ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਓ ਆਜ਼ਾਦੀ ਦਾ ਗੀਤ ਗਾਉਣ ਲਈ ਰਾਸ਼ਟਰ ਨੂੰ ਜਗਾਈਏ

07:57 AM Aug 24, 2024 IST

ਅਸ਼ਵਨੀ ਕੁਮਾਰ*

ਆਜ਼ਾਦੀ ਤੋਂ 77 ਵਰ੍ਹਿਆਂ ਬਾਅਦ, ਅੱਜ ਭਾਰਤ ਕੋਲ ਖ਼ੁਸ਼ੀ ਮਨਾਉਣ ਲਈ ਕਾਫ਼ੀ ਕੁਝ ਹੈ। ਸਭ ਤੋਂ ਤੇਜ਼ੀ ਨਾਲ ਵਧ ਰਹੇ ਅਰਥਚਾਰੇ ਅਤੇ ਦੁਨੀਆ ਦੇ ਸਭ ਤੋਂ ਵੱਡੇ ਅਨੇਕਤਾਵਾਦੀ ਲੋਕਤੰਤਰ ਵਜੋਂ ਇਸ ਨੇ ਆਪਣੇ ਕਰੋੜਾਂ ਨਾਗਰਿਕਾਂ ਨੂੰ ਲੰਘੇ ਕਈ ਸਾਲਾਂ ’ਚ ਘੋਰ ਗ਼ਰੀਬੀ ਵਿੱਚੋਂ ਕੱਢਣ ’ਚ ਸਫ਼ਲਤਾ ਹਾਸਲ ਕੀਤੀ ਹੈ, ਦੁਨੀਆ ਭਰ ਦੀਆਂ ਸੰਸਥਾਵਾਂ ’ਚ ਇਸ ਦੀ ਆਵਾਜ਼ ਨੂੰ ਸਤਿਕਾਰ ਨਾਲ ਸੁਣਿਆ ਜਾ ਰਿਹਾ ਹੈ। ਦੁਨੀਆ ਦੇ ਤੀਜੇ ਸਭ ਤੋਂ ਵੱਡੇ ਅਰਥਚਾਰੇ ਵਜੋਂ ਉਭਾਰ, ਵਿਗਿਆਨਕ ਕੌਸ਼ਲ ਦਾ ਮੁਜ਼ਾਹਰਾ, ਲੋਕਤੰਤਰਿਕ ਲਚਕਤਾ ਤੇ ਮਿਲਾਪੜੇ ਰਹਿਣ-ਸਹਿਣ ਦੀ ਸ਼ਾਨਦਾਰ ਸੱਭਿਆਚਾਰਕ ਵਿਰਾਸਤ, ਅਜਿਹੇ ਕਈ ਕਾਰਨ ਹਨ ਜੋ ਇੱਕ ਭਾਰਤੀ ਵੱਲੋਂ ਜਸ਼ਨ ਮਨਾਉਣ ਲਈ ਕਾਫ਼ੀ ਹਨ।
ਇਸ ਦੇ ਬਾਵਜੂਦ ਜਦੋਂ ਅਸੀਂ ਸੁਤੰਤਰਤਾ ਦਿਵਸ ਅਤੇ ਉਸ ਤੋਂ ਬਾਅਦ ਆਦਰ ਨਾਲ ‘ਤਿਰੰਗੇ’ ਨੂੰ ਸਲਾਮੀ ਦਿੰਦੇ ਹਾਂ ਤਾਂ ਅਸੀਂ ਇਹ ਨਹੀਂ ਭੁੱਲ ਸਕਦੇ ਕਿ ਰਾਸ਼ਟਰੀ ਗੌਰਵ ਵੱਲ ਜਾਂਦਾ ਰਾਹ ਸਾਨੂੰ ਸੀਮਤ ਆਜ਼ਾਦੀ, ਹਿੰਸਾ ਤੇ ਨਾ-ਇਨਸਾਫ਼ੀ ਦੀ ਕੌੜੀ ਸਚਾਈ ਦੇ ਵੀ ਰੂਬਰੂ ਕਰਦਾ ਹੈ, ਜਿਸ ਨੇ ਸਾਡੇ ਦੇਸ਼ ਦੀ ਰੂਹ ਨੂੰ ਜ਼ਖ਼ਮੀ ਕਰ ਦਿੱਤਾ ਹੈ। ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਮੋਟਰਸਾਈਕਲ ਨਾਲ ਬੰਨ੍ਹ ਕੇ ਘੜੀਸਣ ਦਾ ਦਿਲ ਕੰਬਾਊ ਦ੍ਰਿਸ਼ ਅਤੇ ਕਿਸੇ ਵੱਲੋਂ ਵੀ ਉਸ ਲਾਚਾਰ ਔਰਤ ਨੂੰ ਬਚਾਉਣ ਲਈ ਅੱਗੇ ਨਾ ਆਉਣਾ, ਕੋਲਕਾਤਾ ਦੇ ਹਸਪਤਾਲ ਵਿਚ ਮਹਿਲਾ ਡਾਕਟਰ ਨਾਲ ਜਬਰ-ਜਨਾਹ ਤੇ ਹੱਤਿਆ, ਸ਼ਬਦਾਂ ’ਚ ਬਿਆਨ ਨਾ ਹੋ ਸਕਣ ਵਾਲਾ ਦੇਸ਼ ਅਤੇ ਉਸ ਦੀ ਪਹਿਲਵਾਨ ਧੀ ਦਾ ਦਰਦ, ਜੋ ਆਪਣੀ ਖੇਡ ’ਚ ਨਿਰੰਤਰ ਮਿਹਨਤ ਤੇ ਲਗਨ ਦੇ ਬਾਵਜੂਦ 100 ਗ੍ਰਾਮ ਵੱਧ ਭਾਰ ਲਈ ਇੱਕ ਓਲੰਪਿਕ ਮੈਡਲ ਹਾਰ ਗਈ, ਲਾਹੇਵੰਦ ਰੁਜ਼ਗਾਰ ਦੀ ਚਾਹਤ ਵਿੱਚ ਸਾਡੇ ਨੌਜਵਾਨਾਂ ਦਾ ਵਿਦੇਸ਼ੀ ਧਰਤੀ ਵੱਲ ਜਬਰੀ ਪਰਵਾਸ, ਢਲਦੀ ਉਮਰ ’ਚ ਪਿੱਛੇ ਰਹਿ ਗਏ ਤੇ ਅਕਸਰ ਬਿਨਾਂ ਸੰਭਾਲ ਦੇ ਜੀਵਨ ਬਸਰ ਕਰਦੇ ਬੁੱਢੇ ਮਾਪੇ, ਇੱਕ ਦਰਦਨਾਕ ਕਹਾਣੀ ਬਿਆਨਦੇ ਹਨ। ਆਮਦਨੀਆਂ ’ਚ ਵਧ ਰਹੇ ਖੱਪੇ ਦੇ ਪੱਖ ਤੋਂ ਵਾਰ-ਵਾਰ ਹੁੰਦਾ ਤੇ ਵਧਦਾ ਪੱਖਪਾਤ, ਸੰਪਤੀ ਦੇ ਬੇਸ਼ਰਮ ਪ੍ਰਦਰਸ਼ਨ ਰਾਹੀਂ ਦੁਖੀਆਂ ਦੀ ਗ਼ਰੀਬੀ ਦਾ ਉਡਾਇਆ ਮਜ਼ਾਕ, ਸਾਧਨ ਵਿਹੂਣਿਆਂ ਵੱਲੋਂ ਲਗਾਤਾਰ ਖ਼ੁਦਕੁਸ਼ੀਆਂ, ਲਾਚਾਰਾਂ ਦਾ ਹਿਰਾਸਤੀ ਤਸ਼ੱਦਦ, ਜੇਲ੍ਹਾਂ ਤੇ ਜੇਲ੍ਹਾਂ ਤੋਂ ਬਾਹਰ ਘਾਤਕ ਪੁਲੀਸ ਮੁਕਾਬਲੇ, ਇੱਕ ਕਲਿਆਣਕਾਰੀ ਤੇ ਉਦਾਰ ਮੁਲਕ ਵਜੋਂ ਸਾਡੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰਦੇ ਹਨ।
ਲਾਲਸਾ ਤੇ ਪਦਾਰਥਕ ਲਾਭਾਂ ਦੇ ਭਟਕਾਏ ਬੱਚਿਆਂ ਵੱਲੋਂ ਅਣਗੌਲੇ ਬਜ਼ੁਰਗਾਂ ਦਾ ਵਿੱਤੀ ਤੇ ਸਮਾਜੀ ਦੁੱਖ-ਦਰਦ, ਦਬੇ-ਕੁਚਲਿਆਂ ਨੂੰ ਮੌਤ ’ਚ ਵੀ ਇੱਜ਼ਤ ਨਾ ਮਿਲਣਾ, ਅਰਥਪੂਰਣ ਉਪਾਵਾਂ ਤੇ ਸਮਾਜਿਕ ਚੇਤਨਾ ਤੋਂ ਬਿਨਾਂ, ਮੀਡੀਆ ਵਿੱਚ ਕਿਸੇ ਦੀ ਸਾਖ਼, ਨਿੱਜਤਾ ਤੇ ਇੱਜ਼ਤ ਖਰਾਬ ਕਰਨਾ, ਇਹ ‘ਬਾਪੂ’ ਦੇ ਸੁਪਨਿਆਂ ਦਾ ਭਾਰਤ ਨਹੀਂ ਹੈ, ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਮਤਾਵਾਦੀ ਸਮਾਜ ਦੀ ਕਲਪਨਾ ਕੀਤੀ ਸੀ ਜਿਸ ’ਚ ਅਸੀਂ ਇਕ-ਦੂਜੇ ਦੇ ਆਸਰੇ ’ਚ ਰਹਿ ਸਕੀਏ, ਸੰਵੇਦਨਾ ਸਾਨੂੰ ਜੋੜੇ। ਵਧੇ ਫ਼ਿਰਕੂ ਟਕਰਾਅ, ਜਾਤੀ ਤੇ ਖੇਤਰੀ ਸੰਘਰਸ਼, ਵਿਚਾਰਧਾਰਕ ਹੋੜ ਤੋਂ ਪਰ੍ਹੇ ਦਾ ਤਿੱਖਾ ਸਿਆਸੀ ਵੈਰ-ਭਾਵ ਅਤੇ ਨਿੱਜੀ ਕਿੜਾਂ ਕੱਢਣ ਲਈ ਸਰਕਾਰੀ ਤਾਕਤ ਦੀ ਦੁਰਵਰਤੋਂ, ਭਾਰਤੀ ਲੋਕਤੰਤਰ ਦੀ ਤੰਦਰੁਸਤੀ ’ਤੇ ਸਵਾਲੀਆ ਚਿੰਨ੍ਹ ਲਾਉਂਦੇ ਹਨ।
ਆਜ਼ਾਦੀ ਦੀ ਵਰ੍ਹੇਗੰਢ ਮਨਾਉਣ ਤੋਂ ਬਾਅਦ -ਜਿਸ ਦਿਨ ਅਸੀਂ ਬਰਤਾਨਵੀ ਬਸਤੀਵਾਦ ਦੇ ਜੂਲੇ ’ਚੋਂ ਮੁਕਤੀ ਪਾਈ ਅਤੇ ਆਜ਼ਾਦ ਹਸਤੀ ਵਜੋਂ ਪੁਨਰਜਨਮ ਲਿਆ, ਸਾਨੂੰ ਆਪਣੇ ਆਪ ਤੋਂ ਇਹ ਪੁੱਛਣਾ ਚਾਹੀਦਾ ਹੈ ਕਿ ਕੀ ਅਸੀਂ ਨਿਆਂ ਅਤੇ ਸਨਮਾਨ ਲਈ ਆਜ਼ਾਦ ਲੋਕਾਂ ਦੀਆਂ ਸੱਧਰਾਂ ਦੀ ਪ੍ਰੋੜਤਾ ਕੀਤੀ ਹੈ। ਸਾਨੂੰ ਇਹ ਵੀ ਝਾਤ ਮਾਰਨੀ ਪਵੇਗੀ ਕਿ ਕੀ ਸਾਡੇ ਲੋਕਤੰਤਰ ਦੀ ਮੌਜੂਦਾ ਪ੍ਰਸਥਿਤੀ ਨੂੰ ਸਾਡੇ ਬਾਨੀਆਂ ਦੇ ਸੰਕਲਪ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਅਤੇ ਆਪਣੇ-ਆਪ ਤੋਂ ਇਹ ਵੀ ਪੁੱਛਣਾ ਚਾਹੀਦਾ ਹੈ ਕਿ ਕੀ ਜਨਤਕ ਅਤੇ ਸੰਵਿਧਾਨਕ ਇਖ਼ਲਾਕੀ ਕੁੰਡੇ ਤੋਂ ਬਿਨਾਂ ਇੱਕ ਉਤਮ ਲੋਕਤੰਤਰੀ ਰਾਜਨੀਤੀ ਦਾ ਆਚਰਣ ਸੰਭਵ ਹੋ ਸਕਦਾ ਹੈ ਜਿਸ ਬਾਰੇ ਰਾਸ਼ਟਰ ਪਿਤਾ ਸਾਨੂੰ ਚੇਤਾ ਕਰਾਉਂਦੇ ਕਦੇ ਥੱਕਦੇ ਨਹੀਂ ਸਨ। ਰਾਸ਼ਟਰ ਦੀ ਰਾਜਨੀਤੀ ਦੇ ਪੁਨਰ ਮੰਤਵ ਦੀ ਅਣਸਰਦੀ ਲੋੜ ਹੈ ਅਤੇ ਕਿਤੇ ਅਸੀਂ ਇਤਿਹਾਸ ਦਾ ਸਬਕ ਭੁੱਲ ਨਾ ਜਾਈਏ ਕਿ ਇਨਸਾਨੀਅਤ ਤੋਂ ਬਗ਼ੈਰ ਕੋਈ ਲੋਕਤੰਤਰ ਨਹੀਂ ਹੋ ਸਕਦਾ; ਦੋਵੇਂ ਇੱਕ ਦੂਜੇ ਦੇ ਪੂਰਕ ਹਨ। ਹੁਣ ਜਦੋਂ ਅਸੀਂ ਆਜ਼ਾਦੀ ਦਾ ਜਸ਼ਨ ਮਨਾ ਰਹੇ ਹਾਂ ਤਾਂ ਆਓ ਦੱਬੀ ਕੁਚਲੀ ਲੋਕਾਈ ਬਾਰੇ ਸੋਚੀਏ ਜਿਨ੍ਹਾਂ ਦੇ ਸੰਤਾਪ ਸਾਡੇ ਲਾਭਾਂ ’ਤੇ ਪ੍ਰਸ਼ਨ ਖੜ੍ਹੇ ਕਰਦੇ ਹਨ। ਆਓ ਉਨ੍ਹਾਂ ਦੀ ਮਹਿਰੂਮੀ, ਵਿਤਕਰੇ ਅਤੇ ਅਨੰਤ ਅਨਿਆਂ ’ਚੋਂ ਉਪਜੀ ਉਨ੍ਹਾਂ ਦੀ ਅਸਹਿ ਪੀੜਾ ’ਤੇ ਦੋ ਹੰਝੂ ਕੇਰੀਏ।
ਆਜ਼ਾਦੀ ਤੋਂ 77 ਸਾਲਾਂ ਬਾਅਦ ਸਾਡੀ ਹਕੀਕਤ ਦੇ ਕੌੜੇ ਸੱਚ ਵੱਲ ਧਿਆਨ ਦਿਵਾਉਂਦਿਆਂ, ਮਸਲਾ ਦੂਸ਼ਣਬਾਜ਼ੀ ਦਾ ਨਹੀਂ ਸਗੋਂ ਰਾਸ਼ਟਰ ਦੇ ਭਵਿੱਖੀ ਰਾਹ ਨੂੰ ਸਹੀ ਕਰਨ ਦਾ ਹੈ ਅਤੇ ਨਾਲ ਹੀ ਆਪਣੇ ਆਪ ਨੂੰ ਇਹ ਚੇਤਾ ਕਰਾਉਣ ਦਾ ਵੀ ਕਿ ਮਨੁੱਖੀ ਜੀਵਨ ਅਤੇ ਆਜ਼ਾਦੀ ਦਾ ਉਦੇਸ਼ ਉਨ੍ਹਾਂ ਲੋਕਾਂ ਦੀ ਸਹਾਇਤਾ ਲਈ ਲੜਨਾ ਹੈ ਜੋ ਉਮੀਦ ਤੋਂ ਬਿਨਾਂ ਜੀਵਨ ਵਿੱਚ ਦੁੱਖਾਂ ਦੀ ਮਾਰ ਝੱਲ ਰਹੇ ਹਨ। ਹਾਲਾਂਕਿ ਮੈਂ ਆਜ਼ਾਦੀ ਦਾ ਤਰਾਨਾ ਬੁਲੰਦ ਆਵਾਜ਼ ਵਿਚ ਗਾਉਣਾ ਲੋਚਦਾ ਹਾਂ ਪਰ ਮੇਰੀ ਆਵਾਜ਼ ਪੀੜਾ ਅਤੇ ਦੁੱਖਾਂ ਦੀਆਂ ਕੰਨਪਾੜਵੀਆਂ ਚੀਕਾਂ ਹੇਠ ਦੱਬੀ ਜਾਂਦੀ ਹੈ ਜਿਵੇਂ ਕੋਈ ਗੱਚ ਭਰ ਕੇ ਰਹਿ ਜਾਂਦਾ ਹੈ। ਲੋਕਾਈ ਦੀ ਭੁੱਖ, ਗੁਰਬਤ, ਸ਼ੋਸ਼ਣ ਅਤੇ ਦੁੱਖਾਂ ਦੀ ਹਕੀਕਤ ਮੈਨੂੰ ਇਸ ਮੌਕੇ ਖੁਸ਼ ਨਹੀਂ ਹੋਣ ਦਿੰਦੀ। ਮੇਰੀਆਂ ਸੋਚਾਂ ਮੈਨੂੰ ਆਪਣੇ ਮੋਢੀਆਂ ਦੇ ਘੋਲਾਂ ਦੀਆਂ ਅਣਥੱਕ ਘਾਲਣਾਵਾਂ ਵੱਲ ਲੈ ਜਾਂਦੀਆਂ ਹਨ, ਜਿਨ੍ਹਾਂ ਆਪਣਾ ਆਪਾ ਇਸ ਕਰ ਕੇ ਵਾਰਿਆ ਸੀ ਤਾਂ ਕਿ ਅਸੀਂ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਨਮਾਨ ਭਰੀ ਜ਼ਿੰਦਗੀ ਜੀਅ ਸਕੀਏ। ਉਨ੍ਹਾਂ ਦੇ ਸੁਪਨੇ ਪੂਰੇ ਨਹੀਂ ਹੋ ਸਕੇ ਅਤੇ ਉਨ੍ਹਾਂ ਦੀਆਂ ਯਾਦਾਂ ਦੀ ਬੇਹੁਰਮਤੀ ਕੀਤੀ ਗਈ ਹੈ।
ਆਓ, ਅਸੀਂ ਇਹ ਯਕੀਨੀ ਬਣਾਉਣ ਲਈ ਮਿਲ ਕੇ ਹੰਭਲਾ ਮਾਰੀਏ ਕਿ ਸਾਡੀ ਰਾਜਨੀਤੀ ਹੋਛੇਪਣ ਦੀ ਬੁਰਾਈ ਦੀ ਗੁਲਾਮ ਬਣੇ ਬਿਨਾਂ ਫਰਾਖ਼ਦਿਲੀ ਅਤੇ ਉਚੇਰੇ ਉਦੇਸ਼ਾਂ ਤੋਂ ਪ੍ਰੇਰਿਤ ਹੋਵੇਗੀ। ਆਓ, ਤਿਰੰਗੇ ਦੀ ਪੁਕਾਰ ਦਾ ਹੁੰਗਾਰਾ ਭਰੀਏ ਅਤੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਇਸ ਦੇ ਆਦੇਸ਼ਾਂ ਦਾ ਸਤਿਕਾਰ ਕਰੀਏ। ਦਰਅਸਲ, ਇਹ ਕੌਮੀ ਪੁਨਰ ਜਾਗ੍ਰਿਤੀ ਦਾ ਪਲ ਹੋਵੇਗਾ ਤਾਂ ਕਿ ਸਾਡੀ ਰਾਜਨੀਤੀ ਬੌਧਿਕ ਅਨੈਤਿਕਤਾ ਤੋਂ ਖਹਿੜਾ ਛੁਡਾ ਸਕੇ ਅਤੇ ਨਿਤਾਣਿਆਂ ਦੀ ਹੋਣੀ ਲਿਖਣ ਦੀ ਸ਼ਕਤੀ ਨਾਲ ਉਨ੍ਹਾਂ ਨਾਲ ਖਲੋ ਸਕੇ। ਤਦ ਹੀ ਅਸੀਂ ਆਜ਼ਾਦੀ ਦਾ ਗੀਤ ਗਾ ਸਕਾਂਗੇ। ਤਦ ਹੀ ਨਿਰਾਸ਼ਾ ਦੀ ਸਿਥਲਤਾ ’ਤੇ ਖੁਸ਼ੀ ਦੀ ਸ਼ਕਤੀ ਤਾਰੀ ਹੋ ਸਕੇਗੀ।

Advertisement

* ਸਾਬਕਾ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ।

Advertisement
Advertisement