ਪਾਠਕਾਂ ਦੇ ਖ਼ਤ
ਸਮਾਜਿਕ ਨਿਘਾਰ
7 ਦਸੰਬਰ ਦਾ ਸੰਪਾਦਕੀ ‘ਅਣਖ ਖਾਤਰ ਕਤਲ’ ਵਿਚ ਜ਼ਿਕਰ ਵਾਲੀ ਵਾਰਦਾਤ ਗੁਰੂਆਂ ਪੀਰਾਂ ਦੇ ਵਾਰਿਸ ਅਖਵਾਉਣ ਵਾਲੇ ਪੰਜਾਬੀ ਸਮਾਜ ਲਈ ਨਮੋਸ਼ੀ ਵਾਲੀ ਹੈ। ਇਹ ਵਾਰਦਾਤ ਸਾਨੂੰ ਸਾਡੇ ਆਪਣੇ ਸਮਾਜ ਦੇ ਦੋਗਲੇਪਣ ਦਾ ਅਹਿਸਾਸ ਕਰਵਾਉਂਦੀ ਹੈ। ਇਕ ਪਾਸੇ ਮਾਂ ਬਾਪ ਜਾਂ ਸਾਡੇ ਸਮਾਜ ਆਪੇ ਧੀਆਂ ਪੁੱਤਰਾਂ ਦੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਨੂੰ ਆਪਣੀ ਅਣਖ ਲਈ ਵੰਗਾਰ ਸਮਝਦੇ ਹਨ, ਦੂਜੇ ਪਾਸੇ ਵਿਦੇਸ਼ੀ ਨਾਗਰਿਕਤਾ ਪਾਉਣ ਲਈ ਕਿਸੇ ਵੀ ਗੋਰੀ ਕਾਲੀ ਨਾਲ ਵਿਆਹ ਕਰਵਾਉਣ ਲਈ ਆਪਣੀਆਂ ਜ਼ਮੀਨਾਂ ਤੇ ਜ਼ਮੀਰਾਂ, ਦੋਨੋਂ ਵੇਚ ਦਿੰਦੇ ਹਨ। ਸੋਚਣ ਵਾਲੀ ਗੱਲ ਹੈ ਕਿ ਇੰਨਾ ਮਹਾਨ ਵਿਰਸਾ ਅਤੇ ਪੜ੍ਹਾਈ ਲਿਖਾਈ ਹੋਣ ਦੇ ਬਾਵਜੂਦ ਸਾਡੀ ਅਜਿਹੀ ਮਾਨਸਿਕਤਾ ਬਦਲ ਕਿਉਂ ਨਹੀਂ ਰਹੀ।
ਡਾ. ਗੁਰਿੰਦਰ ਸਿੰਘ ਬਰਾੜ, ਮੁਹਾਲੀ
ਦੂਸ਼ਿਤ ਵਾਤਾਵਰਨ
6 ਦਸੰਬਰ ਦਾ ਸੰਪਾਦਕੀ ‘ਵਾਤਾਵਰਨ ਪ੍ਰਤੀ ਪ੍ਰਤੀਬੱਧਤਾ’ ਕਈ ਸਵਾਲਾਂ ਦੇ ਰੂ-ਬ-ਰੂ ਕਰਦਾ ਹੈ। ਚੌਗਿਰਦੇ ਅੰਦਰ ਦਿਨ-ਬ-ਦਿਨ ਘਟ ਰਹੀ ਆਕਸੀਜਨ ਅਤੇ ਵਧਦਾ ਦੂਸ਼ਿਤ ਵਾਤਾਵਰਨ ਰੁੱਖਾਂ ਦੀ ਘਾਟ ਦਾ ਨਤੀਜਾ ਹੈ। ਮਨੁੱਖ ਆਪਣੇ ਲਾਭ ਲਈ ਸੈਂਕੜੇ ਰੁੱਖਾਂ ਦੀ ਬਲੀ ਦੇ ਦਿੰਦਾ ਹੈ। ਉਸ ਨੂੰ ਇਹ ਗੱਲ ਭੁੱਲ ਜਾਂਦੀ ਹੈ ਕਿ ਉਹ ਜਿਸ ਟਾਹਣੀ ’ਤੇ ਬੈਠਾ ਹੈ, ਉਸ ਨੂੰ ਹੀ ਵੱਢ ਰਿਹਾ ਹੈ। ਸਰਕਾਰਾਂ ਨੂੰ ਇਸ ਮਾਮਲੇ ਬਾਰੇ ਸੰਜੀਦਗੀ ਨਾਲ ਕੰਮ ਕਰਨਾ ਚਾਹੀਦਾ ਹੈ।
ਰਵਿੰਦਰ ਸਿੰਘ ਰੇਸ਼ਮ, ਪਿੰਡ ਨੱਥੂਮਾਜਰਾ (ਮਾਲੇਰਕੋਟਲਾ)
ਨਸ਼ਿਆਂ ਤੋਂ ਛੁਟਕਾਰਾ
5 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਮੋਹਨ ਸ਼ਰਮਾ ਦੀ ਰਚਨਾ ‘ਨਸ਼ਾਮੁਕਤੀ ਲਈ ਦ੍ਰਿੜ ਸੰਕਲਪ ਦੀ ਲੋੜ’ ਪਸੰਦ ਆਈ। ਸਚਮੁੱਚ, ਕੋਈ ਵੀ ਸ਼ਖ਼ਸ ਦ੍ਰਿੜ ਸੰਕਲਪ ਅਤੇ ਇੱਛਾਸ਼ਕਤੀ ਨਾਲ ਕਿਸੇ ਵੀ ਭੈੜੀ ਅਲਾਮਤ ਤੋਂ ਪਿੱਛਾ ਛੁਡਾ ਸਕਦਾ ਹੈ ਅਤੇ ਕੋਈ ਵੀ ਮੁਕਾਮ ਹਾਸਲ ਕਰ ਸਕਦਾ ਹੈ। ਜੋ ਵੀ ਸ਼ਖ਼ਸ ਉਸਾਰੂ ਸਾਹਿਤ ਅਤੇ ਕਿਰਤ ਨਾਲ ਜੁੜਿਆ ਹੋਇਆ ਹੈ, ਉਹ ਹੋਰਾਂ ਦੇ ਮੁਕਾਬਲੇ ਜ਼ਿਆਦਾ ਅਸਾਨੀ ਨਾਲ ਨਸ਼ੇ ਵਰਗੀ ਅਲਾਮਤ ਤੋਂ ਮੁਕਤੀ ਪਾ ਸਕਦਾ ਹੈ। ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਲੋਕਾਂ ਨੂੰ ਨਸ਼ਿਆਂ ਬਾਰੇ ਜਾਗਰੂਕ ਕਰਨ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ ਕਿਉਂਕਿ ਨੌਜਵਾਨ ਉਮਰ ਦੇ ਇਕ ਖ਼ਾਸ ਪੜਾਅ ’ਤੇ ਜਦੋਂ ਅਜੇ ਠੀਕ ਗ਼ਲਤ ਦਾ ਫ਼ੈਸਲਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਨਹੀਂ ਹੁੰਦੇ, ਉਹ ਗ਼ਲਤ ਲੋਕਾਂ ਦੀ ਸੰਗਤ ਵਿਚ ਪੈ ਕੇ ਅਜਿਹੇ ਗ਼ਲਤ ਰਾਹਾਂ ਦੇ ਪਾਂਧੀ ਬਣ ਜਾਂਦੇ ਹਨ। ਕਈ ਵਾਰ ਇਨ੍ਹਾਂ ਰਾਹਾਂ ਤੋਂ ਵਾਪਸ ਆਉਣਾ ਮੁਸ਼ਕਿਲ ਹੋ ਜਾਂਦਾ ਹੈ।
ਬਿਕਰਮਜੀਤ ਸਿੰਘ, ਪਟਿਆਲਾ
ਜੁਗਨੀ
2 ਦਸੰਬਰ ਨੂੰ ਜਗਜੀਤ ਸਿੰਘ ਲੋਹਟਬੱਦੀ ਦਾ ਲੇਖ ‘ਜੁਗਨੀ ਜਾ ਵੜੀ ਲੁਧਿਆਣੇ’ ਪੜ੍ਹਿਆ। ਲੇਖਕ ਨੇ ਦੱਸਿਆ ਕਿ ਜੁਗਨੀ ਕਿਵੇਂ ਪੰਜਾਬੀ ਲੋਕ ਗੀਤਾਂ ਦਾ ਮੁੱਖ ਬੰਦ ਅਤੇ ਪੰਜਾਬ ਦਾ ਪ੍ਰਸਿੱਧ ਕਾਵਿ ਰੂਪ ਵੀ ਹੈ। ਮਾਝੇ ਦੇ ਕਵੀਸ਼ਰਾਂ ਮਾਂਦਾ ਅਤੇ ਬਿਸ਼ਨਾ ਬਾਰੇ ਵੀ ਜ਼ਿਕਰ ਕੀਤਾ ਹੈ। ਜੁਗਨੀ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਪੁਰਾਣੇ ਸਮਿਆਂ ਦੀ ਬਾਤ ਵੀ ਪਾਈ ਹੈ।
ਹਰਿੰਦਰਜੀਤ ਸਿੰਘ, ਪਿੰਡ ਬਿਜਲਪੁਰ (ਪਟਿਆਲਾ)
ਕਾਮਿਆਂ ਦੀ ਮਿਹਨਤ ਨੂੰ ਸਲਾਮ
29 ਨਵੰਬਰ ਦੇ ਅੰਕ ਅੰਦਰ ਪਹਿਲੇ ਪੰਨੇ ’ਤੇ ਖ਼ਬਰ ਛਪੀ ਹੈ ਕਿ ‘ਉਤਰਕਾਸ਼ੀ: ਸੁਰੰਗ ’ਚੋਂ ਸਾਰੇ ਮਜ਼ਦੂਰ ਸੁਰੱਖਿਅਤ ਬਾਹਰ ਕੱਢੇ’। ਇੱਥੇ ਹੀ ਡੱਬੀ ਅੰਦਰ ਇਹ ਵੀ ਛਪਿਆ ਹੈ ਕਿ ਰੈਟ ਹੋਲ ਕਾਮਿਆਂ ਦਾ ਹੁਨਰ ਤੇ ਤਜਰਬਾ ਕੰਮ ਆਇਆ। ਜਦੋਂ ਅਮਰੀਕਾ ਦੀ ਡਰਿੱਲ ਮਸ਼ੀਨ ਕੰਮ ਕਰਨ ਤੋਂ ਜਵਾਬ ਦੇ ਗਈ, ਉਸ ਦੇ ਬਲੇਡ ਵੀ ਟੁੱਟ ਗਏ, ਫਿਰ ਇਸ ਅਧੂਰੇ ਕੰਮ ਲਈ ਰੈਟ ਹੋਲ ਕਾਮਿਆਂ ਦਾ ਚੇਤਾ ਆਇਆ। ਇਹ ਕਾਮੇ ਢਾਈ ਫੁੱਟ ਦੀ ਪਾਈਪ ਅੰਦਰ ਜਾ ਕੇ ਹੱਥੀਂ ਪਾਈਪ ਅੰਦਰ ਥਾਂ ਬਣਾਉਣ ਦੇ ਕੰਮ ਦੇ ਮਾਹਿਰ ਹਨ। ਇਹ ਚੂਹੇ ਵਾਂਗ ਮੋਰੀ ਪੁੱਟਣ ਦੇ ਕੰਮ ਦੇ ਵੱਧ ਮਾਹਿਰ ਹਨ। ਇਨ੍ਹਾਂ ਵਿਦੇਸ਼ੀ ਮਸ਼ੀਨ ਦਾ ਟੁੱਟਿਆ ਭਾਗ ਵੀ ਬਾਹਰ ਕੱਢਿਆ ਤੇ ਬਾਕੀ ਪਾਈਪ ਪਾਉਣ ਲਈ 10 ਮੀਟਰ ਹੋਰ ਥਾਂ ਵੀ ਤਿਆਰ ਕੀਤੀ। ਇਹ ਕੰਮ ਬੜੀ ਦਲੇਰੀ ਤੇ ਮਿਹਨਤ ਵਾਲਾ ਸੀ। ਇਨ੍ਹਾਂ ਕਾਮਿਆਂ ਦੀ ਮਿਹਨਤ ਤੇ ਤਜਰਬੇ ਕਰ ਕੇ ਸੁਰੰਗ ਅੰਦਰੋਂ 41 ਜ਼ਿੰਦਗੀਆਂ ਬਾਹਰ ਆ ਸਕੀਆਂ।
ਕਾਮਰੇਡ ਗੁਰਨਾਮ ਸਿੰਘ, ਰੋਪੜ
ਕਮਜ਼ੋਰ ਤਬਕਿਆਂ ਦੀ ਹੋਣੀ
23 ਨਵੰਬਰ ਨੂੰ ਰਾਜੇਸ਼ ਰਾਮਚੰਦਰਨ ਦਾ ਲੇਖ ‘ਜੀਂਦ ਕਾਂਡ: ਚੁੱਪ ਦੀ ਸਾਜ਼ਿਸ਼’ ਪੜ੍ਹਿਆ। ਕੀ ਇਹ ਸਾਡੀ ਸਭਿਅਤਾ ਦਾ ਅਗਲਾ ਵਰਕਾ ਹੈ? ਸਦੀਆਂ ਤੋਂ ਸਮਾਜ ਦੇ ਕਮਜ਼ੋਰ ਤਬਕੇ ਦੀਆਂ ਬੱਚੀਆਂ ਦੇਵਦਾਸੀਆਂ ਦੇ ਰੂਪ ਵਿਚ ਮੰਦਰਾਂ ਅੰਦਰ ਪੁਜਾਰੀਆਂ ਦੀ ਹਵਸ ਦਾ ਸ਼ਿਕਾਰ ਹੁੰਦੀਆਂ ਦੱਸੀਆਂ ਗਈਆਂ ਹਨ। ਅੱਜ ਸਾਡੇ ਸਰਕਾਰੀ ਸਕੂਲਾਂ ਵਿਚ ਆਰਥਿਕ ਅਤੇ ਕਮਜ਼ੋਰ ਵਰਗ ਦੀਆਂ ਬੱਚੀਆਂ ਨਾਲ ਜਬਰ ਜਨਾਹ ਹੋ ਰਿਹਾ ਹੈ। ਦਰਅਸਲ, ਇਹ ਉੱਚ ਜਾਤਾਂ ਦੇ ‘ਜਨਮ ਸਿੱਧ ਅਧਿਕਾਰ’ ਸ਼ਾਖਸਾਤ ਹੋ ਰਹੇ ਹਨ। ਸਾਡੇ ਗਣਤੰਤਰ ਵਿਚ ਤਾਂ ਇਨਸਾਫ਼ ਦੀ ਤੱਕੜੀ ਸਭ ਲਈ ਬਰਾਬਰ ਤੋਲਦੀ ਹੈ ਪਰ ਜੀਂਦ ਸਕੂਲ ਦੀ ਘਟਨਾ ਸਿਆਸੀ ਪਾਰਟੀਆਂ ਦੀ ਚੁੱਪ ਸਾਜ਼ਿਸ਼ ਨਹੀਂ ਤਾਂ ਹੋਰ ਕੀ ਹੈ? ਅਜਿਹੇ ਮਾਹੌਲ ਵਿਚ ਸ਼ਿਕਾਇਤ ਕੌਣ ਕਰੇਗਾ? ਪਿੱਤਰਸੱਤਾ ਦੀ ਧੌਂਸ ਅਤੇ ਜਾਤ ਹੰਕਾਰ ਸਾਡੇ ਸਮਾਜ ਨੂੰ ਨਿਘਾਰ ਦੇ ਹੇਠਲੇ ਪੱਧਰ ਤਕ ਸੁੱਟ ਚੁੱਕੇ ਹਨ।
ਜਗਰੂਪ ਸਿੰਘ, ਲੁਧਿਆਣਾ
ਪਰਾਲੀ ਦਾ ਮਸਲਾ
7 ਦਸੰਬਰ ਨੂੰ ਰਣਜੀਤ ਸਿੰਘ ਘੁੰਮਣ ਦਾ ਲੇਖ ‘ਪਰਾਲੀ ਦਾ ਹੱਲ ਕਿਸਾਨਾਂ ਨੂੰ ਨਾਲ ਲਾਏ ਬਗੈਰ ਮੁਸ਼ਕਿਲ’ ਸਮੱਸਿਆ ਨੂੰ ਸਹੀ ਤਰੀਕੇ ਨਾਲ ਪੇਸ਼ ਕਰਦਾ ਹੈ। ਦਿੱਲੀ ਹਕੂਮਤ ਦੇ ਕਹਿਣ ਅਨੁਸਾਰ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਪਰਾਲੀ ਸਾੜਨ ਨਾਲ ਦਿੱਲੀ ਵਿਚ ਪ੍ਰਦੂਸ਼ਣ ਹੁੰਦਾ ਹੈ, ਮਹਿਜ਼ ਪੰਜਾਬ ਨੂੰ ਬਦਨਾਮ ਕਰਨਾ ਹੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਸੁਹਿਰਦਤਾ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਇਕ ਦੂਜੇ ’ਤੇ ਇਲਜ਼ਾਮ ਲਾਉਣ ਨਾਲ ਮਸਲਾ ਹੱਲ ਨਹੀਂ ਹੋਣਾ। ਸਰਕਾਰ ਤੇ ਕਿਸਾਨਾਂ ਵਿਚਕਾਰ ਤਾਲਮੇਲ ਨਾਲ ਹੀ ਇਸ ਦਾ ਹੱਲ ਹੋ ਸਕਦਾ ਹੈ। ਕਿਸਾਨਾਂ ਨੂੰ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਣ ਅਤੇ ਪਰਾਲੀ ਸਾੜਨ ਦੇ ਨੁਕਸਾਨ ਤੋਂ ਜਾਗਰੂਕ ਕੀਤਾ ਜਾਵੇ। ਪਰਾਲੀ ਨੂੰ ਜ਼ਮੀਨ ਵਿਚ ਵਾਹੁਣ ਲਈ ਸਸਤੇ ਭਾਅ ਮਸ਼ੀਨਰੀ ਮੁਹੱਈਆ ਕੀਤੀ ਜਾਵੇ। ਝੋਨੇ ਦੀ ਕਾਸ਼ਤ ਦੇ ਮੁਕਾਬਲੇ ਹੋਰ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਨਿਸ਼ਚਿਤ ਭਾਅ ’ਤੇ ਮੰਡੀਕਰਨ ਦਾ ਪੱਕਾ ਬੰਦੋਬਸਤ ਹੋਵੇ। ਕੁਝ ਸਬਸਿਡੀ ਦਿੱਤੀ ਜਾਵੇ। ਸਮੱਸਿਆ ਦਾ ਹੱਲ ਗੱਲਾਂ ਬਾਤਾਂ ਨਾਲ ਨਹੀਂ ਸਗੋਂ ਸਾਰਥਕ ਕੋਸ਼ਿਸ਼ਾਂ ਕਰਨ ਨਾਲ ਹੋਵੇਗਾ।
ਸੁਖਦੇਵ ਸਿੰਘ ਭੁੱਲੜ, ਬਠਿੰਡਾ