ਜਮਹੂਰੀ ਕਿਸਾਨ ਸਭਾ ਵੱਲੋਂ ਐੱਸਡੀਐੱਮ ਨੂੰ ਪੱਤਰ
ਪੱਤਰ ਪ੍ਰੇਰਕ
ਤਰਨ ਤਾਰਨ, 20 ਨਵੰਬਰ
ਜਮਹੂਰੀ ਕਿਸਾਨ ਸਭਾ ਦੇ ਆਗੂ ਦਲਜੀਤ ਸਿੰਘ ਦਿਆਲਪੁਰਾ ਦੀ ਅਗਵਾਈ ਵਿੱਚ ਐੱਸਡੀਐੱਮ ਭਿੱਖੀਵਿੰਡ ਦੇ ਦਫਤਰ ਦਿਆਲਪੁਰਾ ਪਿੰਡ ਦੇ ਵਸਨੀਕਾਂ ਨੂੰ ਨਾਲ ਲੈ ਕੇ ਕਸਬਾ ਦੀਆਂ ਮੁਸ਼ਕਲਾਂ ਸਬੰਧੀ ਇਕ ਮੰਗ ਪੱਤਰ ਦਿੱਤਾ। ਅਧਿਕਾਰੀ ਦੇ ਦਫ਼ਤਰ ਨਾ ਹੋਣ ਕਰਕੇ ਮੰਗ ਪੱਤਰ ਦਫਤਰ ਦੇ ਸੁਪਰਡੈਂਟ ਨੇ ਪ੍ਰਾਪਤ ਕੀਤਾ। ਲੋਕਾਂ ਨੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਕਿ ਕਸਬਾ ਦਿਆਲਪੁਰਾ ਤਰਨ ਤਾਰਨ-ਦਿਆਲਪੁਰ ਸੜਕ ਨੂੰ ਭਿੱਖੀਵਿੰਡ-ਹਰੀਕੇ ਸੜਕ ਨਾਲ ਜੋੜਦਾ ਹੈ। ਕਸਬਾ ਇਕ ਚੌਰਾਹੇ ਵਰਗਾ ਹੈ ਜਿੱਥੇ ਅੱਡੇ ’ਤੇ ਦੁਕਾਨਾਂ ਹੋਣ ਕਰਕੇ ਵਾਹਨਾਂ ਦੇ ਡਰਾਈਵਰਾਂ ਦੀ ਨਿਗ੍ਹਾ ਦੂਜੀ ਸੜਕ ਤੋਂ ਆਉਂਦੇ-ਜਾਂਦੇ ਵਾਹਨਾਂ ’ਤੇ ਨਹੀਂ ਪੈਂਦੀ। ਕਸਬੇ ਦੀ ਮੁੱਖ ਸੜਕ ’ਤੇ ਚਾਰ ਸਕੂਲ ਹਨ। ਇੱਥੇ ਵਾਪਰਦੇ ਹਾਦਸਿਆਂ ਤੋਂ ਬਚਾਅ ਲਈ ਇਨ੍ਹਾਂ ਦੋਵਾਂ ਸੜਕਾਂ ’ਤੇ ਸਪੀਡ ਬਰੇਕਰ ਬਣਾਉਣ ਦੀ ਮੰਗ ਕੀਤੀ। ਅੱਡੇ ’ਤੇ ਜਨਤਕ ਪਖਾਨੇ ਨਾ ਹੋਣ ਕਰਕੇ ਔਰਤਾਂ ਨੂੰ ਮੁਸ਼ਕਲ ਆਉਂਦੀ ਹੈ। ਵਸਨੀਕਾਂ ਨੇ ਕਸਬਾ ਦੀ ਪੇਂਡੂ ਸਿਵਲ ਡਿਸਪੈਂਸਰੀ ਤੋਂ ਇਲਾਵਾ ਪਸ਼ੂ ਹਸਪਤਾਲ ਵਿੱਚ ਡਾਕਟਰਾਂ ਦੇ ਨਾ ਹੋਣ ਬਾਰੇ ਵੀ ਜਾਣਕਾਰੀ ਦਿੱਤੀ। ਲੋਕਾਂ ਨੇ ਕਸਬਾ ਵਾਸੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਮੰਗ ਕੀਤੀ। ਮੰਗ ਪੱਤਰ ਦੇਣ ਵਾਲਿਆਂ ਵਿੱਚ ਕੇਵਲ ਸਿੰਘ ਕੰਬੋਕੇ, ਗੁਰਦਿਆਲ ਸਿੰਘ ਵਾਂ ਸ਼ਾਮਲ ਸਨ।