ਪਾਠਕਾਂ ਦੇ ਖ਼ਤ
ਟਰੰਪ ਕਾਰਡ
7 ਨਵੰਬਰ ਦਾ ਸੰਪਾਦਕੀ ‘ਟਰੰਪ ਦੀ ਵਾਪਸੀ’ ਡੋਨਲਡ ਟਰੰਪ ਦੀ ਜਿੱਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਦੇ ਲੋਕਾਂ ਅਤੇ ਵਣਜ ਵਪਾਰ ਉੱਤੇ ਪੈਣ ਵਾਲੇ ਪ੍ਰਭਾਵਾਂ ਦੀ ਨਿਸ਼ਾਨਦੇਹੀ ਕਰਦਾ ਹੈ। ਟਰੰਪ ਇੱਕ ਵਾਰ ਹਾਰਨ ਤੋਂ ਬਾਅਦ ਦੂਜੀ ਵਾਰ ਰੰਗ ਦਾ ਪੱਤਾ (ਟਰੰਪ ਕਾਰਡ) ਖੇਡ ਗਿਆ ਹੈ। ਜਿਹੜਾ ਬੰਦਾ ਚੋਣ ਪ੍ਰਚਾਰ ਦੌਰਾਨ ਇਹ ਕਹੇ ਕਿ ਉਸ ਨੂੰ 2020 ਵਿੱਚ ਹਾਰਨ ਬਾਅਦ ਵੀ ਵ੍ਹਾਈਟ ਹਾਊਸ ਨਹੀਂ ਸੀ ਛੱਡਣਾ ਚਾਹੀਦਾ, ਅਮਰੀਕਾ ਵਰਗੇ ਵੱਡੇ ਸ਼ਕਤੀਸ਼ਾਲੀ ਦੇਸ਼ ਲਈ ਸੰਕੇਤ ਤਾਂ ਸ਼ੁਭ ਨਹੀਂ ਪਰ ਇਹ ਤਾਂ ਅਮਰੀਕੀਆਂ ਦੀ ਇੱਛਾ ਹੈ ਕਿ ਉਹ ਟਰੰਪ ਨੂੰ ਹੀ ਰਾਸ਼ਟਰਪਤੀ ਚਾਹੁੰਦੇ ਹਨ। ਅਜੇ ਤਾਂ ਜਸ਼ਨਾਂ ਦਾ ਦੌਰ ਹੈ, ਕੁਝ ਵੀ ਕਹਿ ਸਕਦੇ ਹੋ; ਕੁਰਸੀ ਉੱਤੇ ਬਿਰਾਜਮਾਨ ਹੋਣ ਮਗਰੋਂ ਹੀ ਪੱਤੇ ਖੁੱਲ੍ਹਣਗੇ। ਦੁਨੀਆ ਨੂੰ ਲਾਭ ਹੋਵੇਗਾ ਜੇ ਟਰੰਪ ਰੂਸ-ਯੂਕਰੇਨ ਅਤੇ ਇਜ਼ਰਾਈਲ-ਫਲਸਤੀਨ ਯੁੱਧ ਸਮਾਪਤ ਕਰਾਉਣ ਵਿੱਚ ਸਫ਼ਲ ਹੋ ਜਾਂਦਾ ਹੈ। ਯੂਕਰੇਨ ਦਾ ਰਾਸ਼ਟਰਪਤੀ ਜ਼ੇਲੈਂਸਕੀ ਯੂਕਰੇਨ ਨੂੰ ਬਰਬਾਦ ਕਰਾਉਣ ਵਾਲਾ ਨਾਟੋ ਪੱਖੀ ਨੇਤਾ ਸਾਬਤ ਹੋਇਆ ਹੈ। ਇਜ਼ਰਾਈਲ ਅਮਰੀਕਾ ਦੀ ਸਹਾਇਤਾ ਵੀ ਰੱਜ ਕੇ ਲੈਂਦਾ ਹੈ ਅਤੇ ਕਰਦਾ ਵੀ ਆਪਣੀ ਮਰਜ਼ੀ ਹੈ। ਸੰਸਾਰ ਵਿੱਚ ਧੜੇਬੰਦੀ ਬਦਲ ਗਈ ਹੈ। ਹੁਣ ਦਿਲਚਸਪੀ ਨਾਲ ਦੇਖਾਂਗੇ ਕਿ ਟਰੰਪ ਕਿਹੜੀ ਚਾਲ ਚੱਲਦਾ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
(2)
7 ਨਵੰਬਰ ਦਾ ਸੰਪਾਦਕੀ ‘ਟਰੰਪ ਦੀ ਵਾਪਸੀ’ ਪੜ੍ਹਿਆ। 78 ਸਾਲਾ ਡੋਨਲਡ ਟਰੰਪ ਅਮਰੀਕੀ ਇਤਿਹਾਸ ਵਿੱਚ ਰਾਸ਼ਟਰਪਤੀ ਚੁਣੇ ਜਾਣ ਵਾਲੇ ਸਭ ਤੋਂ ਵੱਧ ਉਮਰ ਦੇ ਸਿਆਸਤਦਾਨ ਬਣ ਗਏ ਹਨ। ਰਾਸ਼ਟਰਪਤੀ ਚੋਣਾਂ ਲਈ ਆਪਣੀ ਪ੍ਰਚਾਰ ਮੁਹਿੰਮ ਦੌਰਾਨ ਕਤਲ ਦੀਆਂ ਦੋ ਕੋਸ਼ਿਸ਼ਾਂ ਦੇ ਬਾਵਜੂਦ ਉਹ ਮੈਦਾਨ ਵਿੱਚ ਡਟੇ ਰਹੇ। ਇਤਿਹਾਸ ਰਚਣ ਦਾ ਮੌਕਾ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਕੋਲ ਵੀ ਸੀ, ਉਹ ਵੀ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਸਕਦੀ ਸੀ ਪਰ ਹਿਲੇਰੀ ਕਲਿੰਟਨ ਵਾਂਗ ਉਹ ਵੀ ਨਾਕਾਮ ਰਹੀ। ਹਿਲੇਰੀ ਕਲਿੰਟਨ ਨੂੰ ਵੀ ਟਰੰਪ ਨੇ ਹੀ ਹਰਾਇਆ ਸੀ। ਅਮਰੀਕਾ ਦੇ 235 ਸਾਲਾਂ ਦੇ ਚੁਣਾਵੀ ਇਤਿਹਾਸ ਵਿੱਚ ਕੋਈ ਵੀ ਇਸਤਰੀ ਰਾਸ਼ਟਰਪਤੀ ਨਹੀਂ ਚੁਣੀ ਜਾ ਸਕੀ। ਇਸ ਦਾ ਪਹਿਲਾ ਕਾਰਨ ਹੈ- ਪੁਰਸ਼ ਪ੍ਰਧਾਨ ਮਾਨਸਿਕਤਾ। ਅਮਰੀਕੀ ਵਸੋਂ ਦਾ ਬਹੁਤ ਵੱਡਾ ਹਿੱਸਾ ਕਿਸੇ ਮਹਿਲਾ ਨੂੰ ਰਾਸ਼ਟਰਪਤੀ ਚੁਣਨ ਲਈ ਮਾਨਸਿਕ ਤੌਰ ’ਤੇ ਅਜੇ ਵੀ ਤਿਆਰ ਨਹੀਂ। ਦੂਜਾ ਕਾਰਨ ਨਸਲਪ੍ਰਸਤੀ ਹੈ। ਬਰਾਕ ਓਬਾਮਾ ਨੂੰ ਸਿਆਹਫਾਮ ਹੋਣ ਦੇ ਬਾਵਜੂਦ ਦੋ ਵਾਰ ਰਾਸ਼ਟਰਪਤੀ ਚੁਣਨ ਵਾਲੇ ਅਪਵਾਦ ਤੋਂ ਬਾਅਦ ਅਮਰੀਕਾ ਦਾ ਗੋਰਾ ਵੋਟਰ ਕਿਸੇ ਗ਼ੈਰ-ਗੋਰੇ ਉਮੀਦਵਾਰ ਚੁਣਨ ਦੇ ਰੌਂਅ ਵਿੱਚ ਨਹੀਂ। ਤੀਜਾ ਕਾਰਨ ਆਰਥਿਕ ਹੈ। ਜੋਅ ਬਾਇਡਨ ਦੇ ਰਾਸ਼ਟਰਪਤੀ ਹੁੰਦਿਆਂ ਅਮਰੀਕਾ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਦੀ ਬਜਾਇ ਨਿਘਾਰ ਹੀ ਆਇਆ ਹੈ। ਬਾਇਡਨ ਦੀ ਹਰ ਆਰਥਿਕ ਕੁਤਾਹੀ ਦਾ ਸੇਕ ਕਮਲਾ ਹੈਰਿਸ ਨੂੰ ਲੱਗਿਆ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)
(3)
7 ਨਵੰਬਰ ਦੇ ਸੰਪਾਦਕੀ ‘ਟਰੰਪ ਦੀ ਵਾਪਸੀ’ ਅਨੁਸਾਰ ਡੋਨਲਡ ਟਰੰਪ ਨੂੰ ਇਸ ਗੱਲ ਦਾ ਝੋਰਾ ਹੈ ਕਿ ਉਸ ਨੂੰ 2020 ’ਚ ਰਾਸ਼ਟਰਪਤੀ ਚੋਣ ਹਾਰਨ ਤੋਂ ਬਾਅਦ ਵ੍ਹਾਈਟ ਹਾਊਸ ਛੱਡ ਕੇ ਨਹੀਂ ਜਾਣਾ ਚਾਹੀਦਾ ਸੀ। ਕਿਉਂ ਨਹੀਂ ਸੀ ਜਾਣਾ ਚਾਹੀਦਾ? ਇਹ ਹਾਊਸ 1792 ਤੋਂ ਭਾਵ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੇ ਦੂਜੀ ਵਾਰ ਬਣਨ ਸਮੇਂ ਤੋਂ ਸਿਰਫ਼ ਤੇ ਸਿਰਫ਼ ਰਾਸ਼ਟਰਪਤੀ ਲਈ ਹੈ। ਸਾਨੂੰ ਬੀਏ ਸੈਕਿੰਡ ਦੇ ਪੁਲੀਟੀਕਲ ਸਾਇੰਸ ਦੇ ਸਿਲੇਬਸ ਅਨੁਸਾਰ ਪੜ੍ਹਾਇਆ ਜਾਂਦਾ ਸੀ ਕਿ ਪੰਜ ਦੇਸ਼ਾਂ ਦੇ ਸੰਵਿਧਾਨਾਂ ਵਿੱਚੋਂ ਅਮਰੀਕਾ ਦੇ ਸੰਵਿਧਾਨ ਅਨੁਸਾਰ ਰਾਸ਼ਟਰਪਤੀ ਭਾਵੇਂ ਡੈਮੋਕਰੈਟਿਕ ਪਾਰਟੀ ਦਾ ਬਣੇ ਜਾਂ ਰਿਪਬਲਿਕਨ ਪਾਰਟੀ ਦਾ, ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਦੋਵੇਂ ਕੱਟੜ ਪੂੰਜੀਵਾਦ ਪੱਖੀ ਹਨ। ਦੂਜੀ ਸੰਪਾਦਕੀ ‘ਸੰਪਤੀ ਬਾਰੇ ਸੰਤੁਲਤ ਫ਼ੈਸਲਾ’ ਅਨੁਸਾਰ ਸੁਪਰੀਮ ਕੋਰਟ ਦਾ ਸੰਪਤੀ ਬਾਰੇ ਦਿੱਤਾ ਫ਼ੈਸਲਾ ਸੰਤੁਲਤ ਅਤੇ ਲਾਮਿਸਾਲ ਹੈ ਜਿਸ ਅਨੁਸਾਰ ‘ਸਬੰਧਿਤ ਵਿਅਕਤੀ ਨੂੰ ਕਬਜ਼ਾ ਹਟਾਉਣ ਲਈ ਤਰਕਸੰਗਤ ਨੋਟਿਸ ਦਿੱਤਾ ਜਾਵੇਗਾ’ ਅਤੇ ਯੂਪੀ ਸਰਕਾਰ ਦੁਆਰਾ 2019 ਵਿੱਚ ਸੜਕ ਚੌੜੀ ਕਰਨ ਲਈ ਢਾਹੇ ਗਏ ਪ੍ਰਾਜੈਕਟ ਦੇ ਮਾਲਕ ਨੂੰ 25 ਲੱਖ ਰੁਪਏ ਦੇਣ ਲਈ ਕਿਹਾ ਗਿਆ ਹੈ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਉਸ ਵਕਤ ਦੀਆਂ ਬਾਤਾਂ...
7 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਬੂਟਾ ਸਿੰਘ ਵਾਕਫ਼ ਦੀ ਰਚਨਾ ‘ਜਵਾਨ ਬਾਪੂ’ ਪੜ੍ਹਦਿਆਂ ਆਪਣੇ ਵੱਡੇ ਵਡੇਰਿਆਂ, ਦਾਦਿਆਂ-ਪੜਦਾਦਿਆਂ ਦੇ ਸਮੇਂ ਦੀਆਂ ਗੱਲਾਂ, ਉਨ੍ਹਾਂ ਦੇ ਕੰਮ ਅਤੇ ਰਿਸ਼ਟ-ਪੁਸ਼ਟ ਸਰੀਰਾਂ ਵਾਲੇ ਬੰਦੇ ਅੱਖਾਂ ਸਾਹਵੇਂ ਆ ਗਏ। ਘਰ ਦੇ ਦੁੱਧ-ਘਿਉ ਤੇ ਚੰਗੀ ਖ਼ੁਰਾਕ ਨਾਲ ਸਾਂਭੇ ਸਰੀਰ, ਸਾਰਾ ਦਿਨ ਹੱਥੀਂ ਕੰਮ ਕਰਦੇ। ਨਾ ਅੱਕਦੇ ਨਾ ਥੱਕਦੇ। ਖੁਸ਼ ਰਹਿੰਦੇ। ਇਸ ਕਰ ਕੇ ਉਮਰਾਂ ਵੀ ਲੰਮੀਆਂ ਭੋਗਦੇ ਸਨ। 6 ਨਵੰਬਰ ਨੂੰ ਨਜ਼ਰੀਆ ਪੰਨੇ ’ਤੇ ਇਕਬਾਲ ਕੌਰ ਉਦਾਸੀ ਦੀ ਆਪਣੇ ਇਨਕਲਾਬੀ ਪਿਤਾ, ਕਵੀ ਸੰਤ ਰਾਮ ਉਦਾਸੀ ਬਾਰੇ ਲਿਖੀ ਰਚਨਾ ‘ਜੁਝਾਰੂ ਕਵਿਤਾ ਦਾ ਸੂਰਜ’ ਆਪਣੇ-ਆਪ ਵਿੱਚ ਬੜਾ ਕੁਝ ਬਿਆਨ ਕਰਦੀ ਹੈ। ਰਚਨਾ ਦੇ ਅਖ਼ੀਰ ਵਿੱਚ ਲੇਖਕਾ ਨੇ ਸਚਾਈ ਲਿਖੀ ਹੈ ਕਿ ਉਦਾਸੀ ਦੀ ਕਵਿਤਾ ਅੱਜ ਵੀ ਮਿਹਨਤਕਸ਼ ਜਮਾਤ ਨੂੰ ਆਪਣੇ ਮਸਲੇ ਖ਼ੁਦ ਹੱਲ ਕਰਨ ਲਈ ਸਥਾਪਤੀ ਨੂੰ ਵੰਗਾਰਨ ਦਾ ਸੱਦਾ ਦੇ ਰਹੀ ਹੈ। 2 ਨਵੰਬਰ ਨੂੰ ਨਜ਼ਰੀਆ ਪੰਨੇ ’ਤੇ ਸਵਰਨ ਸਿੰਘ ਭੰਗੂ ਦੀ ਰਚਨਾ ‘ਜੁੱਗ-ਜੁੱਗ ਜੀਓ’ ਪੜ੍ਹਿਆ। ਮਰਨ ਵਾਲਾ ਤਾਂ ਮਰ ਗਿਆ ਪਰ ਪਿੱਛੋਂ ਉਹਦੇ ਨਿੱਕੇ-ਨਿੱਕੇ ਮਾਸੂਮ ਬੱਚੇ, ਬੇਵੱਸ ਨਿਰਦੋਸ਼ ਪਤਨੀ, ਮੰਜੇ ’ਤੇ ਪਏ ਦਵਾਈਆਂ ਆਸਰੇ ਦਿਨ ਕੱਟਦੇ ਬੁੱਢੇ ਮਾਂ-ਪਿਉ ਜਿਹੜੇ ਉਸ ’ਤੇ ਨਿਰਭਰ ਕਰਦੇ ਸਨ, ਉਨ੍ਹਾਂ ਬਾਰੇ ਕੌਣ ਸੋਚੇਗਾ? ਪਿਛੋਂ ਘਰ-ਪਰਿਵਾਰ ਕੱਖੋਂ ਹੌਲਾ ਹੋ ਜਾਂਦਾ ਹੈ। 2 ਨਵੰਬਰ ਨੂੰ ਹੀ ਸਤਰੰਗ ਪੰਨੇ ’ਤੇ ਗੁਰਨਾਜ਼ ਦੀ ਰਚਨਾ ‘ਇਤਿਹਾਸ ਦੇ ਪੰਨਿਆਂ ’ਚੋਂ’ ਅਤੇ ਸੁਰਜੀਤ ਜੱਸਲ ਦੀ ਰਚਨਾ ‘ਸਾਹਮਣੇ ਚੁਬਾਰੇ ਨੀਂ ਮੈਂ ਖੇਲਾਂ ਗੀਟੀਆਂ ਵਾਲਾ ਪਰਵਾਨਾ’ ਜਾਣਕਾਰੀ ਭਰਪੂਰ ਹਨ। ਇਕਬਾਲ ਸਿੰਘ ਹਮਜਾਪੁਰ ਦੀ ਕਹਾਣੀ ‘ਲਾਲਚੀ ਕਾਂ’ ਵੀ ਆਪਣੇ ਆਪ ਵਿੱਚ ਬੜਾ ਕੁਝ ਕਹਿ ਰਹੀ ਹੈ।
ਅਮਰਜੀਤ ਮੱਟੂ, ਪਿੰਡ ਭਰੂਰ (ਸੰਗਰੂਰ)
ਵਿਕਾਸ ਬਨਾਮ ਵਾਤਾਵਰਨ
31 ਅਕਤੂਬਰ ਨੂੰ ਡਾ. ਗੁਰਿੰਦਰ ਕੌਰ ਦਾ ਲੇਖ ‘ਹਵਾ ਪ੍ਰਦੂਸ਼ਣ ਨਾਲ ਕਿਵੇਂ ਨਜਿੱਠਿਆ ਜਾਵੇ’ ਪੜ੍ਹਿਆ। ‘ਵਿਕਾਸ ਬਨਾਮ ਵਾਤਾਵਰਨ’ ਬਹਿਸ ਵਿੱਚ ਸ਼ੁਰੂਆਤ ਤੋਂ ਹੀ ਆਮ ਜਨਤਾ, ਖੋਜ ਕਰਤਾਵਾਂ, ਕਾਰੋਬਾਰੀਆਂ, ਲੋਕਤੰਤਰੀ ਸਰਕਾਰਾਂ ਦਾ ਨਜ਼ਰੀਆ ਵੱਖਰਾ ਰਿਹਾ ਹੈ। ਇਨ੍ਹਾਂ ਮਸਲਿਆਂ ਦੇ ਹੱਲ ਲਈ ਸਰਕਾਰਾਂ ਤੋਂ ਸਖ਼ਤੀ ਨਾਲ ਕਾਨੂੰਨ ਲਾਗੂ ਕਰਨ, ਖੋਜ ਕਰਤਾਵਾਂ ਤੋਂ ਅੰਕੜੇ ਆਧਾਰਿਤ ਸਹੀ ਜਾਣਕਾਰੀ, ਤਕਨੀਕੀ ਮਾਹਿਰਾਂ ਤੋਂ ਸਸਤੇ ਅਤੇ ਟਿਕਾਊ ਹੱਲ ਅਤੇ ਆਮ ਜਨਤਾ ਤੋਂ ਜਾਗਰੂਕਤਾ ਦੀ ਉਮੀਦ ਕੀਤੀ ਜਾਂਦੀ ਹੈ। ਕੁਝ ਦਹਾਕੇ ਪਹਿਲਾਂ ਤਕ ਸਾਡੇ ਘਰਾਂ ਵਿੱਚ ਚੁੱਲ੍ਹੇ ’ਤੇ ਰੋਟੀ ਪਕਾਉਂਦੀਆਂ ਸਾਡੀਆਂ ਦਾਦੀਆਂ-ਨਾਨੀਆਂ ਹਵਾ ਪ੍ਰਦੂਸ਼ਣ ਦੇ ਅੱਖਾਂ ਤੇ ਫੇਫੜਿਆਂ ’ਤੇ ਪੈਣ ਵਾਲੇ ਦੁਰਪ੍ਰਭਾਵਾਂ ਤੋਂ ਪ੍ਰਭਾਵਿਤ ਸਨ; ਅੱਜ ਕੱਲ੍ਹ ਧੂੰਆਂ ਰਸੋਈ ਤੋਂ ਨਿਕਲ ਕੇ ਸੜਕਾਂ ’ਤੇ ਹਰ ਨਾਗਰਿਕ ਨੂੰ ਝੱਲਣਾ ਪੈ ਰਿਹਾ ਹੈ। ਮਸਲਿਆਂ ਦੇ ਦੂਰਅੰਦੇਸ਼ੀ ਹੱਲ ਹੀ ਟਿਕਾਊ ਹੁੰਦੇ, ਭਾਵੇਂ ਉਨ੍ਹਾਂ ਦਾ ਅਸਰ ਦੇਰ ਬਾਅਦ ਦਿਖਾਈ ਦਿੰਦਾ ਹੈ।
ਨਵਜੋਤ ਸਿੰਘ, ਪਟਿਆਲਾ
ਕਸ਼ਮੀਰ ਦੇ ਹਾਲਾਤ
22 ਅਕਤੂਬਰ ਦਾ ਸੰਪਾਦਕੀ ‘ਗੰਦਰਬਲ ਹਮਲਾ’ ਪੜ੍ਹਿਆ। ਜੰਮੂ ਕਸ਼ਮੀਰ ਵਿੱਚ ਨਿਰਦੋਸ਼ਾਂ ਦਾ ਖ਼ੂਨ ਵਹਿ ਰਿਹਾ ਹੈ। ਕੇਂਦਰ ਸਰਕਾਰ ਵੇਂ ਫੜ੍ਹਾਂ ਮਾਰ ਰਹੀ ਹੈ ਕਿ ਉੱਥੇ ਹਾਲਾਤ ਆਮ ਵਾਂਗ ਹੋ ਗਏ ਹਨ। ਅਫ਼ਸੋਸ ਦੀ ਗੱਲ ਹੈ ਕਿ ਫ਼ੌਜੀ ਅਤੇ ਆਮ ਨਾਗਰਿਕ ਮਰ ਰਹੇ ਹਨ। ਜੰਮੂ ਕਸ਼ਮੀਰ ’ਚ ਸਾਰੇ ਤਜਰਬੇ ਫੇਲ੍ਹ ਹੋ ਰਹੇ ਹਨ। ਸਰਕਾਰ ਨੂੰ ਸਾਰਥਕ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਉੱਥੇ ਅਮਨ-ਅਮਾਨ ਹੋ ਸਕੇ।
ਬਲਬੀਰ ਸਿੰਘ, ਰਾਮਪੁਰਾ ਫੂਲ (ਬਠਿੰਡਾ)
ਦੀਵਾਲੀ ਦਾ ਤੋਹਫ਼ਾ?
31 ਅਕਤੂਬਰ ਨੂੰ ਪਹਿਲੇ ਪੰਨੇ ਉੱਤੇ ਪੰਜਾਬ ਦੇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 4 ਫ਼ੀਸਦੀ ਵਧਾਉਣ ਨੂੰ ‘ਦੀਵਾਲੀ ਦਾ ਤੋਹਫ਼ਾ’ ਲਿਖਿਆ ਪੜ੍ਹ ਕੇ ਬਹੁਤ ਦੁੱਖ ਹੋਇਆ। ਕੇਂਦਰ ਸਰਕਾਰ ਦੀ 31 ਅਕਤੂਬਰ ਦੇ ਅਖ਼ਬਾਰ ਵਿੱਚ ਜਾਰੀ ਨੋਟੀਫਿਕੇਸ਼ਨ ਤੋਂ ਪਹਿਲਾਂ ਹਰਿਆਣਾ ਆਪਣੇ ਮੁਲਾਜ਼ਮਾਂ ਲਈ 53 ਫ਼ੀਸਦੀ ਡੀਏ/ਡੀਆਰ ਦੀ ਅਦਾਇਗੀ ਦਾ ਐਲਾਨ ਕਰ ਚੁੱਕਾ ਹੈ। ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਰਾਜਸਥਾਨ ਦੇ ਮੁਲਾਜ਼ਮ ਪਹਿਲਾਂ ਹੀ ਡੀਏ 50 ਫ਼ੀਸਦੀ ਲੈ ਰਹੇ ਹਨ। ਪੰਜਾਬ ਸਰਕਾਰ ਦੇ ਮੁਲਾਜ਼ਮ ਪਹਿਲਾਂ 12 ਫ਼ੀਸਦੀ ਅਤੇ ਹੁਣ ਕਿਸ਼ਤ ਜਾਰੀ ਹੋਣ ਦੇ ਕੇਂਦਰ ਅਤੇ ਗੁਆਂਢੀ ਸੂਬਿਆਂ ਦੇ ਮੁਲਾਜ਼ਮਾਂ ਤੋਂ 11 ਫ਼ੀਸਦੀ ਘੱਟ ਡੀਏ ਲੈ ਰਹੇ ਹਨ। ਪੈਨਸ਼ਨਰਾਂ ਦੀ ਪੈਨਸ਼ਨ ਰਿਵੀਜ਼ਨ ਪੇ ਕਮਿਸ਼ਨ ਦੀ 2.59 ਦੀ ਸਿਫ਼ਾਰਸ਼ ਦੇ ਮੁਕਾਬਲੇ 2.45 ਨਾਲ ਕੀਤੀ ਗਈ ਹੈ ਅਤੇ ਮੁਲਾਜ਼ਮਾਂ/ਪੈਨਸ਼ਨਰਾਂ ਦੇ ਤਨਖ਼ਾਹੀ ਪੈਨਸ਼ਨ ਰਿਵੀਜ਼ਨ ਦੇ ਬਕਾਏ ਤਕਰੀਬਨ 9 ਸਾਲ ਤਕ ਬਕਾਇਆ ਹਨ। ਮੁੱਖ ਮੰਤਰੀ ਨੇ ਡੀਏ ਅਤੇ ਬਕਾਏ ਦੇਣੇ ਤਾਂ ਦੂਰ, ਉਹ ਮੁਲਾਜ਼ਮਾਂ ਨਾਲ ਮੀਟਿੰਗ ਕਰਨ ਲਈ ਤਿਆਰ ਨਹੀਂ।
ਕੁਲਦੀਪ ਸਿੰਘ, ਰਾਮਪੁਰਾ ਫੂਲ (ਬਠਿੰਡਾ)