For the best experience, open
https://m.punjabitribuneonline.com
on your mobile browser.
Advertisement

ਨੱਚਦੀ ਹਵਾਈ ਅੱਡੇ ਜਾਵਾਂ

08:36 AM Mar 18, 2024 IST
ਨੱਚਦੀ ਹਵਾਈ ਅੱਡੇ ਜਾਵਾਂ
Advertisement

ਬਚਨ ਬੇਦਿਲ
ਕੋਈ ਸਮਾਂ ਸੀ ਕਿ ਪੰਜਾਬ ਦੇ ਪਿੰਡਾਂ ਵਿੱਚੋਂ ਟਾਵਾਂ ਟਾਵਾਂ ਘਰ ਵਿਦੇਸ਼ਾਂ ਵਿੱਚ ਗਿਆ ਹੁੰਦਾ ਸੀ। ਹੌਲੀ ਹੌਲੀ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਵਧ ਗਿਆ ਤੇ ਪਿਛਲੇ ਦਿਨਾਂ ਵਿੱਚ ਤਾਂ ਇਸ ਰੁਝਾਨ ਦੀ ਹਨੇਰੀ ਹੀ ਝੁੱਲ ਗਈ। ਸਾਡੇ ਪਿੰਡ ਵਿੱਚ ਇੱਕ ਵਿਅਕਤੀ, ਜੋ ਪਹਿਲਾਂ ਟੈਕਸੀ ਚਲਾਉਂਦਾ ਸੀ, ਨੇ ਬਦਲਦੇ ਹਾਲਾਤ ਦੀ ਨਬਜ਼ ਪਛਾਣਦਿਆਂ ਟੈਕਸੀ ਵੇਚ ਕੇ ਟੈਂਪੂ ਟਰੈਵਲਰ ਗੱਡੀ ਪਾ ਲਈ ਜਿਸ ਉਤੇ ਬੜੇ ਸ਼ੌਕ ਨਾਲ ਉਸ ਨੇ ਕਨੇਡਾ, ਆਸਟਰੇਲੀਆ, ਨਿਊਜ਼ੀਲੈਂਡ, ਯੂ.ਕੇ. ਦੇ ਝੰਡਿਆਂ ਦੀਆਂ ਤਸਵੀਰਾਂ ਬਣਾਈਆਂ। ਇਸ ਤੋਂ ਇਲਾਵਾ ਉਸ ਨੇ ਗੱਡੀ ਉਤੇ ਵੰਨ ਸੁਵੰਨੇ ਸ਼ੇਅਰਾਂ ਦੀ ਚਿੱਤਰਕਾਰੀ ਵੀ ਕਰਾਈ ਤੇ ਅਖੀਰ ਵਿੱਚ ਉਸ ਨੇ ਗੱਡੀ ਦੇ ਪਿੱਛੇ ਮੋਟੇ ਅੱਖਰਾਂ ਵਿੱਚ ਮੇਰੇ ਇੱਕ ਪੁਰਾਣੇ ਗੀਤ ਦੀ ਲਾਈਨ ‘ਪਿੰਡੋਂ ਨੱਚਦੀ ਹਵਾਈ ਅੱਡੇ ਜਾਵਾਂ’ ਵੀ ਲਿਖਵਾਈ। ਇਸ ਟੈਂਪੂ ਟਰੈਵਲਰ ਗੱਡੀ ਨੂੰ ਕਿਰਾਏ ਲਈ ਸ਼ਹਿਰ ਨਹੀਂ ਜਾਣਾ ਪੈਂਦਾ ਸੀ। ਘਰ ਬੈਠਿਆਂ ਹੀ ਬੁਕਿੰਗ ਹੋ ਜਾਂਦੀ ਸੀ। ਮੈਂ ਪਿੰਡ ਵਿੱਚ ਅਕਸਰ ਆਉਂਦਾ ਜਾਂਦਾ ਵੇਖਦਾ ਸੀ ਕਿ ਇਹ ਟੈਂਪੂ ਟਰੈਵਲਰ ਗੱਡੀ ਸਾਡੇ ਪਿੰਡ ਵਿੱਚ ਕਿਸੇ ਨਾ ਕਿਸੇ ਘਰ ਅੱਗੇ ਖੜ੍ਹੀ ਹੁੰਦੀ ਸੀ। ਮੇਰਾ ਮੱਥਾ ਠਣਕ ਜਾਂਦਾ ਅਤੇ ਮੈਨੂੰ ਪਤਾ ਲੱਗ ਜਾਂਦਾ ਕਿ ਇਸ ਘਰ ਦੇ ਕਿਸੇ ਧੀ ਪੁੱਤਰ ਦੇ ਪਰਦੇਸ ਜਾਣ ਦੀ ਤਿਆਰੀ ਹੈ। ਮਾਪੇ ਤੇ ਰਿਸ਼ਤੇਦਾਰ ਟੈਂਪੂ ਟਰੈਵਲਰ ਗੱਡੀ ਦੇ ਚਾਰੋਂ ਟਾਇਰਾਂ ’ਤੇ ਪਾਣੀ ਪਾ ਕੇ ਸ਼ਗਨ ਮਨਾ ਕੇ ਆਪਣੇ ਪਿਆਰੇ ਬੱਚੇ ਨੂੰ ਸੱਤ ਸਮੁੰਦਰੋਂ ਪਾਰ ਭੇਜਣ ਲਈ ਪਿੰਡੋਂ ਰਵਾਨਾ ਹੋ ਜਾਂਦੇ। ਇਸ ਤਰ੍ਹਾਂ ਇੱਕ ਇੱਕ ਕਰ ਕੇ ਇਹ ਟੈਂਪੂ ਟਰੈਵਲਰ ਗੱਡੀ ਸਾਡੇ ਅੱਧੇ ਪਿੰਡ ਦੇ ਬੱਚਿਆਂ ਨੂੰ ਦਿੱਲੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਪਤਲੀ ਗਲੀ ਕੱਢ ਆਇਆ। ਮੈਂ ਬੱਚਿਆਂ ਨੂੰ ਬਾਹਰ ਭੇਜਣ ਦੇ ਹੱਕ ਵਿੱਚ ਨਹੀਂ ਸੀ। ਸਾਡਾ ਸਾਂਝਾ ਪਰਿਵਾਰ ਹੈ। ਮੇਰਾ ਛੋਟਾ ਭਰਾ ਵੀ ਮੇਰੇ ਨਾਲ ਹੀ ਰਹਿੰਦਾ ਹੈ। ਉਸ ਦੇ ਇਕਲੌਤੇ ਪੁੱਤਰ ਨੇ ਮੇਰੇ ਤੋਂ ਚੋਰੀ ਚੋਰੀ ਆਪਣੀ ਮਾਂ ਨਾਲ ਗੱਲ ਕਰ ਕੇ ਪਤਾ ਨਹੀਂ ਕਦੋਂ ਆਈਲੈਟਸ ਕਰ ਕੇ ਚੰਗੇ ਬੈਂਡ ਲੈ ਲਏ, ਜਿਸ ਬਾਰੇ ਮੈਨੂੰ ਫਾਈਲ ਲਗਾਉਣ ਵੇਲੇ ਹੀ ਦੱਸਿਆ। ਮੈਂ ਬੇਟੇ ਨੂੰ ਬਹੁਤ ਸਮਝਾਇਆ, ‘‘ਤੂੰ ਮੈਡੀਕਲ ਦਾ ਵਿਦਿਆਰਥੀ ਹੈ ਅਤੇ ਹੁਸ਼ਿਆਰ ਵੀ ਹੈ, ਇੱਥੇ ਹੀ ਕਾਮਯਾਬ ਹੋ ਸਕਦਾ ਹੈ।’’ ਪਰ ਉਹ ਨਾ ਮੰਨਿਆ। ਵੀਜ਼ਾ ਆ ਗਿਆ। ਮੇਰੇ ਨਾ ਚਾਹੁੰਦਿਆਂ ਵੀ ਉਹੀ ਟੈਂਪੂ ਟਰੈਵਲਰ ਗੱਡੀ ਸਾਡੇ ਘਰ ਦੇ ਬੂਹੇ ਅੱਗੇ ਰੁਕਦੀ ਹੈ ਤੇ ਉਸੇ ਤਰ੍ਹਾਂ ਰਿਸ਼ਤੇਦਾਰਾਂ ਤੇ ਅਸੀਂ ਸਾਰਿਆਂ ਨੇ ਫੋਟੋਆਂ ਕਰਵਾ ਕੇ ਟੈਂਪੂ ਟਰੈਵਲਰ ਗੱਡੀ ਦੇ ਟਾਇਰਾਂ ’ਤੇ ਪਾਣੀ ਪਾ ਕੇ ਬੇਟੇ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਰੁਖ਼ਸਤ ਕਰ ਆਏ। ਦਿੱਲੀ ਤੋਂ ਵਾਪਸੀ ਤੇ ਉਸ ਟੈਂਪੂ ਟਰੈਵਲਰ ਵਾਲੇ ਨੇ ਮੈਨੂੰ ਦੱਸਿਆ ਕਿ ਉਸ ਦੀ ਇਹ ਗੱਡੀ ਆਉਣ ਵਾਲੇ ਵੀਹ-ਬਾਈ ਦਿਨਾਂ ਲਈ ਦਿੱਲੀ ਏਅਰਪੋਰਟ ਲਈ ਬੁੱਕ ਹੈ। ਮੇਰੇ ਜ਼ਿਹਨ ਵਿੱਚ ਆਪਮੁਹਾਰੇ ਇਹ ਸੱਤਰਾਂ ਉੱਭਰ ਆਈਆਂ :—
ਸਾਰੇ ਫੁੱਲ ਤੇ ਕਲੀਆਂ ਤੁਰ ਪਰਦੇਸ ਗਏ,
ਯਾਦਾਂ ਦੇ ਵਿੱਚ ਰਹਿ ਗਏ ਜ਼ਿਕਰ ਬਹਾਰਾਂ ਦੇ।
ਘਰ ਦੇ ਮਾਲਕ ਮਾਲੀ ਆਪਣੇ ਬਾਗਾਂ ਦੇ,
ਰਾਖੇ ਬਣਗੇ ਉੱਜੜੀਆਂ ਗੁਲਜ਼ਾਰਾਂ ਦੇ।
ਇਸ ਤਰ੍ਹਾਂ ਸਾਡੇ ਘਰ ਦਾ ਸਭ ਤੋਂ ਛੋਟਾ ਤੇ ਪਿਆਰਾ ਬੱਚਾ ਸਾਡੀ ਗਲਵਕੜੀ ਵਿੱਚੋਂ ਨਿਕਲ ਕੇ ਵੀਡੀਓ ਕਾਲ ’ਤੇ ਆ ਗਿਆ। ਕਈ ਵਾਰ ਮੈਂ ਮੇਰੇ ਛੋਟੇ ਭਰਾ ਨੂੰ ਬੇਟੇ ਦੇ ਮੋਟਰਸਾਈਕਲ ਨੂੰ ਸਾਫ ਕਰਦਿਆਂ ਹੰਝੂ ਵਹਾਉਂਦਿਆਂ ਵੇਖਿਆ ਅਤੇ ਕਈ ਵਾਰ ਉਸ ਦੀ ਮਾਂ ਨੂੰ ਉਸ ਦੇ ਕੱਪੜਿਆਂ ਨੂੰ ਅਲਮਾਰੀ ਵਿੱਚੋਂ ਕੱਢ ਮੁੜ ਤਹਿਆਂ ਲਾਉਂਦਿਆਂ ਭਾਵੁਕ ਹੁੰਦੇ ਵੇਖਿਆ। ਇੱਕ ਦਿਨ ਸਵੇਰੇ ਮੈਂ ਆਪਣੇ ਪਿੰਡ ਦੀ ਸੜਕ ਦੇ ਕੰਢੇ ਸੈਰ ਕਰ ਰਿਹਾ ਸੀ ਕਿ ਉਹੀ ਟੈਂਪੂ ਟਰੈਵਲਰ ਗੱਡੀ ਮੇਰੇ ਪਿੰਡ ਦੇ ਕਿਸੇ ਹੋਰ ਮਾਸੂਮ ਬੱਚੇ ਨੂੰ ਚੁੱਕ ਕੇ ਦਿੱਲੀ ਦੇ ਹਵਾਈ ਅੱਡੇ ਨੂੰ ਨੱਚਦੀ ਮੇਰੇ ਕੋਲ ਦੀ ਲੰਘ ਗਈ।
ਸੰਪਰਕ: 77175-45830

Advertisement

Advertisement
Advertisement
Author Image

Advertisement