ਮਾਲੀਵਾਲ ਵੱਲੋਂ ‘ਇੰਡੀਆ’ ਗੱਠਜੋੜ ਦੇ ਆਗੂਆਂ ਨੂੰ ਪੱਤਰ
ਨਵੀਂ ਦਿੱਲੀ: ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਅੱਜ ‘ਇੰਡੀਆ’ ਗੱਠਜੋੜ ਦੇ ਆਗੂਆਂ ਨੂੰ ਪੱਤਰ ਲਿਖ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਥੀ ਵਿਭਵ ਕੁਮਾਰ ਵੱਲੋਂ ਉਸ ’ਤੇ ਕੀਤੇ ਗਏ ਹਮਲੇ ਦੇ ਮਾਮਲੇ ’ਤੇ ਚਰਚਾ ਲਈ ਸਮਾਂ ਮੰਗਿਆ ਹੈ। ਇੰਡੀਆ ਗੱਠਜੋੜ ਦੇ ਰਾਹੁਲ ਗਾਂਧੀ ਤੇ ਸ਼ਰਦ ਪਵਾਰ ਵਰਗੇ ਆਗੂਆਂ ਨੂੰ ਲਿਖੇ ਪੱਤਰ ’ਚ ‘ਆਪ’ ਮੈਂਬਰ ਨੇ ਸ਼ਿਕਾਇਤ ਕੀਤੀ ਕਿ ਬਦਸਲੂਕੀ ਖ਼ਿਲਾਫ਼ ਬੋਲਣ ਲਈ ਉਸ ਨੂੰ ‘ਸ਼ਰਮਿੰਦਾ ਕੀਤਾ ਗਿਆ ਅਤੇ ਉਸ ਦੀ ਕਿਰਦਾਰਕੁਸ਼ੀ’ ਕੀਤੀ ਗਈ ਹੈ। ਸਵਾਤੀ ਮਾਲੀਵਾਲ ਨੇ ਪੱਤਰ ’ਚ ਲਿਖਿਆ, ‘‘ਸਮਰਥਨ ਦੀ ਬਜਾਏ ਮੇਰੇ ਹੀ ਕਿਰਦਾਰ ’ਤੇ ਚਿੱਕੜ ਉਛਾਲਿਆ ਗਿਆ ਅਤੇ ਮੇਰੀ ਆਪਣੀ ਹੀ ਪਾਰਟੀ ਦੇ ਆਗੂਆਂ ਤੇ ਵਾਲੰਟੀਅਰਾਂ ਵੱਲੋਂ ਮੈਨੂੰ ਸ਼ਰਮਿੰਦਾ ਕੀਤਾ ਗਿਆ।’’ ਉਨ੍ਹਾਂ ਕਿਹਾ, ‘‘ਪਿਛਲੇ ਇੱਕ ਮਹੀਨੇ ’ਚ ਮੈਨੂੰ ਇਸ ਗੱਲ ਦਾ ਤਾਂ ਅਹਿਸਾਸ ਹੋ ਗਿਆ ਹੈ ਕਿ ਨਿਆਂ ਲਈ ਸੰਘਰਸ਼ ਕਰਨ ਵਾਲੀ ਔਰਤ ਨੂੰ ਕਿਵੇਂ ਪੀੜ ਅਤੇ ਇਕੱਲੇਪਣ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਂ ਇਸ ਮੁੱਦੇ ’ਤੇ ਗੱਲਬਾਤ ਲਈ ਤੁਹਾਡੇ ਤੋਂ ਸਮਾਂ ਮੰਗਦੀ ਹਾਂ।’’ -ਪੀਟੀਆਈ