ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਠਕਾਂ ਦੇ ਖ਼ਤ

07:58 AM Aug 25, 2023 IST

ਦਵਾਈ ਕੰਪਨੀਆਂ ਦਾ ਜਾਲ

ਸੰਪਾਦਕੀ ‘ਕੌਮੀ ਮੈਡੀਕਲ ਕਮਿਸ਼ਨ ਦੀਆਂ ਸੇਧਾਂ’ (23 ਅਗਸਤ) ਵਿਚ ਜੈਨੇਰਿਕ ਦਵਾਈਆਂ ਬਾਰੇ ਚਰਚਾ ਹੈ। ਸਿਆਸਤ ਤੋਂ ਬਾਅਦ ਫਾਰਮਾਸਿਊਟੀਕਲ ਕੰਪਨੀਆਂ ਦਾ ਪੰਜਾਬ ਵਿਚ ਵੱਧ ਹਰਿਆ-ਭਰਿਆ ਕਾਰੋਬਾਰ ਹੈ। ਸਵਾਲ ਹੈ–ਡਾਕਟਰ ਜੈਨੇਰਿਕ ਦਵਾਈਆਂ ਕਿੰਝ ਦੱਸੇਗਾ, ਉਸ ਦੀ ਆਪਣੀ ਅਲਮਾਰੀ ਵਿਚ ਤਾਂ ਐਲੋਪੈਥੀ ਦੀਆਂ ਵੱਖ ਵੱਖ ਕੰਪਨੀਆਂ ਦੇ ਸੈਂਪਲ ਪਏ ਹੁੰਦੇ ਹਨ। ਪ੍ਰਾਈਵੇਟ ਹਸਪਤਾਲ ਤਾਂ ਹੁਣ ਉੱਕਾ ਪੁੱਕਾ ਦਵਾਈਆਂ ਸਮੇਤ ਮਰੀਜ਼/ਏਜੰਟ ਨਾਲ ਇਲਾਜ/ਅਪਰੇਸ਼ਨ ਦਾ ਸੌਦਾ ਕਰਦੇ ਹਨ। 40 ਸਾਲ ਪਹਿਲਾਂ ਨਵਾਂ ਸ਼ਹਿਰ ਵਿਚ ਅੰਗਰੇਜ਼ੀ ਦਵਾਈਆਂ ਦੀਆਂ ਸਿਰਫ਼ ਦੋ ਦੁਕਾਨਾਂ ਸਨ; ਅੱਜ 200-250 ਤੋਂ ਉੱਪਰ ਹਨ, ਤਿੰਨ ਚਾਰ ਹੋਲਸੇਲਰ ਵੀ ਹਨ। ਨੀਮ ਹਕੀਮ ਵੀ ਬਥੇਰੇ ਪਲਰੇ ਹਨ। ਲੋਕ/ਬਿਮਾਰ ਲਾਈਨਾਂ ਲਗਾ ਕੇ ਦਵਾਈਆਂ ਖਰੀਦਦੇ ਹਨ। ਅਸਲ ਵਿਚ ਦੇਸ਼ ਵਿਚ ਐਲੋਪੈਥੀ ਦਵਾਈਆਂ ਵਾਲੀਆਂ ਕੰਪਨੀਆਂ ਦਾ ਤੰਦੂਆ ਜਾਲ ਬਹੁਤ ਮਜ਼ਬੂਤ ਹੈ। ਵਿਕਸਤ ਮੁਲਕਾਂ ਵਿਚ ਜਿਨ੍ਹਾਂ ਰਸਾਇਣਾਂ ਉਤੇ ਪਾਬੰਦੀ ਹੈ, ਉਹ ਭਾਰਤ ਵਿਚ ਧੜਾ-ਧੜ ਵਿਕ ਰਹੀਆਂ ਹਨ। ਲੋਕਾਂ ਦੀ ਲੁੱਟ ਖਸੁੱਟ ਰੋਕਣ ਲਈ ਲੋਕਲ ਸਰਕਾਰ ਨੂੰ ਖ਼ੁਦ ਝੰਡਾਬਰਦਾਰ ਬਣਨਾ ਬਣਦਾ ਹੈ।
ਇਕਬਾਲ ਸਿੰਘ ਚੀਮਾ, ਨਵਾਂ ਸ਼ਹਿਰ

Advertisement

ਔਰਤ ਨਾਲ ਜ਼ਿਆਦਤੀ

ਸ਼ਵਿੰਦਰ ਕੌਰ ਦਾ ਮਿਡਲ ‘ਫ਼ਰਜ਼’ (24 ਅਗਸਤ) ਕਈ ਸਵਾਲ ਉਭਾਰਦਾ ਹੈ। ਵਾਕਈ ਸਾਡੇ ਸਮਾਜ ਅੰਦਰ ਔਰਤ ਨੂੰ ਬਹੁਤ ਵਾਰ ਬਿਨਾ ਵਜ੍ਹਾ ਜ਼ਿਆਦਤੀਆਂ ਝੱਲਣੀਆਂ ਪੈ ਜਾਂਦੀਆਂ ਹਨ। ਇਹ ਬਿਨਾ ਸ਼ੱਕ ਜਗੀਰੂ ਰਹਿੰਦ-ਖੂੰਹਦ ਵਾਲੀ ਪਹੁੰਚ ਦਾ ਹੀ ਮਸਲਾ ਹੈ। ਇਸੇ ਕਰ ਕੇ ਕੋਈ ਬਾਪ ਆਪਣੀ ਧੀ ਨੂੰ ਮੋਟਰਸਾਈਕਲ ਪਿੱਛੇ ਬੰਨ੍ਹ ਕੇ ਧੂਹ-ਘੜੀਸ ਰਿਹਾ ਹੈ। ਹੁਣ ਇਸ ਬਾਰੇ ਸਾਨੂੰ ਬਹੁਤ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਅਜਿਹੀ ਸਮਾਜਿਕ ਉਪਥਲ-ਪੁਥਲ ਸਮਾਜ ਨੂੰ ਨਿਘਾਰ ਵੱਲ ਹੀ ਲਿਜਾਂਦੀ ਹੈ।
ਜਸਵੰਤ ਸਿੰਘ ਗੁਰਨਾ, ਹੁਸ਼ਿਆਰਪੁਰ

ਤਰਨ ਤਾਰਨ ਸਰੋਵਰ

23 ਅਗਸਤ ਦੇ ਵਿਰਾਸਤ ਅੰਕ ’ਚ ਬਹਾਦਰ ਸਿੰਘ ਗੋਸਲ ਦੇ ਜਾਣਕਾਰੀ ਭਰਪੂਰ ਲੇਖ ‘ਸਿੱਖ ਗੁਰੂ ਸਾਹਿਬਾਨ ਵੱਲੋਂ ਵਸਾਏ ਪਵਿੱਤਰ ਨਗਰ ’ਚ ਹਾਕਮ ਨੂਰ ਦੀਨ ਦੇ ਪੁੱਤਰ ਅਮੀਰ ਦੀਨ ਦਾ ਤਰਨ ਤਾਰਨ ਦੇ ਸਰੋਵਰ ਦੀ ਉਸਾਰੀ ਲਈ ਤਿਆਰ ਕੀਤੀਆਂ ਪੱਕੀਆਂ ਇੱਟਾਂ ਦਾ ਜਬਰੀ ਉਠਾ ਕੇ ਲੈ ਜਾਣ ਦਾ ਜ਼ਿਕਰ ਆਇਆ ਹੈ। ਗਿਆਨੀ ਗਿਆਨ ਸਿੰਘ (ਤਵਾਰੀਖ ਗੁਰੂ ਖਾਲਸਾ) ਅਨੁਸਾਰ ਇਹੋ ਇੱਟਾਂ ਬਿਕਰਮੀ ਸੰਮਤ 1832 (ਭਾਵ 1775-76) ’ਚ ਬੁੱਧ ਸਿੰਘ ਫੈਜ਼ਲਪੁਰੀਏ ਨੇ ਨੂਰ ਦੀਨੀਆ ਦੇ ਮਹੱਲ ਢਾਹ ਕੇ ਤਰਨ ਤਾਰਨ ਦੇ ਤੀਰਥ ਵਾਪਸ ਲੈ ਆਂਦੀਆਂ ਸਨ।
ਕੁਲਦੀਪ ਸਿੰਘ, ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)

Advertisement

ਵਿਦਿਆਰਥੀ ਅਤੇ ਮਾਨਸਿਕ ਤਣਾਅ

‘ਸਿੱਖਿਆ ਖੇਤਰ ਸੰਕਟ ’ਚ’ (ਸੰਪਾਦਕੀ, 19 ਅਗਸਤ) ਸਵਾਲਾਂ ’ਚ ਘਿਰੀ ਸਾਡੀ ਸਿੱਖਿਆ ਪ੍ਰਣਾਲੀ ਦੀ ਪੜਚੋਲ ਕਰਦਾ ਹੈ ਜੋ ਹੁਣ ਸਾਡੇ ਵਿਦਿਆਰਥੀਆਂ ਲਈ ਬੋਝ ਵੀ ਬਣ ਰਹੀ ਹੈ। ਸੰਪਾਦਕੀ ਵਿਚ ਵਿਦਿਆਰਥੀਆਂ ਦੇ ਕੋਚਿੰਗ ਸੈਂਟਰਾਂ ਦੇ ਸ਼ਹਿਰ ਕੋਟਾ ਦਾ ਜ਼ਿਕਰ ਕੀਤਾ ਹੈ ਜੋ ਅੱਜ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਦਾ ਸ਼ਹਿਰ ਬਣ ਰਿਹਾ ਹੈ। ਇਹ ਅੰਕੜੇ ਹਰ ਰੋਜ਼ ਵਧ ਰਹੇ ਹਨ। ਨੌਜਵਾਨਾਂ ਦੇ ਇਸ ਹੱਦ ਤਕ ਮਾਨਸਿਕ ਤਣਾਅ ਲਈ ਆਖ਼ਿਰ ਕੌਣ ਜ਼ਿੰਮੇਵਾਰ ਹੈ? ਬਾਲਗ ਉਮਰ ਦੀ ਦਹਿਲੀਜ਼ ’ਤੇ ਖੜ੍ਹੇ ਬੱਚਿਆਂ ਦੀ ਮਾਨਸਿਕ ਹਾਲਤ ਪਰਿਵਾਰ ਦੇ ਮਾਹੌਲ ’ਤੇ ਨਿਰਭਰ ਕਰਦੀ ਹੈ। ਇਹ ਠੀਕ ਹੈ ਕਿ ਮਾਪਿਆਂ ਤੋਂ ਵੱਧ ਬੱਚਿਆਂ ਦਾ ਹਿੱਤ ਚਾਹੁਣ ਵਾਲਾ ਕੋਈ ਹੋਰ ਨਹੀਂ ਹੋ ਸਕਦਾ ਪਰ ਬੱਚਿਆਂ ਨੂੰ ਆਪਣੇ ਪਰਿਵਾਰ ਦੇ ਸੀਮਤ ਸਾਧਨਾਂ ਨਾਲ ਚੰਗਾ ਅਤੇ ਸੰਤੋਖੀ ਜੀਵਨ ਜਿਊਣ ਦੀ ਜਾਚ ਵੀ ਮਾਪਿਆਂ ਤੋਂ ਇਲਾਵਾ ਹੋਰ ਕੌਣ ਸਿਖਾ ਸਕਦਾ ਹੈ? ਬੱਚਿਆਂ ਦੇ ਰੁਝਾਨਾਂ ਨੂੰ ਵੀ ਉਨ੍ਹਾਂ ਤੋਂ ਵੱਧ ਹੋਰ ਕੋਈ ਨਹੀਂ ਸਮਝ ਸਕਦਾ। ਬੱਚਿਆਂ ਤੋਂ ਸਾਨੂੰ ਜਿਸ ਆਮ ਸਮਝਦਾਰੀ ਦੀ ਆਸ ਹੁੰਦੀ ਹੈ, ਉਹ ਅਕਸਰ ਸਮਾਜਿਕ ਮਾਹੌਲ ਦੇ ਅਸਰ ਕਾਰਨ ਪੂਰੀ ਨਹੀਂ ਹੁੰਦੀ। ਕਈ ਵਾਰ ਬੱਚੇ ਆਪਣੇ ਬਾਰੇ ਸਹੀ ਫ਼ੈਸਲਾ ਨਾ ਕਰ ਸਕਣ ਕਾਰਨ ਮਾਰ ਖਾ ਜਾਂਦੇ ਹਨ। ਅਜਿਹੀ ਹਾਲਤ ਵਿਚ ਦੋਹਾਂ ਧਿਰਾਂ ਵਿਚਕਾਰ ਭਰੋਸਾ ਅਤੇ ਆਪਸੀ ਸਹਿਯੋਗ ਜ਼ਰੂਰੀ ਹੈ। ਕੁਝ ਹੋਰ ਧਿਰਾਂ ਨੂੰ ਵੀ ਇਸ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ, ਜਿਵੇਂ ਸਰਕਾਰੀ ਜਾਂ ਪ੍ਰਾਈਵੇਟ ਵਿਦਿਅਕ ਅਦਾਰਿਆਂ ਦੇ ਅਧਿਆਪਕ, ਸਮਾਜ ਦੇ ਦਾਨਿਸ਼ਵਰ ਲੋਕ ਜਾਂ ਫਿਰ ਸਰਕਾਰਾਂ। ਜਿਵੇਂ ਵੀ ਹੋ ਸਕੇ, ਇਸ ਸਮੇਂ ਵਿਦਿਆਰਥੀਆਂ ਨੂੰ ਤਣਾਅ ਮੁਕਤ ਰੱਖਣਾ ਸਾਡੀ ਜ਼ਿੰਮੇਵਾਰੀ ਹੈ।
ਸ਼ੋਭਨਾ ਵਿਜ, ਪਟਿਆਲਾ
(2)
ਸੰਪਾਦਕੀ ‘ਸਿੱਖਿਆ ਖੇਤਰ ਸੰਕਟ ’ਚ’ (19 ਅਗਸਤ) ਰਾਹੀਂ ਦੇਸ਼ ਭਰ ਦੇ ਵਿਦਿਅਕ ਅਦਾਰਿਆਂ ਅਤੇ ਸਿਖਲਾਈ ਸੰਸਥਾਵਾਂ ਵਿਚ ਆਏ ਨਿਘਾਰ ਦਾ ਜ਼ਿਕਰ ਕੀਤਾ ਗਿਆ ਹੈ। ਅੱਜ ਬਹੁਤੇ ਵਿੱਦਿਅਕ ਅਦਾਰੇ ਅਧਿਆਪਕ ਵਰਗ ਦਾ ਕਥਿਤ ਸ਼ੋਸ਼ਣ ਕਰ ਰਹੇ ਹਨ। ਪ੍ਰਾਈਵੇਟ ਖੇਤਰ ਦੇ ਅਦਾਰਿਆਂ ਦੀ ਅਜਾਰੇਦਾਰੀ ਹੋਣ ਕਾਰਨ ਸਰਕਾਰੀ ਅਦਾਰਿਆਂ ਵਿਚ ਅਧਿਆਪਕਾਂ ਦੀ ਭਾਰੀ ਘਾਟ ਹੈ, ਭਾਵ ਖਾਲੀ ਆਸਾਮੀਆਂ ਹੋਣ ਕਾਰਨ ਕਹਿੰਦੇ-ਕਹਾਉਂਦੇ ਅਦਾਰੇ ਆਪਣੀ ਹੋਂਦ ਬਚਾ ਰਹੇ ਹਨ। ਪੰਜਾਬ ਦੀਆਂ ਸਾਰੀਆਂ ਡਾਇਟਸ ਸਟਾਫ ਵਿਹੂਣੀਆਂ ਹਨ ਪਰ ਅਫ਼ਸੋਸ ਕਿ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਹੈ।
ਕਰਮਜੀਤ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ

ਚੁਣਾਵੀ ਭਾਸ਼ਣ

18 ਅਗਸਤ ਦਾ ਸੰਪਾਦਕੀ ‘ਪ੍ਰਧਾਨ ਮੰਤਰੀ ਦਾ ਭਾਸ਼ਣ’ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਆਜ਼ਾਦੀ ਦੇ ਦਿਨ ਲਾਲ ਕਿਲ੍ਹੇ ਤੋਂ ਦਿੱਤੇ ਭਾਸ਼ਣ ’ਤੇ ਆਮ ਕਰ ਕੇ 15 ਅਗਸਤ ਨੂੰ ਦਿੱਤਾ ਗਿਆ ਭਾਸ਼ਣ ਦੇਸ਼ ਦੇ ਸਨਮੁੱਖ ਚੁਣੌਤੀਆਂ ਵੱਲ ਸੰਕੇਤ ਕਰਨ ਵਾਲਾ ਹੁੰਦਾ ਹੈ ਪਰ ਪ੍ਰਧਾਨ ਮੰਤਰੀ ਨੇ ਇਸ ਨੂੰ 2024 ਵਿਚ ਹੋਣ ਵਾਲੀ ਲੋਕ ਸਭਾ ਚੋਣਾਂ ਵਾਲਾ ਬਣਾ ਦਿੱਤਾ। ਤੁਸ਼ਟੀਕਰਨ ਦੇ ਮੁੱਦੇ ’ਤੇ ਸੱਚ ਬਿਆਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿਚ ਬੇਭਰੋਸਗੀ ਮਤੇ ਵਾਲੇ ਭਾਸ਼ਣ ਵਿਚ ਵੀ ਅਜਿਹਾ ਹੀ ਕੀਤਾ ਸੀ। ਅਸਲ ਵਿਚ ਉਹ ਆਪਣੀ ਸਿਆਸਤ ਖੇਡ ਰਹੇ ਹਨ।
ਜਗਰੂਪ ਸਿੰਘ, ਲੁਧਿਆਣਾ

Advertisement