ਪਾਠਕਾਂ ਦੇ ਖ਼ਤ
ਸਵਾਲੀਆ ਨਿਸ਼ਾਨ
15 ਫਰਵਰੀ ਦਾ ਸੰਪਾਦਕੀ ‘ਮਨੀਪੁਰ ’ਚ ਕੇਂਦਰੀ ਸ਼ਾਸਨ’ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਛੱਡ ਜਾਂਦਾ ਹੈ। ਇਹ ਲਿਖਤ ਪੜ੍ਹ ਕੇ ਹਰ ਕਿਸੇ ਦਾ ਸਹਿਮ ਜਾਣਾ ਅਤੇ ਉਦਾਸ ਹੋਣਾ ਲਾਜ਼ਮੀ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਦੰਗਿਆਂ ਪਿੱਛੇ ਸਿਆਸਤ ਕੰਮ ਕਰ ਰਹੀ ਹੁੰਦੀ ਹੈ। ਦਰਅਸਲ, ਮਨੀਪੁਰ ਵਿੱਚ ਸੰਵਿਧਾਨ ਦੀ ਧਾਰਾ 356 ਦਾ ਇਸਤੇਮਾਲ ਦੋ ਸਾਲ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਸੂਬੇ ਦੀ ਭਾਜਪਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਹੁੰਦਿਆਂ ਮੈਤੇਈ ਅਤੇ ਕੁਕੀ ਭਾਈਚਾਰੇ ਦਰਮਿਆਨ ਖ਼ੂਨੀ ਹੋਲੀ ਖੇਡੀ ਜਾ ਰਹੀ ਸੀ। ਜੇ ਸਰਕਾਰਾਂ ਦੋਹਾਂ ਧਿਰਾਂ ਦੇ ਜ਼ਖ਼ਮਾਂ ’ਤੇ ਸਮੇਂ ਸਿਰ ਮਰਹਮ ਲਾ ਦਿੰਦੀਆਂ ਤਾਂ ਹਾਲਤ ਹੋਰ ਹੋਣੇ ਸਨ। ਉੱਥੇ ਸ਼ਰੇਆਮ ਬੇਕਸੂਰ ਲੋਕਾਂ ਨੂੰ ਕਤਲ ਕੀਤਾ ਗਿਆ। ਔਰਤਾਂ ਦੀ ਇੱਜ਼ਤ ਦਾਅ ’ਤੇ ਲੱਗੀ ਰਹੀ। ਸਮੁੱਚੇ ਦੇਸ਼ ਦੇ ਲੋਕਾਂ ਨੂੰ ਇਸ ਘਟਨਾਕ੍ਰਮ ਤੋਂ ਸਿੱਖਿਆ ਲੈਣੀ ਚਾਹੀਦੀ ਹੈ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ, ਹਰਿਆਣਾ)
ਵੰਗਾਰਨ ਵਾਲਾ ਲੇਖ
ਕੌਮਾਂਤਰੀ ਮਾਂ-ਬੋਲੀ ਦਿਵਸ ’ਤੇ 21 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਛਪਿਆ ਪਰਮਜੀਤ ਢੀਂਗਰਾ ਦਾ ਲੇਖ ‘ਮਾਂ-ਬੋਲੀ ਪੰਜਾਬੀ ਅਤੇ ਅਸੀਂ...’ ਪੰਜਾਬੀਆਂ ਨੂੰ ਵੰਗਾਰਨ ਅਤੇ ਦਿਲ ਨੂੰ ਧੂਹ ਪਾਉਣ ਵਾਲਾ ਹੈ। ਹੋ ਸਕਦਾ ਹੈ ਕਿ ਹੋਰ ਖ਼ਿੱਤਿਆਂ ਵਿੱਚ ਵੀ ਲੋਕ ਆਪਣੀ ਮਾਂ-ਬੋਲੀ ਨਾਲੋਂ ਟੁੱਟ ਰਹੇ ਹੋਣ ਪਰ ਜਿਸ ਕਦਰ ਅਸੀਂ ਪੰਜਾਬੀਆਂ ਨੇ ਆਪਣੀ ਮਾਂ-ਬੋਲੀ ਵੱਲ ਪਿੱਠ ਕੀਤੀ ਹੈ, ਉਹ ਸ਼ਰਮਸਾਰ ਕਰਨ ਵਾਲੀ ਹੈ। ਬਹੁਤ ਸਾਰੇ ਲੋਕਾਂ ਨੇ ਬੋਲੀ ਨੂੰ ਧਰਮ ਨਾਲ ਜੋੜ ਦਿੱਤਾ ਹੈ, ਤੱਥ ਇਹ ਹਨ ਕਿ ਬੋਲੀ ਦਾ ਧਰਮ ਨਾਲ ਉੱਕਾ ਹੀ ਕੋਈ ਸਬੰਧ ਨਹੀਂ। ਪੰਜ ਪਿਆਰਿਆਂ ਦੀਆਂ ਬੋਲੀਆਂ ਵੱਖੋ-ਵੱਖਰੀਆਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਵੀ ਕਈ ਬੋਲੀਆਂ ਵਿੱਚ ਦਰਜ ਹੈ। ਬੋਲੀ ਦਾ ਸਬੰਧ ਖ਼ਿੱਤੇ ਨਾਲ ਹੁੰਦਾ ਹੈ। ਪੰਜਾਬ ਦੇ ਸਭ ਬਾਸ਼ਿੰਦਿਆਂ ਦੀ ਬੋਲੀ ਪੰਜਾਬੀ ਹੈ। ਜੀ ਡਬਲਿਊ ਲੀਟਨਰ ਆਪਣੀ ਕਿਤਾਬ ‘ਪੰਜਾਬ ਦੇ ਅੰਗਰੇਜ਼ ਰਾਜ ਵਿੱਚ ਸ਼ਾਮਿਲ ਹੋਣ ਤੋਂ 1882 ਤਕ ਸਿੱਖਿਆ ਦਾ ਇਤਿਹਾਸ’ ਵਿੱਚ ਲਿਖਦਾ ਹੈ, ‘‘ਅੰਗਰੇਜ਼ੀ ਦੀ ਮਹੱਤਤਾ ਇਸ ਕਰ ਕੇ ਬਣੀ ਕਿ ਇੱਕ ਤਾਂ ਇਹਦੇ ਨਾਲ ਨੌਕਰੀ ਮਿਲਦੀ ਸੀ; ਦੂਜਾ, ਉਨ੍ਹਾਂ ਲੋਕਾਂ ਨੇ ਸਿੱਖੀ ਜਿਹੜੇ ਹਕੂਮਤ ਦੇ ਨੇੜੇ ਹੋਣਾ ਚਾਹੁੰਦੇ ਸਨ। ਸੋ ਅਸੀਂ (ਅੰਗਰੇਜ਼ਾਂ ਨੇ) ਵਿੱਦਿਆ ਵਿੱਚੋਂ ਮਨ ਅਤੇ ਨੈਤਿਕ ਸੱਭਿਆਚਾਰ ਦਾ ਮਕਸਦ ਮਨਫ਼ੀ ਕਰ ਦਿੱਤਾ ਅਤੇ ਇਸ ਨੂੰ ਸਿਰਫ਼ ਦੁਨਿਆਵੀ ਖ਼ਾਹਿਸ਼ਾਂ ਨਾਲ ਜੋੜ ਦਿੱਤਾ। ਹਰੇਕ ਕੋਰਸ ਜੋ ਅਸੀਂ ਬੱਚੇ ਨੂੰ ਵਿਦੇਸ਼ੀ ਭਾਸ਼ਾ ਵਿੱਚ ਪੜ੍ਹਾਇਆ, ਅਸੀਂ ਉਸ ਦੇ ਮਾਪਿਆਂ ਦੀ ਸਿੱਖਿਆ ਦੇਣ ਦੀ ਸ਼ਕਤੀ ਖ਼ਤਮ ਕੀਤੀ, ਖ਼ਾਸ ਕਰ ਕੇ ਨੈਤਿਕਤਾ ਅਤੇ ਜ਼ਿੰਦਗੀ ਦੇ ਅਸਲ ਕਰਤੱਵਾਂ ਸਬੰਧੀ। ਅਸਲ ਵਿੱਚ ਸਿੱਖਿਆ ਨੇ ਬੱਚਿਆਂ ਨੂੰ ਟੱਬਰ ਨਾਲੋਂ ਤੋੜਿਆ।’’ ਇਹ ਸਿਲਸਿਲਾ 150 ਸਾਲਾਂ ਬਾਅਦ ਵੀ ਜਾਰੀ ਹੈ। ਇਸ ਲਈ ਜ਼ਿੰਮੇਵਾਰ ਅਸੀਂ ਸਭ ਹਾਂ।
ਇੰਜ: ਦਰਸ਼ਨ ਸਿੰਘ ਭੁੱਲਰ, ਬਠਿੰਡਾ
(2)
ਪਰਮਜੀਤ ਢੀਂਗਰਾ ਦਾ ਲੇਖ ‘ਪੰਜਾਬੀ ਬੋਲੀ ਅਤੇ ਅਸੀਂ…’ (21 ਫਰਵਰੀ) ਪੰਜਾਬੀਆਂ ਨੂੰ ਧੁਰ ਅੰਦਰ ਤੱਕ ਹਿਲਾ ਦਿੰਦਾ ਹੈ। ਪੰਜਾਬੀ ਦੇ ਮੁਦਈ ਜੋ ਵੱਡੇ-ਵੱਡੇ ਦਮਗਜ਼ੇ ਮਾਰਦੇ ਹਨ, ਉਨ੍ਹਾਂ ਕੋਲੋਂ ਇਹ ਸਵਾਲ ਪੁੱਛਣਾ ਤਾਂ ਬਣਦਾ ਹੈ ਕਿ ‘ਕੀ ਪੰਜਾਬੀ ਅਜੇ ਵੀ ਜ਼ਿੰਦਾ ਹੈ?’ ਪੰਜਾਬੀ ਦੀ ਬਿਹਤਰੀ ਲਈ ਬਣੇ ਅਦਾਰਿਆਂ ਦੀ ਜੋ ਖ਼ਸਤਾ ਹਾਲਤ ਹੈ, ਉਸ ਲਈ ਲੇਖਕ ਦੀ ਹਾਅ ਕਿ ‘ਪੰਜਾਬ ਇੰਨਾ ਗ਼ਰੀਬ ਤਾਂ ਨਹੀਂ ਸੀ’, ਸੋਚਣ ਲਈ ਮਜਬੂਰ ਕਰਦੀ ਹੈ। ਕੀ ਪੰਜਾਬੀਆਂ ਦਾ ਸਾਰਾ ਸਰਮਾਇਆ ਹੁਣ ਸਿਰਫ਼ ‘ਰੱਜਿਆਂ ਨੂੰ ਲੰਗਰ’ ਖੁਆਉਣ ਜੋਗਾ ਹੀ ਰਹਿ ਗਿਆ ਹੈ? ਇਸ ਮਾਨਸਿਕਤਾ ਨਾਲ ਗੁਰੂ ਦੇ ਲੰਗਰ ਦੀ ਅਹਿਮੀਅਤ ਨੂੰ ਅਸੀਂ ਹੇਠਲੇ ਪੱਧਰ ’ਤੇ ਲਿਆ ਦਿੱਤਾ ਹੈ। ਕਿੱਥੇ ਹਨ ਉਹ ਲੋਕ ਜੋ ‘ਪੰਜਾਬ ਵਸਦਾ ਗੁਰਾਂ ਦੇ ਨਾਮ ’ਤੇ’ ਦਾ ਰਾਗ ਅਲਾਪਦੇ ਨਹੀਂ ਸੀ ਥੱਕਦੇ ਪਰ ਗੁਰੂਆਂ ਦੀ ਬਖ਼ਸ਼ੀ ‘ਗੁਰਮੁਖੀ’ ਨੂੰ ਪਤਾਲ ਵਿੱਚ ਦੱਬ ਕੇ ਉੱਪਰ ਅੰਗਰੇਜ਼ੀ ਦਾ ਢੇਰ ਲਗਾ ਕੇ ਬੈਠੇ ਹਨ? ਪੰਜਾਬੀ ਦੀ ਕਿਤਾਬ ਪੜ੍ਹਨਾ ਤਾਂ ਦੂਰ ਦੀ ਗੱਲ ਹੈ, ਅਸੀਂ ਤਾਂ ਘਰਾਂ ਵਿੱਚ ਪੰਜਾਬੀ ਅਖ਼ਬਾਰ ਲਗਾਉਣਾ ਵੀ ਪਸੰਦ ਨਹੀਂ ਕਰਦੇ। ਗੁਰਦੁਆਰੇ ਸੰਗਮਰਮਰ ਨਾਲ ਪੱਕੇ ਹੋ ਰਹੇ ਹਨ ਪਰ ਇਸ ਅੰਦਰੋਂ ਆਉਂਦੀ ‘ਪੰਜਾਬੀ ਮਾਂ-ਬੋਲੀ’ ਦੀ ਆਵਾਜ਼ ਦੀ ਤੰਦ ਹੁਣ ਟੁੱਟਦੀ ਜਾਪ ਰਹੀ ਹੈ। ਆਪਣੇ ਬੱਚਿਆਂ ਨੂੰ ਦੂਸਰੀਆਂ ਭਾਸ਼ਾਵਾਂ ਦਾ ਗਿਆਨ ਜ਼ਰੂਰ ਦਿਵਾਓ ਪਰ ਮਾਂ-ਬੋਲੀ ਦੀ ਸਰਦਾਰੀ ਨਹੀਂ ਘਟਣੀ ਚਾਹੀਦੀ।
ਜਸਵੰਤ ਰਾਏ, ਚੰਡੀਗੜ੍ਹ
ਮਾਪੇ ਤੇ ਅਧਿਆਪਕ ਚੇਤਨ ਹੋਣ
ਪੰਜਾਬ ਵਿੱਚ ਜਿੱਥੇ ਨੌਜਵਾਨ ਪੀੜ੍ਹੀ ਵਿੱਚੋਂ ਬਹੁਤ ਸਾਰੇ ਨਸ਼ਿਆਂ ਵਿੱਚ ਗ਼ਲਤਾਨ ਹੋ ਚੁੱਕੇ ਹਨ ਉੱਥੇ ਸਕੂਲਾਂ ਵਿੱਚ ਈ-ਸਿਗਰਟ ਅਤੇ ਵੇਪ ਪੈੱਨ ਵਰਗੇ ਨਸ਼ਿਆਂ ਨਾਲ ਛੋਟੀ ਉਮਰ ਦੇ ਬੱਚੇ ਵੀ ਨਸ਼ੇੜੀ ਬਣ ਰਹੇ ਹਨ। ਬੱਚਿਆਂ ਵਿੱਚ ਇਹ ਰੁਝਾਨ ਉਨ੍ਹਾਂ ਨੂੰ ਹਨੇਰੀ ਸੁਰੰਗ ਵੱਲ ਲੈ ਜਾਵੇਗਾ। ਅੱਜ ਕੱਲ੍ਹ ਦੇ ਬੱਚੇ ਸੋਸ਼ਲ ਮੀਡੀਆ ਦੇ ਪ੍ਰਭਾਵ ਤਹਿਤ ਇਹ ਸੋਚਦੇ ਹਨ ਕਿ ਇਹ ਕੋਈ ਨਸ਼ਾ ਨਹੀਂ ਤੇ ਨਾ ਹੀ ਇਹ ਕੋਈ ਸੋਸ਼ਲ ਟੈਬੂ ਹੈ ਕਿਉਂਕਿ ਸਾਡੇ ਸਮਾਜ ਵਿੱਚ ਈ-ਸਿਗਰਟ ਅਜੇ ਆਮ ਨਹੀਂ ਹੋਈ ਅਤੇ ਇਸ ਦੀ ਵਰਤੋਂ ਕਰਨੀ ਉਹ ਆਪਣੀ ਸ਼ਾਨ ਸਮਝਦੇ ਹਨ। ਅੱਜ ਕੱਲ੍ਹ ਮਾਂ-ਬਾਪ ਬੱਚਿਆਂ ਨੂੰ ਖੁੱਲ੍ਹਾ ਖਰਚਾ ਤੇ ਸਾਧਨ ਦਿੰਦੇ ਹਨ ਜਿਸ ਕਰ ਕੇ ਬੱਚੇ ਆਸਾਨੀ ਨਾਲ ਅਜਿਹੀਆਂ ਚੀਜ਼ਾਂ ਆਨਲਾਈਨ ਖਰੀਦ ਲੈਂਦੇ ਹਨ। ਛੋਟੀ ਉਮਰ ਵਿੱਚ ਹੀ ਅਜਿਹੇ ਨਸ਼ਿਆਂ ਦੇ ਸ਼ਿਕਾਰ ਹੋਣ ਪਿੱਛੋਂ ਇਹੀ ਬੱਚੇ ਅੱਗੇ ਜਾ ਕੇ ਚਿੱਟੇ ਅਤੇ ਟੀਕਿਆਂ ਵਰਗੇ ਮਾਰੂ ਨਸ਼ਿਆਂ ਵੱਲ ਚਲੇ ਜਾਂਦੇ ਹਨ। ਇਸ ਬਾਰੇ ਮਾਪਿਆਂ ਅਤੇ ਅਧਿਆਪਕਾਂ ਨੂੰ ਚੇਤਨ ਹੋਣ ਦੀ ਲੋੜ ਹੈ। ਬੱਚਿਆਂ ਨੂੰ ਇਸ ਦੇ ਮਾਰੂ ਪ੍ਰਭਾਵ ਬਾਰੇ ਜਾਣੂ ਕਰਵਾ ਕੇ ਅਸੀਂ ਖ਼ਤਰਨਾਕ ਰੁਝਾਨ ਨੂੰ ਰੋਕ ਸਕਦੇ ਹਾਂ।
ਚਰਨਜੀਤ ਸਿੰਘ, ਮੁਕਤਸਰ
ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ
20 ਫਰਵਰੀ ਨੂੰ ਪੰਜਾਬ ਪੁਲੀਸ ਦੇ 52 ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਬਾਰੇ ਸੁਰਖ਼ੀ ਪੜ੍ਹ ਕੇ ਸਰਕਾਰ ਦੀ ਭ੍ਰਿਸ਼ਟਾਚਾਰ ਨਾਲ ਲੜਨ ਦੀ ਮੁਹਿੰਮ ਬਾਰੇ ਬਹੁਤ ਅਫ਼ਸੋਸ ਹੋਇਆ। ਕੀ ਇਸ ਨਾਟਕ ਨਾਲ ਪੁਲੀਸ ਵਿੱਚੋਂ ਭ੍ਰਿਸ਼ਟਾਚਾਰ ਖ਼ਤਮ ਹੋ ਗਿਆ? ਇਸ ਛੋਟੇ ਪੂੰਗ ਨੂੰ ਖ਼ਤਮ ਕਰ ਕੇ ਕੁਝ ਨਹੀਂ ਹੋਣਾ। ਜੇ ਹੱਥ ਪਾਉਣਾ ਹੈ ਤਾਂ ਵੱਡੇ ਅਧਿਕਾਰੀਆਂ ਵਿੱਚੋਂ ਕਾਲੀਆਂ ਭੇਡਾਂ ਲੱਭੋ। ਸਿਪਾਹੀਆਂ, ਹੌਲਦਾਰਾਂ ਅਤੇ ਛੋਟੇ ਪੱਧਰ ਦੇ ਅਧਿਕਾਰੀਆਂ ਨੂੰ ਹੀ ਫੜ ਕੇ ਗੱਲ ਨਹੀਂ ਬਣ ਜਾਣੀ, ਇੱਕ ਅੱਧਾ ਮਗਰਮੱਛ ਵੀ ਫੜ ਕੇ ਦਿਖਾਓ ਤਾਂ ਸਭ ਨੂੰ ਕੰਨ ਹੋ ਜਾਣਗੇ।
ਅਵਤਾਰ ਸਿੰਘ, ਮੋਗਾ