For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

07:38 AM Jul 14, 2023 IST
ਪਾਠਕਾਂ ਦੇ ਖ਼ਤ
Advertisement

ਵਿਦਿਆਰਥੀ ਬਨਾਮ ਖ਼ੁਦਕੁਸ਼ੀਆਂ
13 ਜੁਲਾਈ ਦਾ ਸੰਪਾਦਕੀ ‘ਖ਼ੁਦਕੁਸ਼ੀ ਦੀਆਂ ਘਟਨਾਵਾਂ’ ਕਾਲਜਾਂ ਯੂਨੀਵਰਸਿਟੀਆਂ ਵਿਚ ਪੜ੍ਹਦੇ ਵਿਦਿਆਰਥੀਆਂ ਨਾਲ ਜੁੜਿਆ ਅਤਿ ਗੰਭੀਰ ਮਸਲਾ ਹੈ ਜੋ ਮਾਪਿਆਂ ਅਤੇ ਅਧਿਆਪਕਾਂ ਦੇ ਧਿਆਨ ਦੀ ਫੌਰੀ ਮੰਗ ਕਰਦਾ ਹੈ। ਆਏ ਦਨਿ ਪੜ੍ਹਨ/ਸੁਣਨ ਨੂੰ ਮਿਲਦਾ ਹੈ ਕਿ ਆਪਸੀ ਮੁਕਾਬਲੇ ਕਾਰਨ ਵੱਧ ਨੰਬਰ ਲੈਣ ਦੀ ਹੋੜ ਵਿਚ ਪਿੱਛੇ ਰਹਿ ਜਾਣ ਕਰ ਕੇ ਜਾਂ ਲਗਾਤਾਰ ਫੇਲ੍ਹ ਹੋਣ ਕਰ ਕੇ ਕਈ ਵਿਦਿਆਰਥੀ ਆਪਣੀ ਜਾਨ ਤਕ ਲੈ ਲੈਂਦੇ ਹਨ। ਮਾਪਿਆਂ ਵੱਲੋਂ ਵਾਰ ਵਾਰ ਬੱਚੇ ਨੂੰ ਕਿਹਾ ਜਾਣ ਵਾਲਾ ਇਹ ਸ਼ਬਦ ਕਿ ‘ਤੂੰ ਸਾਰੀ ਜਮਾਤ ਤੋਂ ਵੱਧ ਨੰਬਰ ਲੈ ਕੇ ਫਸਟ ਆਉਣਾ ਹੈ’, ਬਹੁਤ ਭਿਆਨਕ ਤੇ ਮਾਰੂ ਹੈ। ਘਰਾਂ ਵਿਚ ਲਗਾਤਾਰ ਪੜ੍ਹਦੇ ਰਹਿਣ ਲਈ ਜਿਹੜੇ ਬੱਚਿਆਂ ਨੂੰ ਮਾਪਿਆਂ ਵੱਲੋਂ ਲਗਾਤਾਰ ਤਾੜਿਆ ਜਾਂਦਾ ਹੈ ਜਾਂ ਫਿਰ ਦਬਾਓ ਪਾ ਕੇ ਕੁੱਟਮਾਰ ਕਰ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ, ਉਹ ਪੜ੍ਹਾਈ ਨੂੰ ਨਫ਼ਰਤ ਕਰਨ ਲੱਗਦੇ ਹਨ। ਉਹ ਇਸ ਮਾਨਸਿਕ ਬੋਝ ਤੋਂ ਪਿੱਛਾ ਛੁਡਾਉਣ ਲਈ ਰਸਤੇ ਲੱਭਣ ਲੱਗਦੇ ਹਨ। ਬਿਮਾਰੀ ਦਾ ਬਹਨਾ ਬਣਾਉਂਦੇ ਹਨ, ਘਰੋਂ ਦੌੜ ਜਾਂਦੇ ਹਨ, ਚੋਰੀ ਮੋਬਾਈਲ ਨੂੰ ਚੁੰਬੜੇ ਰਹਿੰਦੇ ਹਨ ਜਾਂ ਫਿਰ ਉਨ੍ਹਾਂ ਨੂੰ ਪੱਕੇ ਤੌਰ ’ਤੇ ਪੜ੍ਹਾਈ ਤੋਂ ਆਪਣੀ ਜਾਨ ਛੁਡਾਉਣ ਲਈ ਖ਼ੁਦਕੁਸ਼ੀ ਦਾ ਰਾਹ ਦਿਖਾਈ ਦੇਣ ਲੱਗਦਾ ਹੈ। ਮੈਲਬਰਨ ਫੇਰੀ ਦੌਰਾਨ ਸਕੂਲ ਪੜ੍ਹਦੇ ਮੇਰੇ ਦੋਹਤੇ ਮਹਿਤਾਬ ਦੇ ਪੇਪਰ ਚੱਲ ਰਹੇ ਸਨ। ਇਕ ਦਨਿ ਮੇਰੀ ਪਤਨੀ ਨੇ ਉਸ ਨੂੰ ਕਿਹਾ ਕਿ ਉਹ ਖ਼ੂਬ ਪੜ੍ਹਾਈ ਕਰੇ ਅਤੇ ਕਲਾਸ ਵਿਚੋਂ ਫਸਟ ਆਵੇ। ਉਸ ਵੱਲੋਂ ਨਾਨੀ ਨੂੰ ਦਿੱਤਾ ਜਵਾਬ ਮੈਨੂੰ ਭੁੱਲਦਾ ਨਹੀਂ। ਉਸ ਨੇ ਹੱਸਦਿਆਂ ਕਿਹਾ ਸੀ: ਫਸਟ ਤਾਂ ਕੋਈ ਵੀ ਆ ਸਕਦਾ। ਮੈਂ ਸਿਰਫ਼ ਫਸਟ ਆਉਣ ਲਈ ਨਹੀਂ ਪੜ੍ਹਦਾ। ਮੈਂ ਪੂਰੀ ਪੜ੍ਹਾਈ ਕਰ ਕੇ ਪੇਪਰ ਦੇ ਰਿਹਾ ਹਾਂ। ਮੈਂ ਫਸਟ ਸੈਕਿੰਡ ਜਾਂ ਥਰਡ ਆਉਂਦਾ ਹਾਂ, ਜਾਂ ਕੇਵਲ ਪਾਸ ਹੁੰਦਾ ਹਾਂ, ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਅਸੀਂ ਕਲਾਸ ਵਿਚ ਤੀਹ ਵਿਦਿਆਰਥੀ ਹਾਂ, ਭਲਾ ਸਾਰੇ ਹੀ ਫਸਟ ਕਿਵੇਂ ਆ ਸਕਦੇ ਹਾਂ?
ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)

Advertisement


ਹੜ੍ਹਾਂ ਕਾਰਨ ਤਬਾਹੀ
11 ਜੁਲਾਈ ਦਾ ਸੰਪਾਦਕੀ ‘ਮੀਂਹ ਕਾਰਨ ਨੁਕਸਾਨ’ ਅਤੇ ਇਸੇ ਦਨਿ ਲੋਕ ਸੰਵਾਦ ਪੰਨੇ ਉੱਤੇ ਵਿਜੈ ਬੰਬੇਲੀ ਦਾ ਲੇਖ ‘ਹੜ੍ਹ ਨਿਰਾ ਕੁਦਰਤੀ ਵਰਤਾਰਾ ਨਹੀਂ’ ਪੜ੍ਹੇ। ਇਨ੍ਹਾਂ ਲਿਖਤਾਂ ਵਿਚ ਹੜ੍ਹਾਂ ਦੀ ਤਬਾਹੀ, ਕਾਰਨ ਅਤੇ ਬਚਾਅ ਦੇ ਢੰਗ-ਤਰੀਕਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਹ ਬਿਲਕੁੱਲ ਠੀਕ ਹੈ ਕਿ ਨਦੀਆਂ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ, ਗ਼ੈਰ-ਵਿਉਂਤਬੰਦ ਉਸਾਰੀਆਂ, ਟੋਭਿਆਂ, ਢਾਬਾਂ ਅਤੇ ਨਦੀਆਂ ਨਾਲਿਆਂ ’ਤੇ ਨਾਜਾਇਜ਼ ਕਬਜ਼ੇ, ਦਰਖ਼ਤਾਂ ਦੀ ਅੰਨ੍ਹੇਵਾਹ ਕਟਾਈ ਤੇ ਨਾਜਾਇਜ਼ ਖਣਨ ਆਦਿ ਕਾਰਨ ਹੜ੍ਹਾਂ ਦੀ ਤਬਾਹੀ ਸਾਨੂੰ-ਤੁਹਾਨੂੰ ਝੱਲਣੀ ਪੈ ਰਹੀ ਹੈ। ਜੇਕਰ ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਕਾਰਨਾਂ ਨੂੰ ਦੂਰ ਕਰਨ ਵੱਲ ਉਚੇਚਾ ਧਿਆਨ ਨਾ ਦਿੱਤਾ ਤਾਂ ਹੜ੍ਹਾਂ ਦੀ ਮਾਰ ਇਸੇ ਤਰ੍ਹਾਂ ਪੈਂਦੀ ਰਹੇਗੀ। ਖੂਹਾਂ, ਟੋਭਿਆਂ, ਢਾਬਾਂ, ਛੱਪੜਾਂ ਆਦਿ ਨੂੰ ਮੁੜ ਸੁਰਜੀਤ ਕਰਨ ਵੱਲ ਪੰਚਾਇਤਾਂ ਆਪਣਾ ਰੋਲ ਨਿਭਾ ਸਕਦੀਆਂ ਹਨ। ਮੀਹਾਂ ਦੇ ਪਾਣੀ ਨੂੰ ਧਰਤੀ ਵਿਚ ਗਰਕਾਉਣ ਦੇ ਪ੍ਰਬੰਧਾਂ ਨੂੰ ਪਹਿਲ ਦੇ ਆਧਾਰ ’ਤੇ ਜੰਗੀ ਪੱਧਰ ’ਤੇ ਲਾਗੂ ਕਰਨਾ ਸਮੇਂ ਦੀ ਲੋੜ ਹੈ। ਕਿਸੇ ਵੀ ਕਿਸਮ ਦੀ ਘਰੇਲੂ ਜਾਂ ਵਪਾਰਕ ਉਸਾਰੀ ਦਾ ਨਕਸ਼ਾ ਪਾਸ ਕਰਵਾਉਣ ਲਈ ਹੋਰ ਸ਼ਰਤਾਂ ਤੋਂ ਇਲਾਵਾ ਵਾਟਰ ਰੀਚਾਰਜ ਸਿਸਟਮ ਦੀ ਸ਼ਰਤ ਲਾਜ਼ਮੀ ਹੋਣੀ ਚਾਹੀਦੀ ਹੈ। ਵੱਧ ਤੋਂ ਵੱਧ ਦਰਖ਼ਤ ਲਾਏ ਜਾਣ; ਦਰਖ਼ਤ ਮਿੱਟੀ ਖ਼ੁਰਨੋਂ ਬਚਾਉਂਦੇ ਹਨ, ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ ਤੇ ਮੀਹਾਂ ਦੇ ਪਾਣੀ ਨੂੰ ਧਰਤੀ ਵਿਚ ਭੇਜਣ ਦਾ ਕੰਮ ਵੀ ਕਰਦੇ ਹਨ।
ਅਜੀਤ ਪ੍ਰਦੇਸੀ, ਰੂਪ ਨਗਰ

Advertisement


ਦਿਲ ਨੂੰ ਛੂਹਣ ਵਾਲੀ ਲਿਖਤ
10 ਜੁਲਾਈ ਦਾ ਮਿਡਲ ‘…ਤੇ ਪਾਪਾ ਚੰਨ ਬਣ ਗਏ’ ਪੜ੍ਹਿਆ। ਡਾ. ਅਨੁਪਮਦੀਪ ਆਜ਼ਾਦ ਦਾ ਆਪਣੇ ਪਿਤਾ ਡਾ. ਅਮਰ ਸਿੰਘ ਆਜ਼ਾਦ ਦੀ ਯਾਦ ਵਿਚ ਲਿਖਿਆ ਇਹ ਲੇਖ ਦਿਲ ਦੀਆਂ ਗਹਿਰਾਈਆਂ ਨੂੰ ਛੂਹਣ ਵਾਲਾ ਸੀ। ਇਸੇ ਪੰਨੇ ’ਤੇ ਰਣਯੋਧ ਸਿੰਘ ਬੈਂਸ ਦੇ ਲੇਖ ਵਿਚ ਪੰਜਾਬ ’ਚ ਨਵੇਂ ਖੇਤੀ ਮਾਡਲ ਬਾਰੇ ਕਾਫ਼ੀ ਪੱਖਾਂ ਦਾ ਵਰਨਣ ਕੀਤਾ ਗਿਆ। ਘੱਟ ਜ਼ਮੀਨਾਂ ਵਾਲੇ ਗ਼ਰੀਬ ਕਿਸਾਨਾਂ ਨੂੰ ਸਾਂਝੀ ਖੇਤੀ ਕਰਨ ਵੱਲ ਲਿਆਉਣ ਲਈ ਜ਼ਰੂਰੀ ਹੈ ਕਿ ਪੰਜਾਬ ਵਿਚ ਠੇਕੇ ’ਤੇ ਖੇਤੀ ਕਰਨ ਦੀ ਕਾਨੂੰਨੀ ਤੌਰ ’ਤੇ ਪਾਬੰਦੀ ਲਗਾਈ ਜਾਵੇ। ਖ਼ੁਦਕੁਸ਼ੀਆਂ ਕਰਨ ਵਾਲੇ ਬਹੁਗਿਣਤੀ ਕਿਸਾਨ ਵੀ ਉਹ ਸਨ ਜਿਹੜੇ ਠੇਕੇ ’ਤੇ ਖੇਤੀ ਕਰਨ ਕਰ ਕੇ ਕਰਜ਼ਈ ਹੋਏ।
ਸੋਹਣ ਲਾਲ ਗੁਪਤਾ, ਪਟਿਆਲਾ


ਅੰਧ-ਵਿਸ਼ਵਾਸ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸੰਸਦ ਮੈਂਬਰ ਪਰਨੀਤ ਕੌਰ ਤੇ ਉਸ ਦੀ ਪੁੱਤਰੀ ਜੈਇੰਦਰ ਕੌਰ ਵੱਲੋਂ ਹੜ੍ਹਾਂ ਦੀ ਤਬਾਹੀ ਰੋਕਣ ਲਈ ਪਟਿਆਲੇ ਵਿਚ ਘੱਗਰ ਨਦੀ ਵਿਚ ਨੱਥ-ਚੂੜਾ ਚੜ੍ਹਾਉਣ ਦੀ ਰੂੜੀਵਾਦੀ ਰਵਾਇਤ ਰਾਹੀਂ ਲੋਕਾਂ ਵਿਚ ਅੰਧ-ਵਿਸ਼ਵਾਸ ਫੈਲਾਇਆ ਗਿਆ ਹੈ। ਇਸ ਸ਼ਾਹੀ ਘਰਾਣੇ ਵੱਲੋਂ ਘੱਗਰ ਨਦੀ ਵਿਚ ਕਈ ਸਾਲਾਂ ਤੋਂ ਨੱਥ-ਚੂੜਾ ਚੜ੍ਹਾਉਣ, ਪਾਠ ਪੂਜਾ-ਮੰਤਰਾਂ ਦਾ ਉਚਾਰਨ ਕਰਨ ਅਤੇ ਕਿਸੇ ਅਖੌਤੀ ਦੇਵੀ ਦੇਵਤੇ ਅੱਗੇ ਅਰਦਾਸਾਂ ਕਰਨ ਦੀ ਰੂੜੀਵਾਦੀ ਰਵਾਇਤ ਕਰਨ ਦੇ ਬਾਵਜੂਦ ਪਟਿਆਲੇ ਅਤੇ ਨੇੜਲੇ ਜ਼ਿਲ੍ਹਿਆਂ ਵਿਚ ਹਰ ਸਾਲ ਹੜ੍ਹਾਂ ਨਾਲ ਤਬਾਹੀ ਹੁੰਦੀ ਹੈ। ਹੜ੍ਹ ਕੁਦਰਤੀ ਤਰਾਸਦੀ ਹੈ ਪਰ ਹਕੂਮਤਾਂ ਵੱਲੋਂ ਕਾਰਪੋਰੇਟ ਪੱਖੀ ਮੁਨਾਫ਼ਾਖ਼ੋਰ ਨੀਤੀਆਂ ਤਹਿਤ ਕੁਦਰਤੀ ਸਰੋਤਾਂ ਦੀ ਅੰਨ੍ਹੀ ਲੁੱਟ, ਗ਼ੈਰ-ਯੋਜਨਾਬੱਧ ਪ੍ਰਾਜੈਕਟ, ਵੱਡੇ ਕਾਰਨਾਮਿਆਂ ਅਤੇ ਅੰਧ-ਵਿਸ਼ਵਾਸੀ ਲੋਕਾਂ ਰਾਹੀਂ ਨਦੀਆਂ, ਨਾਲਿਆਂ ਤੇ ਦਰਿਆਵਾਂ ਵਿਚ ਸੁੱਟਿਆ ਜਾ ਰਿਹਾ ਗੰਦਾ ਪਾਣੀ ਤੇ ਧਾਰਮਿਕ ਸਮੱਗਰੀ ਅਤੇ ਉਨ੍ਹਾਂ ਦੀ ਨਿਯਮ ਸਫ਼ਾਈ ਨਾ ਹੋਣ, ਹੜ੍ਹਾਂ ਦੀ ਰੋਕਥਾਮ ਲਈ ਅਗਾਊਂ ਠੋਸ ਯੋਜਨਾਬੰਦੀ ਦੀ ਘਾਟ, ਭ੍ਰਿਸ਼ਟ ਰਾਜ ਪ੍ਰਬੰਧ ਆਦਿ ਅਜਿਹੇ ਕਾਰਨ ਹਨ ਜਨਿ੍ਹਾਂ ਕਰ ਕੇ ਹਰ ਸਾਲ ਪੰਜਾਬ ਅਤੇ ਦੇਸ਼ ਦੇ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ।
ਸੁਮੀਤ ਸਿੰਘ, ਅੰਮ੍ਰਿਤਸਰ

ਅਧਿਆਪਕ ਦੀ ਭੂਮਿਕਾ
4 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਗੁਰਬਿੰਦਰ ਸਿੰਘ ਮਾਣਕ ਦਾ ਲੇਖ ‘ਸਿੱਖਿਆ, ਸਰਕਾਰ ਤੇ ਅਧਿਆਪਕ ਦੀ ਭੂਮਿਕਾ’ ਜਾਣਕਾਰੀ ਭਰਪੂਰ ਹੈ। ਸਰਕਾਰੀ ਸਕੂਲ ਦਾ ਅਧਿਆਪਕ ਵਿਭਾਗੀ ਚਿੱਠੀਆਂ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ। ਗ਼ੈਰ ਵਿੱਦਿਅਕ ਕੰਮ, ਅਧਿਆਪਕਾਂ ਦੀ ਘਾਟ, ਮੁਖੀ ਵਿਹੂਣੇ ਸਕੂਲ, ਤਨਖ਼ਾਹਾਂ ਵਿਚ ਵਖਰੇਵਾਂ, ਵਰਗੀਆਂ ਅਨੇਕਾਂ ਮੁਸ਼ਕਿਲਾਂ ਹਨ ਜੋ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਰਾਹ ਵਿਚ ਰੋੜਾ ਹਨ। ਸ਼ਹਿਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਸਰਕਾਰ ਵੀ ਦਾਖਲੇ ਵਧਾਉਣ ਲਈ ਤਾਕੀਦ ਕਰਦੀ ਹੈ। ਪਰ ਸਕੂਲਾਂ ਦੇ ਕਮਰੇ ਉਸ ਵਧੀ ਹੋਈ ਗਿਣਤੀ ਨੂੰ ਸਮਾਉਣ ਤੋਂ ਅਸਮਰੱਥ ਹਨ। ਐਨੀ ਗਰਮੀ ਅਤੇ ਹੁੰਮਸ ਭਰੇ ਮਾਹੌਲ ਵਿਚ ਸਿੱਖਣ ਸਿਖਾਉਣ ਦੀ ਕਿਰਿਆ ਕਿੰਨੀ ਕੁ ਸਫ਼ਲ ਹੋ ਸਕਦੀ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਮਨਦੀਪ ਕੌਰ, ਲੁਧਿਆਣਾ

Advertisement
Tags :
Author Image

sukhwinder singh

View all posts

Advertisement