For the best experience, open
https://m.punjabitribuneonline.com
on your mobile browser.
Advertisement

ਆਓ ਜਗਾਈਏ ਮੋਮਬੱਤੀਆਂ...

08:46 AM May 15, 2024 IST
ਆਓ ਜਗਾਈਏ ਮੋਮਬੱਤੀਆਂ
Advertisement

ਗੁਰਚਰਨ ਕੌਰ ਥਿੰਦ

Advertisement

ਆਓ ਜਗਾਈਏ ਮੋਮਬੱਤੀਆਂ
ਇਹ ਤਾਂ ਵਗਦੀਆਂ ਰਹਿਣੀਆਂ ਪੌਣਾਂ ਕੁਪੱਤੀਆਂ
ਸ਼ਬਦਾਂ ਦੀਆਂ ਮੋਮਬੱਤੀਆਂ ਨਾਲ ਦੋਵਾਂ ਪੰਜਾਬਾਂ ਦੀ ਸਰਹੱਦ ਰੌਸ਼ਨ ਕਰਨ ਵਾਲੇ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਨੂੰ ਕੁਪੱਤੀਆਂ ਪੌਣਾਂ 11 ਮਈ 2024 ਨੂੰ ਗੂੜ੍ਹੀ ਨੀਂਦ ਵਿੱਚ ਸੁੱਤੇ ਨੂੰ ਹੀ ਉਡਾ ਕੇ ਲੈ ਗਈਆਂ। ਕਹਿੰਦੇ ਨੇ ਅਜੇ ਉਸ ਦਿਨ ਹੀ ਤਾਂ ਉਹ ਇੱਕ ਸਾਹਿਤਕ ਸਮਾਗਮ ਵਿੱਚ ਰਾਤਾਂ ਦੇ ਹਨੇਰਿਆਂ ਨੂੰ ਚੁਣੌਤੀਆਂ ਦੇ ਰਿਹਾ ਸੀ, ‘ਹਨੇਰ ਨਾ ਸਮਝੇ ਕਿ ਚਾਨਣ ਡਰ ਗਿਆ ਏ/ ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਏ/ ਉੱਠ ਜਗਾ ਦੇ ਮੋਮਬੱਤੀਆ।’ ਅਫ਼ਸੋਸ! ਉਸ ਦਿਨ ਦੀ ਰਾਤ ਨੇ ਮਾਂ-ਬੋਲੀ ਪੰਜਾਬੀ ਦੇ ਪਿਆਰੇ ਸ਼ਾਇਰ ਨੂੰ ਸਦਾ ਲਈ ਬੁੱਕਲ ਵਿੱਚ ਲੈ ਲਿਆ। ਚੇਤਿਆਂ ਵਿੱਚ ਕਈ ਕੁਝ ਕੁਰਬਲ ਕੁਰਬਲ ਕਰ ਰਿਹਾ ਹੈ।
ਸੰਨ 1975 ਦਾ ਮਈ ਦਾ ਮਹੀਨਾ ਸੀ। ਮੇਰੇ ਐੱਮ.ਏ. (ਅੰਗਰੇਜ਼ੀ) ਦੇ ਦੂਜੇ ਸਾਲ ਦੇ ਇਮਤਿਹਾਨ ਦਾ ਸੈਂਟਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿੱਚ ਬਣਿਆ ਸੀ। ਸਵੇਰੇ ਵੱਡੇ ਵੀਰ (ਜੋ ਕਿ ਯੂਨੀਵਰਸਿਟੀ ਵਿੱਚ ਐੱਮ. ਐੱਸਸੀ. ਕਰ ਰਿਹਾ ਸੀ) ਨਾਲ ਆਪਣੇ ਪਿੰਡੋਂ ਪੇਪਰ ਦੇਣ ਲਈ ਗਈ। ਪੇਪਰ ਤੋਂ ਬਾਅਦ ਉਹਦੇ ਦੋਸਤ ਅਰਜਨ ਸਿੰਘ ਜੋਸਨ ਨੂੰ ਮਿਲੇ ਤਾਂ ਉਹ ਕਹਿੰਦੇ, ‘ਚਲੋ, ਤੁਹਾਨੂੰ ਪਾਤਰ ਨਾਲ ਮਿਲਾਉਂਦੇ ਹਾਂ।’ ਅੰਨ੍ਹਾ ਕੀ ਭਾਲੇ ਦੋ ਅੱਖਾਂ; ਵੱਡੇ ਵੀਰ ਨੂੰ ਕਈ ਵਾਰ ਪਾਤਰ ਦੀ ਗ਼ਜ਼ਲ ‘ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣ ਕੇ’ ਗੁਣਗੁਣਾਉਂਦਿਆਂ ਸੁਣਿਆ ਸੀ। ਉਸ ਵੇਲੇ ਸੁਰਜੀਤ ਪਾਤਰ ਦੇ ਬੋਲ ਪੰਜਾਬੀ ਸਾਹਿਤ ਜਗਤ ਵਿੱਚ ਮਕਬੂਲ ਹੋ ਚੁੱਕੇ ਸਨ ਅਤੇ ਮੈਂ ਆਪਣੇ ਵੀਰੇ ਦੇ ਮੂੰਹੋਂ ਇਨ੍ਹਾਂ ਦੀ ਪ੍ਰਸ਼ੰਸਾ ਸੁਣੀ ਹੋਈ ਸੀ।
ਅਸੀਂ ਯੂਨੀਵਰਸਿਟੀ ਦੇ ਤਿੰਨ ਨੰਬਰ ਗੇਟ ਦੇ ਸਾਹਮਣੇ ਇੱਕ ਚੁਬਾਰੇ ਦੀਆਂ ਪੌੜੀਆਂ ਚੜ੍ਹ ਉੱਪਰ ਗਏ। ਦਰਵਾਜ਼ਾ ਖੁੱਲ੍ਹਾ ਹੀ ਸੀ। ਅਰਜਨ ਸਿੰਘ ਜੋਸਨ ਉਸ ਦੇ ਅਤਿ ਨੇੜਲੇ ਮਿੱਤਰਾਂ ਵਿੱਚੋਂ ਹੋਣ ਕਰਕੇ ਬਿਨਾ ਆਵਾਜ਼ ਦਿੱਤਿਆਂ ਅਸੀਂ ਤਿੰਨੇ ਅੰਦਰ ਲੰਘ ਗਏ। ਲੰਮ-ਸਲੰਮਾ, ਪਤਲਾ ਸੁਬਕ ਜਿਹਾ ਨੌਜੁਆਨ ਖੁੱਲ੍ਹੀ ਖਿੜਕੀ ਵੱਲ ਮੂੰਹ ਕਰੀਂ ਖੜ੍ਹਾ ਸੀ। ਸਾਡੇ ਕਦਮਾਂ ਦੀ ਆਹਟ ਸੁਣ ਕੇ ਉਸ ਨੇ ਪਿੱਛੇ ਮੁੜ ਕੇ ਵੇਖਿਆ। ਸੰਜੀਦਾ ਚਿਹਰੇ ’ਤੇ ਪਸਰੀ ਹਲਕੀ ਜਿਹੀ ਮੁਸਕਾਨ ਨਾਲ ਉਹ ਆਪਣੇ ਸਹਿਜ ਬੋਲਾਂ ਨਾਲ ਸਭ ਨੂੰ ਮੁਖਾਤਬ ਹੋਇਆ। ਕਮਰੇ ਵਿੱਚ ਚੁਫ਼ੇਰੇ ਨਿਗ੍ਹਾ ਮਾਰੀ। ਕੋਈ ਖ਼ਾਸ ਸਾਮਾਨ ਨਹੀਂ ਸੀ ਪਰ ਇੱਕ ਅਲਮਾਰੀ ਦੇ ਖਾਨਿਆਂ ਵਿੱਚ ਕਰੀਨੇ ਨਾਲ ਚਿਣੀਆਂ ਕਿੰਨੀਆਂ ਸਾਰੀਆਂ ਕਿਤਾਬਾਂ ਮੇਰੇ ਲਈ ਖ਼ਾਸ ਖਿੱਚ ਦਾ ਕੇਂਦਰ ਬਣ ਗਈਆਂ। ਮੇਰੇ ਜ਼ਿਹਨ ਵਿੱਚ ਆਪਣੇ ਕੋਰਸ ਵਿਚਲੀ ਤਾਜ਼ੀ ਤਾਜ਼ੀ ਪੜ੍ਹੀ ‘ਜੌਹਨ ਸਵਿਫਟ’ ਦੀ ਲਿਖੀ ਕਿਤਾਬ ‘ਬੈਟਲ ਆਫ ਬੁੱਕਸ’ ਘੁੰਮ ਗਈ। ਜਿਹਦੇ ਵਿੱਚ ਪ੍ਰਾਚੀਨ ਤੇ ਨਵੀਨ ਸਾਹਿਤਕ ਕਿਤਾਬਾਂ ਦੇ ਕਨਫਲਿਕਟ ਦਾ ਵਰਨਣ ਸੀ। ਮੈਂ ਹੌਲੀ ਜਿਹੀ ਉਨ੍ਹਾਂ ਨੂੰ ਪੁੱਛਿਆ, ‘ਇਹ ਕਿਤਾਬਾਂ ਆਪਸ ਵਿੱਚ ਲੜਦੀਆਂ ਨਹੀਂ?” ‘ਕਿਉਂ?’ ਉਨ੍ਹਾਂ ਦੇ ਬੋਲ ਹੈਰਾਨੀ ਵਾਲੇ ਸਨ। ਮੈਂ ਜੌਹਨ ਸਵਿਫਟ ਦੀ ਕਿਤਾਬ ਦਾ ਜ਼ਿਕਰ ਕਰ ਦਿੱਤਾ। ਮੈਨੂੰ ਅਜੇ ਵੀ ਯਾਦ ਹੈ ਪਾਤਰ ਜੀ ਨੇ ਕਿਹਾ, “ਇਹ ਤਾਂ ਕਦੇ ਨਹੀਂ ਝਗੜੀਆਂ। ਨਾਲੇ ਪ੍ਰਾਚੀਨ ਸਾਹਿਤ ਦਾ ਆਪਣਾ ਸਥਾਨ ਹੈ ਤੇ ਨਵੀਨ ਦੀ ਆਪਣੀ ਜਗ੍ਹਾ। ਜ਼ਿਰ੍ਹਾ ਕਾਹਦੀ?”

Advertisement

ਗੁਰਚਰਨ ਕੌਰ ਥਿੰਦ ਦੀ ਕਿਤਾਬ ਰਿਲੀਜ਼ ਕਰਦੇ ਹੋਏ ਸੁਰਜੀਤ ਪਾਤਰ

ਬਸ! ਐਨੇ ਕੁ ਲਫ਼ਜ਼ਾਂ ਦੀ ਮੁੱਢਲੀ ਸਾਂਝ ਸੀ ਪਰ ਇਹ ਸਾਂਝ ਛੇਤੀ ਹੀ ਹੋਰ ਵਧ ਗਈ ਜਦੋਂ ਮੇਰਾ ਵਿਆਹ ਇਸੇ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਸੁਖਵਿੰਦਰ ਸਿੰਘ ਥਿੰਦ ਨਾਲ ਹੋ ਗਿਆ। ਜਦੋਂ 1987 ਵਿੱਚ ਅਸੀਂ ਪੱਕੇ ਤੌਰ ’ਤੇ ਲੁਧਿਆਣਾ ਸ਼ਿਫਟ ਹੋ ਗਏ ਤਾਂ ਮੈਂ ਆਪਣੀ ਗ੍ਰਹਿਸਤੀ ਦੇ ਰੁਝੇਵਿਆਂ ਤੋਂ ਥੋੜ੍ਹਾ ਸੁਰਖ਼ੁਰੂ ਹੋ ਕੇ ਕਹਾਣੀਆਂ ਤੇ ਕਵਿਤਾਵਾਂ ਲਿਖਣ ਲੱਗ ਪਈ। ਮੇਰਾ ਪੰਜਾਬੀ ਭਵਨ ਵਿੱਚ ‘ਸਿਰਜਣਧਾਰਾ’ ਨਾਂ ਦੀ ਸਾਹਿਤਕ ਸੰਸਥਾ ਵਿੱਚ ਆਉਣਾ ਜਾਣਾ ਹੋ ਗਿਆ ਤਾਂ ਉੱਥੇ ਮਹੀਨਾਵਾਰ ਮੀਟਿੰਗ ਵਿੱਚ ਕਦੇ ਕਦਾਈਂ ਇਨ੍ਹਾਂ ਦੀ ਹਾਜ਼ਰੀ ਮੇਲ ਦਾ ਸਬੱਬ ਬਣ ਜਾਂਦੀ। ਜਦੋਂ ਮੈਂ ਕਿਤਾਬ ਜੋਗੀਆਂ ਕਹਾਣੀਆਂ ਲਿਖ ਲਈਆਂ ਅਤੇ ਸਾਲ 2001 ਵਿੱਚ ਮੇਰੀ ‘ਪ੍ਰਛਾਵਿਆਂ ਦੀ ਮਹਿਕ’ ਨਾਂ ਦੀ ਪਹਿਲੀ ਕਿਤਾਬ ਛਪ ਗਈ ਤਾਂ ਮੈਂ ਥਿੰਦ ਸਾਹਿਬ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਆਪਣੀ ਕਿਤਾਬ ਦੇਣ ਗਈ ਅਤੇ ਕਿਤਾਬ ਦੇ ਰਿਲੀਜ਼ ਸਮਾਗਮ ਦੀ ਪ੍ਰਧਾਨਗੀ ਕਰਨ ਦੀ ਗੱਲ ਵੀ ਥੋੜ੍ਹਾ ਝਕਦਿਆਂ ਆਖ ਦਿੱਤੀ ਪਰ ਉਨ੍ਹਾਂ ਉਸੇ ਵੇਲੇ ਸਮਾਗਮ ਦਾ ਦਿਨ ਸਮਾਂ ਤੇ ਸਥਾਨ ਨੋਟ ਕਰ ਕੇ ਆਪਣੀ ਪਹੁੰਚ ਯਕੀਨੀ ਬਣਾ ਦਿੱਤੀ। ਮੇਰੇ ਲਈ ਸੱਚੀਂ ਇਹ ਖ਼ੁਸ਼ੀ ਤੇ ਫ਼ਖ਼ਰ ਵਾਲੀ ਗੱਲ ਰਹੀ ਹੈ ਕਿ ਮੇਰੀ ਪਲੇਠੀ ਰਚਨਾ ਐਨੇ ਵੱਡੇ ਸਾਹਿਤਕਾਰ ਦੇ ਹੱਥੋਂ ਲੋਕ-ਅਰਪਣ ਹੋਈ। ਉਸ ਦਿਨ ਉਨ੍ਹਾਂ ਦੀ ਪਤਨੀ ਭੁਪਿੰਦਰ ਕੌਰ ਨਾਲ ਵੀ ਮੇਲ ਹੋਇਆ। ਬੜੀ ਸਾਊ ਸ਼ਖ਼ਸੀਅਤ ਦੀ ਮਾਲਕ ਬਾਰੇ ਬਾਅਦ ਵਿੱਚ ਪਤਾ ਲਗਾ ਕਿ ਉਹ ਗਾਉਂਦੀ ਵੀ ਬੜਾ ਸੁਰੀਲਾ ਹੈ। ਸਾਡੇ ਬੈਠਿਆਂ ਤੋਂ ਇਨ੍ਹਾਂ ਦਾ ਵੱਡਾ ਬੇਟਾ ਵੀ ਹੱਥ ਵਿੱਚ ਬੈਟ ਜਾਂ ਸ਼ਾਇਦ ਹਾਕੀ ਫੜੀ ਬਾਹਰੋਂ ਅੰਦਰ ਆ ਸਭ ਨੂੰ ਮਿਲਿਆ।
ਇੱਕ ਵਾਰ ਸੁਰਜੀਤ ਪਾਤਰ ਹੁਰਾਂ ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਦਾ ਰੁਬਰੂ ਕਰਵਾਉਣ ਲਈ ਉਨ੍ਹਾਂ ਨੂੰ ਯੂਨੀਵਰਸਿਟੀ ਵਿੱਚ ਬੁਲਾਇਆ ਸੀ। ਮੈਂ ਉਦੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਖਾ, ਲੁਧਿਆਣਾ ਵਿੱਚ ਪੜ੍ਹਾਉਂਦੀ ਸੀ। ਸਕੂਲ ਜਾ ਕੇ ਹੀ ਮੈਨੂੰ ਇਸ ਬਾਰੇ ਪਤਾ ਚੱਲਿਆ। ਮਹਾਨ ਨਾਵਲਕਾਰ ਗੁਰਦਿਆਲ ਸਿੰਘ ਅਤੇ ਸ਼ਾਇਰ ਸੁਰਜੀਤ ਪਾਤਰ ਦਾ ਇਹ ਸਾਂਝਾ ਪ੍ਰੋਗਰਾਮ ਤਾਂ ਮੈਂ ਕਿਸੇ ਕੀਮਤ ’ਤੇ ਖੁੰਝਾਉਣਾ ਨਹੀਂ ਸੀ। ਸੋ ਉਸੇ ਵੇਲੇ ਛੁੱਟੀ ਲਈ ਅਤੇ ਆਪਣੀ ਲੂਨਾ ਆਡੀਟੋਰੀਅਮ ਅੱਗੇ ਲਿਆ ਪਾਰਕ ਕੀਤੀ। ਮੇਰੇ ਚੇਤਿਆਂ ਵਿੱਚ ਅੱਜ ਤੱਕ ਉਹ ਸਾਹਿਤਕ ਮੰਜ਼ਰ ਜਿਉਂ ਦਾ ਤਿਉਂ ਸਜੀਵ ਹੈ। ਸੁਰਜੀਤ ਪਾਤਰ ਦਾ ਮੰਚ ਸੰਚਾਲਨ, ਸਰੋਤਿਆਂ ਵੱਲੋਂ ਗੁਰਦਿਆਲ ਸਿੰਘ ਨਾਲ ਸੁਆਲ ਜੁਆਬ, ਮੇਰੇ ਲਈ ਇਹ ਵੱਖਰਾ ਹੀ ਸਾਹਿਤਕ ਅਨੁਭਵ ਸੀ। ਮੈਂ ਵੀ ਇੱਕ ਪੁੱਛ ਸਾਂਝੀ ਕੀਤੀ ਕਿ ‘ਕਹਾਣੀਆਂ ਤੇ ਨਾਵਲਾਂ ਦੇ ਪਾਤਰ ਸਾਡੇ ਆਲੇ ਦੁਆਲੇ ਵਿਚਰਦੇ ਲੋਕਾਂ ਵਿੱਚੋਂ ਹੀ ਹੁੰਦੇ ਹਨ। ਕੀ ਕਦੇ ਇੰਜ ਹੋਇਆ ਕਿ ਤੁਹਾਡੇ ਕਿਸੇ ਜਾਣੂ ਨੇ ਤੁਹਾਡੇ ਨਾਲ ਗੁੱਸਾ ਕੀਤਾ ਹੋਵੇ ਕਿ ਤੂੰ ਮੇਰੇ ਬਾਰੇ ਕਿਉਂ ਲਿਖਿਆ?’ ਤਾਂ ਗੁਰਦਿਆਲ ਸਿੰਘ ਦਾ ਜੁਆਬ ਸੀ, ‘ਮੇਰੇ ਪਾਤਰ ਬਣਨ ਵਾਲੇ ਲੋਕ ਅਨਪੜ੍ਹ ਹਨ। ਉਹ ਪੜ੍ਹ ਹੀ ਨਹੀਂ ਸਕਦੇ ਕਿ ਮੈਂ ਉਨ੍ਹਾਂ ਬਾਰੇ ਕੀ ਲਿਖਿਆ ਹੈ?’ (ਉਦੋਂ ਤੱਕ ਮੇਰੀਆਂ ਦੋ ਕਿਤਾਬਾਂ ਛਪ ਚੁੱਕੀਆਂ ਸਨ ਅਤੇ ਮੈਂ ਇਸ ਤਰ੍ਹਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰ ਚੁੱਕੀ ਸਾਂ।)
ਖ਼ੈਰ! ਉਦੋਂ ਤਾਂ ਆਮ ਵਾਂਗ ਰੁਬਰੂ ਅੱਗੇ ਚੱਲਦਾ ਰਿਹਾ ਪ੍ਰੰਤੂ ਸਮਾਗਮ ਦੀ ਸਮਾਪਤੀ ’ਤੇ ਪਾਤਰ ਜੀ ਨਾਲ ਸਤਿ ਸ੍ਰੀ ਅਕਾਲ ਹੋਈ ਤਾਂ ਕਹਿੰਦੇ, ‘ਤੂੰ ਬੜਾ ਵਧੀਆ ਸੁਆਲ ਪੁੱਛਿਆ।’ ਉਨ੍ਹਾਂ ਦਾ ਇੰਜ ਆਖਣਾ ਮੇਰੀ ਅੱਜ ਦੀ ਹਾਜ਼ਰੀ ਨੂੰ ਸਾਰਥਿਕ ਕਰ ਗਿਆ ਲੱਗਿਆ। ਸੱਚੀ ਗੱਲ ਹੈ ਕਿ ਉਸ ਵੇਲੇ ਤੱਕ ਮੈਨੂੰ ਆਪਣੀ ਲੇਖਣੀ ਤੇ ਬੋਲਣੀ ’ਤੇ ਖ਼ੁਦ ਨੂੰ ਵੀ ਬਹੁਤਾ ਯਕੀਨ ਨਹੀਂ ਸੀ। ਪਾਤਰ ਜੀ ਨੂੰ ਸ਼ਾਇਦ ਚੇਤਾ ਆ ਗਿਆ ਸੀ, ਕਹਿਣ ਲੱਗੇ, ‘ਗੁਰਚਰਨ, ਮੈਂ ਤੇਰੀ ਕਿਤਾਬ ਬਾਰੇ ਆਰਟੀਕਲ ਲਿਖਿਆ ਸੀ। ਕਿਸੇ ਵੇਲੇ ਆ ਕੇ ਲੈ ਜਾਣਾ।’ ਕਿਤਾਬ ਦੇ ਰਿਲੀਜ਼ ਮੌਕੇ ਉਨ੍ਹਾਂ ਬਹੁਤ ਵਧੀਆ ਟਿੱਪਣੀਆਂ ਕੀਤੀਆਂ ਸਨ ਪਰ ਮੇਰੇ ਤਾਂ ਚਿੱਤ ਚੇਤੇ ਵੀ ਨਹੀਂ ਸੀ ਕਿ ਉਨ੍ਹਾਂ ਉਸ ਬਾਰੇ ਲਿਖਿਆ ਸੰਭਾਲਿਆ ਹੋਇਆ ਸੀ।
ਕਈ ਵਾਰ ਮਨ ਬਣਾਇਆ ਕਿ ਉਨ੍ਹਾਂ ਦੇ ਘਰ ਜਾ ਕੇ ਲੈ ਆਵਾਂ। ਬਸ ਸਬੱਬ ਹੀ ਨਹੀਂ ਬਣਿਆ ਤੇ ਜਦੋਂ ਆਪਣੀ ਬੇਟੀ ਅਤੇ ਬਾਅਦ ਵਿੱਚ ਬੇਟੇ ਦੇ ਵਿਆਹ ਦਾ ਕਾਰਡ ਦੇਣ ਗਏ ਤਾਂ ਫਿਰ ਝਾਕਾ ਜਿਹਾ ਹੀ ਹੋ ਗਿਆ ਕਿ ਹੁਣ ਕਿਵੇਂ ਆਖਾਂ? ਮੈਨੂੰ ਲੱਗਦਾ ਸ਼ਾਇਦ ਅਜੇ ਵੀ ਉਨ੍ਹਾਂ ਦਾ ਲਿਖਿਆ ਉਹ ਲੇਖ ਕਿਤੇ ਨਾ ਕਿਤੇ ਉਨ੍ਹਾਂ ਦੇ ਕਾਗਜ਼ਾਂ ਵਿੱਚ ਜ਼ਰੂਰ ਪਿਆ ਹੋਣਾ। ਐਨਾ ਸੁਹਿਰਦ ਬੰਦਾ ਆਪਣੀ ਲਿਖਤ ਸੁੱਟ ਪਾਉਣ ਵਾਲਾ ਨਹੀਂ ਹੋ ਸਕਦਾ। ਥਿੰਦ ਸਾਹਿਬ ਦੇ ਯੂਨੀਵਰਸਿਟੀ ਵਿੱਚ ਅਤੇ ਮੇਰੇ ਲੇਖਕ ਹੋਣ ਨੇ ਸਾਡੇ ਘਰੇਲੂ ਮੇਲ-ਮਿਲਾਪ ਵਾਲੇ ਸਬੰਧ ਬਣਾ ਦਿੱਤੇ ਸਨ। ਮੇਰੇ ਬੱਚਿਆਂ ਦੇ ਵਿਆਹ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਅਤੇ ਉਨ੍ਹਾਂ ਦੇ ਵੱਡੇ ਬੇਟੇ ਦੇ ਵਿਆਹ ਵਿੱਚ ਸਾਡਾ ਜਾਣਾ ਮਹਿਜ਼ ਜਾਣ-ਪਛਾਣ ਨਾ ਰਹਿ ਕੇ ਸਕੀਰੀ ਵਾਂਗ ਹੋ ਗਏ। ਜਦੋਂ ਅਸੀਂ ਇੱਥੇ ਕੈਲਗਰੀ ਆ ਗਏ ਤਾਂ ਉਹ ਜਦੋਂ ਵੀ ਇੱਥੇ ਆਉਂਦੇ ਤਾਂ ਉਨ੍ਹਾਂ ਦੇ ਸਤਿਕਾਰ ਵਿੱਚ ਸਜਾਈ ਮਹਿਫ਼ਲ ਵਿੱਚ ਪਹੁੰਚਣ ਨੇ ਸਾਡੇ ਆਪਸੀ ਮੇਲ-ਮਿਲਾਪ ਦੀ ਲਗਾਤਾਰਤਾ ਬਣਾਈ ਰੱਖੀ।
ਪਿਛਲੇ ਸਾਲ ਅਸੀਂ ਪਾਕਿਸਤਾਨ ਗਏ। ਉੱਥੇ ਉੱਘੀ ਸਮਾਜਿਕ ਕਾਰਕੁਨ ਦੀਪ ਸਾਈਦਾ ਨਾਲ ਮੁਲਾਕਾਤ ਹੋਈ। ਉਹ ਬੜੇ ਉਮਾਹ ਨਾਲ ਸਾਲ 2001 ਦੇ 14-15 ਅਗਸਤ ਦੀ ਰਾਤ ਨੂੰ ਪਹਿਲੀ ਵਾਰ ਭਾਰਤ ਵਾਲੇ ਪਾਸਿਓਂ ਕੁਲਦੀਪ ਨਈਅਰ ਤੇ ਸੀਤਾ ਰਾਮ ਯੈਚੁਰੀ ਅਤੇ ਪਾਕਿਸਤਾਨ ਵਾਲੇ ਪਾਸਿਓਂ ਸੈਨੇਟਰ ਐੱਸ. ਐੱਲ. ਖੋਸਾ ਅਤੇ ਹੋਰ ਪਤਵੰਤਿਆਂ ਦੁਆਰਾ ਵਾਹਗਾ ਸਰਹੱਦ ’ਤੇ ਮੋਮਬੱਤੀਆਂ ਜਗਾਉਣ ਦੀ ਗੱਲ ਕਰ ਰਹੀ ਸੀ। ਦੀਪ ਸਾਈਦਾ ਨੇ ਦੱਸਿਆ ਕਿ ਉਹ ਵੀ ਉਸ ਵੇਲੇ ਉੱਥੇ ਸੀ ਤਾਂ ਅਸਾਂ ਦੋਵਾਂ ਰਲ ਕੇ ਪਾਤਰ ਜੀ ਦਾ ‘ਆਓ ਜਗਾਈਏ ਮੋਮਬੱਤੀਆਂ, ਇਹ ਤਾਂ ਵਗਦੀਆਂ ਰਹਿਣੀਆਂ ਪੌਣਾਂ ਕੁਪੱਤੀਆਂ’ ਗੀਤ ਗਾਇਆ ਅਤੇ ਅਰਦਾਸ ਕੀਤੀ ਕਿ ਦੋਵਾਂ ਪੰਜਾਬਾਂ ਵਿਚਲਾ ਸਰਹੱਦ ਦਾ ਰਾਹ ਮੋਕਲਾ ਹੋ ਜਾਵੇ, ਲੋਕ ਆਰਾਮ ਨਾਲ ਆ ਜਾ ਸਕਣ ਤੇ ਚੀਜ਼ਾਂ ਵਸਤਾਂ ਦਾ ਲੈਣ ਦੇਣ ਸੌਖਾ ਹੋ ਜਾਵੇ।
ਉਦੋਂ ਹੀ ਮਈ ਮਹੀਨੇ ਵਿੱਚ ਪਾਤਰ ਸਾਹਿਬ ਨਾਲ ਮੇਲ ਹੋਇਆ। ਪੰਜਾਬੀ ਭਵਨ, ਲੁਧਿਆਣਾ ਵਿੱਚ ਅਰਤਿੰਦਰ ਸੰਧੂ ਦੀ ਕਿਤਾਬ ਦਾ ਰਿਲੀਜ਼ ਸਮਾਗਮ ਸੀ। ਅਸੀਂ ਦੋਵੇਂ ਜੀਅ ਸ਼ਾਮਲ ਹੋਏ। ਮੈਂ ਆਪਣੇ ਸਾਇੰਸ ਦੇ ਵਿਸ਼ੇ ’ਤੇ ਆਧਾਰਿਤ ਨਾਵਲ ‘ਚੰਦਰਯਾਨ ਤਿਸ਼ਿਕਨ ਅਤੇ ਮਿਸ਼ਨ ਰੈੱਡ ਸਟਾਰ’ ਉਨ੍ਹਾਂ ਨੂੰ ਦਿੱਤੇ। ਨਾਵਲਾਂ ਦੇ ਟਾਈਟਲ ਵੇਖ ਉਨ੍ਹਾਂ ਮੇਰੇ ਇਸ ਯਤਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਮੈਂ ਇਨ੍ਹਾਂ ਬਾਰੇ ਅਖ਼ਬਾਰ ਵਿੱਚ ਪੜ੍ਹਿਆ ਹੈ। ਮੈਂ ਕਿਹਾ ਕਿ ‘ਹੁਣ ਇਹ ਕਿਤਾਬਾਂ ਪੜ੍ਹਨਾ ਜ਼ਰੂਰ’ ਤਾਂ ਉਨ੍ਹਾਂ ਦਾ ਹੁੰਗਾਰਾ ਬੜਾ ਹਾਂ-ਪੱਖੀ ਸੀ। ਮੈਨੂੰ ਪੱਕਾ ਯਕੀਨ ਹੈ ਕਿ ਉਨ੍ਹਾਂ ਕਿਤਾਬਾਂ ਜ਼ਰੂਰ ਪੜ੍ਹੀਆਂ ਹੋਣੀਆਂ ਅਤੇ ਕਿਤੇ ਨਾ ਕਿਤੇ ਟਿੱਪਣੀਆਂ ਵੀ ਕੀਤੀਆਂ ਹੋਣੀਆਂ। ਮੇਰੀ ਪਹਿਲੀ ਕਿਤਾਬ ਬਾਰੇ ਵੀ ਜਦੋਂ ਉਹ ਬੋਲ ਰਹੇ ਸਨ ਤਾਂ ਉਨ੍ਹਾਂ ਨੇ ਕਿਤਾਬ ਦੇ ਵੱਖ ਵੱਖ ਪੰਨਿਆਂ ’ਤੇ ਹੀ ਕਿਤੇ ਕਿਤੇ ਲਿਖਿਆ ਹੋਇਆ ਸੀ। ਮੇਰੀ ਵੀ ਪੁਰਾਣੀ ਆਦਤ ਹੈ ਕਿ ਕਿਸੇ ਵੀ ਕਿਤਾਬ ਨੂੰ ਪੜ੍ਹਾਂ ਤੇ ਉਸ ਦੇ ਪੰਨਿਆਂ ’ਤੇ ਹੀ ਟਿੱਪਣੀਆਂ ਲਿਖ ਲੈਂਦੀ ਹਾਂ। (ਕਾਲਜ ਦੀ ਪੜ੍ਹਾਈ ਵੇਲੇ ਖ਼ਾਸ ਤੌਰ ’ਤੇ ਮੇਰੇ ਨੋਟਸ ਮੇਰੀ ਕਿਤਾਬ ਹੀ ਹੁੰਦੀ ਸੀ) ਹੁਣ ਵੀ ਜਿਸ ਕਿਤਾਬ ਬਾਰੇ ਮੈਂ ਰਾਏ ਦੇਣੀ ਜਾਂ ਲਿਖਣੀ ਹੋਵੇ ਉਹ ਅੱਧੀ ਕੁ ਕਾਲੀ ਕਰ ਲੈਂਦੀ ਹਾਂ।
ਐਨਾ ਨੇੜਿਓਂ ਤੱਕਿਆ ਉਹ ਅਜ਼ੀਮ ਸ਼ਖ਼ਸ ਇਸ ਵਾਰ ਜਦੋਂ ਲੁਧਿਆਣੇ ਜਾਵਾਂਗੀ ਤਾਂ ਉਨ੍ਹਾਂ ਨੇ ਮਿਲਣਾ ਨਹੀਂ। ਇਹ ਸੋਚ ਅੰਦਰ ਖੋਹ ਜਿਹੀ ਪੈਂਦੀ ਹੈ। ਬਹੁਤ ਲੋਕਾਂ ਨੂੰ ਮਿਲੀ ਦਾ ਹੈ ਪਰ ਕੁਝ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਹਰ ਵਾਰ, ਬਾਰ ਬਾਰ ਮਿਲਣਾ ਚੰਗਾ ਲੱਗਦਾ ਹੈ। ਸੁਰਜੀਤ ਪਾਤਰ ਇੱਕ ਅਜਿਹੇ ਸੁਹਿਰਦ ਵਿਅਕਤੀ ਸਨ:
ਜੇ ਆਈ ਪੱਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ ’ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ
ਬੇਅੰਤ ਇਨਾਮਾਂ ਸਨਮਾਨਾਂ ਨਾਲ ਨਿਵਾਜਿਆ, ਕਈ ਉੱਚ ਅਹੁਦਿਆਂ ’ਤੇ ਰਹਿ ਪੰਜਾਬੀ ਮਾਂ-ਬੋਲੀ ਦੀ ਬਿਹਤਰੀ ਲਈ ਸੋਚਦਾ, ਉਲੀਕਦਾ ਤੇ ਕਾਰਜ ਨੇਪਰੇ ਚਾੜ੍ਹਦਾ, ਸਮਾਜ ਦੀਆਂ ਊਣਾਂ ਨੂੰ ਸ਼ਬਦਾਂ ਵਿੱਚ ਪਰੋਣ ਵਾਲਾ ਉਹ ਆਸ਼ਾਵਾਦੀ ਕਵੀ ਅਸਾਧਾਰਨ ਵਿਅਕਤੀ ਬਣ ਸੰਸਾਰਕ ਯਾਤਰਾ ਪੂਰੀ ਕਰ ਗਿਆ ਹੈ। ਉਹਦੇ ਬੋਲਾਂ ਦਾ ਤੱਥ, ਸੱਚ ਬਣ ਸਾਡੇ ਰੁਬਰੂ ਹੈ:
ਦੁਨੀਆ ਨੇ ਵਸਦੀ ਰਹਿਣਾ ਏ ਸਾਡੇ ਬਗੈਰ ਵੀ
ਤੂੰ ਐਵੇਂ ਤਪਿਆ, ਤੜਪਿਆ ਤੇ ਉਲਝਿਆ ਨਾ ਕਰ
ਸੰਪਰਕ: 403-402-9635

Advertisement
Author Image

joginder kumar

View all posts

Advertisement