ਪਾਠਕਾਂ ਦੇ ਖ਼ਤ
ਤਾਨਾਸ਼ਾਹੀ ਵਾਲਾ ਮਾਹੌਲ ਟੁੱਟਿਆ
ਸੰਪਾਦਕੀ ‘ਜੋਸ਼ ਨਾਲ ਭਰੀ ਵਿਰੋਧੀ ਧਿਰ’ (3 ਜੁਲਾਈ) ਪੜ੍ਹਿਆ। ਪਿਛਲੇ ਦਸ ਸਾਲਾਂ ਦੌਰਾਨ ਭਾਜਪਾ ਦੇ ਵਧੇਰੇ ਸੰਸਦ ਮੈਂਬਰਾਂ ਕਾਰਨ ਇੱਕ ਤਰ੍ਹਾਂ ਅਰਧ-ਤਾਨਾਸ਼ਾਹੀ ਵਰਗਾ ਮਾਹੌਲ ਬਣਾਇਆ ਹੋਇਆ ਸੀ ਜਿਹੜਾ ਹੁਣ 2024 ਵਿੱਚ ਟੁੱਟ ਗਿਆ। ਸੰਪਾਦਕੀ ਦੀ ਆਖ਼ਰੀ ਲਾਈਨ ਬੜੀ ਅਹਿਮ ਹੈ ਕਿ ‘ਹੁਣ ਸੱਤਾ ਧਿਰ ਨੂੰ ਸੰਸਦ ਵਿੱਚ ਪੂਰੀ ਤਿਆਰੀ ਨਾਲ ਆਉਣਾ ਪਵੇਗਾ।’ ਸੰਤੁਲਨ ਕੁਦਰਤ ਦਾ ਨਿਆਰਾ ਸੱਚ ਹੈ; ਜਦੋਂ ਸੰਤੁਲਨ ਵਿਗੜਦਾ ਹੈ ਤਾਂ ਵਿਗਾੜ ਪੈਦਾ ਹੋਵੇਗਾ। ਸੰਵਿਧਾਨ ਦੇ ਖ਼ਤਰੇ ਦੀ ਗੱਲ ਹੁਣ ਦੂਰ ਚਲੀ ਗਈ ਹੈ। ਵਿਰੋਧੀ ਧਿਰ ਨੂੰ ਵੀ ਹੁਣ ਕੇਵਲ ਵਿਰੋਧ ਖਾਤਰ ਵਿਰੋਧ ਦੀ ਥਾਂ ਉਸਾਰੂ ਵਿਰੋਧ ਲਈ ਆਪਣਾ ਦਮ ਖ਼ਮ ਦਿਖਾਉਣਾ ਚਾਹੀਦਾ ਹੈ। ਇਤਿਹਾਸ ਗਵਾਹ ਹੈ, ਜਦੋਂ ਦੇਸ਼ ਦਾ ਰਾਜਨੀਤਕ ਢਾਂਚਾ ਇੱਕਪਾਸੜ ਹੋ ਜਾਏ ਤਾਂ ਦੇਸ਼ ਦੇ ਲੋਕ ਸੰਕਟ ਵਿੱਚ ਫਸ ਜਾਂਦੇ ਹਨ ਅਤੇ ਉਨ੍ਹਾਂ ਨੂੰ ਅਕਹਿ ਦੁੱਖ ਭੋਗਣੇ ਪੈਂਦੇ ਹਨ। ਭਾਰਤ ਵਰਗੇ 140 ਕਰੋੜੀ ਦੇਸ਼ ਨੂੰ ਸਿਹਤਮੰਦ ਲੋਕਤੰਤਰ ਦੀ ਮਿਸਾਲ ਬਣਨ ਦੀ ਚੁਣੌਤੀ ਬਰਕਰਾਰ ਹੈ। ਅਜਿਹਾ ਸਿਹਤਮੰਦ ਸਮਾਜ ਲੋੜੀਂਦਾ ਹੈ ਜਿਸ ਵਿੱਚ ਨੀਟ ਪੇਪਰ ਘੁਟਾਲਾ, ਮਨੀਪੁਰ ਸੰਕਟ ਅਤੇ ਫ਼ਿਰਕਾਪ੍ਰਸਤੀ ਨਾ ਹੋਣ ਅਤੇ ਨਾ ਹੀ ਗ਼ਰੀਬੀ ਤੇ ਬੇਰੁਜ਼ਗਾਰੀ ਦਾ ਕੋਹੜ ਹੋਵੇ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
(2)
3 ਜੁਲਾਈ ਦੇ ਸੰਪਾਦਕੀ ‘ਜੋਸ਼ ਨਾਲ ਭਰੀ ਵਿਰੋਧੀ ਧਿਰ’ ਵਿੱਚ 18ਵੀਆਂ ਲੋਕ ਸਭਾ ਚੋਣਾਂ ਵਿੱਚੋਂ ਦਹਾਕੇ ਬਾਅਦ ਮੁੜ ਮਜ਼ਬੂਤੀ ਨਾਲ ਉਭਾਰੀ ਵਿਰੋਧੀ ਧਿਰ ਦੀ ਅਹਿਮੀਅਤ ਦੀ ਗੱਲ ਕੀਤੀ ਗਈ ਹੈ। ਮਜ਼ਬੂਤ ਵਿਰੋਧੀ ਧਿਰ ਲੋਕਤੰਤਰ ਦਾ ਆਧਾਰ ਹੈ ਜੋ ਸੱਤਾ ਧਿਰ ਨੂੰ ਸਹੀ ਰਸਤਾ ਦਿਖਾਉਂਦੀ ਹੈ। ਉਨ੍ਹਾਂ ਦੇ ਹਰ ਫ਼ੈਸਲੇ ਨੂੰ ਜਾਚਦੀ ਪਰਖਦੀ ਹੈ ਤਾਂ ਜੋ ਹਰ ਫ਼ੈਸਲਾ ਦੇਸ਼ ਦੀ ਜਨਤਾ ਦੇ ਹੱਕ ਵਿੱਚ ਅਤੇ ਉਨ੍ਹਾਂ ਦੀ ਭਲਾਈ ਲਈ ਕੀਤਾ ਜਾਵੇ। ਇਹ ਵਿਰੋਧੀ ਧਿਰ ਦਾ ਹੱਕ ਵੀ ਹੈ ਅਤੇ ਫ਼ਰਜ਼ ਵੀ ਕਿ ਉਹ ਦੇਸ਼ ਦੇ ਵੱਖ-ਵੱਖ ਮੁੱਦਿਆਂ ’ਤੇ ਸੱਤਾ ਧਿਰ ਤੋਂ ਸਵਾਲ ਕਰੇ ਅਤੇ ਉਨ੍ਹਾਂ ਦੇ ਗ਼ਲਤ ਫ਼ੈਸਲਿਆਂ ਦਾ ਵਿਰੋਧ ਕਰੇ। ਉਮੀਦ ਹੈ ਕਿ ਇਸ ਵਾਰ ਵਿਰੋਧੀ ਧਿਰ ਸੱਤਾ ਧਿਰ ਨੂੰ ਸੰਸਦ ਵਿੱਚ ਬਰਾਬਰ ਦੀ ਟੱਕਰ ਦੇਵੇਗੀ ਅਤੇ ਲੋਕਾਂ ਦੇ ਭਲੇ ਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਵੇਗੀ।
ਅਭਿਲਾਸ਼ਾ ਅਗਰਵਾਲ, ਪਾਤੜਾਂ (ਪਟਿਆਲਾ)
ਕੁੱਤਿਆਂ ਦੀ ਦਹਿਸ਼ਤ
3 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਮਨਦੀਪ ਕੌਰ ਬਰਾੜ ਦੀ ਰਚਲਾ ‘ਬੇਕਸੂਰ ਨੂੰ ਸਜ਼ਾ’ ਪੜ੍ਹਦਿਆਂ ਸੋਚਦਾ ਹਾਂ ਕਿ ਵਾਕਿਆ ਹੀ ਪਿੰਡਾਂ, ਕਸਬਿਆਂ, ਸ਼ਹਿਰਾਂ ਦੀਆਂ ਗਲੀਆਂ ਮੁਹੱਲਿਆਂ ਵਿੱਚ ਅਵਾਰਾ ਕੁੱਤਿਆਂ ਦੇ ਝੁੰਡ ਹਰਲ-ਹਰਲ ਕਰਦੇ ਆਮ ਦੇਖੇ ਜਾ ਸਕਦੇ ਹਨ। ਇਨ੍ਹਾਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ। 2 ਜੁਲਾਈ ਨੂੰ ਰਣਜੀਤ ਲਹਿਰਾ ਦਾ ਮਿਡਲ ‘ਸਰਪੰਚ ਦੀ ਤਾਕਤ’ ਬੜੀ ਪ੍ਰਭਾਵਸ਼ਾਲੀ ਰਚਨਾ ਹੈ। ਰਚਨਾ ਵਿਚਲੇ ਪਾਤਰ ਦਰਬਾਰਾ ਸਿੰਘ ਵਰਗੇ ਬੰਦੇ ਨੂੰ ਅਸੀਂ ਜਿਗਰੇ ਵਾਲਾ ਬੰਦਾ ਹੀ ਕਹਿ ਸਕਦੇ ਹਾਂ। 27 ਜੂਨ ਦੇ ਨਜ਼ਰੀਆ ਪੰਨੇ ’ਤੇ ਗੁਰਮੀਤ ਸਿੰਘ ਵੇਰਕਾ ਦੀ ਰਚਨਾ ‘ਜਦੋਂ ਗੰਨਮੈਨਾਂ ਨੂੰ ਭੱਜਣਾ ਪਿਆ’ ਆਪਣੇ ਆਪ ਵਿੱਚ ਬੜਾ ਕੁਝ ਬਿਆਨ ਕਰਦੀ ਹੈ। ਕਈ ਵਾਰੀ ਬੰਦੇ ਨੂੰ ਅਜਿਹੇ ਹਾਲਾਤ ਵਿੱਚੋਂ ਵੀ ਗੁਜ਼ਰਨਾ ਪੈਂਦਾ ਹੈ ਜਿਸ ਦਾ ਉਸ ਨੇ ਕਦੇ ਅੰਦਾਜ਼ਾ ਵੀ ਨਹੀਂ ਲਾਇਆ ਹੁੰਦਾ।
ਅਮਰਜੀਤ ਮੱਟੂ, ਪਿੰਡ ਭਰੂਰ (ਸੰਗਰੂਰ)
ਸਰਪੰਚ ਦੀ ਤਾਕਤ
2 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਛਪਿਆ ਰਣਜੀਤ ਲਹਿਰਾ ਦਾ ਲੇਖ ‘ਸਰਪੰਚ ਦੀ ਤਾਕਤ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਖੱਬੇ ਪੱਖੀ ਸੋਚ ਅਜੇ ਵੀ ਜਿਊਂਦੀ ਹੈ। ਕੁਝ ਵਰ੍ਹੇ ਪਹਿਲਾਂ ਤੱਕ ਪੰਜਾਬ ਵਿੱਚ ਖੱਬੇ ਪੱਖੀ ਸੋਚ ਦੇ ਲੋਕ, ਆਮ ਲੋਕਾਂ ਨੂੰ ਸਰਮਾਏਦਾਰੀ ਵਿਰੁੱਧ ਜਾਗਰੂਕ ਕਰਨ ਲਈ ਪਿੰਡਾਂ ਵਿੱਚ ਨੁੱਕੜ ਨਾਟਕ ਖੇਡਦੇ ਹੁੰਦੇ ਸਨ। ਲੇਖ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਸੱਚਾ-ਸੁੱਚਾ ਅਤੇ ਬੇਦਾਗ਼ ਸਰਪੰਚ ਹੈਂਕੜਬਾਜ਼ ਪੁਲੀਸ ਅਫਸਰ ਨੂੰ ਵੀ ਝੁਕਣ ਲਈ ਮਜਬੂਰ ਕਰ ਦਿੰਦਾ ਹੈ।
ਪ੍ਰਿੰਸੀਪ ਫਕੀਰ ਸਿੰਘ, ਦਸੂਹਾ
ਸਵਾਲ-ਦਰ-ਸਵਾਲ
ਜਿਹੜੇ ਬਸ਼ਰ ਸੰਵਿਧਾਨ ਅਨੁਸਾਰ ਜੇਲ੍ਹ ਵਿੱਚੋਂ ਚੋਣ ਲੜ ਕੇ ਬਿਨਾ ਖ਼ੁਦ ਪ੍ਰਚਾਰ ਕੀਤੇ ਬਹੁਤਾਤ ਵੋਟਾਂ ਨਾਲ ਚੋਣ ਜਿੱਤ ਕੇ ਐਮ ਪੀ ਬਣੇ ਨੇ ਜਾਂ ਬਣਾਏ ਨੇ, ਉਹ ਵੱਖਵਾਦੀ ਜਾਂ ਅਤਿਵਾਦੀ ਕਿਵੇਂ ਹੋ ਸਕਦੇ ਹਨ! ਉਨ੍ਹਾਂ ਨੂੰ ਸੰਵਿਧਾਨਕ ਚੋਣ ਪ੍ਰਕਿਰਿਆ ਪੂਰੀ ਕਰਨ ਲਈ ਹੋਰਾਂ ਸੰਗ ਹਲਫ਼ ਨਾ ਲੈਣ ਦੇਣਾ ਅਤੇ ਪਾਰਲੀਮੈਂਟ ਵਿੱਚ ਹਮਰੁਤਬਾ ਨਾਲ ਨਾ ਬੈਠਣ, ਬੋਲਣ, ਸੁਨਣ ਦੇਣਾ, ਸੌੜੀ ਸੋਚ ਦਾ ਸੰਕੇਤ ਹੈ। ਉਦੋਂ ਇਹ ਹੋਰ ਵੀ ਮਾੜੀ ਗੱਲ ਹੈ ਜਦੋਂ ਜਨਤਾ ਜਨਾਰਦਨ ਵੱਲੋਂ ਚੁਣ ਕੇ ਭੇਜੇ ਅਜਿਹੇ ਲੋਕ ਮੁਲਕ ਅੰਦਰ ਘੱਟਗਿਣਤੀ ਭਾਈਚਾਰੇ ਨਾਲ ਸਬੰਧ ਰੱਖਦੇ ਹੋਣ। ਦੇਸ਼-ਵਿਦੇਸ਼ ਦਾ ਭਾਈਚਾਰਾ ਹਿੰਦੋਸਤਾਨ ਦੇ ਅਖੌਤੀ ਲੋਕਤੰਤਰ ਨੂੰ ਗੌਰ ਨਾਲ ਨਿਹਾਰ ਰਿਹਾ ਹੈ। ਪੁਰਾਣੇ ਕਾਨੂੰਨ ਰੱਦ ਕਰਨਾ ਅਤੇ ਨਵੇਂ ਕਾਨੂੰਨ ਪਾਸ ਕਰਨਾ ਹਰ ਸਰਕਾਰ ਦਾ ਸੰਵਿਧਾਨਕ ਹੱਕ ਹੈ ਪਰ ਪਰਖ ਕਸਵੱਟੀ ਅਵਾਮ ਕੋਲ ਹੈ। ਨਵੇਂ ਲਾਗੂ ਹੋਏ ਅਪਰਾਧਕ ਕਾਨੂੰਨ ਬਿਨਾਂ ਬਹਿਸ ਪਾਸ ਕੀਤੇ। ਮਿੱਥ ਕੇ ਵਿਰੋਧੀ ਧਿਰ ਨੂੰ ਪਾਰਲੀਮੈਂਟ ’ਚੋਂ ਖਾਰਜ ਕਰਨਾ ਅਤੇ ਵਿਵਾਦ ਵਾਲੇ ਕਾਨੂੰਨ ਪਾਸ ਕਰਨਾ ਲੋਕਤੰਤਰ ਲਈ ਦੁਖਦਾਈ ਹੈ। ਪੁਲੀਸ ਵੱਲੋਂ 90 ਦਿਨ ਤੱਕ ਕਿਸੇ ਵੀ ਨਾਗਰਿਕ (ਮੁਜਰਿਮ) ਨੂੰ ਹਿਰਾਸਤ ਵਿੱਚ ਰੱਖਣਾ, ਜੇ ਪਹਿਲਾਂ ਛੁਡਾਉਣਾ ਹੈ ਤਾਂ ਮੁਜਰਿਮ ਦਾ ਵਕੀਲ ਥਾਣੇਦਾਰ ਨਾਲ ਥਾਣੇ ਵਿੱਚ ਆ ਕੇ ਜਿਰ੍ਹਾ ਕਰਨਾ, ਇਹ ਦੇਸ਼ ਅੰਦਰ ਨਵੀਂ ਪਿਰਤ ਹੈ; ਭਾਵ, ਥਾਣਾ ਹੁਣ ਮੁੱਢਲੀ ਕੋਰਟ ਅਤੇ ਜੇਲ੍ਹਰ ਦਾ ਕੰਮਕਾਰ ਵੀ ਕਰੇਗਾ। ਇਉਂ ਤਾਂ ਭ੍ਰਿਸ਼ਟਾਚਾਰ ਹੋਰ ਵਧੇਗਾ। ਵਸੀਲੇ ਵਾਲਾ ਬਰੀ ਹੋਵੇਗਾ ਅਤੇ ਗ਼ਰੀਬ ਫਸੇਗਾ। ਜੁਰਮ ਕੇਸ ਤਾਂ ਪਹਿਲਾਂ ਹੀ ਬਹੁਤ ਲੰਮੇ ਚੱਲਦੇ ਹਨ, ਹੁਣ ਹੋਰ ਵੀ ਲੰਮੇ ਹੋਣਗੇ। ਪੁਰਾਣੇ ਕਾਨੂੰਨ ਇਹ ਕਹਿ ਕੇ ਰੱਦ ਕਰਨਾ ਕਿ ਇਹ ਅੰਗਰੇਜ਼ਾਂ ਦੇ ਵੇਲੇ ਦੇ ਨੇ, ਗੱਲ ਬਣਦੀ ਨਹੀਂ; ਫਿਰ ਨਿਆਂ ਪ੍ਰਣਾਲੀ ਅਤੇ ਪਾਰਲੀਮੈਂਟ ਵੀ ਤਾਂ ਅੰਗਰੇਜ਼ਾਂ ਦੀ ਦੇਣ ਹੈ? ਇਨ੍ਹਾਂ ਕਾਨੂੰਨਾਂ ਦੀ ਇਬਾਰਤ ਥਾਣੇਦਾਰ ਦੀ ਸਵੈ-ਵਿਆਖਿਆ ਦੀ ਭੇਂਟ ਚੜ੍ਹੇਗੀ। ਹਸ਼ਰ ਚੋਣ ਬੈਂਕ ਬਾਂਡ ਵਾਲਾ ਹੋਵੇਗਾ।
ਇਕਬਾਲ ਸਿੰਘ ਚੀਮਾ, ਨਵਾਂਸ਼ਹਿਰ
ਅਕਾਲੀ ਦਲ ਦਾ ਸੰਕਟ
28 ਜੂਨ ਦਾ ਸੰਪਾਦਕੀ ‘ਸ਼੍ਰੋਮਣੀ ਅਕਾਲੀ ਦਲ ਦਾ ਸੰਕਟ’ ਪੜ੍ਹਿਆ। ਪਾਰਟੀ 1920 ਤੋਂ ਸਿੱਖਾਂ ਦੀ ਅਗਵਾਈ ਕਰ ਰਹੀ ਹੈ। ਇਸ ਨੇ ਪੰਜਾਬ ਦੇ ਹਿੱਤ ਵਿੱਚ ਕਈ ਮੋਰਚੇ ਲਾਏ ਪਰ ਲੋਕਾਂ ਦਾ ਇਸ ਤੋਂ ਮੋਹ ਕਿਉਂ ਭੰਗ ਹੋ ਰਿਹਾ ਹੈ? ਇਹ ਵੱਡਾ ਸਵਾਲ ਹੈ। ਇਸ ’ਤੇ ਸਾਰਾ ਬਾਦਲ ਪਰਿਵਾਰ ਜ਼ਿੰਮੇਵਾਰ ਹੈ, ਕਹਿਣਾ ਸਹੀ ਨਹੀਂ ਹੋਵੇਗਾ। ਟਕਸਾਲੀ ਆਗੂ ਜੋ ਬਗਾਵਤੀ ਸੁਰ ਅਖ਼ਤਿਆਰ ਕਰ ਰਹੇ ਹਨ, ਵੀ ਆਪਣੀ ਜ਼ਿੰਮੇਵਾਰੀ ਤੋਂ ਬਰੀ ਨਹੀਂ ਹੋ ਸਕਦੇ। ਬਾਦਲ ਸਰਕਾਰ ਵੇਲੇ ਇਨ੍ਹਾਂ ਨੇ ਉਹ ਸਾਰੇ ਸੁੱਖ ਹਾਸਿਲ ਕੀਤੇ ਹਨ। ਇੱਕ-ਇੱਕ ਪਰਿਵਾਰ ਵਿੱਚ ਦੋ-ਦੋ ਅਹੁਦਿਆਂ ਦਾ ਆਨੰਦ ਮਾਣਿਆ ਹੈ ਤੇ ਹੁਣ ਤੱਕ ਪੈਨਸ਼ਨ ਲੈ ਰਹੇ ਹਨ। ਸੋ, ਮਾੜੇ ਹਾਲਾਤ ਲਈ ਇਹ ਵੀ ਓਨੇ ਹੀ ਭਾਗੀਦਾਰ ਹਨ। ਹੁਣ ਵਕਤ ਆ ਗਿਆ ਹੈ ਕਿ ਬਾਗ਼ੀ ਸੁਰ ਵਾਲੇ ਸਾਰੇ ਨੇਤਾ ਇਕੱਠੇ ਹੋ ਕੇ ਆਪਣੀ ਪੁਰਾਣੀਆਂ ਭੁੱਲਾਂ ਬਖਸ਼ਾ ਕੇ ਇਸ ਦਾ ਮੰਥਨ ਕਰਨ ਅਤੇ ਅਕਾਲੀ ਦਲ ਦੀ ਯੋਗ ਅਗਵਾਈ ਕਰਨ। ਪੰਜਾਬ ਦੇ ਹਿੱਤ ਵਿੱਚ ਜੇ ਕੁਰਸੀ ਵੀ ਤਿਆਗਣੀ ਪਵੇ ਤਾਂ ਸੰਕੋਚ ਨਾ ਕਰਨ ਕਿਉਂਕਿ ਪੰਜਾਬ ਦੇ ਭਲੇ ਲਈ 1920 ਵਾਲਾ ਅਕਾਲੀ ਦਲ ਸੁਰਜੀਤ ਹੋਣਾ ਬਹੁਤ ਜ਼ਰੂਰੀ ਹੈ।
ਗੁਰਮੀਤ ਸਿੰਘ ਵੇਰਕਾ, ਵੇਰਕਾ (ਅੰਮ੍ਰਿਤਸਰ)
ਲਾਲਸਾ ਬਰਾਸਤਾ ਮੁਆਫ਼ੀ
ਸਿਆਣਿਆਂ ਦਾ ਮੱਤ ਹੈ: ਜਾਣਬੁੱਝ ਕੇ ਕੀਤੀ ਗ਼ਲਤੀ ਦੀ ਮੁਆਫ਼ੀ ਨਹੀਂ ਹੁੰਦੀ ਪਰ ਅਣਜਾਣਪੁਣੇ ਵਿੱਚ ਹੋਈ ਗ਼ਲਤੀ ਬਖ਼ਸ਼ਣਯੋਗ ਹੁੰਦੀ ਹੈ। ਇੱਥੇ ਤਾਂ ਮਸਲੇ ਹੀ ਹੋਰ ਹਨ। ਸਾਰੇ ਵੇਲਾ ਬੀਤਣ ਤੋਂ ਬਾਅਦ ਜਾਗੇ ਹਨ। ਖਿਮਾ ਨਾਲ ਕੁਝ ਨਾ ਕੁਝ ਬਖ਼ਸ਼ੀਆਂ ਰਾਹਾਂ ਜ਼ਰੂਰ ਮਿਲ ਜਾਂਦੀਆਂ ਹਨ। ਅਹਿਸਾਸ ਕਰ ਕੇ ਪੰਥਕ ਏਕੇ ਲਈ ਸਭ ਅਕਾਲ ਤਖਤ ਦੇ ਦਰ ’ਤੇ ਸਵਾਲੀ ਬਣ ਕੇ ਖੜ੍ਹ ਜਾਂਦੇ ਤਾਂ ਸਭ ਦਾ ਭਲਾ ਸੀ। ਚਲੋ: ਅਣਜਾਣਪੁਣਾ ਸ਼ਾਇਦ ਇਹ ਸੀ ਕਿ ‘ਕੌਣ ਸਾਹਿਬ ਨੂੰ ਆਖੇ ਇੰਝ ਨਹੀਂ, ਇੰਝ ਕਰ’। ਮੁਆਫ਼ੀ ਮੰਗਣ ਵਾਲੇ ਸੱਤਾ ਮਾਣਦੇ ਸਮੇਂ ਚੁੱਪ ਰਹਿਣ ਕਰ ਕੇ ਗੁਨਾਹਗਾਰ ਤਾਂ ਹੈ ਹੀ, ਸੱਚ ਅਜੇ ਵੀ ਬੋਲਦੇ ਨਹੀਂ ਜਾਪਦੇ। ਚੁੱਪ ਦਾ ਸੱਚ ਇਹ ਸੀ: ਜੋ ਵੱਟਿਆ ਉਹ ਖੱਟਿਆ, ਜੋ ਰਾਜਸੀ ਲਾਹਾ ਮਿਲਦਾ ਹੈ, ਲੈ ਲਵੋ, ਬਾਕੀ ਦੇਖੀ ਜਾਊ। ਪਰਿਵਾਰਪ੍ਰਸਤੀ ਹੱਕ ਨਹੀਂ ਹੁੰਦਾ। ਅਜੇ ਵੀ ਮੁਆਫ਼ੀ ਦਾ ਫੁਰਨਾ ਦਿਲ ਦੀ ਆਵਾਜ਼ ਨਹੀਂ, ਇਹ ਤਾਂ ਜਨਤਾ ਜਨਾਰਦਨ ਦੇ ਰਾਹ ਦਿਖਾਉਣ ਕਰ ਕੇ ਹੈ। ਨਕਾਰਿਆ ਬੰਦਾ ਹੱਥ ਪੱਲਾ ਮਾਰਦਾ ਹੀ ਹੈ। ਜਦੋਂ ਧਿਆਨ ਨਾਲ ਸ਼ੀਸ਼ਾਂ ਦੇਖਿਆ ਤਾਂ ਲੱਗਿਆ ਕਿ ਇਹ ਝੂਠ ਨਹੀਂ ਬੋਲ ਰਿਹਾ। ਸੰਗਤ ਬਲਵਾਨ ਹੈ ਅਤੇ ਰਹੇਗੀ। ਉਂਝ ਅਠੱਤਰ ਤੋਂ ਸਤੰਨਵੇਂ ਤੱਕ ਦਾ ਸਫ਼ਰ ਵੀ ਸੰਗਤ ਦੀ ਕਚਹਿਰੀ ਵਿੱਚ ਪਿਆ ਹੈ।
ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ (ਰੂਪਨਗਰ)