For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

06:09 AM Jul 20, 2023 IST
ਪਾਠਕਾਂ ਦੇ ਖ਼ਤ
Advertisement

ਦੇਸੋਂ ਦੂਰ ਸਿਰਜਣ ਭੋਇੰ

19 ਜੁਲਾਈ ਦੇ ਇੰਟਰਨੈੱਟ ਐਡੀਸ਼ਨ ‘ਪੰਜਾਬੀ ਪੈੜਾਂ’ ਵਿਚ ਨਵੇਂ ਕਾਲਮ ‘ਦੇਸੋਂ ਦੂਰ ਸਿਰਜਣ ਭੋਇੰ’ ਵਿਚ ਅਮਰੀਕਾ ਵਸਦੇ ਵਿਗਿਆਨ ਗਲਪ ਲੇਖਕ ਅਮਨਦੀਪ ਸਿੰਘ ਦੇ ਸਾਹਿਤਕ ਸਫ਼ਰ ਬਾਰੇ ਪੜ੍ਹਿਆ। ਮਹੱਤਵਪੂਰਨ ਜਾਣਕਾਰੀ ਮਿਲੀ। ਅਮਨਦੀਪ ਸਿੰਘ ਤਾਰਾ ਵਿਗਿਆਨ ਗਲਪ ਖੇਤਰ ਵਿਚ ਉੱਘਾ ਨਾਂ ਹੈ। ਤਿੰਨ ਵਿਗਿਆਨ ਗਲਪ ਪੁਸਤਕਾਂ ਤੋਂ ਇਲਾਵਾ ਉਨ੍ਹਾਂ ਕਈ ਪੰਜਾਬੀ ਪੱਤਰਾਂ ਵਿਚ ਤਾਰਾ ਵਿਗਿਆਨ ਦੇ ਖੇਤਰ ਵਿਚ ਹੋ ਰਹੀਆਂ ਨਵੀਆਂ ਖੋਜਾਂ ਬਾਰੇ ਗਲਪ ਰੂਪ ਵਿਚ ਨਿੱਠ ਕੇ ਲਿਖਿਆ ਹੈ। ਇਸ ਖੇਤਰ ਵਿਚ ਪੰਜਾਬੀ ਲੇਖਕਾਂ ਦੀ ਹਮੇਸ਼ਾ ਘਾਟ ਰਹੀ ਹੈ। ਉਨ੍ਹਾਂ ਦੀ ਰਹਨਿੁਮਾਈ ਹੇਠ ਛਪਦਾ ਤ੍ਰੈਮਾਸਿਕ ਵਿਗਿਆਨ ਗਲਪ ਈ-ਮੈਗਜ਼ੀਨ ‘ਉਡਾਣ’ ਵੀ ਸਫ਼ਲਤਾ ਪੂਰਵਕ ਨਵੇਂ ਦਿੱਸਹੱਦੇ ਛੂਹ ਰਿਹਾ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)

Advertisement

ਪੰਜਾਬ ਦਾ ਭਵਿੱਖ

18 ਜੁਲਾਈ 2023 ਨੂੰ ਸੁੱਚਾ ਸਿੰਘ ਗਿੱਲ ਦਾ ਲੇਖ ‘ਪੰਜਾਬ ਦਾ ਭਵਿੱਖ: ਵਿਚਾਰਨ ਵਾਲੇ ਨੁਕਤੇ’ ਪੜ੍ਹਿਆ। ਲੇਖ ਦਾ ਸਾਰਾਂਸ਼ ਹੈ ਕਿ ਪਿਛਲੇ ਚਾਰ ਦਹਾਕਿਆਂ ਦੀਆਂ ਸਿਆਸੀ ਕਲਾਬਾਜ਼ੀਆਂ ਨੇ ਪੰਜਾਬ ਦਾ ਭੱਠਾ ਬਿਠਾਇਆ ਹੈ। ਇਸ ਦੇ ਹੱਲ ਲਈ ਸਿਰਜਣਾਤਮਕ ਸਮਰੱਥਾ ਦਾ ਇਤਿਹਾਸ ਸਾਂਝਾ ਕਰਦਿਆਂ ਸਮਾਜਿਕ ਲਹਿਰ ਨੂੰ ਜ਼ਿੰਮੇਵਾਰੀ ਨਿਭਾਉਣ ਵਾਸਤੇ ਹੱਲਾਸ਼ੇਰੀ ਦਿੱਤੀ ਹੈ। ਵਜ਼ਨਦਾਰ ਨੁਕਤਾ ਹੈ ਕਿ ਜਦੋਂ ਸਿਆਸੀ ਪਾਰਟੀਆਂ ਲੋਕ ਮਸਲਿਆਂ ਬਾਰੇ ਸੁਹਿਰਦ ਨਹੀਂ ਰਹਿੰਦੀਆਂ ਤਾਂ ਲੋਕਾਂ ਦੀਆਂ ਸਿਰਜਣਾਤਮਕ ਕਾਰਵਾਈਆਂ ਫਾਇਦੇਮੰਦ ਹੋ ਸਕਦੀਆਂ ਹਨ।
ਰਸ਼ਪਾਲ ਸਿੰਘ, ਹੁਸ਼ਿਆਰਪੁਰ

Advertisement
Advertisement

ਨੈਤਿਕਤਾ

12 ਜੁਲਾਈ ਦਾ ਸੰਪਾਦਕੀ ‘ਨੈਤਿਕ ਦਲੀਲ’ ਬਰੀਕਬੀਨ ਫ਼ੈਸਲੇ ਬਾਰੇ ਵਿਸਥਾਰ ਵਿਚ ਸਮਝਾਉਂਦਾ ਹੈ। ਖ਼ਬਰ ਦਾ ਇਕ ਹਿੱਸਾ ਸੁਣ ਕੇ ਲੱਗਿਆ ਸੀ ਕਿ ਈਡੀ ਦੇ ਮੁਖੀ ਮਿਸ਼ਰਾ ਨੂੰ ਅਹੁਦੇ ਤੋਂ ਲਾਂਭੇ ਹੋਣਾ ਪਵੇਗਾ ਪਰ ਗੱਲ ਇਹ ਨਹੀਂ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰ ਜੋ ਮਰਜ਼ੀ ਕਰੇ ਪਰ ਉਹ ਸੁਪਰੀਮ ਕੋਰਟ ਦੇ 21 ਸਤੰਬਰ 2021 ਦੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਅਵੱਗਿਆ ਨਹੀਂ ਕਰ ਸਕਦੀ ਕਿ ਇਸ ਤੋਂ ਬਾਅਦ ਮਿਸ਼ਰਾ ਦੀ ਮਿਆਦ ਨਹੀਂ ਵਧਾਈ ਜਾਵੇਗੀ। ਸੰਪਾਦਕੀ ਦੀ ਆਖ਼ਰੀ ਲਾਈਨ ਕਿ ‘ਸੁਪਰੀਮ ਕੋਰਟ ਨੇ ਸਰਕਾਰ ਦੀ ਕਾਰਜਸ਼ੈਲੀ ਪ੍ਰਤੀ ਨੈਤਿਕ ਦਲੀਲ ਜ਼ਰੂਰ ਦਰਜ ਕਰਾਈ ਹੈ’ ਅਹਿਮ ਹੈ। ਇਸੇ ਪ੍ਰਸੰਗ ’ਚ ਤੱਥ ਸਾਂਝਾ ਕਰਦਾ ਹਾਂ: ਗ੍ਰਹਿ ਮੰਤਰਾਲੇ ਕੋਲ ਸੂਚਨਾ ਅਧਿਕਾਰ ਤਹਿਤ ਅਰਜ਼ੀ ਪਾਈ ਸੀ- ‘ਸ਼ਾਹ ਫ਼ੈਜ਼ਲ ਨੂੰ ਜਿਹੜੇ ਨਿਯਮਾਂ ਅਤੇ ਦਿਸ਼ਾ ਨਿਰਦੇਸ਼ਾਂ ਤਹਿਤ ਹਾਜ਼ਰ ਕਰਾਇਆ ਗਿਆ, ਉਸ ਦੀ ਮੁਕੰਮਲ ਫਾਈਲ ਨੋਟਿੰਗ ਦੀ ਨਕਲ ਦਿੱਤੀ ਜਾਵੇ।’ ਸ਼ਾਹ ਫੈਜ਼ਲ 2010 ਦਾ ਆਈਏਐੱਸ ਅਧਿਕਾਰੀ ਸੀ। ਅਗਸਤ 2019 ਵਿਚ ਧਾਰਾ 370 ਨੂੰ ਹਟਾਉਣ ਵਿਰੁੱਧ ਉਸ ਨੂੰ ਇਕ ਸਾਲ ਲਈ ਨਜ਼ਰਬੰਦ ਕੀਤਾ ਗਿਆ। ਉਸ ਨੇ ਨੌਕਰੀ ਤੋਂ ਅਸਤੀਫ਼ਾ ਦਿੱਤਾ ਅਤੇ ਜੰਮੂ ਕਸ਼ਮੀਰ ਪੀਪਲਜ਼ ਮੂਵਮੈਂਟ ਨਾਂ ਦੀ ਪਾਰਟੀ ਬਣਾਈ। ਤਿੰਨ ਸਾਲ ਬਾਅਦ ਉਸ ਨੂੰ ਬਹਾਲ ਕਰ ਦਿੱਤਾ ਗਿਆ। ਗ੍ਰਹਿ ਮੰਤਰਾਲੇ ਨੇ ਸੈਕਸ਼ਨ 8(1)ਜੇ ਤਹਿਤ ਨਿੱਜੀ ਜਾਣਕਾਰੀ ਮੰਨਦੇ ਹੋਏ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ। ਕੇਸ ਕੇਂਦਰੀ ਸੂਚਨਾ ਕਮਿਸ਼ਨ ਕੋਲ ਚਲਿਆ ਗਿਆ। ਕਮਿਸ਼ਨ ਨੇ ਵੀ ਇਸ ਨੂੰ ਨਿੱਜੀ ਸੂਚਨਾ ਮੰਨ ਕੇ ਗ੍ਰਹਿ ਮੰਤਰਾਲੇ ਦੇ ਪੀਆਈਓ ਦੇ ਫ਼ੈਸਲੇ ਨਾਲ ਸਹਿਮਤੀ ਦੇ ਦਿੱਤੀ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

ਮੁਸੀਬਤਾਂ ਦੇ ਸਬਕ

ਸਿਆਣੇ ਸਮਾਜ ਮੁਸੀਬਤਾਂ ਵਿਚੋਂ ਸਬਕ ਸਿੱਖ ਕੇ ਭਵਿੱਖ ਉਸਾਰਦੇ ਹਨ। ਹੜ੍ਹਾਂ ਦੀ ਇਸ ਮਾਰ ਵਿਚੋਂ ਨਿਕਲਣ ਤੋਂ ਬਾਅਦ ਇਸ ਸੰਕਟ ਬਾਰੇ ਜਾਂਚ ਕਮਿਸ਼ਨ ਬੈਠੇ ਜੋ ਇਸ ਮੁਸੀਬਤ ਦੇ ਕਾਰਨਾਂ, ਪ੍ਰਬੰਧ ਵਿਚਲੀਆਂ ਕਮੀਆਂ, ਅਣਗਹਿਲੀਆਂ, ਕਾਨੂੰਨੀ ਪੱਖਾਂ ਅਤੇ ਬਚਾਅ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਸਥਾਰ ਨਾਲ ਰੌਸ਼ਨੀ ਪਾਏ। ਇਸ ਦਾ ਮੰਤਵ ਨਿਰੋਲ ਭਵਿੱਖ ਦੀ ਯੋਜਨਾ ਹੋਵੇ। ਸਰਕਾਰ ਜਾਂਚ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਵੀ ਕਰੇ। ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਜ਼ੋਰ ਲਾ ਕੇ ਕੀਤਾ ਕਈ ਸਾਲਾਂ ਦਾ ਵਿਕਾਸ ਘੰਟਿਆਂ ਵਿਚ ਹੀ ਰੁੜ੍ਹ ਜਾਣ ਦਾ ਖਦਸ਼ਾ ਬਣਿਆ ਰਹੇਗਾ।
ਹਜ਼ਾਰਾ ਸਿੰਘ, ਮਿਸੀਸਾਗਾ (ਕੈਨੇਡਾ)

ਕੁਦਰਤੀ ਆਫ਼ਤ ਅਤੇ ਸਿਆਸੀ ਪਾਰਟੀਆਂ

ਪੰਜਾਬ ਵਾਸੀ ਇਸ ਸਮੇਂ ਕੁਦਰਤੀ ਆਫ਼ਤ ਨਾਲ ਜੂਝ ਰਹੇ ਹਨ। ਇਹੀ ਵਕਤ ਹੈ ਕਿ ਸਾਰੀਆਂ ਪਾਰਟੀਆਂ ਇਕ ਹੋ ਕੇ ਲੋਕਾਂ ਨੂੰ ਇਸ ਕੁਦਰਤੀ ਆਫ਼ਤ ਤੋਂ ਬਚਾਉਣ ਲਈ ਪੰਜਾਬ ਸਰਕਾਰ ਦਾ ਸਾਥ ਦੇਣ ਪਰ ਦੇਖਿਆ ਜਾ ਰਿਹਾ ਹੈ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਮਾੜੀ ਅਤੇ ਵਿਅਕਤੀਗਤ ਰਾਜਨੀਤੀ ਕਰ ਰਹੀਆਂ ਹਨ। ਵਿਰੋਧੀ ਪਾਰਟੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਤੁਹਾਡੀ ਇਸ ਮਾੜੀ ਬਿਆਨਬਾਜ਼ੀ ਅਤੇ ਵਤੀਰੇ ਕਰ ਕੇ ਹੀ ਪੰਜਾਬੀਆਂ ਨੇ ਤੁਹਾਨੂੰ ਸੱਤਾ ਤੋਂ ਦੂਰ ਕੀਤਾ ਹੈ। ਇਸ ਲਈ ਸੌੜੀ ਸਿਆਸਤ ਛੱਡ ਕੇ ਔਖੀ ਘੜੀ ਵਿਚ ਪੰਜਾਬੀਆਂ ਦਾ ਹੱਥ ਫੜਨਾ ਚਾਹੀਦਾ ਹੈ ਅਤੇ ਸਰਕਾਰ ਨਾਲ ਮਿਲ ਕੇ ਕੇਂਦਰ ਸਰਕਾਰ ਕੋਲੋਂ ਪੰਜਾਬ ਲਈ ਵੱਧ ਤੋਂ ਵੱਧ ਵਿੱਤੀ ਸਹਾਇਤਾ ਲੈਣ ਲਈ ਜ਼ੋਰ ਪਾਉਣਾ ਚਾਹੀਦਾ ਹੈ।
ਭਾਈ ਅਸ਼ੋਕ ਸਿੰਘ ਬਾਗੜੀਆਂ, ਚੰਡੀਗੜ੍ਹ

Advertisement
Tags :
Author Image

joginder kumar

View all posts

Advertisement