ਵਿਜੇਂਦਰ ਗੁਪਤਾ ਵੱਲੋਂ ਸੀਵੀਸੀ ਨੂੰ ਪੱਤਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਅਕਤੂਬਰ
ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੁਰਾਣੀ ਰਿਹਾਇਸ਼ 6, ਫਲੈਟ ਸਟਾਫ ਰੋਡ ’ਤੇ ਹੋਏ ਗੈਰ-ਕਾਨੂੰਨੀ ਨਿਰਮਾਣ ਸਬੰਧੀ ਕੇਂਦਰੀ ਵਿਜੀਲੈਂਸ ਕਮਿਸ਼ਨ ਨੂੰ ਪੱਤਰ ਲਿਖ ਕੇ ਪੂਰੇ ਘਟਨਾਕ੍ਰਮ ਦੀ ਜਾਂਚ ਦੀ ਮੰਗ ਕੀਤੀ ਹੈ। ਸੀਵੀਸੀ ਨੂੰ ਲਿਖੇ ਪੱਤਰ ਵਿੱਚ ਭਾਜਪਾ ਆਗੂ ਸ੍ਰੀ ਗੁਪਤਾ ਨੇ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਮਾਰਤ ਨਿਰਮਾਣ ਦੇ ਸਾਰੇ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ 40,000 ਵਰਗ ਗਜ਼ ਦੇ ਵਿਸ਼ਾਲ ਖੇਤਰ ਵਿੱਚ ਆਪਣੇ ਲਈ ਸ਼ੀਸ਼ ਮਹਿਲ ਬਣਵਾਇਆ। ਇਸ ਦੇ ਨਿਰਮਾਣ ਦੌਰਾਨ ਜ਼ਮੀਨੀ ਕਵਰੇਜ ਅਤੇ ਫਲੋਰ ਏਰੀਆ ਅਨੁਪਾਤ (ਐੱਫਏਆਰ) ਦੀਆਂ ਨਿਰਧਾਰਤ ਪ੍ਰਵਾਨਿਤ ਸੀਮਾਵਾਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਸੀ ਤੇ ਨਾ ਹੀ ਸਮਰੱਥ ਅਥਾਰਿਟੀ ਤੋਂ ਇਸ ਦੀ ਖਾਕਾ ਯੋਜਨਾ ਦੀ ਪ੍ਰਵਾਨਗੀ ਲਈ ਗਈ ਸੀ। ਵਿਰੋਧੀ ਧਿਰ ਦੇ ਨੇਤਾ ਨੇ ਅੱਜ ਫਲੈਗ ਸਟਾਫ ਰੋਡ ਅਤੇ ਆਸਪਾਸ ਦੇ ਇਲਾਕੇ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਆਪਣੇ ਨਿਰੀਖਣ ਦੌਰਾਨ ਦੇਖਿਆ ਕਿ 6 ਫਲੈਗ ਸਟਾਫ ਰੋਡ ਦੇ ਨਾਲ ਲੱਗਦੇ ਬੰਗਲਾ ਨੰਬਰ 45 ’ਤੇ ਕੀਤੀ ਗਈ ਉਸਾਰੀ ਅਧੂਰੀ ਸੀ। ਇਹ ਉਹੀ ਬੰਗਲਾ ਹੈ ਜੋ 6, ਫਲੈਗ ਸਟਾਫ ਰੋਡ ਦੇ ਹਿੱਸੇ ਵਜੋਂ ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਜਾ ਰਿਹਾ ਸੀ। ਨਿਰੀਖਣ ਤੋਂ ਬਾਅਦ ਮੀਡੀਆ ਨਾਲ ਮੁਲਾਕਾਤ ਕਰਨ ਵਾਲੇ ਗੁਪਤਾ ਨੇ ਖੁਲਾਸਾ ਕੀਤਾ ਕਿ ਸਾਬਕਾ ਮੁੱਖ ਮੰਤਰੀ ਦੀ ਇਸ ਰਿਹਾਇਸ਼ ਨੂੰ ਸ਼ਾਨਦਾਰ ਬਣਾਉਣ ਲਈ ਨੇੜਲੀਆਂ ਸਰਕਾਰੀ ਜਾਇਦਾਦਾਂ ਨੂੰ ਵੀ ਕੁਰਬਾਨ ਕੀਤਾ ਗਿਆ ਸੀ। ਇਨ੍ਹਾਂ ’ਚ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਜੱਜ ਰਹਿੰਦੇ ਸਨ, ਨੂੰ ਵੀ ਢਾਹ ਕੇ ਇਸ ਰਿਹਾਇਸ਼ ਦਾ ਹਿੱਸਾ ਬਣਾ ਦਿੱਤਾ ਗਿਆ। ਇੰਨਾ ਹੀ ਨਹੀਂ ਇੱਥੇ ਖੜ੍ਹੇ ਦਰੱਖਤਾਂ ਨੂੰ ਕੱਟਣ ਦੇ ਬਦਲੇ ਨਵੇਂ ਪੌਦੇ ਵੀ ਨਹੀਂ ਲਗਾਏ ਗਏ।