For the best experience, open
https://m.punjabitribuneonline.com
on your mobile browser.
Advertisement

ਆਜ ਬਾਜ਼ਾਰ ਮੇਂ ਪਾ-ਬ-ਜੌਲਾਂ ਚਲੋ

08:10 AM Oct 08, 2023 IST
ਆਜ ਬਾਜ਼ਾਰ ਮੇਂ ਪਾ ਬ ਜੌਲਾਂ ਚਲੋ
Advertisement

ਸਵਰਾਜਬੀਰ

Advertisement

ਮੰਗਲਵਾਰ ਦਿੱਲੀ ਵਿਚ ਹੋਈਆਂ ਪੱਤਰਕਾਰਾਂ ਦੀਆਂ ਗ੍ਰਿਫ਼ਤਾਰੀਆਂ ਨੂੰ ਵੇਖ ਕੇ ਫ਼ੈਜ਼ ਅਹਿਮਦ ਫ਼ੈਜ਼ ਦੀਆਂ ਇਹ ਸਤਰਾਂ ਆਪਮੁਹਾਰੇ ਯਾਦ ਆਉਂਦੀਆਂ ਹਨ, ‘‘ਚਸ਼ਮ-ਏ-ਨਮ (ਨਮ ਅੱਖਾਂ), ਜਾਨ-ਏ-ਸ਼ੋਰੀਦਾ (ਵਿਆਕੁਲ ਆਤਮਾ) ਕਾਫ਼ੀ ਨਹੀਂ/ ਤੁਹਮਤ-ਏ-ਇਸ਼ਕ-ਏ-ਪੋਸ਼ੀਦਾ (ਗੁਪਤ ਪ੍ਰੇਮ ਦਾ ਇਲਜ਼ਾਮ) ਕਾਫ਼ੀ ਨਹੀਂ/ ਆਜ ਬਾਜ਼ਾਰ ਮੇਂ ਪਾ-ਬ-ਜੌਲਾਂ ਚਲੋ (ਪੈਰਾਂ ਵਿਚ ਜ਼ੰਜੀਰਾਂ ਪਾ ਕੇ ਚਲੋ)।’’ ਇਸ ਨਜ਼ਮ ਨਾਲ ਕਈ ਕਹਾਣੀਆਂ ਜੁੜੀਆਂ ਹੋਈਆਂ ਹਨ। ਫ਼ੈੈਜ਼ ਅਹਿਮਦ ਫ਼ੈੈਜ਼ ਸ਼ਾਇਰ ਹੋਣ ਦੇ ਨਾਲ ਨਾਲ ਪੱਤਰਕਾਰ, ਖੱਬੇ-ਪੱਖੀ ਸਿਆਸਤਦਾਨ ਤੇ ਮਜ਼ਦੂਰ ਆਗੂ ਵੀ ਸਨ। ਫ਼ੌਜੀ ਹਕੂਮਤ ਨੇ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟਿਆ। ਇਹ ਨਜ਼ਮ ਉਨ੍ਹਾਂ ਨੇ 11 ਫਰਵਰੀ 1959 ਨੂੰ ਲਾਹੌਰ ਜੇਲ੍ਹ ਵਿਚ ਲਿਖੀ ਤੇ ਇਸ ਨੇ ਹਜ਼ਾਰਾਂ ਲੋਕਾਂ ਨੂੰ ਹੌਸਲਾ ਦਿੱਤਾ ਤੇ ਵੰਗਾਰਿਆ। ਇਸ ਸ਼ਾਇਰ-ਪੱਤਰਕਾਰ ਦੀ ਸ਼ਾਇਰੀ ਪੜ੍ਹ ਕੇ ਤੁਸੀਂ ਮਹਿਸੂਸ ਕਰਦੇ ਹੋ ਕਿ ਆਪਣੇ ਲੋਕਾਂ ਨਾਲ ਪ੍ਰੇਮ ਕਰਨ ਵਾਲੇ ਕਿਸੇ ਸ਼ਖ਼ਸ ਦੇ ਮਨ ਵਿਚ ਜ਼ਿੰਮੇਵਾਰੀ ਦਾ ਅਹਿਸਾਸ ਕਿੰਨਾ ਵੱਡਾ ਤੇ ਬੁਲੰਦ ਹੋ ਸਕਦਾ ਹੈ। ਜੇਲ੍ਹ ਜਾਣ ਤੋਂ ਬਹੁਤ ਪਹਿਲਾਂ ਹੀ ਫ਼ੈਜ਼ ਨੂੰ ਆਉਣ ਵਾਲੇ ਮਾੜੇ ਸਮਿਆਂ ਦੀ ਸੋਅ ਮਿਲ ਚੁੱਕੀ ਸੀ ਤੇ ਉਹ ਲਿਖ ਚੁੱਕੇ ਸਨ, ‘‘ਨਿਸਾਰ ਮੈਂ ਤੇਰੀ ਗਲੀਓਂ ਕੇ ਐ ਵਤਨ, ਕਿ ਜਹਾਂ/ ਚਲੀ ਹੈ ਰਸਮ ਕਿ ਕੋਈ ਨ ਸਿਰ ਉਠਾ ਕੇ ਚਲੇ/ ਜੋ ਕੋਈ ਚਾਹਨੇ ਵਾਲਾ ਤਵਾਫ਼ (ਘੁੰਮਣ) ਕੋ ਨਿਕਲੇ/ ਨਜ਼ਰ ਚੁਰਾ ਕੇ ਚਲੇ ਜਿਸਮ-ਓ-ਜਾਂ ਬਚਾ ਕੇ ਚਲੇ।’’ ਅਸੀਂ ਇਹੋ ਜਿਹੀ ਰਸਮ ਦੇ ਸਮਿਆਂ ਵਿਚ ਹੀ ਜੀ ਰਹੇ ਹਾਂ, ‘‘ਜਹਾਂ, ਚਲੀ ਹੈ ਰਸਮ ਕਿ ਕੋਈ ਨਾ ਸਿਰ ਉਠਾ ਕੇ ਚਲੇ।’’
ਸਿਰ ਉਠਾ ਕੇ ਚੱਲਣਾ ਮਨੁੱਖਤਾ ਦੇ ਮਾਣ-ਸਨਮਾਨ ਨੂੰ ਕਾਇਮ ਰੱਖਣਾ ਹੈ। ਦੇਸਾਂ ਤੇ ਕੌਮਾਂ ਨੇ ਅਜਿਹੇ ਵਕਤ ਵੀ ਭੁਗਤੇ ਹਨ ਜਦੋਂ ਬਹੁਤ ਸਾਰੇ ਲੋਕਾਂ ਲਈ ਸਿਰ ਉਠਾ ਕੇ ਚੱਲਣਾ ਮੁਮਕਨਿ ਨਹੀਂ ਸੀ। ਸਿਰ ਉਠਾ ਕੇ ਚੱਲਣ ਵਾਲੇ ਫਾਂਸੀਆਂ ’ਤੇ ਚੜ੍ਹਾਏ ਜਾਂਦੇ ਤੇ ਜੇਲ੍ਹਾਂ ਵਿਚ ਡੱਕੇ ਜਾਂਦੇ ਸਨ। ਉਨ੍ਹਾਂ ਵਿਚੋਂ ਕਈ ਸਿਰ ਨਵਿਾਉਣ ਦਾ ਫ਼ੈਸਲਾ ਕਰ ਲੈਂਦੇ ਤੇ ਮੁਆਫ਼ੀਨਾਮੇ ਲਿਖਦੇ ਸਨ। ਅਜਿਹੇ ਸਮੇਂ ਹਨੇਰਿਆਂ ਭਰੇ ਹੁੰਦੇ ਹਨ। ਇਹੋ ਜਿਹੇ ਵੇਲਿਆਂ ’ਚ ਹੀ ਰਾਬਿੰਦਰਨਾਥ ਟੈਗੋਰ ਨੇ ਸਾਡੇ ਦੇਸ਼ ਅਤੇ ਲੋਕਾਂ ਲਈ ਇਹ ਦੁਆ ਮੰਗੀ ਸੀ, ‘‘ਜਿੱਥੇ ਮਨ ਭੈਅ ਤੋਂ ਮੁਕਤ ਹੋਵੇ/ ਤੇ ਬੰਦਾ ਸਿਰ ਉੱਚਾ ਕਰ ਕੇ ਤੁਰੇ/ ਜਿੱਥੇ ਗਿਆਨ ਆਜ਼ਾਦ ਹੋਵੇ/... ਜ਼ਿੱਥੇ ਸ਼ਬਦ ਸੱਚ ਦੀਆਂ ਗਹਿਰਾਈਆਂ ’ਚੋਂ ਜਨਮ ਲੈਣ/ ਜਿੱਥੇ ਮਨੁੱਖ ਦੀ ਅਣਥੱਕ ਚਾਹਤ ਉੱਤਮਤਾ ਵੱਲ ਬਾਹਾਂ ਪਸਾਰੇ/ ਜਿੱਥੇ ਤਰਕ ਦੀ ਸਵੱਛ ਧਾਰਾ/ ਮੋਈ ਰਵਾਇਤ ਦੇ ਡਰਾਉਣੇ ਰੇਗਿਸਤਾਨ ਵਿਚ ਰਾਹ ਨਾ ਭੁੱਲ ਜਾਏ/ ਹੇ ਪਿਤਾ (ਪ੍ਰਭੂ), ਮੇਰੇ ਦੇਸ਼ ਨੂੰ ਆਜ਼ਾਦੀ ਦਾ ਉਹ ਸਵਰਗ ਬਣਾ ਦੇ।’’
ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਵਾਪਰ ਰਹੀਆਂ ਘਟਨਾਵਾਂ ਵੇਖ ਕੇ ਲੋਕਾਂ ਨੂੰ ਬਹੁਤ ਵਾਰ ਇਹ ਮਹਿਸੂਸ ਹੁੰਦਾ ਹੈ ਕਿ ਟੈਗੋਰ ਦੀ ਦੁਆ ਪੁੱਗੀ ਨਹੀਂ; ਸਾਡਾ ਦੇਸ਼ ਉਹ ਨਹੀਂ ਬਣ ਸਕਿਆ ਜੋ ਟੈਗੋਰ ਨੇ ਚਾਹਿਆ ਸੀ: ਹਕੂਮਤਾਂ ਨੂੰ ਲੋਕਾਂ ਦਾ ਸਿਰ ਉਠਾ ਕੇ ਚੱਲਣਾ ਮਨਜ਼ੂਰ ਨਹੀਂ; ਦੇਸ਼ ਵਾਸੀਆਂ ਨੂੰ ਤਰਕਹੀਣਤਾ ਦੇ ਹਨੇਰੇ ਵਿਚ ਧੱਕਿਆ ਜਾ ਰਿਹਾ ਤੇ ਤਰਕਹੀਣਤਾ ਨਫ਼ਰਤ, ਹਿੰਸਾ ਤੇ ਭਾਈਚਾਰਕ ਪਾੜਿਆਂ ਨੂੰ ਜਨਮ ਦੇ ਰਹੀ ਹੈ; ਸਿਰ ਉਠਾ ਕੇ ਚੱਲਣ ਵਾਲਿਆਂ ਨਾਲ ਉਹ ਕੀਤਾ ਜਾ ਰਿਹਾ ਹੈ ਜੋ ਮੰਗਲਵਾਰ ਕੁਝ ਪੱਤਰਕਾਰਾਂ ਨਾਲ ਹੋਇਆ।
ਪੱਤਰਕਾਰ, ਸ਼ਾਇਰ, ਚਿੰਤਕ, ਵਿਦਵਾਨ, ਵਿਗਿਆਨੀ, ਸਭ ਤਰਕ-ਸੰਸਾਰ ਦੇ ਮੁਸਾਫ਼ਿਰ ਹਨ। ਜਿੱਥੇ ਉਹ ਤਰਕ-ਸੰਸਾਰ ਦੇ ਪੰਧ ਹੰਘਾਲਦੇ ਹਨ, ਉੱਥੇ ਉਨ੍ਹਾਂ ਦਾ ਸਿੱਧਾ-ਅਸਿੱਧਾ ਸਾਹਮਣਾ ਇਤਿਹਾਸ ਬਣਾਉਣ ਵਾਲੀਆਂ ਸੱਤਾਧਾਰੀ ਸ਼ਕਤੀਆਂ ਨਾਲ ਵੀ ਹੁੰਦਾ ਹੈ। ਫ਼ਹਿਮੀਦਾ ਰਿਆਜ਼ ਨੇ ਸ਼ਾਇਰਾਂ ਦੇ ਹਵਾਲੇ ਨਾਲ ਲਿਖਿਆ ਹੈ, ‘‘ਸ਼ਾਇਰ ਤਾਰੀਖ਼ (ਇਤਿਹਾਸ) ਨੂੰ ਭਵਿੱਖ ਵਿਚ ਅਣਕਿਆਸੇ ਮੋੜ ਖਾਂਦੇ ਸਫ਼ਰ ਵਾਂਗ ਨਹੀਂ ਦੇਖਦਾ। ਉਹ ਇਕ ਪਲ ਦੀ ਪੀੜ ਦੇ ਆਲਮ ਵਿਚ ਸ਼ਿਅਰ ਜੋੜਦਾ ਹੈ, ਮਸਲਨ ਉਹ ਲੋਕ-ਸਮੂਹ ’ਤੇ ਹੋਈ ਪੁਲੀਸ ਫਾਇਰਿੰਗ ’ਤੇ ਨਜ਼ਮ ਲਿਖ ਦਿੰਦਾ ਹੈ। ਸ਼ਾਇਰ ਤਾਰੀਖ਼ (ਇਤਿਹਾਸ) ਦੇ ਸਮਾਨਅੰਤਰ ਲਕੀਰ ਖਿੱਚਦਾ ਹੈ - ਬਦਲਵੀਆਂ ਸੰਭਾਵਨਾਵਾਂ ਦੀ ਲਕੀਰ।... ਸ਼ਾਇਰ ਤਾਰੀਖ਼ (ਇਤਿਹਾਸ) ਨਹੀਂ ਹੈ। ਉਹ ਆਪਣੇ ਸ਼ਊਰ (ਸਮਝ) ਤੋਂ ਹੱਥ ਨਹੀਂ ਖਿੱਚ ਸਕਦਾ।’’ ਇਹ ਸ਼ਬਦ ਸਿਰਫ਼ ਸ਼ਾਇਰਾਂ ਅਤੇ ਪੱਤਰਕਾਰਾਂ ’ਤੇ ਹੀ ਨਹੀਂ ਸਗੋਂ ਹਰ ਸੰਵੇਦਨਸ਼ੀਲ ਮਨੁੱਖ ’ਤੇ ਲਾਗੂ ਹੁੰਦੇ ਹਨ।
ਤੇ ਸੰਵੇਦਨਸ਼ੀਲ ਮਨੁੱਖ ਸਮਾਜ ਵਿਚ ਹੋਣ ਵਾਲੇ ਅਨਿਆਂ ਵਿਰੁੱਧ ਆਵਾਜ਼ ਉਠਾਉਂਦੇ ਅਤੇ ਆਪਣੀ ਅਸਹਿਮਤੀ ਪ੍ਰਗਟ ਕਰਦੇ ਹਨ ਜਦੋਂਕਿ ਸੱਤਾ ਉਨ੍ਹਾਂ ਨੂੰ ਚੁੱਪ ਕਰਵਾਉਣਾ ਚਾਹੁੰਦੀ ਹੈ। ਸਰਕਾਰਾਂ ਆਪਣੇ ਨਾਲ ਸਹਿਮਤ ਨਾ ਹੋਣ ਵਾਲੇ ਲੋਕਾਂ ਨੂੰ ਚੁੱਪ ਕਰਵਾਉਣ ਲਈ ਹਰ ਹਰਬਾ ਵਰਤਦੀਆਂ ਹਨ। ਕਈ ਵਾਰ ਲੋਕਾਂ ਕੋਲ ਚੁੱਪ ਹੋ ਜਾਣ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਬਚਦਾ; ਉਹ ਚੁੱਪ ਹੋ ਜਾਂਦੇ ਹਨ ਪਰ ਉਹ ਚੁੱਪ ਹਾਕਮਾਂ ਦੇ ਬੋਲਾਂ ਅਤੇ ਹੁਕਮਾਂ ਨਾਲ ਸਹਿਮਤੀ ਨਹੀਂ ਹੁੰਦੀ। ਅਜਿਹੀ ਚੁੱਪ ਵਿਚ ਉਹ ਕੰਡਾ ਬਣਨ ਦੀ ਤਾਕਤ ਹੁੰਦੀ ਹੈ ਜਿਸ ਨੇ ਇਕ ਨਾ ਇਕ ਦਨਿ ਸੱਤਾਧਾਰੀਆਂ ਦੇ ਗਲੇ ਵਿਚ ਅਟਕ ਜਾਣਾ ਹੁੰਦਾ ਹੈ। ਸਾਰੀਆਂ ਸਰਕਾਰਾਂ ਅਸਹਿਮਤੀ ਰੱਖਣ ਵਾਲਿਆਂ ਦੀ ਮੁਕੰਮਲ ਚੁੱਪ ਲੋਚਦੀਆਂ ਹਨ।
ਜਦੋਂ ਉਹ ਚੁੱਪ ਰਹਿਣ ਤੋਂ ਇਨਕਾਰ ਕਰਦੇ ਹਨ ਤਾਂ ਸੱਤਾਧਾਰੀ ਉਨ੍ਹਾਂ ਨੂੰ ਦਬਾਉਣਾ ਤੇ ਕੁਚਲਣਾ ਚਾਹੁੰਦੇ ਹਨ। ਕਿਤੇ ਸਰਕਾਰ ਆਪਣੀਆਂ ਏਜੰਸੀਆਂ ਦੀ ਵਰਤੋਂ ਕਰਦੀ ਹੈ, ਕਿਤੇ ਉਸ ਦੇ ਹਮਾਇਤੀ ਕਾਰਪੋਰੇਟ ਅਦਾਰੇ ਨਿਊਜ਼ ਚੈਨਲਾਂ ਅਤੇ ਅਖ਼ਬਾਰਾਂ ’ਤੇ ਕਬਜ਼ੇ ਕਰਦੇ ਹਨ ਤੇ ਕਿਤੇ ਸਰਕਾਰ ਉਨ੍ਹਾਂ ਲਈ ਹੋਰ ਪਰੇਸ਼ਾਨੀਆਂ ਪੈਦਾ ਕਰਦੀ ਹੈ ਪਰ ਇਸ ਸਭ ਕੁਝ ਦਾ ਇਕੋ ਇਕ ਮੰਤਵ ਇਹ ਹੁੰਦਾ ਹੈ ਕਿ ਸੱਤਾ ਚੁੱਪ ਲੋਚਦੀ ਹੈ; ਉਹ ਆਪਣੇ ਬੋਲਾਂ ਦੀ ਗੂੰਜ ਸੁਣਨਾ ਚਾਹੁੰਦੀ ਹੈ। ਗੂੰਜ ਸੁਣ ਕੇ ਸੱਤਾ ਹਉਮੈ ਭਰੀ ਮਸਤੀ ਵਿਚ ਆਉਂਦੀ ਹੈ। ਸੱਤਾ ਅਸਹਿਮਤੀ ਰੱਖਣ ਵਾਲਿਆਂ ਨੂੰ ਚੁੱਪ ਕਰਵਾ ਦੇਣ ਦੀ ਜਿੱਤ ਦਾ ਜਸ਼ਨ ਮਨਾਉਂਦੀ ਹੋਈ ਉਸ ਨੂੰ ਕਾਨੂੰਨ ਦੀ ਜਿੱਤ ਵਜੋਂ ਪੇਸ਼ ਕਰਦੀ ਹੈ।
ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਤ੍ਰਿਸਨਾ ਹੋਈ ਬਹੁਤੁ ਕਵਿੈ ਨ ਧੀਜਈ।।’’ ਤ੍ਰਿਸ਼ਨਾ ਵਧਦੀ ਜਾਂਦੀ ਹੈ, ਖ਼ਤਮ ਨਹੀਂ ਹੁੰਦੀ। ਸੱਤਾਧਾਰੀਆਂ ਦੀ ਤ੍ਰਿਸ਼ਨਾ ਤੇਜ਼ੀ ਨਾਲ ਵਧਦੀ ਹੈ। ਸੱਤਾਧਾਰੀ ਭੁੱਲ ਜਾਂਦੇ ਹਨ ਕਿ ਵਰਤਮਾਨ ਦੇ ਗਰਭ ਵਿਚ ਉਨ੍ਹਾਂ ਨਾਲ ਅਸਹਿਮਤੀ ਦੀ ਆਵਾਜ਼ ਚੁੱਪ ਵਿਚ ਪਨਪ ਰਹੀ ਹੁੰਦੀ ਹੈ; ਅਜਿਹੀ ਚੁੱਪ ਨੇ ਭਵਿੱਖ ਵਿਚ ਵਿਸਫੋਟਕ ਬਣਨਾ ਹੁੰਦਾ ਹੈ। ਇਹ ਜੰਗ ਚੱਲਦੀ ਰਹਿੰਦੀ ਹੈ ਜਵਿੇਂ ਕਿਊਬਾ ਦੇ ਕਵੀ ਹਰਬਰਤੋ ਪੈਦੀਆ ਨੇ ਲਿਖਿਆ ਹੈ, ‘‘ਜਰਨੈਲ ਸਾਹਿਬ, ਤੇਰੇ ਹੁਕਮਾਂ ਤੇ ਮੇਰੇ ਗੀਤਾਂ ਵਿਚਕਾਰ ਜੰਗ ਜਾਰੀ ਹੈ।’’
ਲੋਕਾਂ ਦੇ ਦਿਲਾਂ ਵਿਚ ਪਨਪਦੀ ਅਸਹਿਮਤੀ ਕਦੇ ਡਰਦੀ ਤੇ ਕਦੇ ਸੱਤਾ ਨੂੰ ਲਲਕਾਰਦੀ ਹੈ; ਕਦੇ ਇਹ ਲੋਕ ਵਿਦਰੋਹ ਦਾ ਰੂਪ ਲੈਂਦੀ ਹੈ ਅਤੇ ਕਦੇ ਕਵਿਤਾ, ਕਹਾਣੀਆਂ, ਨਾਵਲਾਂ ਤੇ ਗੀਤਾਂ ਵਿਚ ਛੁਪ ਜਾਂਦੀ ਹੈ। ਹਰ ਵਾਰ ਅਜਿਹੀ ਲੜਾਈ ਦਾ ਨਤੀਜਾ ਚੁੱਪ ਵਿਚ ਨਹੀਂ ਨਿਕਲਦਾ। ਬਹੁਤ ਕੁਝ ਅਸਹਿਮਤੀ ਰੱਖਣ ਵਾਲਿਆਂ ਦੀ ਹਿੰਮਤ ਅਤੇ ਨਜ਼ਰੀਏ ’ਤੇ ਨਿਰਭਰ ਕਰਦਾ ਹੈ। ਜੇਕਰ ਤੁਸੀਂ ਸ਼ਾਸਕਾਂ ਸਾਹਮਣੇ ਝੁਕਦੇ ਚਲੇ ਜਾਓ ਤਾਂ ਉਨ੍ਹਾਂ ਵਿਚ ਤੁਹਾਨੂੰ ਝੁਕਾਉਣ ਦੀ ਤਾਕਤ ਵਧਦੀ ਜਾਂਦੀ ਹੈ। ਅਮਰੀਕਾ ਦੇ ਸਿਆਹਫ਼ਾਮ ਲੋਕਾਂ ਦੇ ਉੱਘੇ ਆਗੂ ਫਰੈਡਰਿਕ ਡਗਲਸ (ਜੋ ਖ਼ੁਦ ਗ਼ੁਲਾਮ ਰਿਹਾ ਸੀ ਤੇ ਜਿਸ ਨੇ ਬਗ਼ਾਵਤ ਕਰ ਕੇ ਆਜ਼ਾਦੀ ਪ੍ਰਾਪਤ ਕੀਤੀ ਸੀ) ਨੇ 1857 ਵਿਚ ਆਪਣੇ ਇਕ ਭਾਸ਼ਨ ਵਿਚ ਕਿਹਾ ਸੀ, ‘‘ਤਾਨਾਸ਼ਾਹਾਂ ਦੀਆਂ ਹੱਦਾਂ ਉਨ੍ਹਾਂ ਲੋਕਾਂ, ਜਨਿ੍ਹਾਂ ਦਾ ਤਾਨਾਸ਼ਾਹ ਦਮਨ ਕਰਦੇ ਹਨ, ਦੀ ਸਹਿਣਸ਼ਕਤੀ ਤੈਅ ਕਰਦੀ ਹੈ।’’ ਇਸ ਭਾਸ਼ਨ ਵਿਚ ਉਹ ਇਹ ਵੀ ਕਹਿੰਦਾ ਹੈ, ‘‘ਜੇ ਤੁਹਾਨੂੰ ਉਹ ਲੋਕ ਮਿਲ ਜਾਣ ਜੋ ਚੁੱਪ ਚਾਪ ਸਭ ਕੁਝ ਸਹਿ ਲੈਣਗੇ ਤਾਂ ਤੁਹਾਨੂੰ ਇਹ ਵੀ ਪਤਾ ਚੱਲ ਜਾਵੇਗਾ ਕਿ ਉਨ੍ਹਾਂ ਨਾਲ ਕਿੰਨਾ ਅਨਿਆਂ ਤੇ ਬੇਇਨਸਾਫ਼ੀ ਕੀਤੀ ਜਾ ਸਕਦੀ ਹੈ ਤੇ ਇਹ ਅਨਿਆਂ ਉਦੋਂ ਤਕ ਜਾਰੀ ਰਹੇਗਾ ਜਦ ਤਕ ਉਸ (ਅਨਿਆਂ) ਦਾ ਸ਼ਬਦਾਂ ਜਾਂ ਸਰੀਰਕ ਜਾਂ ਦੋਵਾਂ ਤਰੀਕਿਆਂ ਨਾਲ ਵਿਰੋਧ ਨਹੀਂ ਕੀਤਾ ਜਾਂਦਾ।’’ ਸਾਡੇ ਦੇਸ਼ ਵਿਚ ਇਹੋ ਜਿਹਾ ਮੰਜ਼ਰ ਖੇਤੀ ਕਾਨੂੰਨਾਂ ਵਿਰੁੱਧ ਲੜੇ ਗਏ ਕਿਸਾਨ ਅੰਦੋਲਨ ਦੌਰਾਨ ਪੇਸ਼ ਹੋਇਆ। ਕਿਸਾਨਾਂ ਨੇ ਚੁੱਪ ਹੋਣ ਤੋਂ ਇਨਕਾਰ ਕੀਤਾ; 600 ਤੋਂ ਵੱਧ ਕਿਸਾਨ ਉਸ ਅੰਦੋਲਨ ਦੌਰਾਨ ਸ਼ਹੀਦ ਹੋਏ।
ਮਨੁੱਖਤਾ ਦੇ ਇਤਿਹਾਸ ਵਿਚ ਇਕ ਖੇਤਰ ਸ਼ਾਸਕਾਂ ਲਈ ਹਮੇਸ਼ਾਂ ਸਮੱਸਿਆਵਾਂ ਪੈਦਾ ਕਰਦਾ ਰਿਹਾ ਹੈ; ਉਹ ਹੈ ਕਾਗਜ਼ ਤੇ ਕਲਮ ਦਾ ਖੇਤਰ। ਇਹ ਨਹੀਂ ਕਿ ਸ਼ਾਸਕਾਂ ਨੇ ਇਸ ਖੇਤਰ ਨੂੰ ਆਪਣੀ ਤਾਕਤ ਵਧਾਉਣ ਲਈ ਨਹੀਂ ਵਰਤਿਆ ਪਰ ਅਸਹਿਮਤੀ ਰੱਖਣ ਵਾਲਿਆਂ ਨੇ ਵੀ ਇਸ ਖੇਤਰ ਰਾਹੀਂ ਹਾਕਮ ਜਮਾਤਾਂ ਵਿਰੁੱਧ ਵਿਰੋਧ ਪ੍ਰਗਟਾਇਆ ਹੈ। ਸ਼ਾਸਕਾਂ ਨੇ ਬੁੱਤਾਂ ਤੇ ਸਿੱਲ ਪੱਥਰਾਂ ’ਤੇ ਆਪਣੇ ਉਦੇਸ਼ ਉੱਕਰੇ, ਅਸਹਿਮਤੀ ਰੱਖਣ ਵਾਲਿਆਂ ਨੇ ਤਾੜ-ਪੱਤਰਾਂ ’ਤੇ ਆਪਣਾ ਵਿਦਰੋਹ ਦਰਜ ਕੀਤਾ; ਹਕੂਮਤਾਂ ਵਿਰੁੱਧ ਕਵਿਤਾਵਾਂ, ਨਾਟਕ ਤੇ ਇਤਿਹਾਸਕ ਬਿਰਤਾਂਤ ਲਿਖੇ ਗਏ। ਪ੍ਰਿੰਟਿੰਗ ਪ੍ਰੈੱਸ ਆਉਣ ’ਤੇ ਇਸ ਖੇਤਰ ਵਿਚ ਇਨਕਲਾਬ ਆਇਆ। ਕਿਤਾਬਾਂ ਛਪਣ ਦੇ ਨਾਲ ਨਾਲ ਅਖ਼ਬਾਰਾਂ ਨਿਕਲਣ ਲੱਗੀਆਂ। ਅਖ਼ਬਾਰਾਂ ਨੇ ਨਵੀਂ ਦੁਨੀਆ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ; ਪ੍ਰੈੱਸ/ਮੀਡੀਆ ਦੀ ਆਜ਼ਾਦੀ ਨੂੰ ਜਮਹੂਰੀਅਤ ਦਾ ਪੰਜਵਾਂ ਥੰਮ੍ਹ ਮੰਨਿਆ ਗਿਆ। ਜਦੋਂ ਜਦੋਂ ਸਰਕਾਰਾਂ ਜਮਹੂਰੀ ਰਾਹਾਂ ਤੋਂ ਗ਼ੈਰ-ਜਮਹੂਰੀ ਪੰਧਾਂ ਵੱਲ ਵਧਦੀਆਂ ਹਨ, ਉਦੋਂ ਹੀ ਲੇਖਕਾਂ ਤੇ ਪ੍ਰੈੱਸ/ਮੀਡੀਆ ਦਾ ਗਲਾ ਘੁੱਟਿਆ ਜਾਂਦਾ ਹੈ; ਇਹ ਐਮਰਜੈਂਸੀ ਵੇਲੇ ਹੋਇਆ ਸੀ ਤੇ ਹੁਣ ਵੀ ਹੋ ਰਿਹਾ ਹੈ।
ਅਮਰੀਕਨ ਵਿਦਵਾਨ ਕਰੇਗ ਸਮਿੱਥ ਤੇ ਉਸ ਦੇ ਸਾਥੀ ਵਿਦਵਾਨਾਂ ਨੇ ਆਪਣੀ ਕਿਤਾਬ ‘ਵਿਰੋਧੀਆਂ ਨੂੰ ਚੁੱਪ ਕਰਾਉਂਦਿਆਂ (Silencing the Opposition)’ ਵਿਚ ਉਨ੍ਹਾਂ ਤਰੀਕਿਆਂ, ਜਨਿ੍ਹਾਂ ਨੂੰ ਸਰਕਾਰਾਂ ਵਰਤਦੀਆਂ ਹਨ, ਦਾ ਵਿਸਥਾਰ ਸਹਿਤ ਜ਼ਿਕਰ ਕੀਤਾ ਹੈ। ਕਰੇਗ ਅਨੁਸਾਰ ਸਰਕਾਰਾਂ ਅਸਹਿਮਤੀ ਰੱਖਣ ਵਾਲਿਆਂ ਨੂੰ ਦੋ ਰਸਤਿਆਂ ਵਿਚੋਂ ਚੋਣ ਕਰਨ ਲਈ ਕਹਿੰਦੀਆਂ ਹੈ; ਇਹ ਰਸਤੇ ਹਨ : ਉਨ੍ਹਾਂ ਨਾਲ ਮਿਲ ਜਾਵੋ (Assimilation) ਜਾਂ ਖ਼ਤਮ ਹੋ ਜਾਵੋ (Elimination)। ਭਾਰਤ ਨੇ 1975-77 ਵਿਚ ਐਮਰਜੈਂਸੀ ਦਾ ਦੌਰ ਵੇਖਿਆ। ਸ਼ਾਸਕ ਚਲਾਕ ਹੁੰਦੇ ਹਨ; ਉਹ ਇਤਿਹਾਸ ਤੋਂ ਸਿੱਖਦੇ ਹਨ; ਉਹ ਜਾਣਦੇ ਹਨ ਕਿ ਐਮਰਜੈਂਸੀ ਲਗਾਉਣ ਤੋਂ ਬਿਨਾ ਵੀ ਐਮਰਜੈਂਸੀ ਵਰਗਾ ਮਾਹੌਲ ਬਣਾਇਆ ਜਾ ਸਕਦਾ ਹੈ।
ਇਹ ਰੁਝਾਨ ਸਿਰਫ਼ ਭਾਰਤ ਵਿਚ ਨਹੀਂ ਸਗੋਂ ਹੋਰ ਦੇਸ਼ਾਂ ਵਿਚ ਵੀ ਹੈ। ਉਦਾਹਰਨ ਦੇ ਤੌਰ ’ਤੇ ਅਮਰੀਕਾ ਵਿਚ 2020 ਵਿਚ ਇਕ ਪੁਲੀਸ ਅਧਿਕਾਰੀ ਨੇ ਸਿਆਹਫ਼ਾਮ ਵਿਅਕਤੀ ਜਾਰਜ ਫਲਾਇਡ ਦੀ ਧੌਣ ’ਤੇ ਗੋਡਾ ਰੱਖ ਕੇ ਮਾਰ ਦਿੱਤਾ। ਉਸ ਤੋਂ ਬਾਅਦ ਦੁਨੀਆ ਭਰ ਵਿਚ ਹੋਏ ਮੁਜ਼ਾਹਰਿਆਂ ਦੌਰਾਨ 400 ਤੋਂ ਵੱਧ ਪੱਤਰਕਾਰਾਂ ’ਤੇ ਹਮਲੇ ਹੋਏ ਅਤੇ 120 ਤੋਂ ਵੱਧ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਕ ਅਨੁਮਾਨ ਅਨੁਸਾਰ 2022 ਵਿਚ ਵੱਖ ਵੱਖ ਦੇਸ਼ਾਂ ਵਿਚ 350 ਪੱਤਰਕਾਰਾਂ ਨੂੰ ਜੇਲ੍ਹ ਵਿਚ ਸੁੱਟਿਆ ਗਿਆ। ਯੂਨੈਸਕੋ ਦੇ ਅੰਕੜਿਆਂ ਅਨੁਸਾਰ 2006 ਤੋਂ 2020 ਵਿਚਕਾਰ 1229 ਪੱਤਰਕਾਰ ਮਾਰੇ ਗਏ। ਭਾਰਤ ਵਿਚ ਗੌਰੀ ਲੰਕੇਸ਼ ਦਾ ਕਤਲ ਅਤੇ ਸਿੱਦੀਕੀ ਕੱਪਨ ਦੀ ਨਜ਼ਰਬੰਦੀ ਅਜਿਹੇ ਕੇਸਾਂ ਵਿਚੋਂ ਉੱਭਰ ਕੇ ਸਾਹਮਣੇ ਆਏ।
ਇਸ ਸਭ ਕੁਝ ਦੇ ਬਾਵਜੂਦ ਸਮਾਜਿਕ ਕਾਰਕੁਨ, ਪੱਤਰਕਾਰ, ਚਿੰਤਕ, ਲੇਖਕ ਤੇ ਅਨਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਲੋਕ ਆਪਣੇ ਸੰਘਰਸ਼ ਜਾਰੀ ਰੱਖਦੇ ਹਨ। ਅੱਜ ਦਾ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਹੈ। ਟੈਲੀਵਿਜ਼ਨ ਚੈਨਲਾਂ ਦੇ ਨਾਲ ਨਾਲ ਸੋਸ਼ਲ ਮੀਡੀਆ ਦੇ ਪੱਤਰਕਾਰ ਬਹੁਤ ਵਾਰ ਉਨ੍ਹਾਂ ਥਾਵਾਂ ’ਤੇ ਪਹੁੰਚ ਜਾਂਦੇ ਹਨ ਜਿੱਥੇ ਘਟਨਾਵਾਂ ਵਾਪਰ ਰਹੀਆਂ ਹੁੰਦੀਆਂ ਹਨ। ਉਹ ਘਟਨਾਵਾਂ ਦੀਆਂ ਤਸਵੀਰਾਂ ਖਿੱਚਦੇ ਤੇ ਵੀਡੀਓ ਬਣਾਉਂਦੇ ਹਨ। ਮੰਗਲਵਾਰ ਅਜਿਹੀ ਹੀ ਇਕ ਵੀਡੀਓ ਵਿਚ ਪੁਲੀਸ ਪ੍ਰੰਜਯ ਗੁਹਾ ਠਾਕੁਰਤਾ ਤੇ ਉਰਮਲੇਸ਼ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਵੱਲ ਲਿਜਾ ਰਹੀ ਹੈ; ਉਸ ਦ੍ਰਿਸ਼ ਤੋਂ ਫ਼ੈਜ਼ ਅਹਿਮਦ ਫ਼ੈਜ਼ ਦੀਆਂ ਉਪਰੋਕਤ ਸਤਰਾਂ ਯਾਦ ਆਉਂਦੀਆਂ ਹਨ, ‘‘ਆਜ ਬਾਜ਼ਾਰ ਮੇਂ ਪਾ-ਬ-ਜੌਲਾਂ ਚਲੋ (ਅੱਜ ਬਾਜ਼ਾਰ ਵਿਚ ਬੇੜੀਆਂ/ਜ਼ੰਜੀਰਾਂ ਪਾ ਕੇ ਚਲੋ)।’’
ਮੰਗਲਵਾਰ ਕੀਤੀਆਂ ਗਈਆਂ ਕਈ ਕਾਰਵਾਈਆਂ ਬਾਰੇ ਇਹ ਦੱਸਿਆ ਗਿਆ ਹੈ ਕਿ ‘ਨਿਊਜ਼ਕਲਿੱਕ’ ਨਿਊਜ਼ ਪੋਰਟਲ (ਇੰਟਰਨੈੱਟ ’ਤੇ ਖ਼ਬਰਾਂ ਦੇਣ ਵਾਲੀ ਥਾਂ) ਦੇ ਮਾਲਕ ਤੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਇਸਥ ਨੇ ਚੀਨ-ਪੱਖੀ ਪ੍ਰਚਾਰ ਕਰਨ ਲਈ ਵਿਦੇਸ਼ਾਂ ਤੋਂ ਫੰਡ ਲਏ ਅਤੇ ਪਿਛਲੇ ਤਿੰਨ ਸਾਲਾਂ ਦੌਰਾਨ ਵਵਿਾਦਗ੍ਰਸਤ ਸਰੋਤਾਂ ਤੋਂ 39 ਕਰੋੜ ਰੁਪਏ ਹਾਸਿਲ ਕੀਤੇ। ਸਰਕਾਰ ਨੂੰ ਨਿਊਜ਼ ਪੋਰਟਲ ਦੁਆਰਾ ਪੈਸੇ ਪ੍ਰਾਪਤ ਕਰਨ ਦੇ ਢੰਗ-ਤਰੀਕਿਆਂ ਬਾਰੇ ਪੜਤਾਲ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਇਸ ਸਬੰਧ ਵਿਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਵਿਰੁੱਧ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਪਰ ਪੱਤਰਕਾਰਾਂ ਨੂੰ ਪਰੇਸ਼ਾਨ ਕਰਨਾ ਸਰਾਸਰ ਗ਼ਲਤ ਤੇ ਨਿੰਦਣਯੋਗ ਹੈ।
ਪੱਤਰਕਾਰਾਂ ਵਿਰੁੱਧ ਕਾਰਵਾਈ ਦਾ ਕੀ ਉਦੇਸ਼ ਹੈ? ਪੁਲੀਸ ਨੇ ਉਨ੍ਹਾਂ ਤੋਂ ਇਹ ਸਵਾਲ ਪੁੱਛੇ: ਕੀ ਉਨ੍ਹਾਂ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋਏ ਅੰਦੋਲਨ (ਜਿਸ ਦਾ ਕੇਂਦਰ ਸ਼ਾਹੀਨ ਬਾਗ ਸੀ) ਬਾਰੇ ਖ਼ਬਰਾਂ ਦਿੱਤੀਆਂ? ਕੀ ਉਨ੍ਹਾਂ ਨੇ ਕਿਸਾਨ ਅੰਦੋਲਨ ਬਾਰੇ ਖ਼ਬਰਾਂ ਦਿੱਤੀਆਂ? ਕੀ ਉਨ੍ਹਾਂ ਨੇ 2020 ਵਿਚ ਦਿੱਲੀ ਵਿਚ ਹੋਏ ਫ਼ਿਰਕੂ ਦੰਗਿਆਂ ਬਾਰੇ ਖ਼ਬਰਾਂ ਦਿੱਤੀਆਂ? ਕੀ ਉਨ੍ਹਾਂ ਨੇ ਜੇਐੱਨਯੂ ਵਿਚ ਵਿਦਿਆਰਥੀਆਂ ’ਤੇ ਹੋਏ ਹਮਲੇ ਬਾਰੇ ਖ਼ਬਰਾਂ ਦਿੱਤੀਆਂ? ਇੱਥੇ ਇਹ ਸਵਾਲ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਕੀ ਜਨਤਕ ਅੰਦੋਲਨਾਂ ਬਾਰੇ ਖ਼ਬਰਾਂ ਦੇਣੀਆਂ ਅਪਰਾਧ ਹੈ। ਇਸ ਤੋਂ ਇਹ ਸੁਨੇਹਾ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਕਿਸੇ ਵੀ ਤਰ੍ਹਾਂ ਦੀ ਆਲੋਚਨਾ ਬਰਦਾਸ਼ਤ ਨਹੀਂ ਕਰੇਗੀ।
ਕੀ ਅਜਿਹੇ ਯਤਨ ਕਾਮਯਾਬ ਹੋਣਗੇ? ਸੱਤਾਮਈ ਯਤਨ ਅਸਮਰੱਥ ਤੇ ਕਮਜ਼ੋਰ ਨਹੀਂ ਹੁੰਦੇ। ਉਨ੍ਹਾਂ ਦਾ ਅਸਰ ਹੁੰਦਾ ਹੈ ਪਰ ਕਈ ਵਾਰ ਇਹ ਅਸਰ ਅਜਿਹਾ ਨਹੀਂ ਹੁੰਦਾ ਜਿਹੋ ਜਿਹਾ ਸੱਤਾਧਾਰੀ ਚਾਹੁੰਦੇ ਹਨ। ਮੰਗਲਵਾਰ ਦੀਆਂ ਘਟਨਾਵਾਂ ਪੱਤਰਕਾਰਾਂ ਨੂੰ ਚੁੱਪ ਕਰਾਉਣ ਵਿਚ ਕਾਮਯਾਬ ਨਹੀਂ ਹੋਈਆਂ ਸਗੋਂ ਇਸ ਦਾ ਅਸਰ ਉਲਟਾ ਹੋਇਆ ਹੈ। ਦੁਨੀਆ ਵਿਚ ਰੋਜ਼ ਅਨਿਆਂਪੂਰਨ ਘਟਨਾਵਾਂ ਹੁੰਦੀਆਂ ਹਨ ਪਰ ਕਈ ਵਾਰ ਕੋਈ ਘਟਨਾ ਅਚਨਚੇਤ ਸਥਾਪਤੀ ਵਿਰੋਧੀ ਸੋਚ-ਸੰਸਾਰ ਦੀ ਪ੍ਰਤੀਕ ਬਣ ਜਾਂਦੀ ਹੈ। ਮੰਗਲਵਾਰ ਹੋਈ ਉਪਰੋਕਤ ਘਟਨਾ ਅਜਿਹੀ ਹੀ ਘਟਨਾ ਹੈ। ਹੁਣ ਫ਼ੈਜ਼ ਦੀਆਂ ਸਤਰਾਂ ‘ਆਜ ਬਾਜ਼ਾਰ ਮੇਂ ਪਾ-ਬ-ਜੌਲਾਂ ਚਲੋ (ਅੱਜ ਬਾਜ਼ਾਰ ਵਿਚ ਬੇੜੀਆਂ/ਜ਼ੰਜੀਰਾਂ ਪਹਿਣੇ ਚਲੋ) ਫਿਰ ਪੱਤਰਕਾਰਾਂ, ਲੇਖਕਾਂ, ਚਿੰਤਕਾਂ ਤੇ ਸਮਾਜਿਕ ਕਾਰਕੁਨਾਂ ਦੇ ਮਨਾਂ ਵਿਚ ਗੂੰਜ ਉੱਠੀਆਂ ਹਨ। ਉਹ ਸੰਘਰਸ਼ ਲਈ ਹੋਰ ਤਿਆਰ ਹੋਏ ਹਨ।

Advertisement

(ਫ਼ੈਜ਼ ਅਹਿਮਦ ਫ਼ੈਜ਼ ਦੀ ਨਜ਼ਮ ਵਿਚਲੇ ਸ਼ਬਦਾਂ ਦੇ ਅਰਥ:

1. ਭਿੱਜੀ/ਨਮ ਅੱਖ; 2. ਵਿਆਕੁਲ ਆਤਮਾ; 3. ਲੁਕੇ ਹੋਏ ਇਸ਼ਕ ਦੀ ਤੁਹਮਤ; 4. ਪੈਰਾਂ ਵਿਚ ਬੇੜੀਆਂ; 5. ਨੱਚਦੇ ਹੋਏ; 6. ਮਸਤ ਅਤੇ ਨੱਚਦੇ ਹੋਏ; 7. ਸਿਰ ਵਿਚ ਮਿੱਟੀ ਪਾਉਂਦਿਆਂ; 8. ਪੱਲੇ ਨੂੰ ਖੂਨ ਨਾਲ ਭਿਉਂ ਕੇ; 9. ਸੱਜਣਾਂ ਦਾ ਸ਼ਹਿਰ; 10. ਸ਼ਹਿਰ ਦਾ ਹਾਕਮ; 11. ਲੋਕਾਂ ਦੀ ਭੀੜ; 12. ਇਲਜ਼ਾਮ ਦੇ ਤੀਰ; 13. ਬਦਨਾਮੀ ਦੇ ਪੱਥਰ; 14. ਦੁੱਖਾਂ ਭਰੀ ਸਵੇਰ; 15. ਅਸਫ਼ਲ ਦਨਿ; 16. ਮਿੱਤਰ, ਦੋਸਤ, ਹਮਦਮ; 17. ਸਾਫ਼-ਸੁਥਰਾ; 18. ਕਾਤਿਲ ਦੇ ਹੱਥ; 19. ਮੁਨਾਸਬਿ; 20. ਦਿਲ ਦੀ ਲਗਾਮ; 21. ਜ਼ਖ਼ਮੀ ਦਿਲ ਵਾਲਿਓ)

ਚਸ਼ਮ-ਏ-ਨਮ1 ਜਾਨ-ਏ-ਸ਼ੋਰੀਦਾ2 ਕਾਫ਼ੀ ਨਹੀਂ
ਤੋਹਮਤ-ਏ-ਇਸ਼ਕ-ਏ-ਪੋਸ਼ੀਦਾ3 ਕਾਫ਼ੀ ਨਹੀਂ
ਆਜ ਬਾਜ਼ਾਰ ਮੇਂ ਪਾ-ਬ-ਜੌਲਾਂ4 ਚਲੋ

ਦਸਤ-ਅਫ਼ਸ਼ਾਂ5 ਚਲੋ ਮਸਤ ਓ ਰਕਸਾਂ6 ਚਲੋ
ਖ਼ਾਕ-ਬਰ-ਸਰ7 ਚਲੋ ਖ਼ੂੰ-ਬ-ਦਾਮਾਂ8 ਚਲੋ
ਰਾਹ ਤਕਤਾ ਹੈ ਸਬ ਸ਼ਹਿਰ-ਏ-ਜਾਨਾਂ9 ਚਲੋ

ਹਾਕਿਮ-ਏ-ਸ਼ਹਿਰ10 ਭੀ ਮਜਮਾ-ਏ-ਆਮ11 ਭੀ
ਤੀਰ-ਏ-ਇਲਜ਼ਾਮ12 ਭੀ ਸੰਗ-ਏ-ਦੁਸ਼ਨਾਮ13 ਭੀ
ਸੁਬਹ-ਏ-ਨਾਸ਼ਾਦ14 ਭੀ ਰੋਜ਼-ਏ-ਨਾਕਾਮ15 ਭੀ

ਉਨ ਕਾ ਦਮ-ਸਾਜ਼16 ਅਪਨੇ ਸਵਿਾ ਕੌਨ ਹੈ
ਸ਼ਹਿਰ-ਏ-ਜਾਨਾਂ9 ਮੇਂ ਅਬ ਬਾ-ਸਫ਼ਾ17 ਕੌਨ ਹੈ
ਦਸਤ-ਏ-ਕਾਤਿਲ18 ਕੇ ਸ਼ਾਯਾਂ19 ਰਹਾ ਕੌਨ ਹੈ

ਰਖ਼ਤ-ਏ-ਦਿਲ20 ਬਾਂਧ ਲੋ ਦਿਲ-ਫ਼ਿਗਾਰੋ21 ਚਲੋ
ਫਿਰ ਹਮੀਂ ਕਤਲ ਹੋ ਆਏਂ ਯਾਰੋ ਚਲੋ
- ਫ਼ੈਜ਼ ਅਹਿਮਦ ਫ਼ੈਜ਼

ਉੱਠ ਕਿਰਤੀਆ ਉੱਠ ਵੇ
ਉੱਠਣ ਦਾ ਵੇਲਾ।
- ਸੰਤ ਰਾਮ ਉਦਾਸੀ

Advertisement
Author Image

sukhwinder singh

View all posts

Advertisement