ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿੱਲੀ ਚੱਲੋ: ਪੁਲੀਸ ’ਤੇ ਲਾਏ ਕਿਸਾਨਾਂ ਵੱਲ ਖੋਲ ਸੁੱਟਣ ਦੇ ਦੋਸ਼

09:04 AM Feb 16, 2024 IST
ਸ਼ੰਭੂ ਬਾਰਡਰ ’ਤੇ ਸੰਘਰਸ਼ੀ ਕਿਸਾਨਾਂ ਨੂੰ ਲੰਗਰ ਵਰਤਾਉਂਦੇ ਹੋਏ ਸੇਵਾਦਾਰ।

ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ/ਸਰਬਜੀਤ ਸਿੰਘ ਭੰਗੂ
ਸੰਗਰੂਰ/ਖਨੌਰੀ/ਘਨੌਰ, 15 ਫਰਵਰੀ
ਸ਼ੰਭੂ ਅਤੇ ਖਨੌਰੀ ਹੱਦਾਂ ’ਤੇ ਹਾਲਾਤ ਅੱਜ ਪਿਛਲੇ ਦੋ ਦਿਨਾਂ ਦੇ ਮੁਕਾਬਲੇ ਕਾਫ਼ੀ ਸ਼ਾਂਤ ਨਜ਼ਰ ਆਏ। ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਵੱਲ ਵੱਧ ਰਹੇ ਕਿਸਾਨਾਂ ਨੇ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ’ਤੇ ਡੇਰੇ ਲਾਏ ਹੋਏ ਹਨ। ਖਨੌਰੀ ਬੈਰੀਅਰ ’ਤੇ ਅੱਜ ਕਈ ਥਾਈਂ ਕਿਸਾਨ ਤਾਸ਼ ਖੇਡਦੇ ਵੀ ਨਜ਼ਰ ਆਏ। ਇਸ ਤੋਂ ਬਿਨਾਂ ਕਿਸਾਨ ਅਤੇ ਸੁਰੱਖਿਆ ਜਵਾਨ ਰਲ-ਮਿਲ ਕੇ ਸਾਫ਼ ਸਫ਼ਾਈ ਕਰਦੇ ਵੇਖੇ ਗਏ। ਖਨੌਰੀ ਬਾਰਡਰ ’ਤੇ ਸੰਬੋਧਨ ਕਰਦਿਆਂ ਅੱਜ ਆਗੂਆਂ ਨੇ ਹਰਿਆਣਾ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਹਰਿਆਣਾ ਦੇ ਇੱਕ ਕਿਸਾਨ ਅਭਿਮੰਨਿਊ ਨੇ ਕਿਹਾ ਕਿ ਕੇਂਦਰ ਤੇ ਹਰਿਆਣਾ ਸਰਕਾਰ ਨੇ ਗੁੰਡਾਗਰਦੀ ਦਾ ਇਹ ਮਾਹੌਲ ਖੁਦ ਸਿਰਜਿਆ ਹੈ। ਹਰਿਆਣਾ ਸਰਕਾਰ ਖੁਦ ਹਿੰਸਾ ਫੈਲਾ ਰਹੀ ਹੈ। ਉਸ ਨੇ ਦੱਸਿਆ ਕਿ ਪਿੰਡ ਪਿੰਡ ਸੁਰੱਖਿਆ ਬਲ ਭੇਜ ਕੇ ਹਰਿਆਣਾ ਦੇ ਕਿਸਾਨਾਂ ਨੂੰ ਧਮਕਾਇਆ ਜਾ ਰਿਹਾ ਹੈ ਤੇ ਵੱਡੀ ਗਿਣਤੀ ਵਿੱਚ ਕਿਸਾਨ ਗ੍ਰਿਫ਼ਤਾਰ ਕੀਤੇ ਗਏ ਹਨ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਤੇ ਹਰਬੰਸ ਸਿੰਘ ਕਾਕਾ ਕੋਟੜਾ ਨੇ ਕਿਹਾ ਕਿ ਐੱਮਐੱਸਪੀ ਦਾ ਗਾਰੰਟੀ ਕਾਨੂੰਨ, ਸਵਾਮੀਨਾਥਨ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਦੇਣਾ ਤੇ ਕਰਜ਼ਾ ਮੁਆਫ਼ੀ ਵੱਡੇ ਮੁੱਦੇ ਹਨ, ਜਿਨ੍ਹਾਂ ਨੂੂੰ ਪੂਰਾ ਕਰਨ ਤੋਂ ਸਰਕਾਰ ਭੱਜ ਰਹੀ ਹੈ। ਹਾਲਾਂਕਿ ਕਿਸਾਨ ਆਪਣੇ ਨਾਲ ਹੀ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਕਰਕੇ ਲਿਆਏ ਹਨ, ਪਰ ਅਕਾਲੀ ਦਲ ਘਨੌਰ ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸ਼ੇਖੂਪੁਰ ਤੇ ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ ਦੀ ਅਗਵਾਈ ਹੇਠ ਪਾਰਟੀ ਕਾਰਕੁਨਾਂ ਨੇ ਅੱਜ ਵੀ ਇਥੇ ਲੰਗਰ ਦੀ ਸੇਵਾ ਨਿਭਾਈ। ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਤੋਂ ਮੈਨੇਜਰ ਕਰਨੈਲ ਵਿਰਕ ਦੀ ਅਗਵਾਈ ਹੇਠ ਹਰਵਿੰਦਰ ਕਾਲਵਾ, ਲਖਵਿੰਦਰ ਘੜਾਮ ਤੇ ਪੰਮਾ ਪਨੌਦੀਆਂ ਨੇ ਵੀ ਲੰਗਰ ਦੀ ਸੇਵਾ ਕੀਤੀ। ਇਲਾਕੇ ਦੇ ਕਈ ਪਿੰਡਾਂ ਤੋਂ ਵੀ ਲੋਕ ਕਿਸਾਨਾਂ ਦੀ ਦਿਨ-ਰਾਤ ਸੇਵਾ ਕਰ ਰਹੇ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਅੱਜ ਖਨੌਰੀ ਬਾਰਡਰ ’ਤੇ ਪੁੱਜੇ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਸ੍ਰੀ ਡੱਲੇਵਾਲ ਨੇ ਕਿਹਾ ਕਿ ਉਹ ਇਸੇ ਦੇਸ਼ ਦੇ ਨਾਗਰਿਕ ਹਨ। ਅਸੀਂ ਦਿੱਲੀ ਉਪਰ ਹਮਲਾ ਕਰਨ ਨਹੀਂ, ਸਗੋਂ ਆਪਣੀਆਂ ਮੰਗਾਂ ਲੈ ਕੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਪੱਸ਼ਟ ਕਰੇ ਕਿ ਕੀ ਪੰਜਾਬ ਭਾਰਤ ਦਾ ਹਿੱਸਾ ਨਹੀਂ। ਪੰਜਾਬ ਦੇ ਕਿਸਾਨਾਂ ’ਤੇ ਇੰਨੀਆਂ ਸਖ਼ਤ ਰੋਕਾਂ ਲਾਉਣ ਦੀ ਲੋੜ ਕਿਉਂ ਪਈ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲੀਸ ਨਾ ਸਿਰਫ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਦਾਗ ਰਹੀ ਹੈ ਸਗੋਂ ਐੱਸਐੱਲਆਰ, .315 ਬੋਰ ਰਾਈਫਲ ਤੇ .12 ਬੋਰ ਬੰਦੂਕ ਦੇ ਫਾਇਰ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲੀਸ ਅੱਥਰੂ ਗੈਸ ਦੇ ਗੋਲੇ ਦਾਗਣ ਦੀ ਕਾਰਵਾਈ ਨੂੰ ਢਕਣ ਲਈ ਅਤੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਇਹ ਫਾਇਰ ਕਰ ਰਹੀ ਹੈ। ਇਹੀ ਕਾਰਨ ਹੈ ਕਿ ਪੁਲੀਸ ਵੱਲੋਂ ਅਜਿਹੀਆਂ ਗੋਲੀਆਂ ਦੇ ਖੋਲ੍ਹ ਵੀ ਕਿਸਾਨਾਂ ਵੱਲ ਸੁੱਟੇ ਜਾ ਰਹੇ ਹਨ, ਤਾਂ ਜੋ ਕਿਸਾਨਾਂ ਦੇ ਸਿਰ ਗੋਲੀਬਾਰੀ ਕਰਨ ਦਾ ਦੋਸ਼ ਲਾਇਆ ਜਾ ਸਕੇ। ਉਨ੍ਹਾਂ ਕੁਝ ਗੋਲੀਆਂ ਦੇ ਖੋਲ ਵੀ ਮੀਡੀਆ ਨੂੰ ਦਿਖਾਏ। ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਖ਼ਿਲਾਫ਼ ਰਚੀ ਗਈ ਇਸ ਗੰਭੀਰ ਸਾਜਿਸ਼ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੋਈ ਬਿਆਨ ਨਾ ਆਉਣ ’ਤੇ ਭਗਵੰਤ ਮਾਨ ਦੀ ਆਲੋਚਨਾ ਵੀ ਕੀਤੀ।

Advertisement

Advertisement