ਪੜ੍ਹੀਏ-ਪੜ੍ਹਾਈਏ: ਅਧਿਆਪਨ ’ਚ ਬੀਬੀਆਂ ਦੀ ਬੱਲੇ ਬੱਲੇ
ਚਰਨਜੀਤ ਭੁੱਲਰ
ਚੰਡੀਗੜ੍ਹ, 6 ਜਨਵਰੀ
ਪੰਜਾਬ ਦੇ ਸਰਕਾਰੀ ਸਕੂਲਾਂ ’ਚ ਮਹਿਲਾ ਅਧਿਆਪਕਾਂ ਦੀ ਬੱਲੇ ਬੱਲੇ ਹੈ ਜਦਕਿ ਪੁਰਸ਼ ਅਧਿਆਪਕ ਘੱਟ ਗਿਣਤੀ ’ਚ ਰਹਿ ਗਏ ਹਨ। ਕੇਂਦਰੀ ਸਿੱਖਿਆ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ ਸਕੂਲੀ ਅਧਿਆਪਨ ’ਚ ਕੁੜੀਆਂ ਦੀ ਕਾਮਯਾਬੀ ਦਰ ਵਧ ਗਈ ਹੈ ਜਦਕਿ ਲੜਕਿਆਂ ਲਈ ਅਧਿਆਪਨ ਹੁਣ ਪਸੰਦੀਦਾ ਕਿੱਤਾ ਨਹੀਂ ਜਾਪਦਾ ਹੈ। ਸਿਆਸੀ ਮਾਹਿਰਾਂ ਅਨੁਸਾਰ ਇਹੀ ਰੁਝਾਨ ਰਿਹਾ ਤਾਂ ਸਕੂਲਾਂ ’ਚ ਪੁਰਸ਼ ਅਧਿਆਪਕ ਟਾਵੇਂ ਹੀ ਰਹਿ ਜਾਣਗੇ।
ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਸਾਲ 2023-24 ਦੀ ਰਿਪੋਰਟ ਅਨੁਸਾਰ ਪੰਜਾਬ ਦੇ ਸਰਕਾਰੀ ਪ੍ਰੀ-ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ 19,242 ਹੈ, ਜਿਨ੍ਹਾਂ ’ਚ ਕੁੱਲ 1,26,136 ਅਧਿਆਪਕ ਪੜ੍ਹਾ ਰਹੇ ਹਨ। ਇਨ੍ਹਾਂ ’ਚੋਂ 45,023 (35.69 ਫ਼ੀਸਦ) ਪੁਰਸ਼ ਅਧਿਆਪਕ ਹਨ ਅਤੇ ਮਹਿਲਾ ਅਧਿਆਪਕ 81,113 (64.30 ਫ਼ੀਸਦ) ਹਨ, ਜਿਨ੍ਹਾਂ ਕੁੜੀਆਂ ਨੇ ਪਹਿਲਾਂ ਪ੍ਰੀਖਿਆਵਾਂ ’ਚ ਬਾਜ਼ੀ ਮਾਰੀ, ਉਨ੍ਹਾਂ ਹੀ ਹੁਣ ਅਧਿਆਪਨ ’ਚ ਲੜਕਿਆਂ ਨੂੰ ਪਛਾੜਿਆ ਹੈ। ਸਾਲ 2018-19 ਵਿਚ ਸਰਕਾਰੀ ਸਕੂਲਾਂ ’ਚ ਕੁੱਲ 1,16,932 ਅਧਿਆਪਕ ਸਨ। ਲੰਘੇ ਛੇ ਵਰ੍ਹਿਆਂ ’ਚ ਸਰਕਾਰੀ ਅਧਿਆਪਕਾਂ ਦੀ ਕੁੱਲ ਗਿਣਤੀ ’ਚ ਸਿਰਫ਼ 9,204 ਅਧਿਆਪਕਾਂ ਦਾ ਵਾਧਾ ਹੋਇਆ ਹੈ। ਸਾਲ 2018-19 ਵਿੱਚ 44,722 (38.24 ਫ਼ੀਸਦ) ਪੁਰਸ਼ ਅਧਿਆਪਕ ਸਨ, ਜਦਕਿ 72,210 ਮਹਿਲਾ ਅਧਿਆਪਕ (61.75 ਫ਼ੀਸਦ) ਸਨ। ਇਸੇ ਤਰ੍ਹਾਂ ਸਾਲ 2022-23 ਵਿੱਚ ਸਰਕਾਰੀ ਸਕੂਲਾਂ ਵਿਚ ਕੁੱਲ 1,23,630 ਅਧਿਆਪਕ ਸਨ, ਜਿਨ੍ਹਾਂ ’ਚੋਂ ਪੁਰਸ਼ ਅਧਿਆਪਕ 44,778 (36.21 ਫ਼ੀਸਦ) ਤੇ ਮਹਿਲਾ ਅਧਿਆਪਕ 78,852 (63.78 ਫ਼ੀਸਦ) ਸਨ।
ਪੰਜਾਬ ਦੇ ਸਮੁੱਚੇ 27,404 ਸਕੂਲਾਂ (ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ) ’ਚ 2,73,092 ਅਧਿਆਪਕ ਹਨ, ਜਿਨ੍ਹਾਂ ’ਚੋਂ 23.92 ਫ਼ੀਸਦ ਪੁਰਸ਼ ਅਤੇ 76.07 ਫ਼ੀਸਦ ਮਹਿਲਾ ਅਧਿਆਪਕ ਹਨ। ਸਾਲ 2022-23 ਵਿਚ ਇਹ ਪੁਰਸ਼ ਅਧਿਆਪਕ 24.52 ਫ਼ੀਸਦ ਸਨ ਅਤੇ ਮਹਿਲਾ ਅਧਿਆਪਕ 75.47 ਫ਼ੀਸਦ ਸਨ। ਸਾਲ 2018-19 ਵਿਚ ਪੁਰਸ਼ ਅਧਿਆਪਕ 24.57 ਫ਼ੀਸਦ ਅਤੇ 75.42 ਫ਼ੀਸਦ ਮਹਿਲਾ ਅਧਿਆਪਕ ਸਨ।
ਸੂਬੇ ਵਿਚ ਸਭ ਤੋਂ ਵੱਧ 19,242 ਸਰਕਾਰੀ ਸਕੂਲ ਹਨ ਜਦਕਿ ਸਰਕਾਰੀ ਸਹਾਇਤਾ ਪ੍ਰਾਪਤ 444 ਸਕੂਲ ਤੇ 7704 ਪ੍ਰਾਈਵੇਟ ਸਕੂਲ ਹਨ। ਸੂਬੇ ਵਿੱਚ ਕਰੀਬ 70 ਫ਼ੀਸਦੀ ਸਕੂਲ ਸਰਕਾਰੀ ਹਨ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ਵਿਚ ਜਨਰਲ ਕੈਟਾਗਰੀ ਦੇ ਸਿਰਫ਼ 47.8 ਫ਼ੀਸਦ ਬੱਚੇ ਪੜ੍ਹਦੇ ਹਨ ਜਦਕਿ ਅਨੁਸੂਚਿਤ ਜਾਤੀਆਂ ਦੇ 36.6 ਫ਼ੀਸਦ ਤੇ ਪੱਛੜੀਆਂ ਸ਼੍ਰੇਣੀਆਂ ਦੇ 15.5 ਫ਼ੀਸਦੀ ਬੱਚੇ ਪੜ੍ਹਦੇ ਹਨ। ਸੂਬੇ ਵਿਚ ਸਭ ਤੋਂ ਵੱਧ 13,468 ਸਰਕਾਰੀ ਪ੍ਰਾਇਮਰੀ ਸਕੂਲ ਹਨ।
ਪ੍ਰਿੰਸੀਪਲ ਤਿਰਲੋਕ ਬੰਧੂ ਆਖਦੇ ਹਨ ਕਿ ਈਟੀਟੀ ਅਤੇ ਬੀਐੱਡ ਕੋਰਸਾਂ ਵਿੱਚ ਹੀ ਲੜਕੀਆਂ ਦੀ ਦਾਖਲਾ ਦਰ ਜ਼ਿਆਦਾ ਹੈ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਵੀ ਲੜਕੇ ਪੱਛੜ ਜਾਂਦੇ ਹਨ ਜਿਸ ਕਰਕੇ ਸਕੂਲਾਂ ਵਿਚ ਪੁਰਸ਼ ਅਧਿਆਪਕਾਂ ਦੀ ਗਿਣਤੀ ਘਟਣਾ ਸੁਭਾਵਿਕ ਹੈ।
ਦਾਖਲਾ ਦਰ ’ਚ ਲੜਕੇ ਅੱਗੇ
ਕੇਂਦਰੀ ਰਿਪੋਰਟ ਅਨੁਸਾਰ ਦਾਖਲਾ ਦਰ ’ਚ ਲੜਕੇ ਅੱਗੇ ਹਨ। ਸਾਲ 2023-24 ’ਚ ਸਰਕਾਰੀ ਸਕੂਲਾਂ ਵਿਚ ਕੁੱਲ 28.23 ਲੱਖ ਵਿਦਿਆਰਥੀ ਪੜ੍ਹਦੇ ਸਨ ਜਿਨ੍ਹਾਂ ’ਚੋਂ 14.46 ਲੱਖ ਲੜਕੇ ਅਤੇ 13.77 ਲੱਖ ਲੜਕੀਆਂ ਸਨ। ਪੰਜਾਬ ਦੇ ਸਮੁੱਚੇ 27,404 ਸਕੂਲਾਂ (ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ) ’ਤੇ ਨਜ਼ਰ ਮਾਰਦੇ ਹਾਂ ਤਾਂ ਇਨ੍ਹਾਂ ਸਕੂਲਾਂ ਦੀ ਕੁੱਲ ਗਿਣਤੀ 27,404 ਬਣਦੀ ਹੈ ਜਿਨ੍ਹਾਂ ’ਚ ਸਾਲ 2023-24 ਦੌਰਾਨ 59.88 ਲੱਖ ਬੱਚੇ ਪੜ੍ਹਦੇ ਸਨ ਅਤੇ ਇਨ੍ਹਾਂ ’ਚੋਂ 32.07 ਲੱਖ ਲੜਕੇ ਅਤੇ 27.81 ਲੱਖ ਲੜਕੀਆਂ ਹਨ। ਰਿਪੋਰਟ ਅਨੁਸਾਰ ਉਪਰੋਕਤ ਵਰ੍ਹੇ ਦੌਰਾਨ ਸਰਕਾਰੀ ਸਕੂਲਾਂ ਵਿਚ 47.14 ਫ਼ੀਸਦ ਬੱਚੇ ਹੀ ਪੜ੍ਹਦੇ ਹਨ।