ਔਰਤ ਵਿਰੋਧੀ ਮਾਨਸਿਕਤਾ ਖ਼ਤਮ ਕਰੀਏ
ਸੁਮੀਤ ਸਿੰਘ
ਔਰਤ ਤੋਂ ਬਿਨਾਂ ਮਨੁੱਖੀ ਸਮਾਜ ਅਧੂਰਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਔਰਤ ਤੋਂ ਬਿਨਾਂ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਤਾਂ ਅਤਿਕਥਨੀ ਨਹੀਂ ਹੋਵੇਗੀ। ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਵਿਚ ਲੜਕੀਆਂ ਅਤੇ ਔਰਤਾਂ ਵਿਰੁੱਧ ਸਭ ਤੋਂ ਵੱਧ ਜਬਰ-ਜ਼ੁਲਮ ਅਤੇ ਬੇਇਨਸਾਫ਼ੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸਾਡਾ ਸਮੁੱਚਾ ਸਿਆਸੀ, ਪ੍ਰਸ਼ਾਸਨਿਕ, ਸਮਾਜਿਕ ਅਤੇ ਆਰਥਿਕ ਢਾਂਚਾ ਪੂੰਜੀਵਾਦੀ ਲੁੱਟ, ਸ਼ੋਸ਼ਣ, ਨਾ-ਬਰਾਬਰੀ, ਬੇਇਨਸਾਫ਼ੀ, ਭ੍ਰਿਸ਼ਟਾਚਾਰ, ਜਬਰ ਅਤੇ ਬਸਤੀਵਾਦੀ ਕਾਲੇ ਕਾਨੂੰਨਾਂ ਦੀਆਂ ਲੀਹਾਂ ਉਤੇ ਚੱਲ ਰਿਹਾ ਹੈ। ਇਸੇ ਕਰ ਕੇ ਇਹ ਮਨੁੱਖ ਵਿਰੋਧੀ, ਖਾਸ ਕਰ ਕੇ ਔਰਤ ਵਿਰੋਧੀ ਹੈ। ਨਤੀਜੇ ਵਜੋਂ ਹਰ ਲੜਕੀ/ਔਰਤ ਹਰ ਜਗ੍ਹਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ।
ਲੜਕੀਆਂ ਦੇ ਅਸੁਰੱਖਿਅਤ ਹੋਣ ਕਾਰਨ ਦੇਸ਼ ਵਿਚ ਮਾਦਾ ਭਰੂਣ ਹੱਤਿਆ ਬਹੁਤ ਵਧ ਰਹੀ ਹੈ ਜਿਸ ਦੇ ਨਤੀਜੇ ਵਜੋਂ ਲੜਕੇ ਲੜਕੀ ਦੇ ਅਨੁਪਾਤ ਵਿਚਲਾ ਫਰਕ ਵਧ ਰਿਹਾ ਹੈ। ਅਫ਼ਸੋਸ, ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੀਆਂ ਫੜ੍ਹਾਂ ਮਾਰਨ ਵਾਲੇ ਹੁਕਮਰਾਨ ਲੜਕੀਆਂ/ਔਰਤਾਂ ਦੀ ਸੁਰੱਖਿਆ ਵਿਚ ਨਾਕਾਮ ਸਾਬਤ ਹੋਏ ਹਨ।
ਸਾਡੇ ਦੇਸ਼ ਵਿਚ ਲੜਕੀਆਂ ਤੇ ਔਰਤਾਂ ਵਿਰੁੱਧ ਅਪਰਾਧ ਦੀਆਂ ਘਟਨਾਵਾਂ ਵਾਪਰਨ ਪਿੱਛੇ ਮਰਦ ਪ੍ਰਧਾਨ ਸਮਾਜ ਦੀ ਔਰਤ ਵਿਰੋਧੀ ਮਾਨਸਿਕਤਾ, ਲੱਚਰ ਗਾਇਕੀ, ਲੱਚਰ ਸਾਹਿਤ, ਮੀਡੀਆ ਵਿੱਚ ਔਰਤ ਨੂੰ ਵਸਤੂ ਵਜੋਂ ਪੇਸ਼ ਕਰਨਾ, ਗੈਂਗਸਟਰਵਾਦ, ਪੁਲੀਸ ਦੀ ਕਾਨੂੰਨ ਲਾਗੂ ਕਰਨ ਦੀ ਕੋਤਾਹੀ, ਪੀੜਤ ਔਰਤ ਵੱਲੋਂ ਡਰ ਤੇ ਸ਼ਰਮ ਕਾਰਨ ਸ਼ਿਕਾਇਤ ਦਰਜ ਨਾ ਕਰਵਾਉਣਾ, ਚਸ਼ਮਦੀਦ ਗਵਾਹਾਂ ਦੀ ਘਾਟ, ਗੁੰਝਲਦਾਰ ਤੇ ਮਹਿੰਗੀ ਨਿਆਂ ਪ੍ਰਣਾਲੀ, ਕੇਸਾਂ ਦੀ ਸੁਣਵਾਈ ’ਚ ਦੇਰੀ, ਪੁਲੀਸ ਤੇ ਅਦਾਲਤੀ ਭ੍ਰਿਸ਼ਟਾਚਾਰ, ਦੋਸ਼ੀਆਂ ਦੀ ਸਿਆਸੀ ਤੇ ਹਕੂਮਤੀ ਸਰਪ੍ਰਸਤੀ ਆਦਿ ਕਾਰਨ ਹਨ। ਇਸ ਤੋਂ ਇਲਾਵਾ ਨੌਜਵਾਨਾਂ ਵਿਚ ਮੋਬਾਈਲ, ਸਾਈਬਰ ਕੈਫ਼ੇ ਰਾਹੀਂ ਫੈਲਾਏ ਜਾ ਰਹੇ ਨੰਗੇਜ਼ਵਾਦ, ਅਸ਼ਲੀਲਤਾ, ਨਸ਼ੇ ਅਤੇ ਕਾਮ-ਉਕਸਾਊ ਰੁਚੀਆਂ ਵੀ ਜ਼ਿੰਮੇਵਾਰ ਹਨ।
ਸਮਾਜ ਵਿਚ ਔਰਤ ਨੂੰ ਗ਼ੁਲਾਮੀ, ਨਾ-ਬਰਾਬਰੀ ਅਤੇ ਜ਼ੁਲਮ ਦਾ ਸ਼ਿਕਾਰ ਬਣਾਉਣ ਵਿਚ ਕੁਝ ਧਰਮਾਂ ਨੇ ਨਾਂਹ-ਪੱਖੀ ਰੋਲ ਨਿਭਾਇਆ ਹੈ ਅਤੇ ਲੜਕੀਆਂ ਤੇ ਔਰਤਾਂ ਉਤੇ ਹਮੇਸ਼ਾ ਬੰਦਿਸ਼ਾਂ ਲਾਉਣ ਦੀ ਵਕਾਲਤ ਕੀਤੀ ਹੈ। ਵਿਗਿਆਨਕ ਚੇਤਨਾ ਦੇ ਯੁੱਗ ਦੇ ਬਾਵਜੂਦ ਕਈ ਦੇਸ਼ਾਂ/ਫਿਰਕਿਆਂ ਵਿਚ ਅੱਜ ਵੀ ਔਰਤਾਂ ਨੂੰ ਘੁੰਡ ਕੱਢਣ ਅਤੇ ਬੁਰਕਾ/ਹਿਜਾਬ ਪਾਉਣ ਦੀਆਂ ਰੂੜੀਵਾਦੀ ਰਸਮਾਂ ਦੀ ਗੁਲਾਮੀ ਝੱਲਣੀ ਪੈ ਰਹੀ ਹੈ। ਇਨ੍ਹਾਂ ਬੰਦਿਸ਼ਾਂ ਦੀ ਆੜ ਹੇਠ ਮਰਦ ਪ੍ਰਧਾਨ ਸਮਾਜ ਨੇ ਔਰਤ ਨੂੰ ਘਰ ਦੀ ਚਾਰ ਦੀਵਾਰੀ ਵਿਚ ਰੱਖ ਕੇ ਉਸ ਨੂੰ ਅਨਪੜ, ਗ਼ੁਲਾਮ ਅਤੇ ਅੰਧ-ਵਿਸ਼ਵਾਸੀ ਮਾਨਸਿਕਤਾ ਦਾ ਸ਼ਿਕਾਰ ਬਣਾਇਆ ਹੈ।
ਇਕ ਪਾਸੇ ਤਾਂ ਔਰਤ ਨੂੰ ਜੱਗ ਜਨਣੀ ਕਿਹਾ ਜਾਂਦਾ ਹੈ, ਉਸ ਦੇ ਪੈਰ ਧੋ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ, ਰੱਖੜੀ ਮੌਕੇ ਉਸ ਦੀ ਰੱਖਿਆ ਕਰਨ ਦੀਆਂ ਸਹੁੰ ਖਾਧੀ ਜਾਂਦੀ ਹੈ ਪਰ ਅੱਜ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਹਰ ਦੋ ਮਿੰਟ ਬਾਅਦ ਕਿਸੇ ਲੜਕੀ ਜਾਂ ਔਰਤ ਨਾਲ ਅਪਰਾਧ ਹੋ ਰਿਹਾ ਹੈ। ਕਰੋੜਾਂ ਲੋਕ ਧਾਰਮਿਕ ਸਥਾਨਾਂ ਵਿਚ ਰੋਜ਼ਾਨਾ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਨ ਪਰ ਸਵਾਲ ਹੈ ਕਿ ਮਾਦਾ ਭਰੂਣ ਹੱਤਿਆ, ਬਲਾਤਕਾਰ, ਕਤਲ, ਦਾਜ ਦਹੇਜ ਪਿੱਛੇ ਜਿਊਂਦੇ ਸਾੜਨ ਅਤੇ ਕੁੱਟ-ਮਾਰ ਕਰ ਕੇ ਘਰੋਂ ਕੱਢਣ ਵੇਲੇ ਅਜਿਹੇ ਧਾਰਮਿਕ ਲੋਕਾਂ ਦੀ ਜ਼ਮੀਰ ਕਿਉਂ ਨਹੀਂ ਜਾਗਦੀ?
ਵਿਗਿਆਨਕ ਸੋਚ ਦੀ ਘਾਟ ਕਾਰਨ ਪਾਖੰਡੀ ਬਾਬਿਆਂ, ਪੀਰਾਂ, ਜੋਤਸ਼ੀਆਂ ਦੀ ਸ਼ਰਨ ਵਿਚ ਜਾਣ ਅਤੇ ਧਾਰਮਿਕ ਸਥਾਨਾਂ, ਡੇਰਿਆਂ ਤੇ ਤੀਰਥ ਸਥਾਨਾਂ ਵਿਚ ਪਾਠ-ਪੂਜਾ ਅਤੇ ਸੇਵਾ ਕਰਨ ਵਿਚ ਔਰਤਾਂ ਹੀ ਸਭ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੁੰਦੀਆਂ ਹਨ ਪਰ ਇਸ ਦੇ ਉਲਟ ਜਨਮ ਤੋਂ ਲੈ ਕੇ ਅਖੀਰ ਤੱਕ ਔਰਤ ਹੀ ਆਪਣੇ ਪਰਿਵਾਰ, ਸਮਾਜ ਅਤੇ ਹਕੂਮਤਾਂ ਦੇ ਜਬਰ-ਜ਼ੁਲਮ ਅਤੇ ਵਿਤਕਰੇ ਦਾ ਵੱਧ ਸ਼ਿਕਾਰ ਹੁੰਦੀ ਹੈ।
ਅਸੀਂ ਪੱਛਮੀ ਦੇਸ਼ਾਂ ਦੇ ਨੰਗੇਜ਼ਵਾਦ ਅਤੇ ਪੂੰਜੀਵਾਦੀ ਰੁਚੀਆਂ ਨੂੰ ਤਾਂ ਅੱਖਾਂ ਮੀਟ ਕੇ ਅਪਣਾ ਲਿਆ ਪਰ ਉਥੋਂ ਦੇ ਸਮਾਜ ਵਿਚ ਔਰਤ-ਮਰਦ ਬਰਾਬਰੀ, ਔਰਤਾਂ ਪ੍ਰਤੀ ਸਤਿਕਾਰ, ਅਨੁਸ਼ਾਸਨ, ਇਮਾਨਦਾਰੀ, ਸਚਾਈ, ਸਖ਼ਤ ਮਿਹਨਤ, ਸਵੈ-ਵਿਸ਼ਵਾਸ, ਵਿਗਿਆਨਕ ਚੇਤਨਾ, ਸੰਘਰਸ਼ ਆਦਿ ਨੂੰ ਆਪਣੀ ਜਿ਼ੰਦਗੀ ਅਤੇ ਸਮਾਜ ਦਾ ਹਿੱਸਾ ਬਣਾਉਣ ਦੀ ਕਦੇ ਸੁਹਿਰਦਤਾ ਨਹੀਂ ਦਿਖਾਈ। ਪੱਛਮੀ ਦੇਸ਼ਾਂ ਵਿਚ ਔਰਤਾਂ ਨੂੰ ਸਰਕਾਰ, ਕਾਨੂੰਨ, ਸਮਾਜ ਤੇ ਪਰਿਵਾਰ ਵਲੋਂ ਹਰ ਖੇਤਰ ਵਿਚ ਆਜ਼ਾਦੀ, ਬਰਾਬਰੀ, ਸਨਮਾਨ, ਵਿਕਾਸ, ਇਨਸਾਫ਼ ਅਤੇ ਸੁਰੱਖਿਆ ਦੇ ਅਧਿਕਾਰ ਅਤੇ ਮੌਕੇ ਦਿੱਤੇ ਜਾਂਦੇ ਹਨ ਪਰ ਸਾਡੇ ਦੇਸ਼, ਕਾਨੂੰਨ ਤੇ ਸਮਾਜ ਵਿਚ ਕਿਤੇ ਵੀ ਨਜ਼ਰ ਨਹੀਂ ਆਉਂਦੇ।
ਇਹ ਫ਼ਖਰ ਵਾਲੀ ਗੱਲ ਹੈ ਕਿ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ, ਅਰੁਧੰਤੀ ਰਾਏ, ਐਡਵੋਕੇਟ ਸੁਧਾ ਭਾਰਦਵਾਜ, ਪ੍ਰੋ. ਸ਼ੋਮਾ ਸੇਨ, ਪ੍ਰੋ. ਨੰਦਿਨੀ ਸੁੰਦਰ, ਪੱਤਰਕਾਰ ਰਾਣਾ ਆਯੂਬ, ਡਾ. ਨਵਸ਼ਰਨ, ਸੋਨੀ ਸੋਰੀ, ਇਰੋਮ ਸ਼ਰਮੀਲਾ ਵਰਗੀਆਂ ਜਾਂਬਾਜ਼ ਔਰਤਾਂ ਨਾ ਸਿਰਫ ਹਕੂਮਤੀ ਜਬਰ ਦੇ ਸਤਾਏ ਆਦਿਵਾਸੀਆਂ, ਕਬਾਇਲੀਆਂ, ਦਲਿਤਾਂ, ਪਿਛੜੇ ਵਰਗਾਂ ਅਤੇ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰ ਰਹੀਆਂ ਹਨ ਬਲਕਿ ਖੁਦ ਹਕੂਮਤੀ ਜਬਰ ਦਾ ਸ਼ਿਕਾਰ ਹੋਣ ਦੇ ਬਾਵਜੂਦ ਸਮੁੱਚੇ ਔਰਤ ਵਰਗ ਵਿਚ ਪੂਰੀ ਨਿਡਰਤਾ ਅਤੇ ਹੌਸਲੇ ਨਾਲ ਵਿਗਿਆਨਕ ਚੇਤਨਾ ਅਤੇ ਸੰਘਰਸ਼ ਦਾ ਚਾਨਣ ਫੈਲਾ ਰਹੀਆਂ ਹਨ।
ਲੋਕ-ਪੱਖੀ ਅਤੇ ਅਗਾਂਹਵਧੂ ਸਮਾਜਿਕ ਸੰਸਥਾਵਾਂ ਜਿਥੇ ਔਰਤਾਂ ਵਿਰੁੱਧ ਘਿਨਾਉਣੇ ਅਪਰਾਧਾਂ ਖਿਲਾਫ਼ ਲਗਾਤਾਰ ਆਵਾਜ਼ ਉਠਾ ਰਹੀਆਂ ਹਨ ਉਥੇ ਔਰਤ ਵਰਗ ਨੂੰ ਆਪਣੇ ਸਿੱਖਿਆ, ਸਿਹਤ ਅਤੇ ਸਰਬਪੱਖੀ ਵਿਕਾਸ ਦੇ ਜਮਹੂਰੀ ਹੱਕਾਂ ਦੀ ਰਾਖੀ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਵਿਗਿਆਨਕ ਸੋਚ ਦੇ ਪ੍ਰਭਾਵ ਹੇਠ ਨੌਜਵਾਨ ਲੜਕੇ ਲੜਕੀਆਂ ਵਿਚ ਅੰਤਰ ਜਾਤੀ, ਅੰਤਰ ਧਰਮੀ ਅਤੇ ਦਾਜ ਰਹਿਤ ਸਾਦੇ ਵਿਆਹ ਕਰਵਾਉਣ ਦੀ ਚੇਤਨਾ ਵਧ ਰਹੀ ਹੈ। ਇਹ ਹਾਂ-ਪੱਖੀ ਰੁਝਾਨ ਹੈ।
ਇਸ ਲਈ ਲੜਕੀਆਂ ਦੇ ਸਿਰਫ ਜਨਮ ਦਿਨ ਅਤੇ ਲੋਹੜੀਆਂ ਮਨਾਉਣੀਆਂ ਕਾਫੀ ਨਹੀਂ, ਸਾਨੂੰ ਪੂਰੀ ਸੁਹਿਰਦਤਾ ਨਾਲ ਉਨ੍ਹਾਂ ਔਰਤ ਵਿਰੋਧੀ ਸਮਾਜਿਕ, ਪਰਿਵਾਰਕ, ਆਰਥਿਕ, ਧਾਰਮਿਕ, ਸਿਆਸੀ ਅਤੇ ਮਨੋਵਿਗਿਆਨਕ ਹਾਲਾਤ ਬਦਲਣ ਦੀ ਵੀ ਲੋੜ ਹੈ ਜਿਹੜੀਆਂ ਔਰਤ ਵਰਗ ਵਿਰੁੱਧ ਜ਼ੁਲਮ, ਜਿ਼ਆਦਤੀ ਅਤੇ ਨਾ-ਬਰਾਬਰੀ ਪੈਦਾ ਕਰਨ ਲਈ ਮੁੱਖ ਤੌਰ ’ਤੇ ਜਿ਼ੰਮੇਵਾਰ ਹਨ। ਸਾਨੂੰ ਆਪਣੀ ਮਰਦ ਪ੍ਰਧਾਨ ਮਾਨਸਿਕਤਾ ਖ਼ਤਮ ਕਰ ਕੇ ਆਪਣੇ ਪਰਿਵਾਰਾਂ ਤੇ ਸਮਾਜ ਵਿਚ ਲੜਕੀਆਂ ਤੇ ਔਰਤਾਂ ਪੱਖੀ ਮਾਨਸਿਕਤਾ ਅਤੇ ਵਿਹਾਰ ਵਿਕਸਤ ਕਰਨ ਦੀ ਲੋੜ ਹੈ। ਜਦੋਂ ਤੱਕ ਸਮੁੱਚੇ ਔਰਤ ਵਰਗ ਦੀ ਆਜ਼ਾਦੀ, ਬਰਾਬਰੀ, ਸੁਰੱਖਿਆ, ਨਿਆਂ, ਸਨਮਾਨ ਅਤੇ ਵਿਕਾਸ ਦੇ ਹੱਕ ਯਕੀਨੀ ਨਹੀਂ ਬਣਾਏ ਜਾਂਦੇ ਤਦ ਤੱਕ ਵਿਕਸਤ ਅਤੇ ਖੁਸ਼ਹਾਲ ਪਰਿਵਾਰ ਤੇ ਸਮਾਜ ਦੀ ਸਥਾਪਨਾ ਨਹੀਂ ਕੀਤੀ ਜਾ ਸਕਦੀ। ਔਰਤ ਵਰਗ ਨੂੰ ਵੀ ਆਪਣੇ ਬੁਨਿਆਦੀ ਹੱਕਾਂ ਲਈ ਵਿਗਿਆਨਕ ਸੋਚ ਅਪਣਾ ਕੇ ਜਥੇਬੰਦ ਹੋਣ ਅਤੇ ਲਗਾਤਾਰ ਸੰਘਰਸ਼ ਕਰਨ ਦੀ ਲੋੜ ਹੈ।
ਸੰਪਰਕ: 76960-30173