ਮਿਲ ਜਾਇਆ ਕਰ...
ਗੁਰਦੀਪ ਢੁੱਡੀ
ਪੰਜ ਭੈਣ ਭਰਾਵਾਂ ਵਿਚੋਂ ਇਕ ਮੈਥੋਂ ਵੱਡੀ ਭੈਣ ਅਤੇ ਇਕ ਮੈਂ, ਹੀ ਜਿਊਂਦਾ ਹਾਂ। ਭੈਣ ਸਰੀਰਕ ਕਾਰਨਾਂ ਕਰ ਕੇ ਕਿਤੇ ਆਉਣ-ਜਾਣ ਜੋਗੀ ਨਹੀਂ। ਘਰ ਵਿਚ ਹੀ ਥੋੜ੍ਹਾ-ਬਹੁਤਾ, ਉਹ ਵੀ ਬੜੀ ਮੁਸ਼ਕਿਲ ਨਾਲ ਤੁਰ-ਫਿਰ ਸਕਦੀ ਹੈ। ਉਸ ਦਾ ਪਿੰਡ ਭਾਵੇਂ ਮੇਰੀ ਰਿਹਾਇਸ਼ ਤੋਂ ਇਕੱਤੀ-ਬੱਤੀ ਕਿਲੋਮੀਟਰ ਦੂਰ ਹੀ ਹੈ, ਫਿਰ ਵੀ ਮੈਂ ਤਿੰਨ-ਚਾਰ ਮਹੀਨਿਆਂ ਬਾਅਦ ਹੀ ਉਸ ਕੋਲ ਜਾ ਸਕਦਾ ਹਾਂ। ਜਦੋਂ ਜਾਂਦਾ ਹਾਂ ਤਾਂ ਅਕਸਰ ਕੁਝ ਨਾ ਕੁਝ ਉਸ ਵਾਸਤੇ ਲੈ ਜਾਂਦਾ ਹਾਂ ਅਤੇ ਆਉਣ ਵੇਲੇ ‘ਭਰਾ ਵਾਲਾ ਫ਼ਰਜ਼’ ਨਿਭਾਉਂਦਾ ਹੋਇਆ ਉਸ ਨੂੰ ਦੋ ਚਾਰ ਛਿੱਲੜ ਵੀ ਜ਼ਰੂਰ ਦੇ ਕੇ ਆਉਂਦਾ ਹਾਂ। ਇਕ ਵਾਰੀ ਜਦੋਂ ਉਸ ਦੇ ਪਿੰਡੋਂ ਤੁਰਨ ਵੇਲੇ ਹਰ ਵਾਰ ਵਾਂਗ ਕੁਝ ਪੈਸੇ ਉਸ ਨੂੰ ਦੇਣ ਲਈ ਫੜਾਉਣ ਲੱਗਿਆ ਤਾਂ ਉਸ ਨੇ ਕਿਹਾ, “ਵੀਰੇ ਤੂੰ ਮਿਲ ਹੀ ਜਾਇਆ ਕਰ, ਪੈਸਿਆਂ ਦੀ ਕੋਈ ਲੋੜ ਨਹੀਂ ਹੁੰਦੀ, ਬੱਸ ਤੈਨੂੰ ਮਿਲਣ ਨੂੰ ਜੀ ਕਰਦਾ ਹੁੰਦੈ, ਤੇਰੇ ਮਿਲ ਕੇ ਜਾਣ ਨਾਲ ਮੈਨੂੰ ਮਾਪਿਆਂ ਅਤੇ ਦੂਸਰੇ ਭੈਣ ਭਰਾਵਾਂ ਨੂੰ ਮਿਲਣ ਵਰਗਾ ਲੱਗਦੈ। ਜਿਵੇਂ ਮੈਂ ਸਾਰਿਆਂ ਨੂੰ ਮਿਲ ਲਿਆ ਹੋਵੇ।” ਤੇ ਅੱਖਾਂ ਭਰ ਕੇ ਉਸ ਨੇ ਮੂੰਹ ਦੂਜੇ ਪਾਸੇ ਕਰ ਲਿਆ।
ਉਸ ਦਾ ਬੁਢਾਪੇ ਦੇ ਚਿੰਨ੍ਹਾਂ ਭਰਿਆ ਮੂੰਹ ਬੜੇ ਰਿਸ਼ਤਿਆਂ ਦੀ ਬਾਤ ਪਾ ਰਿਹਾ ਸੀ। ਮੈਂ ਬਹੁਤ ਭਾਵੁਕ ਹੋ ਗਿਆ। ਮੈਨੂੰ ਅਹਿਸਾਸ ਹੋਇਆ, ਭੈਣ ਨੇ ਕਿੰਨੀ ਵੱਡੀ ਗੱਲ ਆਖ ਦਿੱਤੀ ਹੈ। ਭੈਣ ਦੇ ਮੂੰਹੋਂ ਬਿਨਾਂ ਕਿਸੇ ਤਰੱਦਦ ਦੇ ਨਿੱਕਲੇ ਇਹ ਥੋੜ੍ਹੇ ਜਿਹੇ ਸ਼ਬਦਾਂ ਨੇ ਰਿਸ਼ਤਾ ਨਾਤਾ ਪ੍ਰਣਾਲੀ ਵਾਲਾ ਪੂਰਾ ਸੱਭਿਆਚਾਰ ਸਿਰਜ ਦਿੱਤਾ, ਵੱਡੀ ਭੈਣ ਕਿੰਨੇ ਰਿਸ਼ਤੇ ਆਪਣੇ ਅੰਦਰ ਸਮੋਈ ਬੈਠੀ ਸੀ। ਪਾਸ ਕੀਤੀਆਂ ਮੇਰੀਆਂ ਜਮਾਤਾਂ ਵਾਲੀਆਂ ਡਿਗਰੀਆਂ, ਮੇਰਾ ਪੜ੍ਹਨ ਲਿਖਣਾ, ਇਸ ਇਕ ਵਾਕ ਅੱਗੇ ਮੈਨੂੰ ਬੌਣਾ-ਬੌਣਾ ਜਿਹਾ ਜਾਪਣ ਲੱਗਿਆ। ਪਹਾੜ ਜਿੱਡਾ ਲਿਆ ਹਾਉਕਾ ਭੈਣ ਨੇ ਲਕੋਣ ਦੀ ਨਾਕਾਮ ਕੋਸ਼ਿਸ਼ ਕੀਤੀ।
ਕਰੀਬ ਸੱਤ ਦਹਾਕੇ ਪਹਿਲਾਂ ਭੈਣ ਦਾ ਜਨਮ ਹੋਇਆ ਸੀ ਅਤੇ ਮੈਂ ਉਸ ਤੋਂ ਦੋ ਤਿੰਨ ਸਾਲ ਛੋਟਾ ਸਾਂ। ਇਹ ਉਹ ਸਮਾਂ ਸੀ ਜਦੋਂ ਨਾ ਤਾਂ ਵਿਗਿਆਨਕ ਕਾਢਾਂ ਮਨੁੱਖੀ ਭਾਵਾਂ ’ਤੇ ਭਾਰੂ ਹੋਈਆਂ ਸਨ ਅਤੇ ਨਾ ਹੀ ਰਿਸ਼ਤੇ ਕਿਸੇ ਪਦਾਰਥਵਾਦੀ ਅਹਿਸਾਸਾਂ ਦੇ ਮੁਥਾਜ ਹੁੰਦੇ ਸਨ। ਮਾਪਿਆਂ ਦਾ ਅਤੇ ਜੇਕਰ ਉਨ੍ਹਾਂ ਤੋਂ ਵੀ ਵਡੇਰੇ ਜਿਊਂਦੇ ਹੁੰਦੇ ਸਨ; ਔਲਾਦ, ਦੇਵੀ ਦੇਵਤਿਆਂ ਵਰਗਾ ਆਦਰ ਕਰਦੇ ਸਨ। ਵੱੱਡੀਆਂ ਭੈਣਾਂ, ਆਪਣੇ ਛੋਟੇ ਭੈਣ ਭਰਾਵਾਂ ਨੂੰ ਮਾਵਾਂ ਵਾਂਗ ਪਾਲਦੀਆਂ ਸਨ। ਵੱਡੇ ਭਰਾਵਾਂ ਵਾਸਤੇ ਛੋਟੀਆਂ ਭੈਣਾਂ ਵੀ ਪੂਰੇ ਸਤਿਕਾਰ ਦੀਆਂ ਪਾਤਰ ਹੁੰਦੀਆਂ ਸਨ। ਵੱਡੀਆਂ ਭੈਣਾਂ ਨੂੰ ਭਰਾ ਆਮ ਤੌਰ ’ਤੇ ਬੀਬੀ ਆਖ ਕੇ ਬੁਲਾਉਂਦੇ ਸਨ। ਭੈਣਾਂ ਭਾਵੇਂ ਵਿਆਹ ਤੋਂ ਬਆਦ ‘ਮਾਪਿਆਂ ਦੇ ਦੇਸੋਂ’ ਜਾ ਕੇ ਵੱਖਰੇ ਘਰ ਦਾ ਜੀਅ ਬਣ ਜਾਂਦੀਆਂ ਸਨ ਪਰ ਮਾਂ ਪਿਓ ਦੇ ਜਿਊਂਦੇ ਅਤੇ ਉਨ੍ਹਾਂ ਦੇ ਇਸ ਦੁਨੀਆਂ ਤੋਂ ਜਾਣ ਬਾਅਦ ਵੀ ਭਰਾ ਆਪਣੀ ਭੈਣ ਕੋਲ ਜਾਂਦੇ ਅਤੇ ਬਣਦਾ ਸਰਦਾ ਸ਼ਗਨ ਵਿਹਾਰ ਵੀ ਕਰਦੇ ਸਨ। ਇਸ ਦਾ ਵੱਡਾ ਸਬੂਤ ਲੜਕੀ/ਔਰਤ ਦੇ ਮਰ ਜਾਣ ਮਗਰੋਂ ਉਸ ਵੇਲੇ ਦੇਖਣ ਨੂੰ ਮਿਲਦਾ ਸੀ/ਹੈ ਜਦੋਂ ‘ਖ਼ੱਫ਼ਣ’ ਵੀ ਉਸ ਦੇ ਮਾਪਿਆਂ ਤੋਂ ਆਇਆ ਮਿਲਦਾ ਸੀ ਅਤੇ ਉਸ ਦਾ ‘ਸਿਵਾ’ ਵੀ ਮਾਪਿਆਂ ਦੁਆਰਾ ਹੀ ਢਕਿਆ ਜਾਂਦਾ ਸੀ। ‘ਬੋਤਾ ਬੰਨ੍ਹ ਦੇ ਸਰਬਣਾ ਵੀਰਾ, ਵਿਚ ਦਰਵਾਜ਼ੇ ਦੇ’ ਜਾਂ ਫਿਰ ‘ਸੱਸੇ ਤੇਰੀ ਮਹਿੰ ਮਰ ਜੇ, ਮੇਰੇ ਵੀਰ ਨੂੰ ਸੁੱਕੀ ਖੰਡ ਪਾਈ’ ਵਰਗੇ ਲੋਕ ਬੋਲ ਭੈਣ ਦਾ ਆਪਣੇ ਵੀਰ ਪ੍ਰਤੀ ਮੋਹ ਅਤੇ ਉਡੀਕ ਦਰਸਾਉਂਦੇ ਹਨ।
ਪਦਾਰਥਵਾਦੀ ਯੁੱਗ ਨੇ ਬੜਾ ਕੁਝ ਢਹਿ-ਢੇਰੀ ਕਰ ਦਿੱਤਾ ਹੈ। ਹੁਣ ਤਾਂ ਭੈਣ ਭਰਾ ਦੇ ਪਿਆਰ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਵਿਚ ਵੀ ਪਦਾਰਥਵਾਦ ਘੁਸਪੈਠ ਕਰ ਚੁੱਕਿਆ ਹੈ। ਪੈਸੇ ਜਾਂ ਕਮਾਈ ਕਰਨ ਦੇ ਚੱਕਰ ਵਿਚ ਅੱਜ ਸਰਦੇ ਪੁਜਦੇ ਘਰਾਂ ਦੇ ਧੀਆਂ ਪੁੱਤਰ ਵੀ ਵਿਦੇਸ਼ਾਂ ਨੂੰ ਜਾ ਰਹੇ ਹਨ ਅਤੇ ਉੱਥੋਂ ਫਿਰ ‘ਮੁੜ ਪਾ ਵਤਨਾਂ ਵੱਲ ਫੇਰਾ’ ਉਂਝ ਹੀ ਉੱਕ ਜਾਂਦੇ ਹਨ। ਆਪਣੇ ਅੱਖੀਂ ਦੇਖ ਲਿਆ ਹੈ, ਕੰਨੀਂ ਸੁਣ ਲਿਆ ਹੈ ਅਤੇ ਨੇੜਿਓਂ ਤੱਕ ਲਿਆ ਹੈ ਕਿ ਵਿਦੇਸ਼ੀਂ ਜਾ ਕੇ ਵੱਸਣ ਵਾਲੇ ਧੀਆਂ ਪੁੱਤਰ ਆਪਣੇ ਮਾਪਿਆਂ ਦੇ ਇਸ ਦੁਨੀਆ ਤੋਂ ਚਲੇ ਜਾਣ ਵੇਲੇ ਵੀ ਬੜੀ ਮੁਸ਼ਕਿਲ ਨਾਲ ਹੀ ਵਤਨ ਫੇਰੀ ਪਾਉਂਦੇ ਹਨ ਅਤੇ ਫਿਰ ਭੋਗ ਦਾ ‘ਝੰਜਟ’ ਛੇਤੀ ਨਿਬੇੜ ਕੇ ਵਾਪਸ ਆਪਣੇ ਕੰਮ ’ਤੇ ਜਾਣ ਦੀ ਕਾਹਲ਼ੀ ਉਨ੍ਹਾਂ ਦੁਆਲ਼ੇ ਮੰਡਰਾਉਂਦੀ ਰਹਿੰਦੀ ਹੈ। ਇਧਰ ਖੁੱਲ੍ਹੇ ਹੋਏ ਬਿਰਧ ਆਸ਼ਰਮ ਅਤੇ ਮ੍ਰਿਤਕ ਦੇਹ ਸੰਭਾਲ ਘਰ ਵੀ ਸਮਾਜ ਵਿਚ ਪੈਦਾ ਹੋਇਆ ਬੜਾ ਵੱਡਾ ਖਲਾਅ ਪੇਸ਼ ਕਰਦੇ ਹਨ। ਔਲਾਦ ਮਾਪਿਆਂ ਨੂੰ ਇਨ੍ਹਾਂ ਆਸ਼ਰਮਾਂ ਵਿਚ ਛੱਡ ਕੇ ਸੁਰਖ਼ੁਰੂ ਹੋ ਜਾਂਦੇ।
ਇਨ੍ਹਾਂ ਬਿਰਧ ਆਸ਼ਰਮਾਂ ਵਿਚ ਬਹੁਤ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਜਾਂਦੀਆਂ ਪਰ ਬਿਰਧਾਂ ਦੀਆਂ ਅੱਖਾਂ ‘ਕਿਸੇ ਆਪਣੇ ਦੀ’ ਤਲਾਸ਼ ਵਿਚ ਹਮੇਸ਼ਾ ਬਿਰਧ ਆਸ਼ਰਮ ਦੇ ਗੇਟ ਵੱਲ ਹਸਰਤ ਭਰੀਆਂ ਮਹਿਸੂਸ ਹੁੰਦੀਆਂ ਹਨ। ਉਂਝ, ਅੰਗਰੇਜ਼ੀ ਕਹਾਣੀ ਦੇ ਅੰਤਲੇ ਸ਼ਬਦਾਂ ‘ਬੱਟ ਆਲ ਇਨ ਵੇਨ’ ਵਾਲੀ ਹਾਲਤ ਬਣੀ ਰਹਿੰਦੀ ਹੈ। ਬਿਰਧਾਂ ਨੂੰ ਤਾਂ ਆਪਣੇ ਪੁੱਤਰ ਧੀਆਂ ਅਤੇ ਅੱਗੇ ‘ਵਿਆਜ’ ਨਾਲ ਮਿਲਣ ਦੀ ਤਾਂਘ ਹੁੰਦੀ ਹੈ। ‘ਮੂਲ ਨਾਲੋਂ ਵਿਆਜ ਪਿਆਰਾ’ ਕਹਾਵਤ ਬਣੀ ਹੋਈ ਹੈ। ਕਿਹਾ ਜਾਂਦਾ ਹੈ ਕਿ ਆਦਮੀ ਔਰਤ ਆਪਣੀ ਔਲਾਦ ਨਾਲੋਂ ਵੀ ਵਧੇਰੇ ਆਪਣੀ ਪੋਤੇ ਪੋਤੀਆਂ, ਦੋਹਤੇ ਦੋਹਤੀਆਂ ਨੂੰ ਪਿਆਰ ਕਰਦੇ ਹਨ। ਬਿਰਧ ਆਸ਼ਰਮਾਂ ਵਿਚ ਅਜਿਹਾ ਕੁਝ ਵੀ ਨਹੀਂ ਮਿਲਦਾ। ਇਸੇ ਤਰ੍ਹਾਂ ਮ੍ਰਿਤਕ ਦੇਹ ਸੰਭਾਲ ਕੇਂਦਰ ‘ਡੈੱਡ ਬਾਡੀ’ ਨੂੰ ਤਾਂ ਸੰਭਾਲਦੇ ਹਨ ਪਰ ਮ੍ਰਿਤਕ ਦੇਹ ਤਾਂ ‘ਆਪਣਿਆਂ ਦੇ ਹਾਉਕਿਆਂ’ ਦੀ ਉਡਕੀ ਕਰਦੀ ਹੁੰਦੀ ਹੈ। ‘ਤੂੰ ਬੱਸ ਮਿਲ ਜਾਇਆ ਕਰ’ ਵਾਲੇ ਵਾਕ ਵਾਂਗ ਉਨ੍ਹਾਂ ਨੂੰ ਤਾਂ ਮਿਲਣ ਦੀ ਚਾਹਤ ਹੀ ਰਹਿੰਦੀ ਹੈ।
ਸੰਪਰਕ: 95010-20731