For the best experience, open
https://m.punjabitribuneonline.com
on your mobile browser.
Advertisement

ਦਿੱਲੀ ਚੱਲੋ: ਗਰਮੀ ਤੋਂ ਬਚਣ ਲਈ ਪ੍ਰਬੰਧ ਕਰਨ ਲੱਗੇ ਕਿਸਾਨ

07:44 AM Mar 13, 2024 IST
ਦਿੱਲੀ ਚੱਲੋ  ਗਰਮੀ ਤੋਂ ਬਚਣ ਲਈ ਪ੍ਰਬੰਧ ਕਰਨ ਲੱਗੇ ਕਿਸਾਨ
ਢਾਬੀ ਗੁੱਜਰਾਂ ਬਾਰਡਰ ’ਤੇ ਪੱਕਾ ਰੈਣ ਬਸੇਰਾ ਬਣਾਉਂਦੇ ਹੋਏ ਕਿਸਾਨ।
Advertisement

ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ, 12 ਮਾਰਚ
ਕਿਸਾਨ ਘੋਲ ਤਹਿਤ ਅੱਜ ਵੱਡੀ ਗਿਣਤੀ ਕਿਸਾਨ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ’ਤੇ ਡਟੇ ਰਹੇ। ਕਿਸਾਨ ਆਗੂਆਂ ਨੇ ਦੁਹਰਾਇਆ ਕਿ ਇਹ ਘੋਲ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨ ਲੈਂਦੀ। ਗ਼ੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ 13 ਫਰਵਰੀ ਤੋਂ ਢਾਬੀ ਗੁੱਜਰਾਂ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਭਵਿੱਖ ਵਿੱਚ ਆਉਣ ਵਾਲੀਆਂ ਬਰਸਾਤਾਂ ਅਤੇ ਗਰਮੀ ਨੂੰ ਦੇਖਦੇ ਹੋਏ ਪੱਕੇ ਰੈਣ ਬਸੇਰੇ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਕਿਸਾਨਾਂ ਦਾ ਮੰਨਣਾ ਹੈ ਕਿ ਹਾੜ੍ਹੀ ਦਾ ਸੀਜ਼ਨ ਆ ਰਿਹਾ ਹੈ ਜਿਸ ਕਾਰਨ ਟਰੈਕਟਰ-ਟਰਾਲੀਆਂ ਕਣਕ ਦੀ ਕਟਾਈ ਤੇ ਤੂੜੀ ਬਣਾਉਣ ਲਈ ਲੈ ਕੇ ਜਾਣੀਆਂ ਪੈਣੀਆਂ ਹਨ। ਇਸ ਲਈ ਉਨ੍ਹਾਂ ਵੱਲੋਂ ਅਗਾਊਂ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਜੇ ਮੋਦੀ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ ਤਾਂ ਉਹ ਲੋਕ ਸਭਾ ਚੋਣਾਂ ਦੌਰਾਨ ਵੀ ਮੋਰਚੇ ’ਤੇ ਬੈਠ ਕੇ ਕਿਸਾਨੀ ਅੰਦੋਲਨ ਦੀ ਜਿੱਤ ਦਾ ਇੰਤਜ਼ਾਰ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਮਰਿਆਂ ਵਿੱਚ ਏਸੀ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਤਾਂ ਜੋ ਕਿਸਾਨ ਆਗੂ ਬੈਠ ਕੇ ਪ੍ਰੈੱਸ ਕਾਨਫਰੰਸ ਤੇ ਹੋਰ ਵਿਚਾਰਾਂ ਕਰ ਸਕਣ।
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂ ਮਨਧੀਰ ਸਿੰਘ, ਬੂਟਾ ਸਿੰਘ, ਸੋਨੂ ਗਰਮੂਲੀਆ ਨੇ ਦੱਸਿਆ ਹੈ ਕਿ ਕੇਂਦਰ ਤੇ ਹਰਿਆਣਾ ਸਰਕਾਰ ਜੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੰਦੀ ਤਾਂ ਕਿਸਾਨ ਦਿੱਲੀ ਦੀ ਤਰਜ਼ ’ਤੇ ਢਾਬੀ ਗੁੱਜਰਾਂ ’ਤੇ ਪੱਕੇ ਰਹਿਣ ਬਸੇਰੇ ਬਣਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ ਲੋਹੇ ਦੀਆਂ ਪਾਈਪਾਂ ਨਾਲ ਪੱਕਾ ਮਕਾਨ ਬਣਾ ਕੇ ਕੀਤੀ ਗਈ ਹੈ। ਕਈ ਕਿਸਾਨਾਂ ਨੇ ਦਿੱਲੀ ਬਣਾਏ ਗਏ ਪੱਕੇ ਮਕਾਨਾਂ ਦਾ ਮਲਬਾ ਘਰਾਂ ਵਿੱਚੋਂ ਚੁੱਕ ਕੇ ਇੱਥੇ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਇਹ ਗੱਲ ਆਪਣੇ ਦਿਲ ਦਿਮਾਗ ਵਿੱਚੋਂ ਕੱਢ ਦੇਣੀ ਚਾਹੀਦੀ ਹੈ ਕਿ ਕਿਸਾਨ ਸੀਜ਼ਨ ਦੇ ਦੌਰਾਨ ਉੱਠ ਕੇ ਆਪਣੇ ਘਰਾਂ ਨੂੰ ਚਲੇ ਜਾਣਗੇ ਤੇ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਚੱਲਦਾ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਦਿੱਲੀ ਵਿੱਚ ਬਣਾਏ ਪੱਕੇ ਮਕਾਨਾਂ ਦਾ ਢਾਂਚਾ ਹਾਲੇ ਵੀ ਘਰਾਂ ਵਿੱਚ ਸਾਂਭਿਆ ਪਿਆ ਹੈ ਜਿਸ ਨੂੰ ਹੁਣ ਬਾਰਡਰ ’ਤੇ ਫਿਟ ਕੀਤਾ ਜਾ ਰਿਹਾ ਹੈ। ਸ੍ਰੀ ਪੰਧੇਰ ਨੇ ਦੱਸਿਆ ਕਿ ਉਹ ਇਥੇ ਬੈਠ ਕੇ ਤਿੱਖੇ ਐਕਸ਼ਨ ਕਰਨਗੇ ਤੇ ਅਗਲੇ ਐਕਸ਼ਨ ਦੀ ਰੂਪ-ਰੇਖਾ ਉਲੀਕੀ ਜਾ ਰਹੀ ਹੈ ਜਿਸ ਦਾ ਐਲਾਨ ਤਿੰਨ-ਚਾਰ ਦਿਨਾਂ ’ਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸ਼ੰਭੂ ਮੋਰਚੇ ਦਾ ਮੰਚ ਸੰਚਾਲਨ ਅੱਜ ਇਥੇ ਇੱਕ ਦਿਨ ਪਹਿਲਾਂ ਹੀ ਨਵੀਂ ਬਣਾਈ ਗਈ ਲੋਹੇ ਦੀ ਸਟੇਜ ਤੋਂ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਮਨਜੀਤ ਸਿੰਘ ਨਿਆਲ਼, ਜੰਗ ਸਿੰਘ ਭਟੇੜੀ, ਗੁਰਧਿਆਨ ਸਿੰਘ ਸਿਓਣਾ, ਮਨਜੀਤ ਸਿੰਘ ਘੁਮਾਣਾ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ।

Advertisement

ਗਰਮੀ ਤੋਂ ਬਚਣ ਲਈ ਲੋੜੀਂਦੇ ਪ੍ਰਬੰਧ ਕਰਨ ਕਿਸਾਨ: ਪੰਧੇਰ

ਦੂਜੇ ਪਾਸੇ ਦਿੱਲੀ ਕੂਚ ਦਾ ਪ੍ਰੋਗਰਾਮ ਮੁਲਤਵੀ ਕਰ ਕੇ ਸ਼ੰਭੂ ਅਤੇ ਢਾਬੀ ਗੁੱਜਰਾਂ ਬਾਰਡਰਾਂ ’ਤੇ ਸੰਘਰਸ਼ ਜਾਰੀ ਰੱਖਣ ਦੇ ਫੈਸਲੇ ਦੇ ਮੱਦੇਨਜ਼ਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇਸ ਸੰਘਰਸ਼ ਨਾਲ ਜੁੜੇ ਸਮੂਹ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਗਰਮੀਆਂ ਦੇ ਮੌਸਮ ਨਾਲ ਜੂਝਣ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਮੋਰਚੇ ਵਿੱਚ ਪੱਖੇ, ਕੂਲਰਾਂ ਆਦਿ ਦੇ ਪ੍ਰਬੰਧ ਯਕੀਨੀ ਬਣਾਏ ਜਾਣ। ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਬਾਰਡਰਾਂ ’ਤੇ ਬਿਜਲੀ ਦਾ ਪ੍ਰ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਉਨ੍ਹਾਂ ਨੂੰ ਪਾਵਰਕੌਮ ਦਫ਼ਤਰ ਦਾ ਘਿਰਾਓ ਕਰਨਾ ਪਵੇਗਾ।

Advertisement
Author Image

joginder kumar

View all posts

Advertisement
Advertisement
×