ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿੱਟੀ ਜਾਏ

04:10 AM Mar 29, 2025 IST
featuredImage featuredImage

Advertisement

ਗੁਰਦੀਪ ਸਿੰਘ ਢੁੱਡੀ

ਰਚਨਾ ਅਤੇ ਸਿਰਨਾਵਾਂ ਦੋਵੇਂ ਭੈਣ-ਭਰਾ ਅੱਠਵੀਂ ਅਤੇ ਛੇਵੀਂ ਜਮਾਤ ਵਿੱਚ ਪੜ੍ਹਦੇ ਸਨ। ਰਚਨਾ ਵੱਡੀ ਸੀ ਅਤੇ ਸਿਰਨਾਵਾਂ ਉਸ ਤੋਂ ਛੋਟਾ ਸੀ। ਉਨ੍ਹਾਂ ਦੇ ਪਿਤਾ ਜੀ ਸਰਕਾਰੀ ਅਧਿਕਾਰੀ ਅਤੇ ਮਾਤਾ ਜੀ ਸਕੂਲ ਅਧਿਆਪਕਾ ਸਨ। ਮੰਮੀ-ਪਾਪਾ ਆਪਣੀ ਆਪਣੀ ਨੌਕਰੀ ’ਤੇ ਚਲੇ ਜਾਂਦੇ ਸਨ। ਪਿੱਛੇ ਘਰ ਵਿੱਚ ਦਾਦਾ-ਦਾਦੀ ਹੀ ਹੁੰਦੇ ਸਨ। ਸਕੂਲ ਜਾਣ ਜਾਂ ਫਿਰ ਸਕੂਲ ਤੋੋਂ ਆਉਣ ਵੇਲੇ ਦਾਦਾ-ਦਾਦੀ ਹੀ ਬੱਚਿਆਂ ਦੀ ਦੇਖਭਾਲ ਕਰਦੇ ਸਨ। ਦਾਦਾ ਜੀ ਆਪ ਵੀ ਪਹਿਲਾਂ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਹੁੰਦੇ ਸਨ ਅਤੇ ਦਾਦੀ ਜੀ ਘਰ ਸੰਭਾਲਦੇ ਸਨ।
ਆਪਣੇ ਧੀ ਅਤੇ ਪੁੱਤਰ ਦੇ ਵਿਆਹ ਹੋਣ ਤੱਕ ਤਾਂ ਉਹ ਆਪਣੇ ਪਿੰਡ ਹੀ ਰਹਿੰਦੇ ਰਹੇ ਸਨ, ਪ੍ਰੰਤੂ ਧੀ ਤੋਂ ਬਾਅਦ ਜਦੋਂ ਪੁੱਤਰ ਸ਼ਿਵਚਰਨ ਦਾ ਵਿਆਹ ਹੋਇਆ ਸੀ ਤਾਂ ਉਨ੍ਹਾਂ ਨੇ ਸੋਚ ਵਿਚਾਰ ਕੇ ਆਪਣੀ ਰਿਹਾਇਸ਼ ਸ਼ਹਿਰ ਵਿੱਚ ਕਰ ਲਈ ਸੀ। ਇਸ ਨਾਲ ਸ਼ਿਵਚਰਨ ਹੋਰਾਂ ਨੂੰ ਆਪਣੀ ਨੌਕਰੀ ’ਤੇ ਜਾਣਾ ਸੌਖਾ ਹੋ ਗਿਆ ਸੀ। ਉਹ ਸਮਝਦੇ ਸਨ ਕਿ ਉਨ੍ਹਾਂ ਦੇ ਪੋਤੇ-ਪੋਤੀ ਦੀ ਪੜ੍ਹਾਈ ਲਈ ਸ਼ਹਿਰ ਵਿੱਚ ਸਾਰੇ ਪ੍ਰਬੰਧ ਸੌਖੀ ਤਰ੍ਹਾਂ ਹੋ ਜਾਣਗੇ। ਉਨ੍ਹਾਂ ਨੇ ਸ਼ਹਿਰ ਦੇ ਬਾਹਰੀ ਖੇਤਰ ਵਿੱਚ ਨਵੀਂ ਕੱਟੀ ਕਾਲੋਨੀ ਵਿੱਚ ਦੋ ਪਲਾਟਾਂ ਦੇ ਬਰਾਬਰ ਦਾ ਖੁੱਲ੍ਹਾ ਡੁੱਲ੍ਹਾ ਥਾਂ ਲੈ ਲਿਆ। ਇੱਕ ਹਿੱਸੇ ਵਿੱਚ ਉਨ੍ਹਾਂ ਨੇ ਕੋਠੀ ਪਾ ਲਈ ਅਤੇ ਬਾਕੀ ਥਾਂ ਵਿੱਚ ਉਨ੍ਹਾਂ ਨੇ ਘਰੇਲੂ ਬਗੀਚੀ ਬਣਾ ਲਈ। ਵਿਹਲੇ ਥਾਂ ਦੇ ਕੁਝ ਹਿੱਸੇ ਵਿੱਚ ਉਨ੍ਹਾਂ ਨੇ ਫੁੱਲਦਾਰ ਬੂਟੇ ਲਾ ਲਏ ਸਨ। ਦੋਵਾਂ ਬੱਚਿਆਂ ਦੇ ਦਾਦਾ ਜੀ ਥੋੜ੍ਹਾ ਬਹੁਤਾ ਸਮਾਂ ਬਗੀਚੀ ਵਿੱਚ ਹਰ ਰੋਜ਼ ਲਾਉਂਦੇ ਸਨ। ਛੁੱਟੀ ਵਾਲੇ ਦਿਨ ਉਹ ਆਪਣੀ ਪੋਤੀ ਰਚਨਾ ਅਤੇ ਪੋਤੇ ਸਿਰਨਾਵੇਂ ਨੂੰ ਲੈ ਕੇ ਬਗੀਚੀ ਵਿੱਚ ਆਪਣੇ ਨਾਲ ਕੰਮ ਲਾ ਲਿਆ ਕਰਦੇ ਸਨ।
‘‘ਬਗੀਚੀ ਵਿੱਚ ਥੋੜ੍ਹਾ ਥੋੜ੍ਹਾ ਸਮਾਂ ਬੱਚਿਆਂ ਨੂੰ ਨਾਲ ਲਾਉਣ ਨਾਲ ਇਹ ਮਿੱਟੀ ਨਾਲ ਜੁੜੇ ਰਹਿਣਗੇ। ਮਿੱਟੀ ਨਾਲ ਖੇਡਣਾ ਅਤੇ ਕੰਮ ਕਰਨਾ ਬੱਚਿਆਂ ਦੀ ਸਿਹਤ ਲਈ ਵੀ ਚੰਗਾ ਹੁੰਦਾ ਹੈ।’’ ਆਪਣੀ ਨੂੰਹ ਦੇ ਮਿੱਠਾ ਜਿਹਾ ਇਤਰਾਜ਼ ਕਰਨ ’ਤੇ ਉਨ੍ਹਾਂ ਨੇ ਜਦੋਂ ਆਖਿਆ ਸੀ ਤਾਂ ਇਹ ਵਾਕ ਰਚਨਾ ਅਤੇ ਸਿਰਨਾਵਾਂ ਨੇ ਵੀ ਸੁਣ ਲਿਆ ਸੀ।
‘‘ਭਲਾ, ਵੱਡੇ ਪਾਪਾ, ਇੱਕ ਗੱਲ ਦੱਸੋ।’’ ਇੱਕ ਦਿਨ ਸਮਾਂ ਪਾ ਕੇ ਸਿਰਨਾਵਾਂ ਨੇ ਆਪਣੇ ਦਾਦੇ ਨੂੰ ਪੁੱਛਿਆ। ਉਸ ਨੇ ਆਪਣੀ ਦੀਦੀ ਰਚਨਾ ਵੱਲ ਮੁਸਕਰਾ ਕੇ ਵੇਖਿਆ ਸੀ ਅਤੇ ਕੁਝ ਲੁਕੋਣ ਵਾਲਿਆਂ ਵਾਂਗ ਆਪਣੇ ਆਲੇ-ਦੁਆਲੇ ਵੀ ਵੇਖਿਆ ਸੀ।
‘‘ਹਾਂ ਜੀ, ਪੁੱਛੋ ਮੇਰੇ ਲਾਲ, ਇਹੋ ਜਿਹਾ ਕੀ ਸੁਆਲ ਪੁੱਛਣਾ, ਜਿਹੜਾ ਤੂੰ ਅੱਗੇ ਪਿੱਛੇ ਚੰਗੀ ਤਰ੍ਹਾਂ ਵੇਖ ਕੇ ਮੈਨੂੰ ਪੁੱਛਿਆ ਹੈ।’’ ਦਾਦੇ ਨੇ ਬੜੇ ਲਾਡ ਨਾਲ ਉਸ ਨੂੰ ਆਖਿਆ।
‘‘ਉਹ ਨਾ ਤੁਸੀਂ, ਉਸ ਦਿਨ ਮੰਮੀ-ਪਾਪਾ ਨੂੰ ਮਿੱਟੀ ਨਾਲ ਜੁੜਨ ਬਾਰੇ ਦੱਸਿਆ ਸੀ। ਇਹ ਕਿਵੇਂ ਹੁੰਦਾ ਹੈ?’’
‘‘ਸਿਹਤ ਚੰਗੀ ਰਹਿਣ ਵਾਲੀ ਗੱਲ ਦੀ ਮੈਨੂੰ ਸਮਝ ਨਹੀਂ ਲੱਗੀ ਸੀ।’’ ਉਸ ਦੇ ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਰਚਨਾ ਬੋਲ ਪਈ।
‘‘ਮੇਰੇ ਦੋਵੇਂ ਬੱਚੇ ਬੜੇ ਸਿਆਣੇ ਹੋ ਗਏ ਹਨ। ਹੁਣ ਮੈਂ ਥੋਨੂੰ ਹੋਰ ਗੱਲਾਂ ਵੀ ਇਵੇਂ ਹੀ ਦੱਸਿਆ ਕਰਾਂਗਾ।’’
‘‘ਪਹਿਲਾਂ ਇਹ ਦੋਵੇਂ ਗੱਲਾਂ ਦੱਸੋ।’’
‘‘ਛੇਤੀ ਛੇਤੀ ਦੱਸੋ।’’
‘‘ਲਓ ਸੁਣੋ। ਮੇਰੀਆਂ ਗੱਲਾਂ ਕੰਨ ਲਾ ਕੇ ਸੁਣਿਓ।’’
‘‘ਮਿੱਟੀ ਨਾਲ ਜੁੜਨਾ, ਮੁਹਾਵਰਾ ਹੈ ਜਿਸ ਦਾ ਅਰਥ ਹੈ ਸਾਡਾ ਆਪਣੀ ਧਰਤੀ ਨਾਲ ਸਭ ਤੋਂ ਨੇੜਲਾ ਰਿਸ਼ਤਾ। ਜਿਵੇਂ ਬੱਚਿਆਂ ਦਾ ਆਪਣੀ ਮਾਂ ਨਾਲ ਸਾਰਿਆਂ ਤੋਂ ਨੇੜੇ ਦਾ ਰਿਸ਼ਤਾ ਹੁੰਦਾ ਹੈ। ਮਿੱਟੀ ਭਾਵ ਧਰਤੀ ਵੀ ਸਾਡੀ ਮਾਂ ਹੈ। ਇਸ ਤਰ੍ਹਾਂ ਸਾਡਾ ਅਤੇ ਧਰਤੀ ਦਾ ਰਿਸ਼ਤਾ ਵੀ ਮਾਂ ਅਤੇ ਬੱਚਿਆਂ ਵਾਲਾ ਹੈ। ਬਾਬਾ ਫ਼ਰੀਦ ਜੀ ਨੇ ਆਖਿਆ ਹੈ ਕਿ ਜਦੋਂ ਅਸੀਂ ਜਿਊਂਦੇ ਹੁੰਦੇ ਹਾਂ ਤਾਂ ਇਹ ਧਰਤੀ ਸਾਡੇ ਪੈਰਾਂ ਹੇਠ ਹੁੰਦਾ ਹੈ। ਭਾਵ ਸਾਡਾ ਭਾਰ ਚੁੱਕਦੀ ਹੈ। ਜਦੋਂ ਬੰਦਾ ਮਰ ਜਾਂਦਾ ਹੈ ਤਾਂ ਇਹੋ ਮਿੱਟੀ ਬੰਦੇ ਦੇ ਮੁਰਦਾ ਸਰੀਰ ਨੂੰ ਢਕ ਲੈਂਦੀ ਹੈ।
‘‘ਇਸ ਧਰਤੀ ਵਿੱਚ ਬੀਜ ਉੱਗਦਾ ਹੈ, ਦਾਣੇ ਬਣਦੇ ਹਨ, ਇਨ੍ਹਾਂ ਦਾਣਿਆਂ ਦਾ ਆਟਾ ਬਣਾ ਕੇ ਅਸੀਂ ਰੋਟੀ ਪਕਾਉਂਦੇ ਹਾਂ। ਦਾਣਿਆਂ ਤੋਂ ਬਿਨਾਂ ਵੀ ਸਾਡੇ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਧਰਤੀ ਨਾਲ ਹੀ ਸਬੰਧ ਹੈ। ਇਸੇ ਤਰ੍ਹਾਂ ਅਸੀਂ ਇਸ ਮਿੱਟੀ ਦੇ ਘਰ ਬਣਾ ਕੇ ਰਹਿੰਦੇ ਹਾਂ, ਕਪਾਹ ਬੀਜ ਕੇ ਕੱਪੜੇ ਬਣਾਉਂਦੇ ਹਾਂ। ਗੱਲ ਕੀ? ਸਾਡੀਆਂ ਸਾਰੀਆਂ ਲੋੜਾਂ ਮਿੱਟੀ ਵਿੱਚੋਂ ਹੀ ਪੂਰੀਆਂ ਹੁੰਦੀਆਂ ਹਨ। ਧਰਤੀ ਸਾਡੀਆਂ ਤਿੰਨੇ ਲੋੜਾਂ, ਰੋਟੀ ਕੱਪੜਾ ਅਤੇ ਮਕਾਨ ਪੂਰੀਆਂ ਕਰਦੀ ਹੈ।’’ ਦਾਦਾ ਜੀ ਆਪਣੀ ਗੱਲ ਕਰਕੇ ਦੋਵਾਂ ਬੱਚਿਆਂ ਦੇ ਮੂੰਹ ਵੱਲ ਵੇਖਣ ਲੱਗ ਪਏ।
‘‘ਇਹ ਤਾਂ ਗੱਲ ਪੂਰੀ ਤਰ੍ਹਾਂ ਠੀਕ ਹੈ, ਵੱਡੇ ਪਾਪਾ। ਸਾਡਾ ਤਾਂ ਪੂਰਾ ਜੀਵਨ ਹੀ ਧਰਤੀ ਦੇ ਦੁਆਲੇ ਘੁੰਮਦਾ ਹੈ। ਪਾਣੀ ਵੀ ਤਾਂ ਧਰਤੀ ਵਿੱਚੋਂ ਨਿਕਲਦਾ ਹੈ। ਇਹ ਅਸੀਂ ਪੀਂਦੇ ਹਾਂ। ਸਾਡੇ ਸਾਇੰਸ ਵਾਲੇ ਸਰ, ਇੱਕ ਦਿਨ ਦੱਸ ਰਹੇ ਸੀ ਕਿ ਸਾਡੇ ਸਰੀਰ ਵਿੱਚ ਸੱਤਰ ਫੀਸਦੀ ਤੋਂ ਵਧੇਰੇ ਪਾਣੀ ਹੁੰਦਾ ਹੈ।’’ ਰਚਨਾ ਨੇ ਦਾਦਾ ਜੀ ਦੀ ਗੱਲਬਾਤ ਨੂੰ ਆਪਣੇ ਵੱਲੋਂ ਅੱਗੇ ਵਧਾਉਂਦਿਆਂ ਆਖਿਆ।
‘‘ਹਾਂ ਬੱਚਿਓ, ਇਹ ਬਿਲਕੁਲ ਦਰੁਸਤ ਹੈ। ਵੇਖੋ, ਸਾਡੀ ਧਰਤੀ ਦਾ ਵੀ ਸੱਤਰ ਫ਼ੀਸਦੀ ਭਾਗ ਪਾਣੀ ਨਾਲ ਢਕਿਆ ਹੈ। ਬੰਦੇ ਦੇ ਸਰੀਰ ਵਿੱਚ ਕਰੀਬ ਏਨਾ ਹੀ ਪਾਣੀ ਹੈ। ਵੇਖਿਓ ਨਾ ਬੰਦਾ ਅਤੇ ਮਿੱਟੀ ਇੱਕ ਹੀ ਹਨ। ਇਸ ਕਰਕੇ ਜੇਕਰ ਬੰਦਾ ਆਪਣੀ ਧਰਤੀ ਨਾਲ ਜੁੜਿਆ ਰਹੇ ਤਾਂ ਸਹੀ ਰਹਿੰਦਾ ਹੈ ਅਤੇ ਜੇਕਰ ਉਸ ਦੇ ਪੈਰ ਧਰਤੀ ਤੋਂ ਉੱਪਰ ਉੱਠ ਜਾਣ ਤਾਂ ਬਹੁਤ ਕੁਝ ਗ਼ਲਤ ਕਰ ਰਿਹਾ ਹੁੰਦਾ ਹੈ। ਧਰਤੀ ਤੋਂ ਪੈਰ ਉੱਠਣਾ ਜਾਂ ਹਵਾ ’ਚ ਉੱਡਣਾ ਇੱਕ ਮੁਹਾਵਰਾ ਹੈ। ਇਸ ਬਾਰੇ ਮੈਂ ਫਿਰ ਕਿਸੇ ਦਿਨ ਵਿਸਥਾਰ ਨਾਲ ਦੱਸਾਂਗਾ।’’ ਦਾਦਾ ਜੀ ਏਨਾ ਆਖ ਕੇ ਫਿਰ ਚੁੱਪ ਕਰਨ ਵਾਲਿਆਂ ਵਾਂਗ ਹੋ ਗਏ।
‘‘ਹਾਂ, ਫਿਰ ਅੱਜ ਮਿੱਟੀ ’ਚ ਕੰਮ ਕਰਨ ਨਾਲ ਸਿਹਤ ਠੀਕ ਰਹਿਣ ਵਾਲਾ ਰਾਜ਼ ਦੱਸੋ।’’ ਰਚਨਾ ਨੇ ਗੱਲ ਵਿੱਚ ਆਪਣੀ ਉਤਸੁਕਤਾ ਵਿਖਾਈ।
‘‘ਵੇਖੋ ਬੱਚਿਓ, ਇਹ ਸਾਇੰਸ ਦਾ ਨਿਯਮ ਹੈ। ਇੱਕੋ ਜਿਹੀ ਪ੍ਰਕਿਰਤੀ ਵਾਲੀਆਂ ਚੀਜ਼ਾਂ ਰਲ਼ ਕੇ ਵਧਦੀਆਂ ਫੁੱਲਦੀਆਂ ਹਨ। ਵਿਰੋਧੀ ਚੀਜ਼ਾਂ ਵਿੱਚ ਵਾਧਾ ਇੱਕੋ ਜਿਹਾ ਨਹੀਂ ਹੁੰਦਾ। ਇਸ ਵਿੱਚ ਵਾਧਾ ਘਾਟਾ ਹੋ ਸਕਦਾ ਹੈ। ਇਸ ਤਰ੍ਹਾਂ ਜੇਕਰ ਅਸੀਂ ਮਿੱਟੀ ਨਾਲ ਜੁੜੇ ਰਹਾਂਗੇ ਤਾਂ ਸਾਡਾ ਵਿਕਾਸ ਹੁੰਦਾ ਹੈ ਅਤੇ ਜੇਕਰ ਅਸੀਂ ਮਿੱਟੀ ਨਾਲੋਂ ਵੱਖ ਹੋਵਾਂਗੇ ਤਾਂ ਜਾਂ ਸਾਡਾ ਨੁਕਸਾਨ ਹੋਵੇਗਾ ਅਤੇ ਜਾਂ ਫਿਰ ਅਸੀਂ ਮਿੱਟੀ ਦਾ ਨੁਕਸਾਨ ਕਰ ਰਹੇ ਹੋਵਾਂਗੇ।’’
‘‘ਹਾਂ, ਵੱਡੇ ਪਾਪਾ ਜੀ, ਬਿਲਕੁਲ ਸਹੀ ਹੈ।’’ ਰਚਨਾ ਨੇ ਤਾੜੀ ਮਾਰ ਕੇ ਖ਼ੁਸ਼ ਹੋਣ ਵਾਲਿਆਂ ਵਾਂਗ ਕੀਤਾ।
‘‘ਮਿੱਟੀ ’ਚ ਖੇਡਣ ਨਾਲ ਅਸੀਂ ਆਮ ਤੌਰ ’ਤੇ ਤੰਦਰੁਸਤ ਰਹਿੰਦੇ ਹਾਂ। ਕਦੇ ਮਜ਼ਦੂਰਾਂ ਦੇ ਬੱਚਿਆਂ ਵੱਲ ਵੇਖੋ, ਜ਼ਿਆਦਾ ਸਮਾਂ ਉਹ ਮਿੱਟੀ ਨਾਲ ਖੇਡਦੇ ਹਨ। ਮਿੱਟੀ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਨ ਦੇ ਕੰਮ ਆਉਂਦੀ ਹੈ। ਜਦੋਂ ਅਸੀਂ ਹੱਥੀਂ ਹਾੜ੍ਹੀ ਵੱਢਿਆ ਕਰਦੇ ਸਾਂ ਅਤੇ ਖੇਤ ਦਾਤੀ ਵੱਜ ਜਾਣੀ ਤਾਂ ਅਸੀਂ ਜ਼ਖ਼ਮ ’ਤੇ ਮਿੱਟੀ ਪਾ ਕੇ ਖ਼ੂਨ ਬੰਦ ਕਰ ਲੈਣਾ। ਉਸ ਸਮੇਂ ਤਾਂ ਖ਼ੂਨ ਬੰਦ ਹੋ ਜਾਣਾ ਅਤੇ ਸਮਾਂ ਪਾ ਕੇ ਜ਼ਖ਼ਮ ਵੀ ਠੀਕ ਹੋ ਜਾਣਾ। ਉਂਜ ਵੀ ਮਿੱਟੀ ਨਾਲ ਜੁੜੇ ਹੋਏ ਲੋਕਾਂ ਦੀ ਸਿਹਤ ਠੀਕ ਰਹਿੰਦੀ ਹੈ। ਉਨ੍ਹਾਂ ਦੀ ਸੋਚਣੀ ਠੀਕ ਹੁੰਦੀ ਹੈ ਅਤੇ ਜਦੋਂ ਉਨ੍ਹਾਂ ਦੀ ਸੋਚਣੀ ਠੀਕ ਹੋਵੇ ਤਾਂ ਉਹ ਤੰਦਰੁਸਤ ਰਹਿੰਦੇ ਹਨ। ਬਹੁਤ ਸਾਰੀਆਂ ਬਿਮਾਰੀਆਂ ਵਿੱਚ ਡਾਕਟਰ ਚੰਗਾ ਸੋਚਣ, ਖ਼ੁਸ਼ ਰਹਿਣ ਦੀ ਸਲਾਹ ਦਿੰਦੇ ਹਨ। ਖੇਤਾਂ ਵਿੱਚ ਕੰਮ ਕਰਨ ਵਾਲੇ ਲੋਕ ਹੱਥਾਂ ਨੂੰ ਸਾਬਣ ਲਾ ਕੇ ਨਹੀਂ ਧੋਂਦੇ ਸਗੋਂ ਉਹ ਤਾਂ ਸਰੀਰ ਦੇ ਕੱਪੜਿਆਂ ਨਾਲ ਪੂੰਝ ਕੇ ਹੀ ਰੋਟੀ ਪਾਣੀ ਖਾ ਪੀ ਲੈਂਦੇ ਹਨ। ਮਿੱਟੀ ਸੁੱਚੀ ਹੁੰਦੀ ਹੈ। ਹੱਥੀਂ ਕੰਮ ਕਰਨ ਵਾਲੇ, ਹੱਥੀਂ ਕੰਮ ਨਾ ਕਰਨ ਵਾਲਿਆਂ ਨਾਲੋਂ ਘੱਟ ਬਿਮਾਰ ਹੁੰਦੇ ਹਨ। ਸਿਆਣੇ ਆਖਦੇ ਹਨ ਕਿ ਕੰਮ ਕਰਨ ਵਾਲਿਆਂ ਦੇ ਲਿੱਬੜੇ ਹੋਏ ਹੱਥ ਵੀ ਬੜੇ ਸੁੰਦਰ ਹੁੰਦੇ ਹਨ। ਇਸ ਕਰਕੇ ਮਿੱਟੀ ਨਾਲ ਖੇਡਣ ਵਾਲੇ ਤੰਦਰੁਸਤ ਰਹਿੰਦੇ ਹਨ।’’
ਵੱਡੇ ਪਾਪਾ ਜਦੋਂ ਗੱਲਾਂ ਕਰ ਰਹੇ ਸਨ ਤਾਂ ਰਚਨਾ ਅਤੇ ਸਿਰਨਾਵਾਂ ਦੀਆਂ ਅੱਖਾਂ ਬੰਦ ਸਨ ਜਿਵੇਂ ਉਹ ਕਿਸੇ ਅਗੰਮੀ ਸੋਚਾਂ ਵਿੱਚ ਘੁੰਮ ਰਹੇ ਹੋਣ। ਪਾਪਾ ਜੀ ਦੇ ਚੁੱਪ ਕਰਨ ਤੋਂ ਬਾਅਦ ਦੋਵਾਂ ਭੈਣ-ਭਰਾਵਾਂ ਨੇ ਅੱਖਾਂ ਖੋਲ੍ਹੀਆਂ। ਇਕਦਮ ਉਨ੍ਹਾਂ ਦੇ ਮੂੰਹੋਂ ਆਵਾਜ਼ ਨਿਕਲੀ ‘‘ਵਾਹ ਮਿੱਟੀ ਦੇ ਜਾਏ।’’
ਸੰਪਰਕ: 95010-20731

Advertisement
Advertisement