ਪਾਠਕਾਂ ਦੇ ਖ਼ਤ
ਪੰਜਾਬੀ ’ਚ ਕੰਫਰਟੇਬਲ?
13 ਦਸੰਬਰ ਦਾ ਮਿਡਲ ‘ਪੰਜਾਬੀ ’ਚ ਕੰਫਰਟੇਬਲ ਹਾਂ’ ਵਿਚ ਸੁਖਪਾਲ ਸਿੰਘ ਗਿੱਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਪਰਾਲੀ ਸਾੜਨ ਦੀ ਬਜਾਇ ‘ਸਟੱਬਲ ਬਰਨਿੰਗ’ ਲਿਖਿਆ ਜੋ ਸੱਚਮੁੱਚ ਅਜੀਬ ਲੱਗਦਾ ਹੈ। ਅੰਗਰੇਜ਼ੀ ਵਿਚ ਨਣਦ, ਸਾਲੀ, ਦਰਾਣੀ, ਜੇਠਾਣੀ, ਭਾਬੀ, ਛੋਟੀ ਭਰਜਾਈ ਆਦਿ ਰਿਸ਼ਤਿਆਂ ਨੂੰ ਸਿਸਟਰ-ਇਨ-ਲਾਅ ਕਹਿਣ ਤੋਂ ਕੀ ਪਤਾ ਲੱਗੇਗਾ? ਗਰੈਂਡਸਨ ਦਾ ਪਤਾ ਨਹੀਂ ਲੱਗਦਾ ਕਿ ਦੋਹਤਾ ਹੈ ਜਾਂ ਪੋਤਰਾ। ਇਸ ਰਚਨਾ ਦਾ ਸਿਰਲੇਖ ਹੀ ਕਾਫੀ ਕੁਝ ਬਿਆਨ ਕਰ ਰਿਹਾ ਹੈ। 8 ਦਸੰਬਰ ਦੀ ਸੰਪਾਦਕੀ ਵਿਚ ਇੰਡੀਆ ਗੱਠਜੋੜ ਦੀਆਂ ਮੁਸ਼ਕਿਲਾਂ ਦੇ ਕਾਰਨ ਗਿਣਾਏ ਗਏ ਹਨ। ਮੁੱਖ ਮੁਸ਼ਕਿਲ ਜੋ ਰਹਿ ਗਈ, ਵਰਤਮਾਨ ਸਮੇਂ ਭਾਰਤੀ ਜਨਤਾ ਪਾਰਟੀ ਦਾ 85 ਫ਼ੀਸਦੀ ਵੋਟਰਾਂ ਦੇ ਧਰਮ ਦਾ ਫਾਇਦਾ ਉਠਾਉਣਾ ਹੈ। ਇਸ ਦੇ ਨਾਲ ਹੀ ਰਾਜਸਥਾਨ ਵਿਚ ਕਾਂਗਰਸ ਆਗੂ ਸਚਿਨ ਪਾਇਲਟ ਦਾ ਅੰਦਰੋਂ ਗਹਿਲੋਤ ਵਿਰੋਧੀ ਹੋਣਾ, ਮੱਧ ਪ੍ਰਦੇਸ਼ ਵਿਚ ਕਮਲ ਨਾਥ ਦਾ ਅਖਿਲੇਸ਼ ਨੂੰ ‘ਵਿਖਲੇਸ਼’ ਆਖ ਕੇ ਕਾਂਗਰਸ ਨੂੰ ਪਿਛਾਂਹ ਖਿੱਚਣਾ, ਛੱਤੀਸਗੜ੍ਹ ਨੂੰ ਗੰਭੀਰਤਾ ਨਾਲ ਨਾ ਲੈਣਾ ਆਦਿ ਮਸਲੇ ਵੀ ਤਾਂ ਹਨ। ਕਾਂਗਰਸ ਦੇ ਪ੍ਰਸਿੱਧ ਨੇਤਾ ਤਾਂ ਨਹੀਂ ਪਰ ਬਹੁਮਨ-ਪਿਆਰੇ ਡਾਕਟਰ ਮਨਮੋਹਨ ਸਿੰਘ ਨੂੰ ਭੁਲਾ ਦੇਣਾ ਵੱਡਾ ਘਾਟਾ ਹੈ। 2019 ਦੀਆਂ ਚੋਣਾਂ ਸਮੇਂ ਪੁਲਵਾਮਾ ਦੁਖਾਂਤ ਦਾ ਬਦਲਾ ਲੈਣ ਦਾ ਬਹਾਨਾ ਭਾਜਪਾ ਦੀ ਜਿੱਤ ਦਾ ਕਾਰਨ ਬਣਿਆ, ਹੁਣ 2024 ਦੀਆਂ ਚੋਣਾਂ ਲਈ ਰਾਮ ਮੰਦਰ ਵਰਗੇ ਮਾਮਲੇ ਦਾ ਭਾਜਪਾ ਫਾਇਦਾ ਉਠਾਵੇਗੀ। 4 ਦਸੰਬਰ ਦੇ ਮਿਡਲ ‘ਲੇਖਾ’ ਵਿਚ ਸੱਤਪਾਲ ਸਿੰਘ ਨੇ ਆਪਣੇ ਪਿੰਡ ਦੇ ਫੱਕਰ ਬਾਰੇ ਲਿਖਿਆ ਹੈ। ਲਗਭੱਗ ਹਰ ਪਿੰਡ ਵਿਚ ਅਜਿਹਾ ਆਦਮੀ ਜੋ ਫਿਕਰ, ਲਾਲਚ, ਬੇਈਮਾਨੀ ਅਤੇ ਜਾਇਦਾਦ ਮੁਕਤ ਹੁੰਦਾ ਹੈ, ਮਿਲ ਜਾਂਦਾ ਹੈ। ਜੇ ਕੁਝ ਮਿਲ ਗਿਆ ਤਾਂ ਖਾ ਲਿਆ, ਨਹੀਂ ਤਾਂ ਭੁੱਖਾ ਰਹਿ ਕੇ ਵੀ ਚੰਗਾ ਹੈ। ਲਿਖਤ ਦੇ ਅਖ਼ੀਰ ਵਾਲਾ ਫੱਕਰ ਦਾ ਸਵਾਲ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਇਕ ਪਾਰਟੀ ਦੀ ਹਕੂਮਤ
8 ਦਸੰਬਰ ਦਾ ਸੰਪਾਦਕੀ ‘ਇੰਡੀਆ’ ਗੱਠਜੋੜ ਲਈ ਮੁਸ਼ਕਿਲਾਂ’ ਆਪਣੇ ਆਪ ਵਿਚ ਪੂਰਨ ਮਹਿਸੂਸ ਹੁੰਦਾ ਹੈ। ਅਜਿਹਾ ਕੋਈ ਪੱਖ ਨਹੀਂ ਛੱਡਿਆ ਜਿਹੜਾ ਵਿਚਾਰਿਆ ਨਾ ਗਿਆ ਹੋਵੇ। ‘ਇੰਡੀਆ’ ਗੱਠਜੋੜ ਦੀ ਮਜ਼ਬੂਤੀ ਬਾਰੇ ਫ਼ਿਕਰਮੰਦੀ ਦਾ ਅਰਥ ਇਹ ਨਹੀਂ ਕਿ ਸਾਡੀ ਸੋਚ ਇਨ੍ਹਾਂ ਨੂੰ ਸਮਰਪਿਤ ਹੈ। ਸਾਡਾ ਮਕਸਦ ਤਾਂ ਕੇਵਲ ਦੇਸ਼ ਵਿਚ ਇਕ ਪਾਰਟੀ ਦੀ ਹਕੂਮਤ ਦੇ ਭਾਰੂ ਹੋਣ ਤੋਂ ਬਚਣ ਲਈ ਹੈ ਤਾਂ ਜੋ ਤਾਨਾਸ਼ਾਹੀ ਰੁਝਾਨ ਸਿਰੇ ਨਾ ਚੜ੍ਹ ਸਕਣ। ਹਿੰਦੀ ਭਾਸ਼ੀ ਸੂਬਿਆਂ ਦੀਆਂ ਚੋਣਾਂ ਕਾਂਗਰਸ ਨੇ ਗੱਠਜੋੜ ਦੀ ਅਹਿਮੀਅਤ ਨਕਾਰ ਕੇ ਇਸ ਸੋਚ ਨਾਲ ਲੜੀਆਂ ਕਿ ਉਹ ਜਿੱਤ ਜਾਵੇਗੀ ਤੇ ਦੂਜੀਆਂ ਸਹਿਯੋਗੀ ਪਾਰਟੀਆਂ ਉਸ ਨੂੰ ਧੌਂਸ ਨਹੀਂ ਦਿਖਾ ਸਕਣਗੀਆਂ। ਖ਼ੁਦਗਰਜ਼ੀ ਵਾਲਾ ਇਹ ਰਵੱਈਆ ਕਾਂਗਰਸ ਲਈ ਹਾਨੀਕਾਰਕ ਸਾਬਤ ਹੋਇਆ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਜਗਿਆਸਾ
8 ਦਸੰਬਰ ਦਾ ਜਸਵਿੰਦਰ ਸੁਰਗੀਤ ਦਾ ਮਿਡਲ ਕਾਲਮ ‘ਬੁਝਾਰਤ’ ਪੜ੍ਹਨ ਨੂੰ ਮਿਲਿਆ, ਵਧੀਆ ਲੱਗਿਆ। ਲੇਖਕ ਦੀ ਜ਼ਿੰਦਗੀ ਦੇ ਅਣਸੁਲਝੇ ਸਵਾਲਾਂ ਬਾਰੇ ਜਾਨਣ ਦੀ ਇੱਛਾ ਬਾਰੇ ਜਗਿਆਸਾ ਚੰਗੀ ਲੱਗੀ।
ਸੁਖਵਿੰਦਰ ਸਿੰਘ, ਸਮਰਾਲਾ (ਲੁਧਿਆਣਾ)
(2)
ਜਸਵਿੰਦਰ ਸੁਰਗੀਤ ਦੀ ‘ਬੁਝਾਰਤ’ (8 ਦਸੰਬਰ) ਸੱਚਮੁੱਚ ਬੁਝਾਰਤ ਹੈ ਪਰ ਰਚਨਾ ਦੇ ਅਖ਼ੀਰ ਵਿਚ ਲੇਖਕ ਦਾ ਗੁਣਗਣਾਉਣਾ ਤਸੱਲੀ ਦਾ ਸੂਚਕ ਹੈ। ਦਰਅਸਲ ਜ਼ਿੰਦਗੀ ਇਵੇਂ ਹੀ ਚੱਲਦੀ ਹੈ, ਭਵਿੱਖ ਦਾ ਪਾਰ ਪਾਉਣਾ ਸੌਖਾ ਨਹੀਂ। ਇਸ ਲਈ ਵਰਤਮਾਨ ਹੀ ਜ਼ਿੰਦਗੀ ਹੈ।
ਕੁਲਬੀਰ ਸਿੰਘ ਮਾਹਿਲ, ਜਲੰਧਰ
ਬਰਾਬਰੀ ਦੇ ਹੱਕ
5 ਦਸੰਬਰ ਦੇ ਲੋਕ ਸੰਵਾਦ ਪੰਨੇ ’ਤੇ ਨੀਰਾ ਚੰਢੋਕ ਦਾ ਲੇਖ ‘ਗ਼ਰੀਬੀ: ਬਰਾਬਰੀ ਦੇ ਹੱਕ ਦੀ ਗੰਭੀਰ ਉਲੰਘਣਾ’ ਦੇਸ਼ ਵਿਚੋਂ ਗ਼ਰੀਬੀ ਖ਼ਤਮ ਕਰਨ ਦੀ ਉਨ੍ਹਾਂ ਦੀ ਚਿੰਤਾ ਨੂੰ ਬਾਖ਼ੂਬੀ ਜ਼ਾਹਿਰ ਕਰਦਾ ਹੈ। ਜਿੱਥੋਂ ਤਕ ਰਿਜ਼ਰਵੇਸ਼ਨ ਦਾ ਸਵਾਲ ਹੈ, ਇਸ ਦਾ ਮੌਜੂਦਾ ਸਿਸਟਮ ਇੰਨਾ ਨੁਕਸਦਾਰ ਹੈ ਕਿ ਇਹ ਗ਼ਰੀਬਾਂ ਨੂੰ ਹੋਰ ਗ਼ਰੀਬ ਤੇ ਅਮੀਰਾਂ ਨੂੰ ਹੋਰ ਅਮੀਰ ਹੀ ਕਰਦਾ ਹੈ। ਜਦੋਂ ਤਕ ਇਸ ਦਾ ਆਧਾਰ ਆਰਥਿਕ ਨਾ-ਬਰਾਬਰੀ ਨਹੀਂ ਕੀਤਾ ਜਾਂਦਾ, ਉਦੋਂ ਤਕ ਗ਼ਰੀਬੀ ਨੂੰ ਖ਼ਤਮ ਕਰਨਾ ਨਾ-ਮੁਮਕਿਨ ਹੈ। ਇਸ ਦਾ ਫ਼ਾਇਦਾ ਸਿਰਫ਼ ਆਰਥਿਕ ਤੌਰ ’ਤੇ ਮਜ਼ਬੂਤ ਲੋਕ ਹੀ ਲੈਂਦੇ ਰਹਿਣਗੇ। ਮਸਲਾ ਸ਼ਾਇਦ ਵੋਟਾਂ ਅਤੇ ਕੁਰਸੀ ਦਾ ਹੈ। 4 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਕੰਵਲਜੀਤ ਕੌਰ ਗਿੱਲ ਨੇ ਆਪਣੇ ਲੇਖ ‘ਮਨੁੱਖੀ ਅਧਿਕਾਰਾਂ ਦੇ ਮਸਲੇ’ ਵਿਚ ਮਨੁੱਖੀ ਅਧਿਕਾਰਾਂ ਖ਼ਾਸ ਤੌਰ ’ਤੇ ਔਰਤਾਂ ਦੇ ਅਧਿਕਾਰਾਂ ਬਾਰੇ ਨਿੱਠ ਕੇ ਵਿਚਾਰ ਕੀਤੀ ਹੈ ਪਰ ਲੱਗਦਾ ਹੈ ਕਿ ਭਾਰਤ ਵਿਚ ਅਜਿਹੇ ਸ਼ਬਦ ਸਿਰਫ਼ ਜੁਮਲਾ ਬਣ ਕੇ ਰਹਿ ਗਏ ਹਨ। ਜਿੰਨੇ ਮਰਜ਼ੀ ਐਲਾਨਨਾਮੇ ਹੋ ਜਾਣ, ਜਿੰਨੀਆਂ ਮਰਜ਼ੀ ਭਾਸ਼ਾਵਾਂ ਵਿਚ ਉਨ੍ਹਾਂ ਦੇ ਅਨੁਵਾਦ ਹੋ ਜਾਣ, ਲੋੜ ਤਾਂ ਉਨ੍ਹਾਂ ਨੂੰ ਲਾਗੂ ਕਰਨ ਦੀ ਨੀਅਤ ਦੀ ਹੈ। ਸਾਡੀਆਂ ਸਰਕਾਰਾਂ ਕੋਲ ਨਾ ਤਾਂ ਇਨ੍ਹਾਂ ਨੂੰ ਲਾਗੂ ਕਰਨ ਅਤੇ ਕਰਵਾਉਣ ਦੀਆਂ ਯੋਗ ਨੀਤੀਆਂ ਹਨ ਅਤੇ ਨਾ ਹੀ ਨੀਅਤ।
ਡਾ. ਤਰਲੋਚਨ ਕੌਰ, ਪਟਿਆਲਾ
ਕਾਹਲ ਵਾਲਾ ਫ਼ੈਸਲਾ
8 ਦਸੰਬਰ ਨੂੰ ਸੰਸਦ ਦੀ ਸਦਾਚਾਰ ਕਮੇਟੀ ਦੀ ਰਿਪੋਰਟ ਲੋਕ ਸਭਾ ਵਿਚ ਪੇਸ਼ ਕੀਤੀ ਗਈ। ਦੋ ਘੰਟਿਆਂ ਵਿਚ ਹੀ ਵੋਟਿੰਗ ਵੀ ਕਰਵਾ ਲਈ ਗਈ ਅਤੇ ਸਬੰਧਿਤ ਸੰਸਦ ਮੈਂਬਰ ਮਹੂਆ ਮੋਇਤਰਾ ਤੇ ਵਿਰੋਧੀ ਧਿਰ ਦੇ ਹੋਰ ਸੰਸਦ ਮੈਂਬਰਾਂ ਦੀ ਵੇਰਵੇ ਸਹਿਤ ਬਹਿਸ ਕਰਵਾਉਣ ਦੀ ਮੰਗ ਦਰਕਿਨਾਰ ਕਰ ਦਿੱਤੀ ਗਈ। ਜਦੋਂ ਸਭ ਕੁਝ ਬਾਰੇ ਫ਼ੈਸਲਾ ਪਹਿਲਾਂ ਹੀ ਹੋ ਚੁੱਕਾ ਸੀ, ਫਿਰ ਸੰਸਦ ਵਿਚ ਰਿਪੋਰਟ ਪੇਸ਼ ਕਰਨ ਦਾ ਮਤਲਬ ਕੀ ਰਹਿ ਜਾਂਦਾ ਹੈ?
ਐੱਸਕੇ ਖੋਸਲਾ, ਚੰਡੀਗੜ੍ਹ
ਅਹਿਮਦ ਸਲੀਮ ਦਾ ਹਾਸਲ
13 ਦਸੰਬਰ ਦੇ ਵਿਰਾਸਤ ਪੰਨੇ ਉੱਤੇ ਸਵਰਾਜਬੀਰ ਦਾ ਲੇਖ ‘ਸ਼ਾਇਰ ਦੇਸ ਪੰਜਾਬ ਦਾ, ਅਹਿਮਦ ਉਹਦਾ ਨਾਂ’ ਅਹਿਮਦ ਸਲੀਮ ਦੇ ਹਵਾਲੇ ਨਾਲ ਬਾਕਮਾਲ ਰਚਨਾ ਹੈ। ਅਹਿਮਦ ਸਲੀਮ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਨਾਇਆ ਅਜ਼ੀਮ ਸ਼ਾਇਰ ਸੀ। ਲੇਖ ਸੱਚੇ ਸੁੱਚੇ ਸ਼ਬਦਾਂ ਨਾਲ ਉਸ ਦੇ ਵਿਛੋੜੇ ਨੂੰ ਯਾਦ ਕਰਦਾ ਹੈ। ਮਿੱਟੀ ਵਿਚੋਂ ਉਗਮੇ ਸ਼ਾਇਰ ਸਦਾ ਸਾਡੇ ਮੱਥਿਆਂ ਵਿਚ ਚਿਰਾਗਾਂ ਵਾਂਗ ਬਲ਼ਦੇ ਰਹਿੰਦੇ ਹਨ। ਉਨ੍ਹਾਂ ਦੇ ਤੁਰ ਜਾਣ ਦਾ ਅਫ਼ਸੋਸ ਹੈ ਪਰ ਇਸ ਗੱਲ ਦੀ ਤਸੱਲੀ ਹੈ ਕਿ ਉਨ੍ਹਾਂ ਦਾ ਕਲਾਮ ਸਾਡਾ ਹਾਸਲ ਹੈ ਤੇ ਹਾਸਲ ਕਦੇ ਮੁੱਕਦੇ ਨਹੀਂ। ਅਸੀਂ ਅਹਿਮਦ ਸਲੀਮ ਨੂੰ ਯਾਦ ਕਰ ਕਰ ਕੇ ਉਨ੍ਹਾਂ ਦੀਆਂ ਬਾਤਾਂ ਪਾਉਂਦੇ ਰਹਾਂਗੇ। ਇਸ ਸ਼ਾਨਦਾਰ ਮਨੁੱਖ ਅਤੇ ਕਾਮਲ ਸ਼ਾਇਰ ਨੂੰ ਸਲਾਮ।
ਪਰਮਜੀਤ ਢੀਂਗਰਾ, ਈਮੇਲ