ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਠਕਾਂ ਦੇ ਖ਼ਤ

06:42 AM Dec 15, 2023 IST

ਕੁਦਰਤੀ ਆਫ਼ਤਾਂ ਦੇ ਸਬਕ

12 ਦਸੰਬਰ 2023 ਦੇ ਲੋਕ ਸੰਵਾਦ ਪੰਨੇ ਉੱਤੇ ਡਾ. ਗੁਰਿੰਦਰ ਕੌਰ ਦਾ ਲੇਖ ‘ਮਿਚੌਂਗ ਚੱਕਰਵਾਤ: ਸਮੁੰਦਰੀ ਤੂਫ਼ਾਨਾਂ ਦਾ ਵਧਦਾ ਵਰਤਾਰਾ’ ਅੰਕੜਿਆਂ ਭਰਪੂਰ ਲੇਖ ਪੜ੍ਹਿਆ। ਲੇਖਕ ਨੇ ਵਿਸ਼ੇ ਦੇ ਹਰ ਪਹਿਲੂ ਨੂੰ ਬੜੀ ਬਾਰੀਕੀ ਨਾਲ ਛੋਹਿਆ ਹੈ। ਇੱਥੇ ਇਹ ਜਾਨਣਾ ਵੀ ਜ਼ਰੂਰੀ ਹੈ ਕਿ ਭਾਵੇਂ ਮੌਜੂਦਾ ਸਮੇਂ ਵਿਚ ਪਿਛਲੇ ਕੁਝ ਦਹਾਕਿਆਂ ਦੇ ਮੁਕਾਬਲੇ, ਮੌਸਮੀ ਤਬਦੀਲੀ ਨਾਲ ਸਬੰਧਿਤ ਘਟਨਾਵਾਂ ਦੀ ਤੀਬਰਤਾ ਵਿਚ ਵਾਧਾ ਵਿਸ਼ਵ ਭਰ ਵਿਚ ਹੋ ਰਿਹ ਹੈ ਪਰ ਜੇਕਰ ਅਸੀਂ ਪਿਛਲੇ ਸਮਿਆਂ ਵਿਚ ਵਾਪਰੀਆਂ ਆਫ਼ਤਾਂ ਦੇ ਸਬਕਾਂ ਨੂੰ ਆਧਾਰ ਬਣਾ ਕੇ ਯੋਜਨਾਵਾਂ ਬਣਾਉਂਦੇ ਹਾਂ ਤਾਂ ਅਸੀਂ ਕਿਸੇ ਵੀ ਆਫ਼ਤ, ਕੁਦਰਤੀ ਜਾਂ ਗ਼ੈਰ-ਕੁਦਰਤੀ, ਤੋਂ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਨੂੰ ਲਾਜ਼ਮੀ ਤੌਰ ’ਤੇ ਘਟਾ ਸਕਦੇ ਹਾਂ। ਮੌਸਮ ਵਿਭਾਗ ਦੀ ਭਵਿੱਖਬਾਣੀ ਦਾ ਸਟੀਕ ਹੋਣ ਦੇ ਨਾਲ ਹਰ ਆਮ ਨਾਗਰਿਕ ਤਕ ਪਹੁੰਚਣਾ, ਪ੍ਰਸ਼ਾਸਨ ਦੀ ਪੈਦਾ ਵਾਲੇ ਹਾਲਾਤ ਨਾਲ ਨਜਿੱਠਣ ਦੀ ਤਿਆਰੀ, ਆਮ ਨਾਗਰਿਕਾਂ ਦੀ ਤਿਆਰੀ, ਵਿਦਿਆਰਥੀਆਂ ਨੂੰ ਜਲਵਾਯੂ ਖ਼ਿੱਤੇ ਮੁਤਾਬਿਕ ਸੰਭਾਵੀ ਆਫ਼ਤਾਂ ਬਾਰੇ ਜਾਗਰੂਕ ਕਰਨਾ ਤੇ ਸਿਖਲਾਈ ਲਾਹੇਵੰਦ ਹੋ ਸਕਦੀ ਹੈ।
ਪ੍ਰੋ. ਨਵਜੋਤ ਸਿੰਘ, ਪਟਿਆਲਾ

Advertisement

ਸੱਚ ’ਤੇ ਪਹਿਰਾ

14 ਦਸੰਬਰ ਨੂੰ ਸੰਤੋਖ ਗਿੱਲ ਦੀ ਰਚਨਾ ‘ਕਲਮਾਂ ਉੱਪਰ ਪਹਿਰਾ’ ਪੜ੍ਹਦਿਆਂ ਪੜ੍ਹਦਿਆਂ ਜਦੋਂ ਅਖ਼ੀਰ ਵਿਚ ਪੜ੍ਹਿਆ ਕਿ ਪੱਤਰਕਾਰੀ ਨੇ ਨਿੱਗਰ ਤੇ ਲੋਕ ਪੱਖੀ ਭੂਮਿਕਾ ਨਿਭਾਈ ਹੈ ਤੇ ਇਸ ਸਮੇਂ ਵੀ ਪੱਤਰਕਾਰਾਂ ਸਿਰ ਵੱਡੀ ਜ਼ਿੰਮੇਵਾਰੀ ਹੈ ਕਿ ਲੋਕਾਂ ਦੇ ਮੁੱਦਿਆਂ ਨੂੰ ਅਖ਼ਬਾਰਾਂ, ਟੈਲੀਵਿਜ਼ਨ ਚੈਨਲਾਂ ਤੇ ਸ਼ੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਉਠਾਉਣ, ਤਾਂ ਜ਼ਿਹਨ ਵਿਚ ਖਿਆਲ ਆਇਆ ਕਿ ਮੀਡੀਆ ਵਾਲਿਆਂ ਨੂੰ ਸੱਚ ’ਤੇ ਪਹਿਰਾ ਦਿੰਦੇ ਹੋਏ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਇਹ ਅੱਜ ਦੇ ਸਮੇਂ ਦੀ ਲੋੜ ਵੀ ਹੈ।
ਅਮਰਜੀਤ ਮੱਟੂ, ਪਿੰਡ ਭਰੂਰ (ਸੰਗਰੂਰ)

ਕੈਨੇਡਾ ਹੁਣ ਆਸਾਨ ਨਹੀਂ

13 ਦਸੰਬਰ ਦੇ ਨਜ਼ਰੀਆ ਪੰਨੇ ਉੱਤੇ ਬੀਐੱਸ ਘੁੰਮਣ ਦਾ ਲੇਖ ‘ਕੈਨੇਡਾ ਵਿਚ ਉਚੇਰੀ ਸਿੱਖਿਆ ਬਾਰੇ ਫ਼ੈਸਲਾ ਕਰਦਿਆਂ’ ਜਾਣਕਾਰੀ ਭਰਪੂਰ ਸੀ। ਆਮ ਦੇਖਣ ਵਿਚ ਆਉਂਦਾ ਹੈ ਕਿ ਤਕਰੀਬਨ ਹਰ ਵਿਦਿਆਰਥੀ ਪਲੱਸ ਟੂ ਕਰਨ ਤੋਂ ਬਾਅਦ ਆਈਲਸ ਕਰ ਕੇ ਕੈਨੇਡਾ ਜਾਂ ਆਸਟਰੇਲੀਆ ਜਾਂ ਯੂਕੇ ਜਾਣ ਦੀ ਹੋੜ ਵਿਚ ਲੱਗ ਜਾਂਦਾ ਹੈ। ਹੁਣ ਕੈਨੇਡਾ ਵਿਚ ਵੱਸਣਾ ਇੰਨਾ ਆਸਾਨ ਨਹੀਂ। ਉੱਥੇ ਹੁਣ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਹੈ। ਪਹਿਲਾਂ ਤਾਂ ਕੰਮ ਹੀ ਮੱਤ ਮਾਰ ਦਿੰਦਾ ਹੈ, ਦੂਜਾ ਮਹਿੰਗਾਈ ਬਹੁਤ ਜ਼ਿਆਦਾ ਵਧ ਜਾਣ ਕਰ ਕੇ ਖਰਚੇ ਨਹੀਂ ਪੂਰੇ ਹੁੰਦੇ। ਕੋਵਿਡ ਤੋਂ ਬਾਅਦ ਹਰ ਚੀਜ਼ ਦੇ ਰੇਟ ਦੁੱਗਣੇ ਹੋ ਗਏ ਹਨ। ਬੇਸਮੈਂਟਾਂ ਦੇ ਕਿਰਾਏ ਪਹਿਲਾਂ ਨਾਲੋਂ ਦੋ ਗੁਣਾ ਵਧ ਚੁੱਕੇ ਹਨ। ਹੁਣ ਤਾਂ ਬੇਸਮੈਂਟ ਵੀ ਨਹੀਂ ਮਿਲਦੀ। ਇਸ ਲਈ ਬੱਚਿਆਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਸਾਰੀ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ ਅਤੇ ਆਉਣ ਵਾਲੀਆਂ ਮੁਸ਼ਕਿਲਾਂ ਲਈ ਤਿਆਰੀ ਕਰਨੀ ਚਾਹੀਦੀ ਹੈ। ਛੋਟੀ ਉਮਰ ਵਿਚ ਜਾਣ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ।
ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)
(2)
ਕੈਨੇਡਾ ਸਰਕਾਰ ਵੱਲੋਂ ਪੜ੍ਹਾਈ ਦੀਆਂ ਫ਼ੀਸਾਂ ਵਿਚ ਕੀਤੇ ਅਚਾਨਕ ਵਾਧੇ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਇਸ ਨਾਲ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਦੀ ਜੇਬ ਉੱਤੇ ਅਸਰ ਪਵੇਗਾ। ਉਹ ਪਹਿਲਾਂ ਹੀ ਬੜੀ ਮੁਸ਼ਕਿਲ ਨਾਲ ਫੀਸਾਂ ਦਾ ਇੰਤਜ਼ਾਮ ਕਰਦੇ ਸਨ।
ਗੁਰਤੇਜ ਸਿੰਘ ਖੁਡਾਲ, ਬਠਿੰਡਾ

Advertisement

ਭਾਜਪਾ ਦੀ ਸਮਰੱਥਾ

13 ਦਸੰਬਰ ਦਾ ਸੰਪਾਦਕੀ ‘ਨਵੇਂ ਮੁੱਖ ਮੰਤਰੀਆਂ ਦੀ ਚੋਣ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਵੇਲੇ ਕਿੰਨੀ ਸਮਰੱਥ ਹੈ। ਵੱਡੇ ਤੋਂ ਵੱਡੇ ਨੇਤਾ ਵਿਚ ਵੀ ਹਿੰਮਤ ਨਹੀਂ ਕਿ ਉਹ ਪਾਰਟੀ ਦੇ ਫ਼ੈਸਲਿਆਂ ਦਾ ਵਿਰੋਧ ਕਰ ਸਕੇ। ਇਹੀ ਕਾਰਨ ਹੈ ਕਿ ਰਾਜਸਥਾਨ ਵਿਚ ਵਸੁੰਧਰਾ ਰਾਜੇ ਸਿੰਧੀਆ ਵਰਗੀ ਸੀਨੀਅਰ ਨੇਤਾ ਨੂੰ ਛੱਡ ਕੇ ਪਹਿਲੀ ਵਾਰ ਐੱਮਐੱਲਏ ਦੀ ਚੋਣ ਜਿੱਤ ਕੇ ਆਏ ਭਜਨ ਲਾਲ ਸ਼ਰਮਾ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ। ਦੂਜੇ ਰਾਜਾਂ ਵਿਚ ਵੀ ਪਾਰਟੀ ਨੇ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਭਵਿੱਖ ਨੂੰ ਸਾਹਮਣੇ ਰੱਖ ਕੇ ਫ਼ੈਸਲੇ ਕੀਤੇ ਹਨ।
ਪ੍ਰਿੰਸੀਪਲ ਫ਼ਕੀਰ ਸਿੰਘ, ਦਸੂਹਾ

ਪੰਜਾਬੀ ਦਾ ਹਾਲ

13 ਦਸੰਬਰ ਦੇ ਅੰਕ ਵਿਚ ਸੁਖਪਾਲ ਸਿੰਘ ਗਿੱਲ ਦਾ ਮਿਡਲ ‘ਪੰਜਾਬੀ ’ਚ ਕੰਫਰਟੇਬਲ ਹਾਂ’ ਪੜ੍ਹਿਆ। ਅੰਗਰੇਜ਼ੀ ਭਾਸ਼ਾ ਕਿਵੇਂ ਪੰਜਾਬੀ ਨੂੰ ਖਾ ਰਹੀ ਹੈ, ਵਧੀਆ ਢੰਗ ਨਾਲ ਬਿਆਨ ਕੀਤਾ ਹੈ। ਬਾਬਾ ਨਜ਼ਮੀ ਦੀਆਂ ਸਤਰਾਂ ਨੇ ਲੇਖ ਨੂੰ ਚਾਰ ਚੰਦ ਲਾ ਦਿੱਤੇ। ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਸਮੇਂ ਦੀਆਂ ਸਰਕਾਰਾਂ ਨੇ ਜੋ ਯਤਨ ਕੀਤੇ, ਅਫਸਰਸ਼ਾਹੀ ਨੇ ਸਦਾ ਹੀ ਉਨ੍ਹਾਂ ਦੀ ਅਣਦੇਖੀ ਕੀਤੀ ਹੈ। ਸੰਪਾਦਕੀ ‘ਨਵੇਂ ਮੁੱਖ ਮੰਤਰੀਆਂ ਦੀ ਚੋਣ’ ਵਿਚ ਭਾਰਤੀ ਜਨਤਾ ਪਾਰਟੀ ਦੀ ਸਮਰੱਥਾ ਬਾਰੇ ਵਿਚਾਰ ਕੀਤਾ ਗਿਆ ਹੈ। ਭਾਜਪਾ ਨੇ ਜਿਸ ਤਰ੍ਹਾਂ ਵੱਡੇ ਲੀਡਰਾਂ ਨੂੰ ਪਾਸੇ ਕਰ ਕੇ ਰਾਜਸਥਾਨ ਵਿਚ ਭਜਨ ਲਾਲ ਸ਼ਰਮਾ ਨੂੰ ਮੁੱਖ ਮੰਤਰੀ ਬਣਾਇਆ ਹੈ, ਇਹ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਹਾਈ ਕਮਾਂਡ ਪੂਰਾ ਦਮ ਖ਼ਮ ਰੱਖਦੀ ਹੈ।
ਕੇ ਕੇ ਸਿੰਗਲਾ, ਮਾਨਸਾ
(2)
‘ਪੰਜਾਬੀ ’ਚ ਕੰਫਰਟੇਬਲ ਹਾਂ’ ਪੰਜਾਬੀ ਮਾਂ ਬੋਲੀ ਬਾਰੇ ਸੁਚੇਤ ਕਰਦੀ ਰਚਨਾ ਹੈ ਪਰ ਭਾਸ਼ਾ ਨੂੰ ‘ਵਗਦਾ ਪਾਣੀ’ ਕਿਹਾ ਜਾਂਦਾ ਹੈ। ਸਮੇਂ ਦੀ ਤੋਰ ਨਾਲ ਹੋਰ ਭਾਸ਼ਾਵਾਂ ਦੇ ਬਥੇਰੇ ਸ਼ਬਦ ਦੂਜੀ ਭਾਸ਼ਾ ਦਾ ਹਿੱਸਾ ਬਣ ਜਾਂਦੇ ਹਨ। ਅੰਗਰੇਜ਼ੀ ਦੇ ਵੀ ਬਹੁਤ ਸਾਰੇ ਸ਼ਬਦ ਅੱਜ ਪੰਜਾਬੀ ਨਾਲ ਇਕ ਮਿਕ ਹੋਏ ਪਏ ਹਨ। ਉਂਝ, ਵਿਚਾਰਨ ਵਾਲਾ ਮੁੱਖ ਮਸਲਾ ਇਹ ਹੈ ਕਿ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਆਪਣੀ ਭਾਸ਼ਾ ਉੱਤੇ ਭਾਰੀ ਨਹੀਂ ਪੈਣੇ ਚਾਹੀਦੇ।
ਜਸਦੀਪ ਸਿੰਘ ਸਿੱਕਾ, ਹੁਸ਼ਿਆਰਪੁਰ

Advertisement