅਗਸਤ, ਪਰਵਾਜ਼ ਪੰਨਾ) ਤਹਿਤ ਤਾਹਿਰ ਹਮੂਤ ਇਜ਼ਗਿਲ ਦੀ ਕਿਤਾਬ ‘ਵੇਟਿੰਗ ਟੂ ਬੀ ਅਰੈਸਟਿਡ ਐਟ ਨਾਈਟ’ ਸ਼ਿਨਜਿਆਂਗ ਖ਼ਿੱਤੇ ’ਚ ਸੰਤਾਪ ਹੰਢਾਅ ਰਹੀ ਮੁਸਲਿਮ ਵਸੋਂ ਦਾ ਮਾਰਮਿਕ ਦ੍ਰਿਸ਼ ਪੜ੍ਹ ਸੁਣ ਕੇ ਕੋਈ ਵੀ ਇਨਸਾਨ ਇਹ ਸੋਚੇ ਬਗੈਰ ਨਹੀਂ ਰਹਿ ਸਕਦਾ ਕਿ ਅੱਜ ਦੇ ਦੌਰ ’ਚ ਵੀ ਮੱਧਯੁਗੀ ਵਰਤਾਰੇ ਆਪਣੀ ਰਹਿੰਦ ਖੂੰਹਦ ਸਾਂਭੀ ਬੈਠੇ ਹਨ। ਸਦੀਆਂ ਤੋਂ ਡਾਢਿਆਂ ਹੱਥੋਂ ਮਨੁੱਖਤਾ ਸੰਸਾਰ ਦੇ ਹਰ ਕੋਨੇ ’ਚ ਜ਼ੁਲਮ ਸਿਤਮ ਸਹਿੰਦੀ ਰਹੀ ਹੈ।
ਸ ਕ ਬਿਰਹਾ, ਫਗਵਾੜਾ
ਕੁਲਦੀਪ ਨਈਅਰ: ਕੁਝ ਹੋਰ ਤੱਥ
14 ਅਗਸਤ ਨੂੰ ਨਜ਼ਰੀਆ ਪੰਨੇ ’ਤੇ ਕ੍ਰਿਸ਼ਨ ਕੁਮਾਰ ਰੱਤੂ ਦਾ ਲੇਖ ‘ਕੁਲਦੀਪ ਨਈਅਰ: ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਅਲੰਬਰਦਾਰ’ ਪੜ੍ਹਿਆ। ਲੇਖ ਜਾਣਕਾਰੀ ਭਰਪੂਰ ਸੀ ਪਰ ਕੁਝ ਉਕਾਈਆਂ ਰੜਕੀਆਂ। ਲਿਖਿਆ ਹੈ- ‘‘ਉਨ੍ਹਾਂ ਆਪਣੀ ਆਤਮ-ਕਥਾ ‘ਬਿਟਵਿਨ ਦਿ ਲਾਈਨਜ਼’ ਵਿਚ ਲਿਖਿਆ ਹੈ…’’; ਕੁਲਦੀਪ ਨਈਅਰ ਦੀ ਆਤਮ-ਕਥਾ ਦਾ ਨਾਂ ਬਿਯੌਂਡ ਦਿ ਲਾਈਨਜ਼ (Beyond the Lines) ਹੈ; Between the Lines ਤਾਂ ਉਨ੍ਹਾਂ ਦਾ ਅਖ਼ਬਾਰੀ ਕਾਲਮ ਸੀ ਜਿਹੜਾ ਅੰਗਰੇਜ਼ੀ ਅਖ਼ਬਾਰਾਂ ਤੋਂ ਇਲਾਵਾ ਭਾਰਤ ਭਰ ਦੀਆਂ ਕਈ ਅਖ਼ਬਾਰਾਂ ਵਿਚ ਅਨੁਵਾਦ ਹੋ ਕੇ ਛਪਦਾ ਸੀ। ਲੇਖ ਵਿਚ ਕੁਲਦੀਪ ਨਈਅਰ ਦੀ ਜਨਮ ਤਰੀਕ 14 ਅਗਸਤ 1929 ਲਿਖੀ ਹੋਈ ਹੈ ਜੋ ਠੀਕ ਨਹੀਂ ਲਗਦੀ। ਆਪਣੀ ਸਵੈ-ਜੀਵਨੀ Beyond the Lines ਵਿਚ ਉਹ ਆਪਣਾ ਜਨਮ ਸਾਲ 1923 ਲਿਖਦਾ ਹੈ। ਲੇਖ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਨਾਰਥ ਵੈਸਟ ਯੂਨੀਵਰਸਿਟੀ ਮੈਰਿਟ ਅਵਾਰਡ ਮਿਲਿਆ। ਤੱਥ ਇਹ ਹਨ ਕਿ ਉਹ Medill School of Journalism ਵਿਚ ਜਰਨਲਿਜ਼ਮ ਦੀ ਪੜ੍ਹਾਈ ਲਈ 1952 ਵਿਚ ਉੱਥੇ ਗਏ ਸਨ ਅਤੇ ਇਹ ਸਕੂਲ ਨਾਰਥ ਵੈਸਟ
ਯੂਨੀਵਰਸਿਟੀ ਨਾਲ ਨਹੀਂ ਸਗੋਂ ਨਾਰਥ ਵੈਸਟਰਨ ਯੂਨੀਵਰਸਿਟੀ ਨਾਲ ਸਬੰਧਿਤ ਸੀ। ਆਪਣੀ ਆਤਮ-ਕਥਾ ਵਿਚ ਉਨ੍ਹਾਂ ਕਿਸੇ ਅਜਿਹੇ ਅਵਾਰਡ ਦਾ ਕਿਧਰੇ ਜ਼ਿਕਰ ਨਹੀਂ ਕੀਤਾ।
ਸਹਿਦੇਵ ਕਲੇਰ, ਕਲੇਰ ਕਲਾਂ (ਗੁਰਦਾਸਪੁਰ)
ਲੋਕ ਤਾਕਤ ਦਾ ਨਤੀਜਾ
14 ਅਗਸਤ ਦੇ ਨਜ਼ਰੀਆ ਪੰਨੇ ਉੱਤੇ ਡਾ. ਕੁਲਦੀਪ ਸਿੰਘ ਦਾ ਲੇਖ ‘ਵੰਡ, ਤਰਾਸਦੀ ਤੇ ਯਾਦਗਾਰ’ ਬਹੁਤ ਕੁਝ ਬਿਆਨ ਕਰਦਾ ਹੈ। ਪਹਿਲਾਂ 2020 ਵਿਚ ਦਸ ਲੱਖ ਪੰਜਾਬੀਆਂ ਦੀ ਯਾਦ ਵਿਚ ਬਣਾਈ ਯਾਦਗਾਰ ਢਾਹ ਦਿੱਤੀ ਗਈ ਅਤੇ ਫਿਰ ਲੋਕਾਂ ਦੀ ਸਾਂਝੀ ਤਾਕਤ ਅੱਗੇ ਝੁਕਦਿਆਂ ਸਰਕਾਰ ਨੂੰ ਇਹ ਯਾਦਗਾਰ ਦੁਬਾਰਾ ਬਣਾਉਣੀ ਪਈ। ਇਹ ਅਸਲ ਵਿਚ ਲੋਕ ਰੋਹ ਅਤੇ ਤਾਕਤ ਦਾ ਨਤੀਜਾ ਹੈ। ਲੋਕਾਂ ਦੇ ਰੋਹ ਅੱਗੇ ਤਾਕਤਵਰ ਸਰਕਾਰਾਂ ਨੂੰ ਝੁਕਣਾ ਹੀ ਪੈਂਦਾ ਹੈ।
ਸਰਬਜੀਤ ਕੌਰ ਪੰਧੇਰ, ਲੁਧਿਆਣਾ
ਚੌਮੁਖੀਆ ਚਿਰਾਗ਼
12 ਅਗਸਤ ਦੇ ਅੰਕ ’ਚ ਅਮੋਲਕ ਸਿੰਘ ਦਾ ਲੇਖ ‘ਚੌਮੁਖੀਆ ਚਿਰਾਗ਼ ਮਾਸਟਰ ਤਰਲੋਚਨ ਸਦਾ ਜਗਦਾ ਰਹੇਗਾ’ ਅਤੇ 13 ਅਗਸਤ ਨੂੰ ਕੇਵਲ ਧਾਲੀਵਾਲ ਦਾ ਲੇਖ ‘ਸੰਘਰਸ਼, ਸਾਹਿਤ ਅਤੇ ਰੰਗਮੰਚ ਦਾ ਸੁਮੇਲ’ ਪੜ੍ਹ ਕੇ ਅੱਖਾਂ ਨਮ ਹੋ ਗਈਆਂ। ਤਰਲੋਚਨ ਸਮਰਾਲਾ ਨੇ ਕਈ ਸਾਲ ਤਰਕਸ਼ੀਲ ਸੁਸਾਇਟੀ ਪੰਜਾਬ ਵਿਚ ਵੱਖ ਵੱਖ ਅਹੁਦਿਆਂ ’ਤੇ ਰਹਿ ਕੇ ਪੂਰੀ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਈ ਅਤੇ ਲੋਕ-ਪੱਖੀ ਸਮਾਜਿਕ ਤੇ ਸੱਭਿਆਚਾਰਕ ਤਬਦੀਲੀ ਲਈ ਕਈ ਤਰਕਸ਼ੀਲ ਨਾਟਕ, ਫਿਲਮਾਂ ਤੇ ਗੀਤ ਲਿਖੇ ਅਤੇ ਦਸਤਾਵੇਜ਼ੀ ਫਿਲਮਾਂ ਵੀ ਬਣਾਈਆਂ। ਉਹ ਪ੍ਰਤੀਬੱਧ ਤਰਕਸ਼ੀਲ ਸਨ। ਉਨ੍ਹਾਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ 1984 ਦੇ ਮੁੱਢਲੇ ਤੌਰ ਵਿਚ ਅੰਧ-ਵਿਸ਼ਵਾਸਾਂ, ਪਾਖੰਡ ਬਾਬਿਆਂ ਅਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਦੇ ਨਾਟਕ ‘ਤੇ ਦੇਵ ਪੁਰਸ਼ ਹਾਰ ਗਏ’ ਅਤੇ ‘ਸਾੜ੍ਹਸਤੀ’ ਵਰਗੇ ਮਕਬੂਲ ਨਾਟਕਾਂ ਦਾ ਸੈਂਕੜੇ ਵਾਰ ਮੰਚਨ ਕੀਤਾ। ਅਫ਼ਸੋਸ ਕਿ ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਮੀਡੀਆ ਨੇ ਉਨ੍ਹਾਂ ਦੀ ਸ਼ਖ਼ਸੀਅਤ ਨਾਲ ਜੁੜੀਆਂ ਉਪਰੋਕਤ ਅਹਿਮ ਪ੍ਰਾਪਤੀਆਂ ਅਤੇ ਕਾਰਜਾਂ ਨੂੰ ਉਭਾਰਨ ਦੀ ਬਜਾਇ ਸਿਰਫ਼ ਗਾਇਕ ਬੱਬੂ ਮਾਨ ਦੀ ਹਾਜ਼ਰੀ ਅਤੇ ਬਿਆਨਾਂ ਨੂੰ ਹੀ ਜ਼ਿਆਦਾ ਮਹੱਤਤਾ ਦਿੱਤੀ।
ਸੁਮੀਤ ਸਿੰਘ, ਅੰਮ੍ਰਿਤਸਰ
ਟ੍ਰੈਫਿਕ ਨਿਯਮ
3 ਅਗਸਤ ਦੇ ਸੰਪਾਦਕੀ ‘ਸੜਕ ਸੁਰੱਖਿਆ’ ਵਿਚ ਪੰਜਾਬ ਸਰਕਾਰ ਦੇ ਉਪਰਾਲੇ ਦੀ ਤਾਰੀਫ਼ ਕਰਨੀ ਬਣਦੀ ਹੈ। ਜਿੱਥੋਂ ਤਕ ਲੋਕਾਂ ਦਾ ਸਵਾਲ ਹੈ, ਅੱਜ ਵੀ ਅਸੀਂ ਚੰਡੀਗੜ੍ਹ ਵਿਚ ਦਾਖ਼ਲ ਹੁੰਦੇ ਸਾਰ ਟ੍ਰੈਫਿਕ ਨਿਯਮਾਂ ਦੀ ਜਿਵੇਂ ਪਾਲਣਾ ਸ਼ੁਰੂ ਕਰ ਦਿੰਦੇ ਹਾਂ, ਇਹ ਦਰਸਾਉਂਦਾ ਹੈ ਕਿ ਨਿਯਮਾਂ ਦੀ ਪਾਲਣਾ ਕਰਵਾਉਣ ਵਿਚ ਵਾਹਨ ਚਾਲਕਾਂ ਤੋਂ ਕਿਤੇ ਵੱਧ ਭੂਮਿਕਾ ਟ੍ਰੈਫਿਕ ਪੁਲੀਸ ਅਤੇ ਉੱਚ ਅਧਿਕਾਰੀਆਂ ਦੀ ਪੂਰੀ ਟੀਮ ਦੀ ਹੈ। ਇਹ ਵੀ ਦੇਖਣ ਵਿਚ ਆਇਆ ਹੈ ਕਿ ਸੜਕ ਨਿਯਮਾਂ ਦੀ ਉਲੰਘਣਾ ਵਧੇਰੇ ਕਰ ਕੇ ਅੱਲੜ ਉਮਰ ਦੇ ਚਾਲਕਾਂ ਵੱਲੋਂ ਕੀਤੀਆਂ ਜਾਂਦੀਆਂ ਉਹ ਗਲਤੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਪੂਰੇ ਸਮਾਜ ਨੂੰ ਭਾਰੀ ਪੈਂਦਾ ਹੈ। ਇਸ ਉਮਰ ਵਿਚ ਉਨ੍ਹਾਂ ਜ਼ਿੰਮੇਵਾਰ ਨਾਗਰਿਕ ਬਣਨ ਦੇ ਸਬਕ ਸਿੱਖਣੇ ਹੁੰਦੇ ਹਨ। ਇਸ ਸਬੰਧ ਵਿਚ ਸਕੂਲਾਂ ਅਤੇ ਕਾਲਜਾਂ ਵਿਚ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਲੈਕਚਰ ਲਾਹੇਵੰਦ ਸਾਬਤ ਹੋ ਸਕਦੇ ਹਨ।
ਪ੍ਰੋ. ਨਵਜੋਤ ਸਿੰਘ, ਪਟਿਆਲਾ