ਪਾਠਕਾਂ ਦੇ ਖ਼ਤ
ਕਿਸਾਨੀ ਦਾ ਸੰਕਟ
28 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਪਾਰਸਾ ਵੈਂਕਟੇਸ਼ਵਰ ਰਾਓ ਜੂਨੀਅਰ ਦਾ ਲੇਖ ‘ਪੰਜਾਬ ਦਾ ਖੇਤੀ ਸੰਕਟ ਦੀਰਘ ਰੋਗ ਬਣਿਆ’ ਵਿਚ ਖੇਤੀ ਸੰਕਟ ਬਾਰੇ ਵਿਸਥਾਰ ਸਹਿਤ ਖੁਲਾਸਾ ਕੀਤਾ ਗਿਆ ਹੈ। ਹੁਣ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਕਿਸਾਨੀ ਨੂੰ ਸੰਕਟ ਵਿਚੋਂ ਕੱਢਣ ਲਈ ਉਪਰਾਲੇ ਕੀਤੇ ਜਾਣ। 1960ਵਿਆਂ ਦੌਰਾਨ ਜਿਵੇਂ ਹਰੀ ਕ੍ਰਾਂਤੀ ਰਾਹੀਂ ਅੰਨ ਆਤਮ-ਨਿਰਭਰਤਾ ਹਾਸਿਲ ਕੀਤੀ ਸੀ, ਹੁਣ ਉਸੇ ਤਰਜ਼ ਉੱਤੇ ਕਿਸਾਨਾਂ ਨੂੰ ਸੰਕਟ ਵਿਚੋਂ ਕੱਢਣ ਲਈ ਸਰਕਾਰ ਪਹਿਲਕਦਮੀ ਕਰੇ।
ਰੇਸ਼ਮ ਸਿੰਘ, ਹੁਸ਼ਿਆਰਪੁਰ
ਸਰਕਾਰੀ ਕਰਜ਼ੇ
28 ਫਰਵਰੀ ਨੂੰ ਰਾਜੀਵ ਖੋਸਲਾ ਨੇ ਆਪਣੇ ਲੇਖ ‘ਕੇਂਦਰ ਸਰਕਾਰ ਦੇ ਕਰਜ਼ੇ ਅਤੇ ਆਮ ਲੋਕਾਂ ’ਤੇ ਬੋਝ ਵਿਚ’ ਤੱਥਾਂ ਦੇ ਆਧਾਰ ’ਤੇ ਸਾਬਤ ਕੀਤਾ ਹੈ ਕਿ ਸਰਕਾਰੀ ਕਰਜ਼ੇ ਕਿਸ ਤਰ੍ਹਾਂ ਲੋਕਾਂ ਉੱਤੇ ਬੋਝ ਬਣਦੇ ਹਨ। ਲੇਖ ਵਿਚਲੀਆਂ ਸਾਰਣੀਆਂ ਦੱਸਦੀਆਂ ਹਨ ਕਿ ਯੂਪੀਏ ਅਤੇ ਐੱਨਡੀਏ ਸਰਕਾਰਾਂ ਕਿੰਨੇ ਪਾਣੀ ਵਿਚ ਹਨ/ਸਨ। ਇਹ ਸਭ ਕਾਰਪੋਰੇਟ ਪੱਖੀ ਨੀਤੀਆ ਦਾ ਨਤੀਜਾ ਹੈ।
ਜਸਵੰਤ ਸਿੰਘ ਸੇਖੋਂ, ਕਪੂਰਥਲਾ
ਵਤੀਰੇ ਖਿਲਾਫ਼ ਰੋਸ
27 ਫਰਵਰੀ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ 295ਏ ਅਤੇ ਹੋਰ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਕਮੇਟੀ ਪੰਜਾਬ ਦੀਆਂ ਜਮਹੂਰੀ, ਤਰਕਸ਼ੀਲ ਅਤੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ, ਕਲਾਕਾਰਾਂ, ਲੇਖਕਾਂ ਦੀਆਂ ਤਿੰਨ ਦਰਜਨ ਜਥੇਬੰਦੀਆਂ ਨੇ ਤਰਕਸ਼ੀਲ ਆਗੂਆਂ ਸੁਰਜੀਤ ਦੋਧਰ ਤੇ ਭੁਪਿੰਦਰ ਫ਼ੌਜੀ ਸਮੇਤ ਤਿੰਨ ਹੋਰ ਸਮਾਜਿਕ ਕਾਰਕੁਨਾਂ ਇਕਬਾਲ ਧਨੌਲਾ, ਸ਼ਾਇਨਾ ਰਾਮਾ ਮੰਡੀ ਅਤੇ ਦਵਿੰਦਰ ਮਹਿੰਦਵਾਣੀ ਗੜ੍ਹਸ਼ੰਕਰ ਖਿਲਾਫ਼ 295 ਅਤੇ 295ਏ ਦੇ ਨਾਜਾਇਜ਼ ਦਰਜ ਕੀਤੇ ਕੇਸ ਰੱਦ ਕਰਵਾਉਣ ਲਈ ਸਾਂਝੀ ਜਨਤਕ ਕਨਵੈਨਸ਼ਨ ਕੀਤੀ। ਪੰਜਾਬ ਪੁਲੀਸ ਨੇ ਜਨਵਰੀ ਮਹੀਨੇ ਇਹ ਸਾਰੇ ਕੇਸ ਤੱਥਾਂ ਦੀ ਜਾਂਚ ਪੜਤਾਲ ਤੋਂ ਬਿਨਾਂ ਦਰਜ ਕੀਤੇ ਅਤੇ ਇਨ੍ਹਾਂ ਵਿਚੋਂ ਚਾਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਦੋਂਕਿ ਸੁਪਰੀਮ ਕੋਰਟ ਦੇ ਅਰੁਣੇਸ਼ ਕੁਮਾਰ ਬਨਾਮ ਸਟੇਟ ਕੇਸ ਵਿਚ ਦਿੱਤੇ ਫ਼ੈਸਲੇ ਅਨੁਸਾਰ ਪੁਲੀਸ ਵੱਲੋਂ ਸੱਤ ਸਾਲ ਦੀ ਸਜ਼ਾ ਤੋਂ ਘੱਟ ਜੁਰਮ ਦੇ ਮੁਲਜ਼ਮ ਨੂੰ ਤੱਥਾਂ ਦੀ ਜਾਂਚ ਪੜਤਾਲ ਕੀਤੇ ਬਗ਼ੈਰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਪੰਦਰਾਂ ਦਿਨ ਪਹਿਲਾਂ ਸਾਂਝੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਇਨ੍ਹਾਂ ਕਾਰਕੁਨਾਂ ਉੱਤੇ ਨਾਜਾਇਜ਼ ਕੇਸ ਰੱਦ ਕਰਵਾਉਣ ਲਈ ਈਮੇਲ ਅਤੇ ਫੋਨ ਰਾਹੀਂ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਲਈ ਸਮਾਂ ਮੰਗਿਆ ਪਰ ਮੁੱਖ ਮੰਤਰੀ ਦਫ਼ਤਰ ਨੇ ਸਮਾਂ ਨਹੀਂ ਦਿੱਤਾ। ਕਨਵੈਨਸ਼ਨ ਮਗਰੋਂ ਸ਼ਹਿਰ ਵਿਚ ਰੋਸ ਮਾਰਚ ਕਰ ਕੇ ਡਿਪਟੀ ਕਮਿਸ਼ਨਰ ਅਤੇ ਐੱਸਡੀਐੱਮ ਦੀ ਗ਼ੈਰਹਾਜ਼ਰੀ ’ਚ ਰੋਸ ਵਜੋਂ ਤਹਿਸੀਲਦਾਰ (ਜਲੰਧਰ) ਰਾਹੀਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ ਅਤੇ ਪੰਜਾਬ ਸਰਕਾਰ, ਮੁੱਖ ਮੰਤਰੀ ਤੇ ਜਲੰਧਰ ਪ੍ਰਸ਼ਾਸਨ ਦੇ ਵਤੀਰੇ ਖਿਲਾਫ਼ ਸਖ਼ਤ ਰੋਸ ਦਾ ਪ੍ਰਗਟਾਵਾ ਕੀਤਾ ਗਿਆ।
ਸੁਮੀਤ ਸਿੰਘ, ਈਮੇਲ
ਕਿਸਾਨਾਂ ਦੀ ਤਕਲੀਫ਼
‘ਕਿਸਾਨ ਮੁੜ ਸੜਕਾਂ ’ਤੇ ਨਿੱਤਰੇ’ (ਡਾ. ਮੋਹਨ ਸਿੰਘ, 26 ਫਰਵਰੀ) ਲੇਖ ਵਿਚ ਲੇਖਕ ਨੇ ਕਿਸਾਨਾਂ ਦੀਆਂ ਤਕਲੀਫਾਂ ਦਾ ਵਰਨਣ ਕੀਤਾ ਹੈ। ਕਾਰਪੋਰੇਟ ਘਰਾਣੇ ਕਿਸਾਨਾਂ ਦੇ ਪੈਰ ਨਹੀਂ ਲੱਗਣ ਦੇ ਰਹੇ। ਕਿਸਾਨਾਂ ਨੂੰ ਫ਼ਸਲਾਂ ਦੇ ਵਾਜਬਿ ਭਾਅ ਨਹੀਂ ਮਿਲ ਰਹੇ। ਇੰਨੀ ਵੱਡੀ ਗਿਣਤੀ ਵਿਚ ਹੋ ਰਹੀਆਂ ਆਤਮ-ਹੱਤਿਆਵਾਂ ਫਿਕਰ ਵਾਲੀ ਗੱਲ ਹੈ। ਸਰਕਾਰਾਂ ਨੂੰ ਡਾਕਟਰ ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਫ਼ਸਲਾਂ ਦੇ ਭਾਅ ਪੱਕੇ ਮੁਕੱਰਰ ਕਰ ਕੇ ਕਿਸਾਨਾਂ ਦੀ ਬਾਂਹ ਫੜਨੀ ਬਣਦੀ ਹੈ।
ਮਲਕੀਤ ਸਿੰਘ ਅਖਾੜਾ, ਅਲਬਰਟਾ (ਕੈਨੇਡਾ)
(2)
26 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਛਪੇ ਲੇਖ ‘ਕਿਸਾਨ ਮੁੜ ਸੜਕਾਂ ’ਤੇ ਨਿੱਤਰੇ’ ਵਿਚ ਡਾ. ਮੋਹਨ ਸਿੰਘ ਨੇ ਕਿਸਾਨ ਸੰਕਟ ਦੇ ਪਿਛੋਕੜ ਬਾਰੇ ਭਾਵਪੂਰਤ ਚਰਚਾ ਕੀਤੀ ਹੈ। ਉਨ੍ਹਾਂ ਸਹੀ ਲਿਖਿਆ ਹੈ ਕਿ ਖੇਤੀ ਲਾਗਤਾਂ ਅਤੇ ਕੀਮਤਾਂ ਬਾਰੇ ਕਮਿਸ਼ਨ ਦੀ ਹੁਣ ਕੋਈ ਵੁੱਕਤ ਨਹੀਂ। ਕੇਂਦਰ ਸਰਕਾਰ ਕਾਰਪੋਰੇਟ ਖੇਤੀ ਦੇ ਹਿਸਾਬ ਨਾਲ ਚੱਲ ਰਹੀ ਹੈ। ਇਸੇ ਪ੍ਰਸੰਗ ਵਿਚ ਕਿਸਾਨ ਅੰਦੋਲਨ ਦੀ ਸਾਰਥਿਕਤਾ ਬਣਦੀ ਹੈ। ਕਿਸਾਨ ਅੰਦੋਲਨ ਸਮੇਂ ਦੀ ਲੋੜ ਹੈ। 25 ਫਰਵਰੀ ਨੂੰ ਅਰੁਣ ਮੈਰਾ ਦੇ ਲੇਖ ‘ਖੁੱਲ੍ਹੀ ਮੰਡੀ ਦੇ ਦੌਰ ਵਿਚ ਕੰਟਰੋਲ ਦੀ ਸਿਆਸਤ’ ਵਿਚ ਅਮਰੀਕਾ ਅਤੇ ਚੀਨ ਦੇ ਹਵਾਲੇ ਨਾਲ ਭਾਰਤ ਦੀ ਗੱਲ ਵੀ ਕੀਤੀ ਗਈ ਹੈ। ਖੁੱਲ੍ਹੀ ਮੰਡੀ ਨੇ ਬਹੁਤ ਸਾਰੀਆਂ ਧਾਰਨਾਵਾਂ ਸਿਰ ਭਾਰ ਕਰ ਦਿੱਤੀਆਂ ਹਨ ਪਰ ਭਾਰਤ ਨੂੰ ਲੋਕ-ਪੱਖ ਵਾਲੇ ਕੋਣ ਨੂੰ ਭੁੱਲਣਾ ਨਹੀਂ ਚਾਹੀਦਾ ਅਤੇ ਆਪਣੀਆਂ ਨੀਤੀਆਂ ਇਸੇ ਹਿਸਾਬ ਨਾਲ ਤੈਅ ਕਰਨੀਆਂ ਚਾਹੀਦੀਆਂ ਹਨ।
ਗੁਣਵੀਰ ਸਿੰਘ, ਜਲੰਧਰ
ਗੁਰੂ ਚੇਲਾ
26 ਫਰਵਰੀ ਦੇ ਅੰਕ ਵਿਚ ਰਕੇਸ਼ ਧਵਨ ਦਾ ਲੇਖ ‘ਘੂਰੀ ਦੀ ਚੂਰੀ’ ਪੜ੍ਹਿਆ। ਕੋਈ ਸਮਾਂ ਸੀ ਜਦੋਂ ਅਧਿਆਪਕ ਤੇ ਵਿਦਿਆਰਥੀ ਦਾ ਗੁਰੂ ਤੇ ਚੇਲੇ ਵਾਲਾ ਪਵਿੱਤਰ ਰਿਸ਼ਤਾ ਹੁੰਦਾ ਸੀ। ਬੱਚੇ ਵੀ ਅਧਿਆਪਕਾਂ ਦਾ ਸਤਿਕਾਰ ਕਰਦੇ ਸਨ ਅਤੇ ਡਰ ਵੀ ਮੰਨਦੇ ਸਨ। ਅਧਿਆਪਕ ਸਾਡੇ ਲਈ ਸਾਰੀ ਉਮਰ ਲਈ ਰਾਹ ਦਸੇਰਾ ਹੁੰਦੇ ਹਨ ਜੋ ਜ਼ਿੰਦਗੀ ਵਿਚ ਹਰ ਮੁਕਾਮ ਹਾਸਿਲ ਕਰਨ ਕਰਾਉਣ ਦੀ ਸਮਰੱਥਾ ਰੱਖਦੇ ਹਨ।
ਬੂਟਾ ਸਿੰਘ, ਚਤਾਮਲਾ (ਰੂਪਨਗਰ)
ਅਨੋਖੀ ਜਾਣਕਾਰੀ
24 ਫਰਵਰੀ ਨੂੰ ਸਤਰੰਗ ਦੇ ਇੰਟਰਨੈੱਟ ਪੰਨੇ ਉੱਤੇ ਕਮਲਜੀਤ ਕੌਰ ਗੁੰਮਟੀ ਦਾ ਲੇਖ ‘ਮੈਂ ਕੰਡਿਆਲੀ ਥੋਹਰ ਵੇ ਸੱਜਣਾ…’ ਪੜ੍ਹ ਕੇ ਅਨੋਖੀ ਜਾਣਕਾਰੀ ਪ੍ਰਾਪਤ ਹੋਈ। ਥੋਹਰ ਦੇ ਫਾਇਦੇ ਪੜ੍ਹ ਕੇ ਇਕ ਵਾਰ ਤਾਂ ਇੰਝ ਮਹਿਸੂਸ ਹੋਇਆ ਕਿ ਸੂਲਾਂ ਭਰਿਆ ਇਹ ਪੌਦਾ ਆਪਣੇ ਅੰਦਰ ਬਹੁਤ ਸਾਰੇ ਗੁਣ ਸਮੋਈ ਬੈਠਾ ਹੈ। ਇਹ ਪੌਦਾ ਸਾਨੂੰ ਹਰ ਰਾਹ ਗਲੀ ਬੜੀ ਆਸਾਨੀ ਨਾਲ ਦੇਖਣ ਨੂੰ ਮਿਲ ਜਾਂਦਾ ਹੈ।
ਨਵਜੋਤ ਕੌਰ ਕੁਠਾਲਾ (ਮਾਲੇਰਕੋਟਲਾ)
ਸਰਮਾਇਆ
20 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਸੁਨੀਤਾ ਪਾਹਵਾ ਦੀ ਰਚਨਾ ‘ਜੀਵਨ ਦਾਤੀ’ ਪੜ੍ਹਦਿਆਂ ਆਪਣੀ ਬੇਬੇ ਦਾ ਅਪਣੱਤ ਭਰਿਆ ਮਿਲਾਪੜਾ ਸੁਭਾਅ, ਉਹਦਾ ਰਹਿਣ-ਸਹਿਣ, ਉਹਦੀਆਂ ਸਿੱਖਿਆਦਾਇਕ ਗੱਲਾਂ, ਤੁਰਦੀ ਫਿਰਦੀ ਸਾਰਾ ਦ੍ਰਿਸ਼ ਅੱਖਾਂ ਸਾਹਮਣੇ ਘੁੰਮਣ ਲੱਗ ਪਿਆ। ਵਾਕਿਆ ਹੀ ਬਜ਼ੁਰਗ ਘਰ ਦਾ ਸਰਮਾਇਆ ਹੁੰਦੇ ਹਨ, ਸਾਨੂੰ ਆਪਣੇ ਬਜ਼ੁਰਗਾਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਚਾਹੀਦਾ ਹੈ। 16 ਫਰਵਰੀ ਨੂੰ ਰਾਵਿੰਦਰ ਫਫੜੇ ਦੀ ਰਚਨਾ ‘ਸਬਰ’ ਪੜ੍ਹਦਿਆਂ ਮਨ ਦੀ ਗਰਾਰੀ ਇੱਕੋ ਖਿਆਲ ’ਤੇ ਹੀ ਅੜ ਗਈ-ਸਿਆਣੇ ਕਹਿੰਦੇ ਨੇ ਕਿ ਬਹੁਤਾ ਮੂੰਹ ਅੱਡਿਆਂ ਮੱਖੀਆਂ ਈ ਪੈਂਦੀਆਂ ਨੇ। ਸ਼ਾਰਟ ਕੱਟ ਰਸਤੇ ’ਤੇ ਚੱਲਦਿਆਂ ਲੋੜ ਤੋਂ ਵੱਧ ਖਾਹਿਸ਼ਾਂ ਹੀ ਬੰਦੇ ਨੂੰ ਬੇਚੈਨ ਅਤੇ ਪਰੇਸ਼ਾਨ ਕਰਦੀਆਂ ਨੇ। ਇਸ ਦੇ ਉਲਟ ਸੀਮਤ ਦਾਇਰੇ ਵਿਚ ਰਹਿ ਕੇ ਨੇਕ ਨੀਅਤ ਤੇ ਇਮਾਨਦਾਰੀ ਨਾਲ ਦਸਾਂ ਨਹੁੰਆਂ ਦੀ ਕਿਰਤ-ਕਮਾਈ ਕਰਨ ਵਾਲਾ ਹੀ ਸੁਖੀ ਤੇ ਖੁਸ਼ਹਾਲ ਬੰਦਾ ਹੁੰਦਾ ਹੈ।
ਅਮਰਜੀਤ ਮੱਟੂ, ਪਿੰਡ ਭਰੂਰ (ਸੰਗਰੂਰ)
ਸਰਕਾਰ ਦਾ ਵਿਹਾਰ
ਕਿਸਾਨ ਅੰਦੋਲਨ ਦੌਰਾਨ ਸ਼ੁਭਕਰਨ ਸਿੰਘ ਦੀ ਮੌਤ ਨੇ ਮੌਜੂਦਾ ਕੇਂਦਰ ਸਰਕਾਰ ਦਾ ਜ਼ਾਲਮ ਚਿਹਰਾ ਲੋਕਾਂ ਅੱਗੇ ਉਘਾੜ ਦਿੱਤਾ ਹੈ। ਇਸ ਨੇ ਹਰਿਆਣਾ ਪੁਲੀਸ ਦਾ ਚਿਹਰਾ ਵੀ ਨੰਗਾ ਕੀਤਾ ਹੈ ਜੋ ਅਕਸਰ ‘ਕਿਸਾਨ ਪੱਖੀ’ ਹੋਣ ਦਾ ਅਲਾਪ ਕਰਦੀ ਰਹਿੰਦੀ ਹੈ। ਇਸ ਮੌਤ ਨਾਲ ਸਪਸ਼ਟ ਹੋ ਗਿਆ ਹੈ ਕਿ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਕਿਸਾਨਾਂ ਨਾਲ ਕਿਹੋ ਜਿਹਾ ਵਿਹਾਰ ਕਰ ਰਹੀ ਹੈ। ਅਜਿਹੀਆਂ ਜ਼ਾਲਮਾਨਾ ਕਾਰਵਾਈਆਂ ਲਈ ਜ਼ਿੰਮੇਵਾਰ ਪੁਲੀਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਐੱਸਕੇ ਖੋਸਲਾ, ਚੰਡੀਗੜ੍ਹ
ਅਖ਼ਬਾਰ ਦੀ ਮਹੱਤਤਾ
22 ਫਰਵਰੀ ਦੇ ਅੰਕ ਵਿਚ ਹੀਰਾ ਸਿੰਘ ਭੂਪਾਲ ਦਾ ਲਿਖਿਆ ਮਿਡਲ ‘ਦਰਿਆਵਾਂ ਨੂੰ ਨੱਕੇ ਨਹੀਂ ਲਗਦੇ’ ਅਖ਼ਬਾਰਾਂ ਦੀ ਮਹੱਤਤਾ ਦਰਸਾਉਂਦਾ ਹੈ। ਲੇਖਕ ਨੇ ਠੀਕ ਕਿਹਾ ਹੈ ਕਿ ਅਖ਼ਬਾਰ ਪੜ੍ਹਨ ਦਾ ਆਪਣਾ ਹੀ ਨਸ਼ਾ ਹੁੰਦਾ ਹੈ। ਅਖ਼ਬਾਰ ਪੜ੍ਹਨ ਦਾ ਸ਼ੌਕੀਨ ਆਦਮੀ ਬੱਸ ਵਿਚ ਖੜ੍ਹਾ ਖੜ੍ਹਾ ਵੀ ਸੀਟ ਉੱਪਰ ਬੈਠੀ ਸਵਾਰੀ ਦਾ ਅਖ਼ਬਾਰ ਪੜ੍ਹ ਲੈਂਦਾ ਹੈ। ਉਂਝ ਜਿਸ ਨੇ ਨਹੀਂ ਪੜ੍ਹਨਾ ਹੁੰਦਾ, ਉਸ ਕੋਲ ਨਾ ਪੜ੍ਹਨ ਦੇ ਸੌ ਬਹਾਨੇ ਹੁੰਦੇ ਹਨ। ਕਰੋਨਾ ਕਾਲ ਦੌਰਾਨ ਬਹੁਤ ਸਾਰੇ ਪਾਠਕਾਂ ਨੇ ਲਾਗ ਦੇ ਡਰੋਂ ਅਖ਼ਬਾਰ ਬੰਦ ਕਰਵਾ ਦਿੱਤੇ ਪਰ ਬਾਅਦ ਵਿਚ ਦੁਬਾਰਾ ਨਹੀਂ ਲਗਾਏ ਜਿਸ ਕਾਰਨ ਅਖ਼ਬਾਰਾਂ ਦੀ ਵਿਕਰੀ ਉੱਤੇ ਬੁਰਾ ਅਸਰ ਪਿਆ। ਇਕ ਖਿਆਲ ਇਹ ਵੀ ਹੈ ਕਿ ਨਵੀਂ ਪੀੜ੍ਹੀ ਅਖ਼ਬਾਰ ਅਤੇ ਕਿਤਾਬਾਂ ਤੋਂ ਦੂਰ ਜਾ ਰਹੀ ਹੈ; ਇਸ ਦਾ ਧਿਆਨ ਮੋਬਾਈਲ ਵੱਲ ਵਧੇਰੇ ਹੈ।
ਅਵਤਾਰ ਸਿੰਘ, ਮੋਗਾ