ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਠਕਾਂ ਦੇ ਖ਼ਤ

07:53 AM Nov 06, 2024 IST

ਪ੍ਰਦੂਸ਼ਣ ਖ਼ਿਲਾਫ਼ ਸਖ਼ਤੀ

5 ਨਵੰਬਰ ਦੇ ਸੰਪਾਦਕੀ ‘ਪ੍ਰਦੂਸ਼ਣ ਖ਼ਿਲਾਫ਼ ਸਖ਼ਤੀ’ ਵਿੱਚ ਪ੍ਰਦੂਸ਼ਣ ਖ਼ਿਲਾਫ਼ ਸੁਪਰੀਮ ਕੋਰਟ ਅਤੇ ਸਰਕਾਰੀ ਹੁਕਮਾਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਬੁਨਿਆਦੀ ਹੱਕ ਸਾਫ਼ ਹਵਾ ਵਿੱਚ ਸਾਹ ਲੈਣ ਬਾਰੇ ਲਿਖਿਆ ਹੈ। ਪਰਾਲੀ ਫੂਕਣ ਲਈ ਇਸ ਵਾਰ ਉਪਰਾਲੇ ਤੇਜ਼ ਅਤੇ ਸਖ਼ਤ ਹਨ। ਅਖ਼ਬਾਰ ਨੇ ਪ੍ਰਦੂਸ਼ਣ ਖ਼ਿਲਾਫ਼ ਲੋਕ ਹਿੱਤ ’ਚ ਸਾਰੇ ਪੱਖ ਛੂਹੇ ਹਨ। ਅਧਿਕਾਰੀਆਂ ਖ਼ਿਲਾਫ਼ ਅਪਰਾਧਿਕ ਕਾਰਵਾਈ ਸਰਾਸਰ ਗ਼ਲਤ ਅਤੇ ਧੱਕਾ ਹੋਵੇਗਾ। ਅਧਿਕਾਰੀ ਹਰ ਸਾਲ ਪਰਾਲੀ ਨਾ ਫੂਕਣ ਦੇ ਢੰਡੋਰਾ ਪਿੱਟਦੇ ਹਨ। ਵੱਡੇ-ਵੱਡੇ ਇਸ਼ਤਿਹਾਰ ਅਤੇ ਹੋਰ ਸਾਧਨਾਂ ਨਾਲ ਪਰਾਲੀ ਨਾ ਫੂਕਣ ਬਾਰੇ ਪ੍ਰਚਾਰਿਆ ਜਾਂਦਾ ਹੈ। ਅਧਿਕਾਰੀ ਆਪਣੀ ਡਿਊਟੀ ਨਿਭਾਅ ਰਹੇ ਹਨ ਪਰ ਪਰਾਲੀ ਨੂੰ ਅੱਗ ਲਾਉਣ ਦੇ ਕੇਸ ਫਿਰ ਵੀ ਆ ਰਹੇ ਹਨ। ਚੁੱਪ-ਚਪੀਤੇ ਪਰਾਲੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਅਧਿਕਾਰੀਆਂ ਕੋਲ ਅਜਿਹਾ ਕੋਈ ਰਾਡਾਰ ਨਹੀਂ ਹੈ ਕਿ ਅਗਾਊਂ ਪਤਾ ਲਗਾ ਲੈਣ ਕਿ ਪਰਾਲੀ ਨੂੰ ਅੱਗ ਕਿੱਥੇ ਲੱਗਣੀ ਹੈ? ਕਿਸਾਨ ਦੀ ਇੱਛਾ ਅਤੇ ਸਹਿਯੋਗ ਤੋਂ ਬਿਨਾਂ ਪਰਾਲੀ ਨੂੰ ਅੱਗ ਰੋਕੀ ਨਹੀਂ ਜਾ ਸਕਦੀ। ਇਸ ਵਾਰ ਕਿਸਾਨ ’ਤੇ ਸਖ਼ਤੀ ਹੋਈ ਹੈ। ਪਰਾਲੀ ਫੂਕਣ ਵਾਲਿਆਂ ਖ਼ਿਲਾਫ਼ ਮਿਸਾਲੀ ਕਾਰਵਾਈ ਭਵਿੱਖੀ ਅਸਰ ਹੇਠ ਵੀ ਹੋਵੇਗੀ।
ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ (ਰੂਪਨਗਰ)

Advertisement

(2)

5 ਨਵੰਬਰ ਦੇ ਸੰਪਾਦਕੀ ‘ਪ੍ਰਦੂਸ਼ਣ ਖ਼ਿਲਾਫ਼ ਸਖ਼ਤੀ’ ਵਿੱਚ ਪ੍ਰਦੂਸ਼ਣ ਖ਼ਿਲਾਫ਼ ਸਖ਼ਤੀ ਦਾ ਸਵਾਗਤ ਕੀਤਾ ਗਿਆ ਹੈ। ਕਿਸਾਨਾਂ ਖ਼ਿਲਾਫ਼ ਸਖ਼ਤੀ ਤਾਂ ਕੋਈ ਵੀ ਕਰ ਸਕਦਾ ਹੈ ਪਰ ਪਟਾਕਿਆਂ ਨਾਲ ਪ੍ਰਦੂਸ਼ਣ ਦੀਆਂ ਹੱਦਾਂ ਤੋੜ ਦੇਣ ਵਾਲਿਆਂ ਵੱਲ ਸਭ ਦੀ ਸਵੱਲੀ ਨਜ਼ਰ ਹੈ। ਅਦਾਲਤ ਨੇ ਵੀ ਪਟਾਕੇ ਚਲਾਉਣ ਵਾਲਿਆਂ ਦੀ ਸਿਰਫ਼ ਰਿਪੋਰਟ ਹੀ ਮੰਗੀ ਹੈ। ਪਰਾਲੀ ਫੂਕਣਾ ਕਿਸਾਨਾਂ ਦੀ ਮਜਬੂਰੀ ਹੈ ਪਰ ਪਟਾਕੇ ਚਲਾਉਣ ਵਿੱਚ ਕੋਈ ਮਜਬੂਰੀ ਨਜ਼ਰ ਨਹੀਂ ਆਉਂਦੀ। ਕਿਉਂ ਨਹੀਂ ਪਟਾਕੇ ਬਣਾਉਣ ’ਤੇ ਪਾਬੰਦੀ ਲਾਈ ਜਾਂਦੀ? ਪਟਾਕੇ ਬਣਾਉਣ ਅਤੇ ਚਲਾਉਣ ਵਾਲੇ ਖੇਤਰ ਦੇ ਜ਼ਿੰਮੇਵਾਰ ਪ੍ਰਸ਼ਾਸਨ ਅਤੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਲਈ ਹੁਕਮ ਕਿਉਂ ਨਹੀਂ ਕੀਤੇ ਗਏ? ਲਿਖਿਆ ਹੈ ਕਿ ਪੰਜਾਬ ਸਰਕਾਰ ਨੇ ਕਿਸਾਨ ਭਾਈਚਾਰੇ ਦੀਆਂ ਵਿੱਤੀ ਸੀਮਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਪਰ ਇਹ ਉਹੀ ਸਰਕਾਰ ਹੈ ਜਿਸ ਨੇ 24 ਘੰਟੇ ਵਿੱਚ ਸਾਰੀਆਂ ਫ਼ਸਲਾਂ ’ਤੇ ਐੱਮਐੱਸਪੀ ਦੇਣ ਦਾ ਵਾਅਦਾ ਕੀਤਾ ਸੀ ਪਰ ਫ਼ਸਲੀ ਵੰਨ-ਸਵੰਨਤਾ ਵੱਲ ਇੱਕ ਕਦਮ ਵੀ ਨਹੀਂ ਚੁੱਕਿਆ। ਇੱਕ ਵਾਰ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਦਾ ਐਲਾਨ ਕਰ ਕੇ ਉਸ ਤੋਂ ਵੀ ਅੱਖਾਂ ਫੇਰ ਲਈਆਂ ਹਨ। ਹੁਣ ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਰੋਲ਼ ਦਿੱਤਾ ਗਿਆ ਹੈ। ਕਣਕ ਦੀ ਬਿਜਾਈ ਲੇਟ ਹੋ ਗਈ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਸਾਫ਼ ਹਦਾਇਤਾਂ ਹਨ ਕਿ ਪਰਾਲੀ ਇਕੱਠੀ ਕਰਨ, ਢੋਆ-ਢੁਆਈ ਅਤੇ ਖ਼ਪਤ ਲਈ ਪ੍ਰਬੰਧ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਨੂੰ ਕਿਸੇ ਨੇ ਵੀ ਇਸ ਬਾਰੇ ਨਹੀਂ ਪੁੱਛਿਆ। ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰ ਕੇ ਐੱਮਐੱਸਪੀ ਤੋਂ ਵਾਂਝਿਆਂ ਕਰਨ, ਲਾਲ ਇੰਦਰਾਜ ਕਰ ਕੇ ਅਤੇ ਜੁਰਮਾਨੇ ਪਾ ਕੇ ਪ੍ਰਦੂਸ਼ਣ ਰੋਕਣ ਦੀ ਕਵਾਇਦ ਕੀਤੀ ਜਾ ਰਹੀ ਹੈ।
ਅੰਗਰੇਜ਼ ਸਿੰਘ ਭਦੌੜ, ਈਮੇਲ

ਅਸਲ ਤਸਵੀਰ

4 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਸੁੱਚਾ ਸਿੰਘ ਖੱਟੜਾ ਦਾ ਲੇਖ ‘ਬਟੇਂਗੇ ਤੋ ਕਟੇਂਗੇ’ ਇਤਿਹਾਸਕ ਝਰੋਖੇ ’ਚੋਂ’ ਭਾਰਤੀ ਉਪ ਮਹਾਦੀਪ ਦੀ ਕਾਫ਼ੀ ਹੱਦ ਤਕ ਅਸਲ ਤਸਵੀਰ ਪੇਸ਼ ਕਰਦਾ ਹੈ। ਲੇਖਕ ਨੇ ਸਾਫ਼ ਲਿਖਿਆ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਵੱਲੋਂ ਅੱਜ ਕੱਲ੍ਹ ਦਿੱਤੇ ਜਾ ਰਹੇ ਨਾਅਰੇ ‘ਬਟੇਂਗੇ ਤੋਂ ਕਟੇਂਗੇ’ ਦੀ ਤਰਜ਼ ’ਤੇ ਵੱਖਰੇ ਸ਼ਬਦਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਇਹੀ ਬੋਲੀ ਬੋਲ ਰਹੇ ਹਨ। ਉਂਝ ਜੋ ਪ੍ਰਸ਼ਨ ਲੇਖਕ ਨੇ ਕੀਤਾ ਹੈ, ਉਹ ਅਹਿਮ ਹੈ ਕਿ ਭਾਰਤੀ ਸਮਾਜ ਨੂੰ ਇਤਿਹਾਸ ਵਿੱਚ ਵੰਡਿਆ ਕਿਸ ਨੇ? ਤੇ ਜੋ ਉੱਤਰ ਦਿੱਤਾ ਹੈ ਕਿ ਮਨੂੰਵਾਦੀਆਂ ਦੇ ਪੁਰਖਿਆਂ ਨੇ, ਇਹ ਤਰਕ ਦੀ ਕਸੌਟੀ ’ਤੇ ਬਿਲਕੁਲ ਖ਼ਰਾ ਉੱਤਰਦਾ ਹੈ। ਇਹ ਕੌੜੀ ਸਚਾਈ ਹੈ ਕਿ ਸਨਾਤਨੀਆਂ ਦੇ ਮੰਦਰ ਸਭਨਾਂ ਲਈ ਅੱਜ ਵੀ ਸਾਂਝੇ ਨਹੀਂ ਹਨ। ਅੱਜ ਵੀ ਜੋ ਭਾਰਤੀ ਉਪ ਮਹਾਦੀਪ ਵਿੱਚ ਮਨੂ ਸਮ੍ਰਿਤੀ ਤਹਿਤ ਵਰਣ ਵਿਵਸਥਾ ਮੌਜੂਦ ਹੈ, ਉਸ ਤਹਿਤ ਦਲਿਤ ਜਿੱਥੇ ਜਾਤੀ-ਪਾਤੀ ਵਿਤਕਰੇਬਾਜ਼ੀ ਦਾ ਸ਼ਿਕਾਰ ਹਨ, ਉਸ ਦੇ ਨਾਲ ਹੀ ਹਰੇਕ ਤਰ੍ਹਾਂ ਦੇ ਪੈਦਾਵਾਰੀ ਸਾਧਨਾਂ ਤੋਂ ਤਕਰੀਬਨ ਵਾਂਝੇ ਹਨ। ਹਕੀਕਤ ਵਿੱਚ ਪੈਦਾਵਾਰੀ ਸਾਧਨਾਂ ਦੀ ਕਾਣੀ ਵੰਡ ਖ਼ਿਲਾਫ਼, ਉਦਾਰੀਕਰਨ, ਵਿਸ਼ਵੀਕਰਨ ਅਤੇ ਨਿੱਜੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ ਇਕਜੁੱਟ ਹੋਣ ਦੀ ਅਣਸਰਦੀ ਲੋੜ ਹੈ।
ਸੰਜੀਵ ਮਿੰਟੂ, ਈਮੇਲ

Advertisement

(2)

4 ਨਵੰਬਰ ਦੇ ਅੰਕ ਵਿੱਚ ਸੁੱਚਾ ਸਿੰਘ ਖੱਟੜਾ ਨੇ ‘ਬਟੇਂਗੇ ਤੋ ਕਟੇਂਗੇ’ ਵਿੱਚ ਵਰਣ ਵੰਡ ਬਾਰੇ ਜੋ ਚਰਚਾ ਕੀਤੀ ਹੈ, ਬਹੁਤ ਸਾਰਥਕ ਹੈ ਕਿ ਕਿਵੇਂ ਮਨੂ ਨੇ ਅੱਜ ਤੋਂ ਕੋਈ ਚਾਰ ਹਜ਼ਾਰ ਸਾਲ ਪਹਿਲਾਂ ਦੀ ਵਰਣ ਵੰਡ ਕਰ ਕੇ ਲੋਕਾਂ ਨੂੰ ਵੰਡ ਦਿੱਤਾ ਸੀ। ਦੂਜੇ ਪਾਸੇ ਦੂਰਅੰਦੇਸ਼ ਮਹਾਤਮਾ ਬੁੱਧ, ਗੁਰੂ ਨਾਨਕ ਅਤੇ ਹੋਰ ਭਗਤਾਂ ਨੇ ਅਜਿਹੀ ਨੀਚ-ਊਚ ਦਾ ਭਰਵਾਂ ਵਿਰੋਧ ਕੀਤਾ ਸੀ। ਭਾਰਤੀ ਸੰਵਿਧਾਨ ਵਿੱਚ ਡਾ. ਅੰਬੇਦਕਰ ਨੇ ਵੀ ਸਭ ਜਾਤਾਂ ਨੂੰ ਬਰਾਬਰ ਹੱਕ ਦਿੱਤੇ ਸਨ ਲੇਕਿਨ ਸੰਵਿਧਾਨ ਦੀਆਂ ਸਚਾਈਆਂ ਨੂੰ ਛੱਡ ਕੇ ਸੱਤਾਧਾਰੀ ਆਪਣੇ ਮਤਲਬ ਦੇ ਕਾਨੂੰਨ ਬਣਾ ਕੇ ਘੱਟਗਿਣਤੀਆਂ ਨਾਲ ਵਿਤਕਰਾ ਤੇ ਨਫ਼ਰਤ ਕਰਦੇ ਹਨ, ਖ਼ਾਸਕਰ ਮੁਸਲਿਮਾਂ ਤੇ ਸਿੱਖਾਂ ਨਾਲ ਤੇ ਜਦ ਵੋਟਾਂ ਹਾਸਿਲ ਕਰਨ ਦਾ ਵਕਤ ਆਉਂਦਾ ਹੈ ਤਾਂ ‘ਬਟੇਂਗੇ ਤੋ ਕਟੇਂਗੇ’ ਵਰਗੇ ਨਾਅਰੇ ਲਾਉਂਦੇ ਹਨ। ਇਨ੍ਹਾਂ ਨੂੰ ਕਾਰਪੋਰੇਟ ਜੋ ਜਨਤਾ ਨੂੰ ਲੁੱਟ ਰਹੇ ਹਨ, ਨਹੀਂ ਦਿਸਦੇ। 4 ਨਵੰਬਰ ਵਾਲੇ ਮਿਡਲ ਵਿੱਚ ਰੁਪਿੰਦਰ ਸਿੰਘ ਦਾ ਲਿਖਿਆ ਲੇਖ ਐੱਚ ਕਿਸ਼ੀ ਸਿੰਘ ਦੀ ਵਿਲੱਖਣ ਸ਼ਖ਼ਸੀਅਤ ’ਤੇ ਚਾਨਣਾ ਪਾਉਂਦਾ ਹੈ।
ਜਸਬੀਰ ਕੌਰ, ਅੰਮ੍ਰਿਤਸਰ

‘ਗੁੱਡ ਮੋਟਰਿੰਗ’ ਵਾਲਾ ਕਿਸ਼ੀ ਸਿੰਘ

4 ਨਵੰਬਰ ਨੂੰ ਐੱਚ ਕਿਸ਼ੀ ਸਿੰਘ ਬਾਰੇ ਰੁਪਿੰਦਰ ਸਿੰਘ ਦਾ ਮਿਡਲ ‘ਵਿਲੱਖਣ ਸ਼ਖ਼ਸੀਅਤ ਤੇ ਸਫ਼ਰ ਦਾ ਸਿਰਨਾਵਾਂ’ ਇਸ ਨਿਵੇਕਲੀ ਸ਼ਖ਼ਸੀਅਤ ਦੀਆਂ ਬਹੁਤ ਸਾਰੀਆਂ ਪਰਤਾਂ ਖੋਲ੍ਹਦਾ ਹੈ। ਉੱਚ ਕੋਟੀ ਦੇ ਵਿਦਿਅਕ ਅਦਾਰਿਆ ਵਿੱਚੋਂ ਸਿੱਖਿਆ ਪ੍ਰਾਪਤ ਕਰਨ ਮਗਰੋਂ ਅਹਿਮ ਕੌਮਾਂਤਰੀ ਅਦਾਰਿਆਂ ਵਿੱਚ ਕਾਰਜਸ਼ੀਲ ਰਹਿਣ ਦੇ ਨਾਲ-ਨਾਲ ਉਹ ਕਮਾਲ ਦੇ ਲੇਖਕ ਸਨ। ਆਟੋਮੋਬਾਈਲ ਖੇਤਰ ਬਾਰੇ ਉਨ੍ਹਾਂ ਦਾ ਗਿਆਨ ਕਮਾਲ ਦਾ ਸੀ। ਕੁਦਰਤ ਪ੍ਰੇਮੀ ਹੋਣ ਦੇ ਨਾਲ ਨਾਲ ਉਨ੍ਹਾਂ ਦੇ ਸ਼ੌਕ ਨਿਰਾਲੇ ਸਨ। ਫੋਟੋਗਰਾਫ਼ੀ, ਕਾਰ ਰੈਲੀਆਂ ਵਿੱਚ ਭਾਗ ਲੈਣ, ਕਲਾ ਦਾ ਸ਼ੌਕ, ਲਗਾਤਾਰ ਕਾਲਮ ਲਿਖਣ ਵਰਗੇ ਸ਼ੌਕ ਸਾਧਾਰਨ ਸ਼ਖ਼ਸ ਨਹੀਂ ਪਾਲ ਸਕਦਾ। ਮੈਂ ਅੰਗਰੇਜ਼ੀ ਟ੍ਰਿਬਿਊਨ ਵਿੱਚ ਉਨ੍ਹਾਂ ਦਾ ਕਾਲਮ ਬੜੀ ਦਿਲਚਸਪੀ ਨਾਲ ਪੜ੍ਹਦਾ ਰਿਹਾ ਹਾਂ। ਕਈ ਵਾਰ ਤਾਂ ਮੁੱਖ ਸੁਰਖੀ ਦੇਖਣ ਤੋਂ ਪਹਿਲਾਂ ‘ਗੁੱਡ ਮੋਟਰਿੰਗ’ ਪੜ੍ਹੀਦਾ ਸੀ। ਕਾਰਾਂ ਅਤੇ ਕਾਰਾਂ ਦੀ ਡਰਾਈਵਿੰਗ ਬਾਰੇ ਇੰਨੀ ਬਾਰੀਕੀ ਵਿੱਚ ਜਾਣਕਾਰੀ ਕਿਤੋਂ ਨਹੀਂ ਮਿਲਦੀ। ਮੈਂ ਨਿੱਸਨ ਕੰਪਨੀ ਦੀ ਕਾਰ ਐੱਚ ਕਿਸ਼ੀ ਸਿੰਘ ਦੇ ਕਾਲਮ ਤੋਂ ਜਾਣਕਾਰੀ ਤੋਂ ਪ੍ਰਭਾਵਿਤ ਹੋ ਕੇ ਖਰੀਦੀ ਸੀ। ‘ਗੁੱਡ ਮੋਟਰਿੰਗ’ ਵਾਲੇ ਅਖ਼ਬਾਰ ਭਾਵੇਂ ਸਾਂਭੇ ਹੋਏ ਹਨ ਪਰ ਉਨ੍ਹਾਂ ਦੀ ਕਿਤਾਬ ‘ਗੁੱਡ ਮੋਟਰਿੰਗ’ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਇਹ ਐਮਾਜ਼ੋਨ ’ਤੇ ਦਿਖਾਈ ਤਾਂ ਦਿੰਦੀ ਹੈ ਪਰ ਉਪਲੱਬਧ ਨਹੀਂ ਹੈ। ਅਜਿਹੇ ਵਿਲੱਖਣ ਇਨਸਾਨ ਸਮਾਜ ਲਈ ਬਹੁਤ ਅਹਿਮ ਹੁੰਦੇ ਹਨ।
ਕੁਲਵੰਤ ਰਿਖੀ, ਪਾਤੜਾਂ (ਪਟਿਆਲਾ)

ਕੰਮ ਚਲਾਊ ਕਾਰਵਾਈ!

31 ਅਕਤੂਬਰ ਨੂੰ ਡਾ. ਗੁਰਿੰਦਰ ਕੌਰ ਦੇ ਲੇਖ ‘ਹਵਾ ਪ੍ਰਦੂਸ਼ਣ ਨਾਲ ਕਿਵੇਂ ਨਜਿੱਠਿਆ ਜਾਵੇ’ ਵਿੱਚ ਸੰਸਾਰ ਵਿਆਪੀ ਸਮੱਸਿਆ ਦੇ ਕਾਰਨਾਂ ਦੇ ਨਾਲ-ਨਾਲ ਸਰਕਾਰ ਦੇ ਕੀਤੇ ਅਤੇ ਕਰਨ ਵਾਲੇ ਕੰਮਾਂ ਬਾਰੇ ਚਾਨਣਾ ਪਾਇਆ ਗਿਆ ਹੈ। ਅੱਜ ਸਾਡੇ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਹਵਾ ਦੀ ਸ਼ੁੱਧਤਾ ਮਾਪਣ ਲਈ ਅਨੇਕਾਂ ਸਵੈ-ਚਾਲਕ ਯੰਤਰ ਲੱਗੇ ਹੋਏ ਹਨ। ਕੋਈ ਸਮਾਂ ਸੀ ਜਦੋਂ ਹਵਾ ਪ੍ਰਦੂਸ਼ਣ ਵਧਣ ਦਾ ਪਤਾ ਡਾਕਟਰਾਂ ਕੋਲ ਸਾਹ ਦੇ ਮਰੀਜ਼ਾਂ ਦੀ ਗਿਣਤੀ ਦੇ ਵਾਧੇ ਤੋਂ ਹੀ ਲਗਦਾ ਸੀ। ਸਰਕਾਰਾਂ ਵੱਲੋਂ ਕਿਸਾਨਾਂ ਨਾਲ ਫ਼ਸਲਾਂ ਦੀ ਵਾਢੀ ਅਤੇ ਦੀਵਾਲੀ ਵਰਗੇ ਤਿਉਹਾਰਾਂ ਮੌਕੇ ਆਮ ਜਨਤਾ ਨਾਲ ਕੀਤੀ ਸਖ਼ਤੀ ਕੰਮ ਚਲਾਊ ਕਾਰਵਾਈ ਪ੍ਰਤੀਤ ਹੁੰਦੀ ਹੈ। ਵਿਕਸਤ ਮੁਲਕਾਂ ਦੇ ਤਜਰਬੇ ਤੋਂ ਸੇਧ ਲੈ ਕੇ ਵੀ ਸਥਿਤੀ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ ਕਿਉਂਕਿ ਜੋ ਸਮੱਸਿਆਵਾਂ ਅਸੀਂ ਅੱਜ ਝੱਲ ਰਹੇ ਹਾਂ, ਇਹ ਹਾਲਾਤ ਉਦਯੋਗਕ ਤਰੱਕੀ ਕਰ ਚੁੱਕੇ ਦੇਸ਼ਾਂ ਨੇ ਕਈ ਦਹਾਕੇ ਪਹਿਲਾਂ ਬਰਦਾਸ਼ਤ ਕੀਤੀਆਂ ਪਰ ਅੱਜ ਉਹ ਆਪਣੇ ਨਾਗਰਿਕਾਂ ਦੇ ਰਿਹਾਇਸ਼ੀ ਖੇਤਰਾਂ ਵਿੱਚੋਂ ਖ਼ਤਮ ਕਰ ਚੁੱਕੇ ਹਨ।
ਨਵਲੀਸ਼ ਬਿਲਿੰਗ, ਚੰਡੀਗੜ੍ਹ

Advertisement