ਕੰਗਨਾ ਖ਼ਿਲਾਫ਼ ਕਾਰਵਾਈ ਲਈ ਐੱਸਐੱਸਪੀ ਨੂੰ ਪੱਤਰ
ਪੱਤਰ ਪ੍ਰੇਰਕ
ਮਾਨਸਾ, 13 ਜੂਨ
ਸ਼੍ਰੋਮਣੀ ਅਕਾਲੀ ਦਲ (ਫ਼ਤਹਿ) ਨੇ ਐੱਸਐੱਸਪੀ ਡਾ. ਨਾਨਕ ਸਿੰਘ ਨੂੰ ਲਿਖਤੀ ਸ਼ਿਕਾਇਤ ਸੌਂਪ ਕੇ ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਖ਼ਿਲਾਫ਼ ਕਾਰਵਾਈ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਏਅਰਪੋਰਟ ’ਤੇ ਕੰਗਨਾ ਰਣੌਤ ਵੱਲੋਂ ਕੁਲਵਿੰਦਰ ਕੌਰ ਨਾਲ ਬਹਿਸਬਾਜ਼ੀ ਕੀਤੀ ਗਈ ਤੇ ਬਾਅਦ ਵਿਚ ਸੋਸ਼ਲ ਮੀਡੀਆ ਉਪਰ ਲਾਈਵ ਹੋ ਕੇ ਕਿਸਾਨਾਂ ਖ਼ਿਲਾਫ਼ ਭੱਦੀ ਸ਼ਬਦਵਲੀ ਵਰਤੀ ਗਈ ਹੈ। ਉਨ੍ਹਾਂ ਪੁਲੀਸ ਅਧਿਕਾਰੀ ਤੋਂ ਮੰਗ ਕੀਤੀ ਕਿ ਕਿਸਾਨਾਂ ਖ਼ਿਲਾਫ਼ ਵਰਤੀ ਭੱਦੀ ਸ਼ਬਦਾਵਲੀ ਨੂੰ ਲੈ ਕੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਪੂਰੇ ਮਸਲੇ ਦੀ ਕਾਨੂੰਨੀ ਪੈਰਵਾਈ ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ ਕਰਨਗੇ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਵੱਲੋਂ ਅਜਿਹਾ ਕਹਿ ਕੇ ਕਿਸਾਨਾਂ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ ਕੀਤੀ ਗਈ ਹੈ। ਅਕਾਲੀ ਦਲ (ਫ਼ਤਹਿ) ਵੱਲੋਂ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦਾ ਗੋਲਡ ਮੈਡਲ ਨਾਲ ਸਨਮਾਨ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਤੇ ਅਵਤਾਰ ਸਿੰਘ ਭੀਖੀ ਵੀ ਮੌਜੂਦ ਸਨ।