For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

07:45 AM Jul 21, 2023 IST
ਪਾਠਕਾਂ ਦੇ ਖ਼ਤ
Advertisement

ਸਮਰ ਕੈਂਪ
18 ਜੁਲਾਈ ਨੂੰ ਸਮਰ ਕੈਂਪ ਬਾਰੇ ਪਿਆਰਾ ਸਿੰਘ ਗੁਰਨੇ ਕਲਾਂ ਲੇਖ ਪੜ੍ਹਿਆ। ਸਮਰ ਕੈਂਪ ਦੀ ਪਹਿਲਕਦਮੀ ਵਿਭਾਗ ਦਾ ਵਧੀਆ ਫ਼ੈਸਲਾ ਹੈ। ਇਸ ਦੁਆਰਾ ਬੱਚਿਆਂ ਦੀ ਸ਼ਖ਼ਸੀਅਤ ਨੂੰ ਉਘਾੜਨ ਵਿਚ ਅਧਿਆਪਕਾਂ ਨੂੰ ਮਦਦ ਮਿਲੇਗੀ। ਜੇਕਰ ਇਹ ਕੈਂਪ ਸੂਝਵਾਨ ਅਧਿਆਪਕਾਂ ਦੀ ਦੇਖ-ਰੇਖ ਹੇਠ ਚਲਾਏ ਜਾਣ ਤਾਂ ਹੋਰ ਵੀ ਸਾਰਥਿਕ ਨਤੀਜੇ ਨਿਕਲ ਸਕਦੇ ਹਨ। ਉਂਝ ਇਕ ਐਕਟਿਵਿਟੀ ਲਈ 40 ਮਿੰਟ ਦਾ ਸਮਾਂ ਬੱਚਿਆਂ ਲਈ ਬਹੁਤ ਘੱਟ ਹੈ, ਅਧਿਆਪਕ ਵੀ 40 ਮਿੰਟ ਵਿਚ ਬੱਚਿਆਂ ਅੰਦਰੋਂ ਉਨ੍ਹਾਂ ਅੰਦਰ ਲੁਕਿਆ ਹੁਨਰ ਨਹੀਂ ਤਰਾਸ਼ ਸਕਦਾ ਹੈ। ਵਿਭਾਗ ਨੂੰ ਇਕ ਐਕਟਿਵਿਟੀ ਲਈ ਖੁੱਲ੍ਹਾ ਸਮਾਂ ਦੇਣਾ ਚਾਹੀਦਾ ਹੈ।
ਰਵੀ ਬਾਵਾ, ਈਮੇਲ

Advertisement


ਨਿੱਜੀਕਰਨ ਨੀਤੀਆਂ ਦੀ ਅਸਫ਼ਲਤਾ
14 ਜੁਲਾਈ ਨੂੰ ਕਰਮ ਬਰਸਟ ਦਾ ਲੇਖ ‘ਨਿੱਜੀਕਰਨ ਨੀਤੀਆਂ: ਅਸਫ਼ਲਤਾਵਾਂ ਤੇ ਇਲਾਜ’ ਪੜ੍ਹਿਆ। ਲੇਖਕ ਨੇ ਭਾਰਤ ਵਿਚ ਨਿੱਜੀਕਰਨ ਦੀਆਂ ਨੀਤੀਆਂ ਦੇ ਅਸਫ਼ਲ ਹੋਣ ਦੇ ਕਾਰਨ ਬਹੁਤ ਤਫ਼ਸੀਲ ਅਤੇ ਬਰੀਕੀ ਨਾਲ ਘੋਖੇ ਹਨ। ਨਿੱਜੀਕਰਨ ਦੀ ਅਸਫ਼ਲਤਾ ਦੇ ਨਾਲ ਨਾਲ ਇਲਾਜ ਬਾਰੇ ਵੀ ਚਰਚਾ ਛੇੜੀ ਹੈ। ਲੇਖਕ ਦੁਆਰਾ ਡਾਲਰ ਦੇ ਮੁਕਾਬਲੇ ਭਾਰਤ ਵਿਚ ਰੁਪਏ ਦੀ ਕੀਮਤ ਘਟਾਉਣਾ, ਅਮਰੀਕਨ ਬਹੁਕੌਮੀ ਕੰਪਨੀਆਂ ਨੂੰ ਭਾਰਤ ਵਿਚ ਪੂੰਜੀ ਨਿਵੇਸ਼ ਦੀ ਖੁੱਲ੍ਹ ਦੇਣਾ, ਬੈਂਕਾਂ ਦੇ ਕੌਮੀਕਰਨ, ਪਰਮਾਣੂ ਊਰਜਾ, ਪੈਟਰੋਲੀਅਮ, ਖਣਿਜ, ਬੈਂਕਿੰਗ, ਬੀਮਾ ਆਦਿ ਦੇ ਨਿੱਜੀਕਰਨ ਤੇ ਭਾਰਤ ਦੇ ਭਖਦੇ ਮਸਲਿਆਂ ਨੂੰ ਡੂੰਘਾਈ ਤੇ ਸੁਹਿਰਦਤਾ ਨਾਲ ਛੋਹਿਆ ਹੈ।
ਹਰਿੰਦਰ ਜੀਤ ਸਿੰਘ, ਪਿੰਡ ਬਿਜਲਪੁਰ (ਪਟਿਆਲਾ)


ਚੋਣਾਂ ਦੇ ਮਸਲੇ
13 ਜੁਲਾਈ ਦੇ ਅੰਕ ਵਿਚ ਅੰਗਰੇਜ਼ ਸਿੰਘ ਮੁਹਾਲੀ ਨੇ ਆਪਣੇ ਲੇਖ ‘ਅੰਬਰਾਂ ’ਤੇ ਲਿਖਿਆ ਨਾਂ ਬਲਕਾਰ ਸਿੰਘ ਡਕੌਂਦਾ’ ਵਿਚ ਕਿਸਾਨ ਲੀਡਰ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਵਿਚ ਇਕ ਵੱਡਾ ਮੁੱਦਾ ਕਿਸਾਨਾਂ ਦੇ ਚੋਣਾਂ ਲੜਨ ਸਬੰਧੀ ਉਭਾਰਿਆ ਗਿਆ ਹੈ ਅਤੇ ਇਸ ਪੱਖ ਦੀ ਹਮਾਇਤ ਕੀਤੀ ਗਈ ਹੈ ਕਿ ਕਿਸਾਨਾਂ ਨੂੰ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ। ਜਦੋਂ ਹਰ ਕਿਸਮ ਦੇ ਭ੍ਰਿਸ਼ਟ ਲੋਕ ਜਨਿ੍ਹਾਂ ’ਤੇ ਮੁਕੱਦਮੇ ਵੀ ਚੱਲਦੇ ਹਨ, ਚੋਣਾਂ ਲੜ ਸਕਦੇ ਹਨ ਤਾਂ ਕਿਸਾਨ ਜਾਂ ਮਜ਼ਦੂਰ ਕਿਉਂ ਨਹੀਂ? ਛੋਟੀਆਂ ਛੋਟੀਆਂ ਮੰਗਾਂ ਲਈ ਧਰਨੇ ਮੁਜ਼ਾਹਰੇ ਕਰਨੇ ਕਿੱਥੋਂ ਤਕ ਜਾਇਜ਼ ਹਨ? ਵੱਡੇ ਮਸਲਿਆਂ ’ਤੇ ਮੁਜ਼ਾਹਰੇ ਕਰਨੇ ਜਾਂ ਧਰਨੇ ਲਾਉਣੇ ਕੋਈ ਮਾੜੀ ਗੱਲ ਨਹੀਂ ਅਤੇ ਇਹ ਹਰ ਇਕ ਦਾ ਲੋਕਤੰਤਰੀ ਹੱਕ ਹੈ ਪਰ ਚੋਣਾਂ ਲੜਨੀਆਂ ਵੀ ਲੋਕਤੰਤਰ ਦਾ ਹਿੱਸਾ ਹੈ। ਜਦੋਂ ਤਾਕਤ ਆਪਣੇ ਹੱਥ ਹੋਵੇਗੀ ਤਾਂ ਮਾਮੂਲੀ ਗੱਲਾਂ ’ਤੇ ਧਰਨੇ ਲਾਉਣ ਦੀ ਲੋੜ ਨਹੀਂ ਪਵੇਗੀ।
ਅਮਰਜੀਤ ਸਿੰਘ ਜੰਜੂਆ, ਮਾਜਰਾ ਮੰਨਾ ਸਿੰਘ ਵਾਲਾ


(2)
13 ਜੁਲਾਈ ਦੇ ਮਿਡਲ ਵਿਚ ਅੰਗਰੇਜ਼ ਸਿੰਘ ਮੁਹਾਲੀ ਦਾ ਛਪਿਆ ਲੇਖ ‘ਅੰਬਰਾਂ ’ਤੇ ਲਿਖਿਆ ਨਾਂ ਬਲਕਾਰ ਸਿੰਘ ਡਕੌਂਦਾ’ ਹੱਕ, ਸੱਚ ਅਤੇ ਕਿਰਤੀ ਕਿਸਾਨਾਂ ਲਈ ਜੂਝਣ ਵਾਲੇ ਕਿਸਾਨ ਆਗੂ ਦੀ ਜ਼ਿੰਦਗੀ ’ਤੇ ਝਾਤ ਪਾਉਂਦਾ ਹੈ। ਬਲਕਾਰ ਸਿੰਘ ਨੇ ਸਮੇਂ ਸਮੇਂ ਕਿਸਾਨ ਅੰਦੋਲਨਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹੋਏ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ।
ਰਜਵਿੰਦਰਪਾਲ ਸ਼ਰਮਾ, ਪਿੰਡ ਕਾਲਝਰਾਣੀ (ਬਠਿੰਡਾ)


ਵਿਦੇਸ਼ ਦੀ ਚਾਹਤ
6 ਜੁਲਾਈ ਅਤੇ 4 ਜੁਲਾਈ ਦੇ ਅਖ਼ਬਾਰ ਵਿਚ ਵਿਦੇਸ਼ ਦੀ ਚਾਹਤ ਵਿਚ ਮਕਾਨ ਵੇਚਣ ਅਤੇ ਬੱਚਿਆਂ ਦੇ ਭਵਿੱਖ ਖਾਤਰ ਪਸ਼ੂ ਤੇ ਖੇਤੀਬਾੜੀ ਸੰਦ ਵੇਚਣ ਵਾਲੀਆਂ ਖ਼ਬਰਾਂ ਪੜ੍ਹੀਆਂ। ਹੁਣ ਹਾਲ ਇਹ ਹੈ ਕਿ ਹਰ ਤੀਜੇ ਘਰ ਦਾ ਬੱਚਾ ਵਿਦੇਸ਼ ਗਿਆ ਹੋਇਆ ਹੈ। ਲੋਕ ਆਪਣੇ ਬੱਚਿਆਂ ਨੂੰ ਪੜ੍ਹਾਈ ਵਾਲੇ ਵੀਜ਼ੇ ’ਤੇ ਵਿਦੇਸ਼ ਭਜਣ ਲਈ ਕੁਝ ਵੀ ਕਰਨ ਨੂੰ ਤਿਆਰ ਹਨ। ਇਹ ਪੰਜਾਬ ਦੀ ਮੂੰਹ ਬੋਲਦੀ ਤਸਵੀਰ ਹੈ। ਇਹੀ ਸੱਚਾਈ ਹੈ। ਮਾਪਿਆਂ ਨੂੰ ਫ਼ਿਕਰ ਹੈ ਕਿ ਬੱਚੇ ਕਿਤੇ ਨਸ਼ੇ ਦੀ ਦਲਦਲ ਵਿਚ ਨਾ ਫਸ ਜਾਣ ਜਾਂ ਕਿਸੇ ਝੂਠੇ ਮੁਕੱਦਮੇ ਵਿਚ ਫਸ ਕੇ ਜ਼ਿੰਦਗੀ ਨਾ ਬਰਬਾਦ ਕਰ ਲੈਣ। ਸਾਡੀਆਂ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਫ਼ੋਕੇ ਨਾਅਰੇ ਲਾਉਣ ਤੋਂ ਬਨਿਾਂ ਸਮਾਜ ਭਲਾਈ ਦਾ ਕੰਮ ਨਹੀਂ ਕਰਦੀਆਂ। ਵਿਦੇਸ਼ਾਂ ਵਿਚ ਬੱਚੇ ਭੇਜ ਕੇ ਮਾਪੇ ਬੇਫਿਕਰ ਹੋ ਜਾਂਦੇ ਹਨ। ਉੱਥੇ ਬੱਚੇ ਤਿੰਨ ਸਾਲ ਸਖ਼ਤ ਮਿਹਨਤ ਕਰ ਕੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਜਾਂਦੇ ਹਨ। ਸਾਡੇ ਦੇਸ਼ ਦੇ ਨੇਤਾ ਬੇਰੁਜ਼ਗਾਰੀ, ਵਧਦੀ ਮਹਿੰਗਾਈ ਬਾਰੇ ਸਿਰਫ਼ ਬਿਆਨਬਾਜ਼ੀ ਕਰਦੇ ਹਨ। ਜੇਕਰ ਵਿਦੇਸ਼ ਜਾਣ ਦਾ ਰੁਝਾਨ ਇੱਦਾਂ ਹੀ ਜਾਰੀ ਰਿਹਾ ਤਾਂ ਘਰਾਂ ਵਿਚ ਬਜ਼ੁਰਗ ਹੀ ਰਹਿ ਜਾਣਗੇ। ਸਮਾਜ-ਸੇਵੀਆਂ ਅਤੇ ਸਰਕਾਰ ਨੂੰ ਵਿਦੇਸ਼ ਵਾਲੇ ਰੁਝਾਨ ਨੂੰ ਠੱਲ੍ਹ ਪਾਉਣੀ ਚਾਹੀਦੀ ਹੈ।
ਗੋਵਿੰਦਰ ਜੱਸਲ, ਸੰਗਰੂਰ


ਫ਼ਰੀਦ ਉਰਫ਼ ਸ਼ੇਰ ਸ਼ਾਹ ਸੂਰੀ
19 ਜੁਲਾਈ ਦੇ ਵਿਰਾਸਤ ਅੰਕ ’ਚ ਮੁਖਤਾਰ ਗਿੱਲ ਦੇ ਲੇਖ ‘ਅਲੋਪ ਹੋ ਰਹੇ ਵਿਰਾਸਤੀ ਕੋਸ ਮਨਿਾਰ’ ’ਚ ਸ਼ੇਰ ਸ਼ਾਹ ਸੂਰੀ ਨੂੰ ਮੁਗਲ ਸ਼ਹਨਿਸ਼ਾਹ ਲਿਖਿਆ ਗਿਆ ਹੈ। ਦਰਅਸਲ, ਉਹ ਪਠਾਨ ਸੀ।
ਕੁਲਦੀਪ ਸਿੰਘ, ਯੂਨੀਅਨ ਸਿਟੀ, ਕੈਲੀਫੋਰਨੀਆ (ਅਮਰੀਕਾ)


ਮਨੀਪੁਰ ਦੇ ਹਾਲਾਤ ਅਤੇ ਸਿਆਸੀ ਨੀਅਤ
19 ਜੁਲਾਈ ਨੂੰ ਪੱਤਰਕਾਰ ਵੀ. ਸੁਦਰਸ਼ਨ ਦਾ ਲੇਖ ‘ਸਿਆਸੀ ਲਾਹਾ ਅਤੇ ਮਨੀਪੁਰ ਦਾ ਭਵਿੱਖ’ ਮਨੀਪੁਰ ਦੇ ਹਾਲਾਤ ਅਤੇ ਇਸ ਬਾਰੇ ਕੌਮਾਂਤਰੀ ਬਾਜ਼-ਅੱਖ ਬਾਰੇ ਰੋਸ਼ਨੀ ਪਾਉਂਦਾ ਹੈ। ਅਮਰੀਕਾ ਅਤੇ ਯੂਰੋਪੀਅਨ ਯੂਨੀਅਨ ਵਿਚ ਮਨੀਪੁਰ ਦੇ ਚਰਚਿਆਂ ਤੋਂ ਜਾਪਦਾ ਹੈ ਕਿ ਇਸ ਵਿਚੋਂ ਚੀਨ ਖੱਟ ਰਿਹਾ ਹੈ। ਲੇਖਕ ਵੱਲੋਂ ਮਨੀਪੁਰ ਨੂੰ ‘ਕੁਰਬਾਨਗਾਹ’ ਦਾ ਲਕਬ ਦੇਣਾ ਸਾਡੇ ਆਗੂਆਂ ਦੀ ਸਿਆਸੀ ਨੀਅਤ ਬਾਰੇ ਬਹੁਤ ਕੁਝ ਕਹਿੰਦਾ ਹੈ। ਕਿਤੇ ਨਾ ਕਿਤੇ ਸਾਡੀ ਵਿਦੇਸ਼ ਨੀਤੀ ਵੀ ਨਿਵਾਣ ਵੱਲ ਖਿਸਕਦੀ ਦਿਖਾਈ ਦਿੰਦੀ ਹੈ। ਜਦੋਂ ਸਰੀਰ ਦਾ ਇਕ ਅੰਗ ਸੜ ਰਿਹਾ ਹੋਵੇ ਅਤੇ ਬਾਕੀ ਦੇ ਅੰਗ ਹਰਕਤ ਵੀ ਨਾ ਕਰਨ ਤਾਂ ਸਰੀਰ ਦੇ ਸੜਨ ਦਾ ਖ਼ਤਰਾ ਵਧ ਜਾਂਦਾ ਹੈ। ਇਸ ਤੋਂ ਪਹਿਲਾਂ 18 ਜੁਲਾਈ ਦਾ ਸੰਪਾਦਕੀ ‘ਫਰਾਂਸ ਦੇ ਦਾਅਵੇ’ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰੇ ਦੇ ਧੂਮ-ਧੜੱਕਿਆਂ ਦੇ ਨਾਲ ਨਾਲ ਫਰਾਂਸ ਵੱਲੋਂ 2018 ਵਿਚ ਕੀਤੇ ਵਾਅਦਿਆਂ ਬਾਰੇ ਉਸ ਦੀ ਢਿੱਲ-ਮੱਠ ਵੀ ਯਾਦ ਕਰਵਾਉਂਦਾ ਹੈ। ਸੰਪਾਦਕੀ ਦਾ ਇਸ਼ਾਰਾ ਕਿ ਦੇਸ਼ ਨੂੰ ਫਰਾਂਸ ਦੀ ਢਿੱਲ-ਮੱਠ ਚੀਨ ਨਾਲ ਨਜਿੱਠਣ ਲਈ ਮਹਿੰਗੀ ਪੈ ਸਕਦੀ ਹੈ, ਦਰੁਸਤ ਜਾਪਦਾ ਹੈ।
ਜਗਰੂਪ ਸਿੰਘ, ਲੁਧਿਆਣਾ

Advertisement
Author Image

sukhwinder singh

View all posts

Advertisement
Advertisement
×