ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐਸੀ ਕਰਨੀ ਕਰ ਚਲੇ...

07:31 AM Oct 11, 2024 IST

ਜੂਲੀਓ ਰਿਬੇਰੋ

ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਤੇ ਟਾਟਿਆਂ ਦੀ ਵਿਰਾਸਤ ਦੇ ਕਰਨਧਾਰ ਰਤਨ ਟਾਟਾ ਚਲੇ ਗਏ ਹਨ ਅਤੇ ਇੰਝ ਮੇਰੇ ਸ਼ਹਿਰ ਮੁੰਬਈ ਨੇ ਨਾ ਕੇਵਲ ਵੱਡਾ ਆਗੂ ਗੁਆ ਲਿਆ ਹੈ ਸਗੋਂ ਇਸ ਤੋਂ ਵੀ ਵਧ ਕੇ ਅਜਿਹਾ ਇਨਸਾਨ ਗੁਆ ਲਿਆ ਹੈ ਜਿਸ ਨੇ ਆਪਣੀ ਧਨ ਦੌਲਤ ਜਾਂ ਆਪਣੀਆਂ ਪ੍ਰਾਪਤੀਆਂ ਦੀ ਕਦੇ ਕੋਈ ਨੁਮਾਇਸ਼ ਨਹੀਂ ਕੀਤੀ ਸਗੋਂ ਉਹ ਉਨ੍ਹਾਂ ਕਦਰਾਂ ਕੀਮਤਾਂ ਨੂੰ ਪ੍ਰਣਾਏ ਰਹੇ ਜਿਨ੍ਹਾਂ ਲਈ ਉਭਰਦੇ ਹੋਏ ਭਾਰਤ ਨੂੰ ਤਾਂਘ ਹੋਣੀ ਚਾਹੀਦੀ ਹੈ।
ਸਵਿਟਜ਼ਰਲੈਂਡ ਦੇ ਜਿ਼ਊਰਿਖ ਸ਼ਹਿਰ ਵਿਚ ਸੇਂਟ ਗੈਲਨ ਯੂਨੀਵਰਸਿਟੀ ਮੌਜੂਦ ਹੈ। ਹਰ ਸਾਲ ਯੂਨੀਵਰਸਿਟੀ ਦੇ ਵਿਦਿਆਰਥੀ ਸਵਿਟਜ਼ਰਲੈਂਡ ਤੋਂ ਬਾਹਰਲੀਆਂ ਯੂਨੀਵਰਸਿਟੀਆਂ ਦੇ ਚੋਣਵੇਂ ਵਿਦਿਆਰਥੀਆਂ ਲਈ ਗੋਸ਼ਠੀ ਰਚਾਉਂਦੇ ਹਨ। ਇਸ ਵਿਚ ਹਿੱਸਾ ਲੈਣ ਦੇ ਚਾਹਵਾਨਾਂ ਨੂੰ ਲੇਖ ਲਿਖਣ ਲਈ ਭੇਜਿਆ ਜਾਂਦਾ ਹੈ ਜਿਸ ਦੇ ਆਧਾਰ ’ਤੇ ਹੀ ਉਨ੍ਹਾਂ ਦੀ ਚੋਣ ਕੀਤੀ ਜਾਂਦੀ ਹੈ। ਜੇਤੂਆਂ ਨੂੰ ਕੈਂਪਸ ਆ ਕੇ ਕਾਰੋਬਾਰ ਤੋਂ ਲੈ ਕੇ ਰਾਜਨੀਤੀ ਅਤੇ ਸਮਾਜਿਕ ਰਸਮਾਂ ਤੇ ਤੌਰ ਤਰੀਕਿਆਂ ਸਣੇ ਵੱਖ-ਵੱਖ ਵਿਸ਼ਿਆਂ ਬਾਰੇ ਆਪਣੇ ਵਿਚਾਰ ਦੁਨੀਆ ਭਰ ਦੇ ਹੋਰਨਾਂ ਵਿਦਿਆਰਥੀਆਂ ਨਾਲ ਸਾਂਝੇ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ।
ਉੱਥੇ ਪੁੱਜੇ ਕੁਝ ਭਾਰਤੀ ਵਿਦਿਆਰਥੀਆਂ ਨੇ ਰਤਨ ਟਾਟਾ (ਜਿਨ੍ਹਾਂ ਤੋਂ ਇਲਾਵਾ ਵਕਤਿਆਂ ਵਿਚ ਪੀ ਚਿਦੰਬਰਮ ਅਤੇ ਮੈਂ ਵੀ ਸ਼ਾਮਲ ਸਾਂ) ਤੋਂ ਪੁੱਛਿਆ ਕਿ ਨਵੀਂ ਤਰਜ਼ ਦੀ ਮੁਕਾਬਲੇਬਾਜ਼ੀ ਜਿਸ ਵਿਚ ਅੰਬਾਨੀਆਂ ਦੀ ਆਮਦ ਨਾਲ ਬੇਤਹਾਸ਼ਾ ਵਾਧਾ ਹੋ ਗਿਆ ਹੈ ਤਾਂ ਇਸ ਮਾਹੌਲ ਵਿਚ ਟਾਟਾ ਆਪਣੀਆਂ ਪੁਰਾਤਨ ਕਦਰਾਂ ਕੀਮਤਾਂ ਆਸਰੇ ਕਿਵੇਂ ਬਚੇ ਰਹਿ ਗਏ? ਟਾਟਾ ਦਾ ਜਵਾਬ ਅੱਜ ਵੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ: “ਮੇਜ਼ ’ਤੇ ਸਾਡੇ (ਟਾਟਿਆਂ) ਲਈ ਵੀ ਜਗ੍ਹਾ ਬਣੀ ਹੋਈ ਹੈ। ਅਸੀਂ ਆਪਣੇ ਨੇਮਾਂ ਮੁਤਾਬਕ ਆਪਣਾ ਕਾਰਜ ਨਿਭਾਉਂਦੇ ਰਹਾਂਗੇ। ਅਸੀਂ ਸਾਡੇ ਸ਼ਰੀਕਾਂ ਵਲੋਂ ਅਪਣਾਏ ਜਾਂਦੇ ਤੌਰ ਤਰੀਕਿਆਂ ਬਾਰੇ ਕੁਝ ਨਹੀਂ ਕਹਾਂਗੇ, ਸਿਰਫ਼ ਇਸ ਗੱਲ ਨੂੰ ਛੱਡ ਕੇ ਕਿ ਅਸੀਂ ਅਜਿਹੀ ਕੋਈ ਰੀਤ ਜਾਂ ਤੌਰ ਤਰੀਕਾ ਅਪਣਾਉਣ ਦਾ ਯਤਨ ਨਹੀਂ ਕਰਾਂਗੇ ਜੋ ਸਾਡੀ ਫਿਲਾਸਫੀ ਨਾਲ ਮੇਲ ਨਾ ਖਾਂਦਾ ਹੋਵੇ।”
ਦੇਸ਼ ਦੇ ਅੰਦਰ ਕਿਸੇ ਹੋਰ ਮੌਕੇ ’ਤੇ ਜਦੋਂ ਮੈਨੂੰ ਉੱਥੇ ਜਾਣ ਦਾ ਮੌਕਾ ਨਹੀਂ ਮਿਲਿਆ ਸੀ ਤਾਂ ਮੈਨੂੰ ਪਤਾ ਲੱਗਿਆ ਸੀ ਕਿ ਉੱਥੇ ਵੀ ਰਤਨ ਟਾਟਾ ਤੋਂ ਇਹੀ ਸੁਆਲ ਪੁੱਛਿਆ ਗਿਆ ਸੀ। ਉਦੋਂ ਉਨ੍ਹਾਂ ਹੋਰ ਜਿ਼ਆਦਾ ਪੁਖ਼ਤਗੀ ਨਾਲ ਜਵਾਬ ਦਿੰਦਿਆਂ ਆਖਿਆ ਸੀ ਕਿ ਟਾਟੇ ‘ਸਨਅਤਕਾਰ’ ਹਨ ਨਾ ਕਿ ‘ਕਾਰੋਬਾਰੀ’। ਮੇਰਾ ਖਿਆਲ ਹੈ ਕਿ ਇਸ ਸਤਰ ਨਾਲ ਹੀ ਸਾਰੀ ਗੱਲ ਬਿਆਨ ਹੋ ਜਾਂਦੀ ਹੈ।
ਰਤਨ ਟਾਟਾ ਅਤੇ ਗਰੁੱਪ ਦੇ ਬਾਨੀ ਤੇ ਉਨ੍ਹਾਂ ਦੇ ਪਾਲਣਹਾਰ ਜੇਆਰਡੀ ਟਾਟਾ ਦੋਵਾਂ ਨੇ ਕਦੇ ਵੀ ਆਪਣੀ ਦੌਲਤ ਦਾ ਦਿਖਾਵਾ ਨਹੀਂ ਕੀਤਾ ਸੀ। ਉਨ੍ਹਾਂ ਦੀਆਂ ਕੰਪਨੀਆਂ ਵਲੋਂ ਕਮਾਇਆ ਜਾਂਦਾ ਧਨ ਨਾ ਕੇਵਲ ਸ਼ੇਅਰਧਾਰਕਾਂ ਵਿਚ ਵੰਡਿਆ ਜਾਂਦਾ ਸੀ ਸਗੋਂ ਲੋੜਵੰਦਾਂ ਲਈ ਅਤੇ ਟਾਟਾ ਕੰਪਨੀਆਂ ਰਾਹੀਂ ਚਲਾਏ ਜਾਂਦੇ ਬਹੁਤ ਸਾਰੇ ਖੈਰਾਇਤੀ ਚੈਨਲਾਂ ਰਾਹੀਂ ਖਰਚ ਕੀਤਾ ਜਾਂਦਾ ਸੀ। ਹਾਲ ਹੀ ਵਿਚ ਦੋ ਟਾਟਾ ਟਰੱਸਟਾਂ ਜਿਨ੍ਹਾਂ ਦੀ ਇਸ ਸਨਅਤੀ ਸਮੂਹ ਵਿਚ 65 ਫ਼ੀਸਦ ਹਿੱਸੇਦਾਰੀ ਬਣਦੀ ਹੈ, ਨੇ ਆਪਣੇ ਅਜਿਹੇ ਸੈੱਲ ਕਾਇਮ ਕੀਤੇ ਹਨ ਜੋ ਉਹ ਕਾਰਜ ਅੰਜਾਮ ਦਿੰਦੇ ਹਨ ਜੋ ਅਮੂਮਨ ਗ਼ੈਰ-ਸਰਕਾਰੀ ਸੰਸਥਾਵਾਂ (ਐੱਨਜੀਓਜ਼) ਵਲੋਂ ਨਿਭਾਏ ਜਾਂਦੇ ਸਨ ਜਿਨ੍ਹਾਂ ਨੂੰ ਟਾਟਾ ਟਰੱਸਟਾਂ ਵਲੋਂ ਚੰਦੇ ਦਿੱਤੇ ਜਾਂਦੇ ਸਨ।
ਮੈਨੂੰ ਰਤਨ ਟਾਟਾ ਨੂੰ ਉਦੋਂ ਨੇਡਿ਼ਓਂ ਜਾਣਨ ਦਾ ਮੌਕਾ ਮਿਲਿਆ ਜਦੋਂ ਇਕ ਰੋਡਸ ਸਕਾਲਰ ਅਤੇ ਮੇਰੇ ਆਈਪੀਐੱਸ ਬੈਚਮੇਟ ਆਰ ਗੋਵਿੰਦਰਾਜਨ ਦੇ ਪੁੱਤਰ ਮੁਕੁੰਦ ਰਾਜਨ ਟਾਟਾ ਸੰਨਜ਼ ਦੇ ਚੇਅਰਮੈਨ ਦੇ ਪ੍ਰਮੁੱਖ ਸਹਾਇਕ ਵਜੋਂ ਸੇਵਾਵਾਂ ਨਿਭਾ ਰਹੇ ਸਨ। ਇਹ ਮੌਕਾ ਉਦੋਂ ਬਣਿਆ ਜਦੋਂ ਰਤਨ ਦੇ ਭਰੋਸੇਮੰਦ ਅਤੇ ਟਾਟਾ ਸਮੂਹ ਦੀ ਕੰਪਨੀ ਦੇ ਪ੍ਰਬੰਧਕੀ ਨਿਰਦੇਸ਼ਕ ਦੇ ਅਨੈਤਿਕ ਆਚਰਣ ਬਾਰੇ ਜਾਂਚ ਕੀਤੀ ਜਾ ਰਹੀ ਸੀ। ਜਾਂਚ ਲਈ ਕੰਪਿਊਟਰ ਤਕਨਾਲੋਜੀ ਜਗਤ ਦੇ ਮਾਹਿਰ ਨੂੰ ਬੁਲਾਇਆ ਗਿਆ ਤਾਂ ਕਿ ਮਿਟਾਏ ਗਏ ਡੇਟਾ ਨੂੰ ਮੁੜ ਗ੍ਰਹਿਣ ਕੀਤਾ ਜਾ ਸਕੇ।
ਕੁਝ ਸਾਬਕਾ ਅੰਗਰੇਜ਼ ਪੁਲੀਸ ਅਫਸਰ ਸਨ ਜਿਨ੍ਹਾਂ ਨੇ ਹਾਂਗਕਾਂਗ ’ਚ ਕੰਮ ਕੀਤਾ ਸੀ ਜਿਹੜੇ ਇਸ ਕੰਮ ਵਿਚ ਲੱਗੇ ਹੋਏ ਸਨ ਅਤੇ ਜਿਨ੍ਹਾਂ ਨੂੰ ਮੈਂ ਭਾਰਤੀ ਸੰਗੀਤ ਉਦਯੋਗ ਦੇ ‘ਕਾਪੀਰਾਈਟ ਪ੍ਰੋਟੈਕਸ਼ਨ’ ਸੈੱਲ ਵਿਚ ਆਪਣੇ ਕਾਰਜਕਾਲ ਦੌਰਾਨ ਮਿਲਿਆ ਸੀ। ਉਨ੍ਹਾਂ ਨੂੰ ਮੈਂ ਰਤਨ ਨਾਲ ਮਿਲਾਇਆ।
ਚੇਅਰਮੈਨ ਦੇ ਨੱਕ ਹੇਠਾਂ ਹੋਏ ਅਪਰਾਧ ਪ੍ਰਤੀ ਉਸ ਦੀ ਸੁਭਾਵਿਕ ਪ੍ਰਤੀਕਿਰਿਆ ਨੇ ਨਿਆਂ ਲਈ ਮੇਰੀ ਉਤਸੁਕਤਾ ਵਿਚ ਵੀ ਵਾਧਾ ਕੀਤਾ। ਕੀ ਐਡੇ ਵੱਡੇ ਉਦਯੋਗਿਕ ਘਰਾਣੇ ਦਾ ਮੁਖੀ ਵੀ ਇਸ ਤਰ੍ਹਾਂ ਦੀ ਵਚਨਬੱਧਤਾ ਤੇ ਤਾਕਤ ਨਾਲ ਮਾੜੇ ਕੰਮ ਦੀ ਛਾਣਬੀਣ ਮਗਰ ਪੈ ਸਕਦਾ ਹੈ? ਇਸ ਗੱਲ ਨੇ ਮੇਰੇ ਫਿੱਕੇ ਪੈ ਰਹੇ ਵਿਸ਼ਵਾਸ ਨੂੰ ਮੁੜ ਪੱਕਾ ਕੀਤਾ ਕਿ ਆਗੂ ਦੀ ਚੋਣ ਹਮੇਸ਼ਾ ਸਹੀ ਰਾਹਾਂ ’ਤੇ ਆਧਾਰਿਤ ਹੋਣੀ ਚਾਹੀਦੀ ਹੈ।
ਆਈਏਐੱਸ ਤੇ ਆਈਪੀਐੱਸ ਵਿਚ ਅਜੇ ਵੀ ਕੁਝ ਅਜਿਹੇ ਅਧਿਕਾਰੀ ਹਨ ਜੋ ਈਮਾਨ ਡੋਲਣ ਨਹੀਂ ਦਿੰਦੇ। ਉਹ ਨੌਕਰੀ ਕਰਦਿਆਂ ਜਾਂ ਨੌਕਰੀ ਤੋਂ ਬਾਅਦ ਦੇ ਲਾਭਾਂ ਲਈ ਆਪਣੀਆਂ ਜ਼ਮੀਰਾਂ ਨਹੀਂ ਵੇਚਦੇ। ਅਜਿਹੇ ਕਾਰਪੋਰੇਟ ਘਰਾਣੇ ਲੱਭਣੇ ਬਹੁਤ ਮੁਸ਼ਕਿਲ ਹਨ ਜੋ ਸਹੀ ਰਾਹ ’ਤੇ ਚੱਲਣ ਲਈ ਦ੍ਰਿੜ ਹੋਣ। ਵਿਵਾਦ ਵਾਲੀਆਂ ਮੰਗਾਂ ਨਾ ਮੰਨਣ ’ਤੇ ਕਾਰੋਬਾਰ ਖ਼ਤਮ ਹੋਣ ਦਾ ਡਰ ਬਹੁਤਿਆਂ ਨੂੰ ਸਤਾਉਂਦਾ ਰਹਿੰਦਾ ਹੈ। ਇਹ ਜਾਣਨਾ ਸਕੂਨ ਭਰਿਆ ਹੈ ਕਿ ‘ਟਾਟਾ’ ਗਰੁੱਪ ਜਿਹਾ ਤਾਕਤਵਰ ਘਰਾਣਾ ਅਜੇ ਵੀ ਉਸੇ ਤਰ੍ਹਾਂ ਬੁਲੰਦ ਹੈ ਜਦੋਂਕਿ ਉਨ੍ਹਾਂ ਦੇ ਆਲੇ-ਦੁਆਲੇ ਕਈ ਘਰਾਣੇ ਤਾਸ਼ ਦੇ ਪੱਤਿਆਂ ਵਾਂਗ ਢੇਰੀ ਹੋ ਚੁੱਕੇ ਹਨ।
ਸੱਤਾ ਵਿਚ ਬੈਠੀਆਂ ਧਿਰਾਂ ਸ਼ਾਇਦ ਉਨ੍ਹਾਂ ਕਾਰਪੋਰੇਟਾਂ ਦਾ ਪੱਖ ਪੂਰਨ ਜੋ ਇਨ੍ਹਾਂ ਦੀ ਸ਼ਰਨ ਵਿਚ ਆਉਂਦੇ ਹਨ ਪਰ ਉਹ ‘ਟਾਟਾ’ ਸਮੂਹ ਤੇ ਇਸ ਦੇ ਆਗੂ ਦਾ ਸਤਿਕਾਰ ਕਰਨਾ ਜਾਰੀ ਰੱਖਣਗੇ ਕਿਉਂਕਿ ਵਣਜ-ਵਪਾਰ ਦੇ ਤਿੱਖੇ ਮੁਕਾਬਲੇ ਦੀ ਇਸ ਦੁਨੀਆ ਵਿਚ ਨੈਤਿਕ ਕਦਰਾਂ-ਕੀਮਤਾਂ ਨਾਲ ਕੋਈ ਸਮਝੌਤਾ ਨਾ ਕਰਨਾ ਬਹੁਤ ਔਖਾ ਕਾਰਜ ਹੈ।
ਮੇਰੇ ਦੋਸਤ ਤੇ ਸਹਿਕਰਮੀ ਐੱਸਐੱਮ ਸੁਖਤਾਂਕਰ ਨੂੰ ਰਤਨ ਵੱਲੋਂ ਟਾਟਾ ਇਲੈਕਟੋਰਲ ਟਰੱਸਟ ਦਾ ਚੇਅਰਮੈਨ ਚੁਣਿਆ ਗਿਆ। ਉਸੇ ਸਮੇਂ ਮੈਨੂੰ ਚੇਅਰਮੈਨ ਕੁਮਾਰਮੰਗਲਮ ਵੱਲੋਂ ਬਿਰਲਾ ਇਲੈਕਟੋਰਲ ਟਰੱਸਟ ਦੇ ਮੁਖੀ ਦੀ ਜਿ਼ੰਮੇਵਾਰੀ ਸੌਂਪੀ ਗਈ। ਵਿਵਸਥਾ ਉਦੋਂ ਤੱਕ ਵਧੀਆ ਚੱਲੀ ਜਦੋਂ ਤੱਕ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਇਹ ਯਕੀਨੀ ਬਣਾਉਣ ਲਈ ਇਲੈਕਟੋਰਲ ਬਾਂਡ ਸਕੀਮ ਨਹੀਂ ਲਿਆਂਦੀ ਕਿ ਦਾਨੀਆਂ ਦਾ ਨਾਂ ਗੁਪਤ ਰਹੇਗਾ।
ਮੈਂ ਨਹੀਂ ਜਾਣਦਾ ਕਿ ‘ਟਾਟਾ’ ਸਮੂਹ ਨੇ ਕਿਵੇਂ ਚੋਣ ਫੰਡਿੰਗ ਦੇ ਇਨ੍ਹਾਂ ਨਵੇਂ ਕਾਇਦੇ-ਕਾਨੂੰਨਾਂ ਨਾਲ ਨਜਿੱਠਿਆ। ਮੈਂ ਸਿਰਫ ਐਨਾ ਜਾਣਦਾ ਹਾਂ ਕਿ ਮੈਂ ਚੋਣਾਂ ਦੇ ਸਮੇਂ ਬਿਰਲਾ ਗਰੁੱਪ ਦੇ ਪਾਰਦਰਸ਼ੀ ਤੇ ਜਵਾਬਦੇਹ ਇਲੈਕਟੋਰਲ ਟਰੱਸਟ ਤੋਂ ਅਸਤੀਫਾ ਦੇ ਦਿੱਤਾ ਜਿਸ ਤਹਿਤ ਚੋਣਾਂ ਲਈ ਪੈਸਾ ਦਾਨ ਕੀਤਾ ਜਾਂਦਾ ਸੀ।
ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਮੇਰੇ ਦੋਸਤ। ਤੁਹਾਡੇ ਪਿਤਾ, ਨਵਲ, ਮੇਰੇ ਸਨੇਹੀ ਸਨ। ਤੁਹਾਨੂੰ ਬਿਲਕੁਲ ਨਹੀਂ ਪਤਾ ਹੋਵੇਗਾ। ਜਦ ਮੈਂ ਪੰਜਾਬ ਤੇ ਮਗਰੋਂ ਰੋਮਾਨੀਆ ਵਿਚ ਸੀ, ਉਦੋਂ ਸਮੇਂ-ਸਮੇਂ ਮੈਨੂੰ ਨਵਲ ਵੱਲੋਂ ਨਿੱਜੀ ਚਿੱਠੀ-ਪੱਤਰ ਮਿਲਦੇ ਰਹਿੰਦੇ ਸਨ ਜਿਨ੍ਹਾਂ ’ਚ ਉਹ ਮੇਰਾ ਹਾਲ-ਚਾਲ ਪੁੱਛਦੇ। ਮੈਨੂੰ ਅੱਜ ਤੱਕ ਵੀ ਥਾਹ ਨਹੀਂ ਲੱਗੀ ਕਿ ਨਵਲ ਟਾਟਾ ਮੈਨੂੰ ਕਿਉਂ ਪਸੰਦ ਕਰਦੇ ਸਨ ਪਰ ਨਾਲ ਹੀ ਇਸ ਦੀ ਖ਼ੁਸ਼ੀ ਵੀ ਬਹੁਤ ਸੀ। ਕਿਸ ਨੂੰ ਨਹੀਂ ਹੋਵੇਗੀ?
ਮੁੰਬਈ ਦੇ ਨਿੱਕੇ ਜਿਹੇ ਪਾਰਸੀ ਸਮਾਜ ਨੇ ਵਿਰਾਟ ਇਨਸਾਨ ਗੁਆਇਆ ਹੈ। ਮੁੰਬਈ ਦੇ ਨਾਗਰਿਕਾਂ ਲਈ ਇਹ ਵੱਡਾ ਘਾਟਾ ਹੈ। ਭਾਰਤ ਦੇ ਆਦਮੀਆਂ ਤੇ ਔਰਤਾਂ ਨੂੰ ਦੁੱਖ ਮਨਾਉਣਾ ਚਾਹੀਦਾ ਹੈ ਕਿਉਂਕਿ ਵਰਤਮਾਨ ਸਮਿਆਂ ’ਚ ਅਜਿਹੇ ਆਦਰਸ਼ਾਂ ਤੇ ਕਦਰਾਂ-ਕੀਮਤਾਂ ਨੂੰ ਪ੍ਰਣਾਏ ਇਨਸਾਨ ਲੱਭਣਾ ਮੁਸ਼ਕਿਲ ਤੋਂ ਮੁਸ਼ਕਿਲ ਹੋ ਰਿਹਾ ਹੈ। ਦੁਨੀਆ ਗੁੰਝਲਦਾਰ ਹੋ ਰਹੀ ਹੈ, ਤੇ ਅਫ਼ਸੋਸ! ਪਹਿਲਾਂ ਨਾਲੋਂ ਕਿਤੇ ਜਿ਼ਆਦਾ ਬੇਰਹਿਮ ਵੀ।

Advertisement

Advertisement