For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

12:32 AM Feb 23, 2023 IST
ਪਾਠਕਾਂ ਦੇ ਖ਼ਤ
Advertisement

ਨਸ਼ਾ ਤਸਕਰੀ ਬਾਰੇ ਰਿਪੋਰਟ

Advertisement

21 ਫਰਵਰੀ ਦੇ ਸਫ਼ਾ 3 ਉੱਪਰ ਗ਼ਲਤ ਟਿੱਪਣੀ ਕਾਰਨ ਸੇਵਾਮੁਕਤ ਪੁਲੀਸ ਅਧਿਕਾਰੀ ਦੀ ਗ੍ਰਿਫ਼ਤਾਰੀ ਵਾਲੀ ਖ਼ਬਰ ਪੜ੍ਹੀ। ਇਸ ਮਾਮਲੇ ਵਿਚ ਕਥਿਤ ਮੁਲਜ਼ਮ ਵੱਲੋਂ ਉਠਾਏ ਸਵਾਲ ਵੀ ਅਹਿਮ ਹਨ। ਸੰਸਾਰ ਭਰ ਦੇ ਪੰਜਾਬੀ, ਪੰਜਾਬ ਵਿਚ ਫੈਲੇ ਨਸ਼ਿਆਂ ਕਾਰਨ ਫ਼ਿਕਰਮੰਦ ਹਨ। ਸੁਣਨ ਵਿਚ ਆਉਂਦਾ ਹੈ ਕਿ ਨਸ਼ਾ ਤਸਕਰੀ ਬਾਰੇ ਪੰਜ ਸਾਲ ਪਹਿਲਾਂ ਹੋਈ ਜਾਂਚ ਦੀ ਰਿਪੋਰਟ ਹਾਈਕੋਰਟ ਵਿਚ ਖੋਲ੍ਹੀ ਨਹੀਂ ਜਾ ਰਹੀ। ਲੋਕਤੰਤਰ ਵਿਚ ਜਾਂਚ ਰਿਪੋਰਟ ਬਾਰੇ ਜਾਨਣਾ ਲੋਕਾਂ ਦਾ ਹੱਕ ਹੈ। ਸੁਪਰੀਮ ਕੋਰਟ ਨੇ ਵੀ ਸਰਕਾਰ ਵੱਲੋਂ ਲਿਫਾਫਾ ਬੰਦ ਜਵਾਬ ਦੇਣ ਨੂੰ ਪ੍ਰਵਾਨ ਨਹੀਂ ਕੀਤਾ। ਇਸ ਲਈ ਹੁਣ ਹਾਈਕੋਰਟ ਨੂੰ ਗ਼ਲਤ ਟਿੱਪਣੀ ‘ਤੇ ਕਾਰਵਾਈ ਕਰਨ ਦੇ ਨਾਲ ਨਾਲ ਇਹ ਜਾਂਚ ਰਿਪੋਰਟ ਖੋਲ੍ਹ ਦੇਣੀ ਚਾਹੀਦੀ ਹੈ ਅਤੇ ਜਨਤਾ ਨੂੰ ਇਸ ਬਾਰੇ ਹੋਈ ਦੇਰੀ ਦਾ ਕਾਰਨ ਵੀ ਦੱਸ ਦੇਣਾ ਚਾਹੀਦਾ ਹੈ। ਜੇ ਰਿਪੋਰਟ ਖੋਲ੍ਹੀ ਨਹੀਂ ਜਾ ਸਕਦੀ ਤਾਂ ਨਾ ਖੋਲ੍ਹੇ ਜਾਣ ਦਾ ਕਾਰਨ ਦੱਸਣਾ ਚਾਹੀਦਾ ਹੈ।

ਹਜ਼ਾਰਾ ਸਿੰਘ, ਮਿਸੀਸਾਗਾ (ਕੈਨੇਡਾ)


ਤਾਪਮਾਨ ਦੀ ਮਾਰ

21 ਫਰਵਰੀ ਦਾ ਸੰਪਾਦਕੀ ‘ਤਾਪਮਾਨ ਵਿਚ ਵਾਧਾ’ ਪੜ੍ਹੀ। ਧਰਤੀ ‘ਤੇ ਅਣਕਿਆਸਿਆ ਵਧ ਰਿਹਾ ਤਾਪਮਾਨ ਮਨੁੱਖ ਜਾਤੀ ਲਈ ਹੀ ਨਹੀਂ, ਇਹ ਵਰਤਾਰਾ ਸਮੁੱਚੀ ਬਨਸਪਤੀ ਅਤੇ ਜੀਵਾਂ ਲਈ ਵੀ ਘਾਤਕ ਹੈ। ਫਰਵਰੀ ਵਿਚ ਹੀ ਤਾਪਮਾਨ ਦੇ ਅਚਨਚੇਤ ਵਾਧੇ ਨੂੰ ਭਾਰਤ ਵਿਚ ਫ਼ਸਲੀ ਵਾਧੇ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਦਨਿਾਂ ਵਿਚ ਕਣਕ ਲਈ ਸਰਦ ਮੌਸਮ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਇਹ ਮੌਸਮੀ ਤਬਦੀਲੀ ਕਣਕ ਦੀ ਪੈਦਾਵਾਰ ‘ਤੇ ਮਾਰੂ ਅਸਰ ਪਾਵੇਗੀ। ਇੱਥੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਸ ਵਰਤਾਰੇ ਲਈ ਮਨੁੱਖ ਖ਼ੁਦ ਜ਼ਿੰਮੇਵਾਰ ਹੈ ਜੋ ਕੁਦਰਤ ਨਾਲ ਵੱਡੇ ਪੱਧਰ ‘ਤੇ ਖਿਲਵਾੜ ਕਰ ਰਿਹਾ ਹੈ। ਮੌਸਮ ਵਿਚ ਆ ਰਹੀਆਂ ਤਬਦੀਲੀਆਂ ਬਾਰੇ ਮਨੁੱਖ ਅੰਦਰ ਚੇਤਨਤਾ ਲਿਆਉਣ ਲਈ ਵਿਆਪਕ ਯਤਨ ਹੋਣੇ ਚਾਹੀਦੇ ਹਨ।

ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)


ਭਾਵੁਕ ਪਲ

20 ਫਰਵਰੀ ਦੇ ਨਜ਼ਰੀਆ ਪੰਨੇ ਉੱਤੇ ਸਵਰਨ ਸਿੰਘ ਭੰਗੂ ਦਾ ਮਿਡਲ ‘ਭਾਵੁਕ ਪਲ’ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਸੇਧ ਹੀ ਨਹੀਂ ਦਿੰਦਾ, ਵਿਦਿਆਰਥੀਆਂ ਤੇ ਮਾਪਿਆਂ ਦੇ ਹੌਸਲੇ ਵੀ ਬੁਲੰਦ ਕਰਦਾ ਹੈ। ਉੱਘੇ ਲਿਖਾਰੀ ਰਾਮ ਸਰੂਪ ਅਣਖੀ ਕਿਹਾ ਕਰਦੇ ਸਨ ਕਿ ਜਦੋਂ ਉੱਚ ਅਹੁਦੇ ‘ਤੇ ਤਾਇਨਾਤ ਉਨ੍ਹਾਂ ਦਾ ਕੋਈ ਵਿਦਿਆਰਥੀ ਉਨ੍ਹਾਂ ਦੇ ਪੈਰ ਛੂਹ ਕੇ ਦੱਸਦਾ ਹੈ ਕਿ ਉਹ ਉਨ੍ਹਾਂ ਦਾ ਵਿਦਿਆਰਥੀ ਹੁੰਦਾ ਸੀ ਤਾਂ ਉਹ ਇਸ ਨੂੰ ਆਪਣਾ ਸਭ ਤੋਂ ਵੱਡਾ ਸਨਮਾਨ ਸਮਝਦੇ ਹਨ।

ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)


ਕਲਾ ਫਿਲਮਾਂ

18 ਫਰਵਰੀ ਦੇ ‘ਸਤਰੰਗ’ ਪੰਨੇ ਉੱਤੇ ਅੰਗਰੇਜ਼ ਸਿੰਘ ਵਿਰਦੀ ਦਾ ਪੰਜਾਬੀ ਆਰਟ ਸਿਨੇਮਾ ਬਾਰੇ ਲੇਖ ਪੜ੍ਹਿਆ। ਲੇਖ ਵਿਚ ਕੁਝ ਗੱਲਾਂ ਰਹਿ ਗਈਆਂ ਹਨ ਜਿਵੇਂ ਰਾਮ ਸਰੂਪ ਅਣਖੀ ਦੀ ਕਹਾਣੀ ‘ਸੁੱਤਾ ਨਾਗ’ ਅਤੇ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ‘ਖ਼ੂਨ’ ਉੱਪਰ ਲਘੂ ਫਿਲਮਾਂ ਬਣੀਆਂ ਹਨ। ਇਹ ਵਿਸ਼ੇ ਪੱਖ ਤੋਂ ਦਰਸ਼ਕਾਂ ਦਾ ਧਿਆਨ ਖਿੱਚਦੀਆਂ ਹਨ। ਪੰਜਾਬੀ ਆਰਟ ਫਿਲਮਾਂ ਬਣਾਉਣ ਲਈ ਪੰਜਾਬੀ ਸਾਹਿਤ ਮਾਲਾਮਾਲ ਹੈ ਪਰ ਨਿਰਮਾਤਾ/ਨਿਰਦੇਸ਼ਕ ਸਰਕਾਰਾਂ ਦੀ ਬੇਰੁਖ਼ੀ ਤੋਂ ਡਰਦੇ ਉਨ੍ਹਾਂ ਨਾਵਲਾਂ/ਕਹਾਣੀਆਂ ਤੋਂ ਦੂਰੀ ਬਣਾ ਲੈਂਦੇ ਹਨ ਜੋ ਸੱਤਾ ਵਿਰੋਧੀ ਹੋਣ; ਜਿਵੇਂ ਇਕ ਮਿਆਨ ‘ਚ ਦੋ ਤਲਵਾਰਾਂ, ਰਾਤ ਬਾਕੀ ਹੈ, ਲਹੂ ਦੀ ਲੋਅ ਆਦਿ। ਸਮੱਸਿਆ ਦਾ ਦੂਜਾ ਪੱਖ ਇਹ ਵੀ ਹੈ ਕਿ ਆਰਟ ਫਿਲਮਾਂ ਦੇ ਦਰਸ਼ਕ ਵੀ ਹੋਣੇ ਚਾਹੀਦੇ ਹਨ। ਵਿਦਿਆਰਥੀ ਵਰਗ ਸਟੱਡੀ ਵੀਜ਼ੇ ਉੱਤੇ ਵਿਦੇਸ਼ ਉਡਾਰੀ ਮਾਰ ਰਿਹਾ ਹੈ ਅਤੇ ਉੱਥੇ ਪੱਕਾ ਟਿਕਾਣਾ ਬਣਾ ਲੈਂਦਾ ਹੈ। ਪਹਿਲਾਂ ਵਧੀਆ ਫਿਲਮਾਂ ਅਤੇ ਵਧੀਆ ਸਾਹਿਤ ਨੂੰ ਲੱਚਰ ਗਾਇਕੀ ਨੇ ਖੋਰਾ ਲਾਇਆ। ਹੁਣ ਨਵੇਂ ਨਵੇਂ ਬਿਜਲਈ ਯੰਤਰ ਨੌਜਵਾਨਾਂ ਨੂੰ ਆਪਣੇ ਗੁਲਾਮ ਬਣਾ ਰਹੇ ਹਨ। ਇਹ ਤਾਂ ਸਾਡੇ ਫਿਲਮੀ ਨਿਰਮਾਤਾ, ਨਿਰਦੇਸ਼ਕਾਂ ਅਤੇ ਕਲਾਕਾਰਾਂ ਦੀ ਦਲੇਰੀ ਹੀ ਹੈ, ਜੋ ਸਿਦਕਦਿਲੀ ਨਾਲ ਮਾਂ-ਬੋਲੀ ਪ੍ਰਤੀ ਆਪਣਾ ਫਰਜ਼ ਨਿਭਾ ਰਹੇ ਹਨ।

ਮਲਕੀਤ ਦਰਦੀ, ਲੁਧਿਆਣਾ


ਸਿੱਖਿਆ ਢਾਂਚੇ ਦਾ ਹਾਲ

3 ਫਰਵਰੀ ਦੇ ਸਿੱਖਿਆ ਪੰਨੇ ‘ਤੇ ਬਲਜਿੰਦਰ ਮਾਨ ਦਾ ਲੇਖ ‘ਸਿੱਖਿਆ ਦਾ ਡਿੱਗਦਾ ਮਿਆਰ ਚਿੰਤਾ ਦਾ ਵਿਸ਼ਾ’ ਪੜ੍ਹਿਆ। ਸੱਚਮੁੱਚ ਹੀ ਸਾਡੀਆਂ ਸਰਕਾਰਾਂ ਨੇ ਜਾਣਬੁੱਝ ਕੇ ਸਿੱਖਿਆ ਦਾ ਘਾਣ ਕੀਤਾ ਹੈ। ਮੈਨੂੰ ਸੇਵਾਮੁਕਤ ਹੋਏ ਨੂੰ ਲਗਭੱਗ ਚੌਵੀ ਸਾਲ ਹੋ ਗਏ ਹਨ। ਰਿਟਾਇਰ ਹੋਣ ਤੋਂ ਵੀ 15-18 ਸਾਲ ਪਹਿਲਾਂ ਪੰਜਵੀਂ ਵਿਚੋਂ ਸੌ ਫ਼ੀਸਦੀ ਪਾਸ ਹੋ ਕੇ ਆਏ ਬੱਚੇ ਛੇਵੀਂ ਵਿਚ ਦਾਖ਼ਲ ਹੋ ਗਏ। ਉਨ੍ਹਾਂ ਸਭਨਾਂ ਨੂੰ ੳ ਅ ੲ ਦੇ 35 ਅੱਖਰ ਹੀ ਕਾਪੀਆਂ ‘ਤ ਲਿਖ ਕੇ ਦਿਖਾਉਣ ਨੂੰ ਕਿਹਾ। ਕਾਪੀਆਂ ਚੈੱਕ ਕੀਤੀਆਂ ਤਾਂ ਕੇਵਲ 3 ਬੱਚਿਆਂ ਨੇ ਬਿਲਕੁਲ ਸਹੀ ਲਿਖਿਆ ਸੀ। ਪੰਜਵੀਂ ਜਮਾਤ ਦੀ ਪ੍ਰੀਖਿਆ ਬੋਰਡ ਹੀ ਲੈਂਦਾ ਸੀ। ਸੌ ਫ਼ੀਸਦੀ ਬੱਚੇ ਪਾਸ ਕਰ ਦਿੱਤੇ ਗਏ। ਅਗਾਂਹ ਅੱਠਵੀਂ ਵਿਚੋਂ ਕਿਸੇ ਵੀ ਵਿਦਿਆਰਥੀ ਨੂੰ ਫੇਲ੍ਹ ਨਾ ਕਰਨਾ ਤਾਂ ਇਹੋ ਦਰਸਾਉਂਦਾ ਹੈ ਕਿ ਅਨਪੜ੍ਹਾਂ ਦੀ ਫੌਜ ਹੀ ਤਿਆਰ ਕੀਤੀ ਜਾਵੇ। ਸਿਆਸਤਦਾਨਾਂ ਦੇ ਆਪਣੇ ਬੱਚੇ ਤਾਂ ਦੂਨ ਸਕੂਲਾਂ ਜਾਂ ਬਾਹਰਲੇ ਮੁਲਕਾਂ ਵਿਚ ਪੜ੍ਹਦੇ ਹਨ; ਆਮ ਜਨਤਾ ਦੇ ਬੱਚਿਆਂ ਵੱਲ ਇਨ੍ਹਾਂ ਲੋਕਾਂ ਦਾ ਇਕ ਪ੍ਰਤੀਸ਼ਤ ਵੀ ਧਿਆਨ ਨਹੀਂ। ਬੱਸ, ਖਾਨਾਪੂਰਤੀ ਹੀ ਹੈ। ਸਮਾਰਟ ਸਕੂਲ ਬਣਾਏ। ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਮੁਫ਼ਤ ਦੀ ਵਾਹ-ਵਾਹੀ ਖੱਟ ਲਈ। ਸਕੂਲਾਂ ਵਿਚ ਨਾ ਪ੍ਰਿੰਸੀਪਲ, ਨਾ ਹੈੱਡਮਾਸਟਰ ਤੇ ਨਾ ਹੀ ਕੋਈ ਅਧਿਆਪਕ। ਬਹੁਤੇ ਸਕੂਲਾਂ ਵਿਚ ਕੇਵਲ ਇਕ ਇਕ ਅਧਿਆਪਕ ਹੀ ਗੱਡੀ ਚਲਾ ਰਿਹਾ ਹੈ। ਇਸ ਤੋਂ ਪਹਿਲਾਂ 28 ਜਨਵਰੀ ਨੂੰ ਨਜ਼ਰੀਆ ਪੰਨੇ ‘ਤੇ ਛਪਿਆ ਮਿਡਲ ‘ਜ਼ਿੰਦਗੀ ਦਾ ਤੋਹਫ਼ਾ’ (ਲੇਖਕ ਰਾਮ ਸਵਰਨ ਲੱਖੇਵਾਲੀ) ਪੜ੍ਹਿਆ। ਪੁਸਤਕਾਂ ਸੱਚਮੁੱਚ ਰਾਹ ਦਸੇਰਾ ਹੁੰਦੀਆਂ ਹਨ।

ਮਹਿੰਦਰ ਸਿੰਘ ਕੈਂਥ, ਖੰਨਾ (ਲੁਧਿਆਣਾ)


ਮਾਂ-ਬੋਲੀ

21 ਫਰਵਰੀ ਨੂੰ ਕੌਮਾਂਤਰੀ ਮਾਂ-ਬੋਲੀ ਦਿਵਸ ‘ਤੇ ਸੰਪਾਦਕੀ ਪੰਨੇ ਵਾਲੇ ਸਾਰੇ ਲੇਖ ਸਲਾਹੁਣਯੋਗ ਹਨ ਪਰ ਗੀਤਾ ਕਸ਼ਿਅਪ ਦਾ ‘ਬਿਹਾਰੀ ਕੁੜੀ ਦੀ ਪੁਕਾਰ’ ਤਾਂ ਦਿਲ ਨੂੰ ਧੂਹ ਪਾਉਣ ਵਾਲਾ ਸੀ। ਹੋ ਸਕਦਾ, ਹੋਰ ਖ਼ਿੱਤਿਆਂ ਵਿਚ ਵੀ ਲੋਕ ਆਪਣੀ ਮਾਂ-ਬੋਲੀ ਨਾਲੋਂ ਟੁੱਟ ਰਹੇ ਹੋਣ ਪਰ ਜਿਸ ਕਦਰ ਅਸੀਂ ਪੰਜਾਬੀਆਂ ਨੇ ਆਪਣੀ ਮਾਂ-ਬੋਲੀ ਵੱਲ ਪਿੱਠ ਕੀਤੀ ਹੈ, ਉਹ ਸ਼ਰਮਸ਼ਾਰ ਕਰਨ ਵਾਲੀ ਹੈ। ਉਦੋਂ ਮੈਨੂੰ ਹੋਰ ਵੀ ਅਜੀਬ ਲੱਗਦਾ ਹੈ ਜਦੋਂ ਮੈਂ ਅਜਿਹੇ ਪੰਜਾਬੀ ਦੇਖਦਾ ਹਾਂ ਜਿਨ੍ਹਾਂ ਦੀਆਂ ਮਾਵਾਂ ਪੰਜਾਬੀ ਬੋਲਦੀਆਂ ਸਨ/ਹਨ ਤੇ ਉਹ ਆਪ ਵੀ ਪੰਜਾਬੀ ਵਿਚ ਲੜਦੇ-ਝਗੜਦੇ ਹਨ ਪਰ ਅਖ਼ਬਾਰ ਹਿੰਦੀ ਦਾ ਪੜ੍ਹਦੇ ਹਨ। ਬੋਲੀ ਪ੍ਰਤੀ ਅਸੀਂ ਇੰਨੇ ਅਕ੍ਰਿਤਘਣ ਹੋ ਗਏ ਹਾਂ ਕਿ ਬਿਹਾਰੀ ਕੁੜੀ ਨੂੰ ਕਹਿਣਾ ਪੈ ਰਿਹਾ ਹੈ ਕਿ ਆਪਣੀ ਮਾਂ ਵੱਲ ਪਿੱਠ ਨਾ ਕਰੋ।

ਇੰਜ: ਦਰਸ਼ਨ ਸਿੰਘ ਭੁੱਲਰ, ਬਠਿੰਡਾ

Advertisement
Tags :
Advertisement
Advertisement
×