ਆਓ, ਆਪਣੀ ਸਮਾਜਿਕ ਜ਼ਿੰਮੇਵਾਰੀ ਪਛਾਣੀਏ
ਅਰਵਿੰਦਰ ਕਾਕੜਾ (ਡਾ.)
ਭਾਰਤੀ ਸਮਾਜ ਵਿੱਚ ਔਰਤ ਵਿਰੋਧੀ ਅਜਿਹਾ ਮਾਹੌਲ ਬਣ ਗਿਆ ਹੈ ਜਿਸ ਵਿੱਚ ਬਲਾਤਕਾਰ, ਘਰੇਲੂ ਹਿੰਸਾ, ਭੱਦੇ ਮਜ਼ਾਕ, ਗ਼ਲਤ ਇਸ਼ਾਰੇ, ਗੁਮਰਾਹ ਕਰਨ, ਤੇਜ਼ਾਬ ਸੁੱਟਣਾ, ਛੇੜਛਾੜ, ਕੁੱਟਮਾਰ ਆਦਿ ਆਮ ਹੋ ਗਿਆ ਹੈ। ਔਰਤਾਂ ਖਿਲਾਫ਼ ਹਿੰਸਾ ਕਰਨਾ ਜਾਂ ਉਸ ਨੂੰ ਸਬਕ ਸਿਖਾਉਣਾ ਨਾਰੀ ਵਿਰੋਧੀ ਵਰਤਾਰੇ ਦਾ ਹਿੱਸਾ ਹੈ। ਇਸ ਵਿੱਚੋਂ ਬਲਾਤਕਾਰ ਜਿਹਾ ਘੋਰ ਅਪਰਾਧ ਲਗਾਤਾਰ ਵਧ ਰਿਹਾ ਹੈ।
ਬਲਾਤਕਾਰ ਦਾ ਸਭ ਤੋਂ ਵੱਡਾ ਕਾਰਨ ਲਿੰਗਕ ਅਸਮਾਨਤਾ ਹੈ। ਇਨ੍ਹੀਂ ਦਿਨੀਂ ਵਾਪਰ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅਜਿਹੀਆਂ ਘਟਨਾਵਾਂ ਦੀ ਜੜ੍ਹ ਇਸ ਪ੍ਰਬੰਧ ਵਿੱਚ ਪਈ ਹੈ ਜਿਸ ਨਾਲ ਦਸਤਪੰਜਾ ਲੈਣਾ ਜ਼ਰੂਰੀ ਹੈ।
ਭਾਰਤੀ/ਪੰਜਾਬੀ ਸਮਾਜ ਵਿੱਚ ਪ੍ਰਚੱਲਿਤ ਜਗੀਰੂ ਕਦਰਾਂ-ਕੀਮਤਾਂ ਤੇ ਇਸ ਸਾਮਰਾਜੀ ਦੌਰ ਵਿਚਲੀਆਂ ਢਾਹੂ, ਗੰਦੀਆਂ, ਅਸ਼ਲੀਲ ਕਦਰਾਂ-ਕੀਮਤਾਂ ਦਾ ਆਪਸੀ ਗਹਿਰਾ ਰਿਸ਼ਤਾ ਸਮਾਜ ਲਈ ਘਾਤਕ ਸਾਬਤ ਹੋ ਰਿਹਾ ਹੈ। ਪਿੱਤਰਸੱਤਾ, ਔਰਤ-ਵਿਰੋਧੀ ਮਾਨਸਿਕਤਾ, ਗ਼ੈਰ-ਜਮਹੂਰੀਅਤ ਨੇ ਅਜਿਹੀ ਸਥਿਤੀ ਪੈਦਾ ਕੀਤੀ ਹੈ ਕਿ ਸਮਾਜ ਵਿਚਲੀ ਮਰਦਾਵੀਂ ਸੱਤਾ ਤੇ ਜਗੀਰੂ ਮਾਨਸਿਕਤਾ ਔਰਤ ਨੂੰ ਭੋਗ ਦੀ ਵਸਤ ਸਮਝਦੀ ਹੈ। ਦੂਜੇ ਪਾਸੇ ਸਾਮਰਾਜੀ ਸੱਭਿਆਚਾਰ ਔਰਤ ਨੂੰ ਨੁਮਾਇਸ਼ ਦੀ ਵਸਤੂ ਬਣਾ ਕੇ ਪੇਸ਼ ਕਰ ਰਿਹਾ ਹੈ। ਔਰਤ ਦਾ ਬਿੰਬ ਇਸ ਤਰ੍ਹਾਂ ਵਿਗਾੜ ਕੇ ਪੇਸ਼ ਕੀਤਾ ਗਿਆ ਹੈ ਜਿਵੇਂ ਉਹ ਮਨੁੱਖ ਨਾ ਹੋ ਕੇ ਕਿਸੇ ਦੇ ਹੱਥਾਂ ਦੀ ਗੁੱਡੀ ਹੋਵੇ ਜਿਵੇਂ ਮਰਜ਼ੀ ਉਸ ਨੂੰ ਵਰਤੋ, ਖੇਡੋ ਤੇ ਸੁੱਟੋ। ਅਜਿਹਾ ਅਸ਼ਲੀਲ ਮਾਹੌਲ ਮਨੁੱਖ ਦੀ ਚੇਤਨਾ ਨੂੰ ਖੋਰਾ ਲਾ ਰਿਹਾ ਹੈ। ਇਸ ਵਰਤਾਰੇ ਨੇ ਬਿਮਾਰ ਮਾਨਸਿਕਤਾ ਦਾ ਧਾਰਨੀ ਮਨੁੱਖ ਪੈਦਾ ਕਰਕੇ ਉਸ ਅੰਦਰ ਉਪਭੋਗੀ ਤ੍ਰਿਸ਼ਨਾਵਾਂ ਦੀ ਅਜਿਹੀ ਪ੍ਰਵਿਰਤੀ ਬਣਾਈ ਹੈ ਕਿ ਉਹ ਔਰਤ ਦੇ ਜਿਸਮ ਨਾਲ ਖੇਡਣ ਤੋਂ ਸੰਕੋਚ ਨਹੀਂ ਕਰਦਾ। ਇਹ ਗੱਲ ਪ੍ਰਤੱਖ ਸਾਹਮਣੇ ਹੈ ਕਿ ਸੋਸ਼ਲ ਮੀਡੀਆ ’ਤੇ ਪਰੋਸੀ ਜਾ ਰਹੀ ਲੱਚਰਤਾ ਨੇ ਮਨੁੱਖ ਅੰਦਰਲੀਆਂ ਕਾਮ ਵਾਸਨਾਵਾਂ ਨੂੰ ਬਹੁਤ ਜ਼ਿਆਦਾ ਭੜਕਾਇਆ ਹੈ। ਇਸ ਦੀ ਲਪੇਟ ਵਿੱਚ ਆਏ ਬੱਚੇ, ਨੌਜਵਾਨ ਤੇ ਬਜ਼ੁਰਗ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਜੋ ਸਾਡੇ ਸਮਾਜ ’ਤੇ ਕਲੰਕ ਹਨ। ਜਦ ਇਹ ਅਸ਼ਲੀਲ ਵਰੋਲੇ ਵਿੱਦਿਅਕ ਸੰਸਥਾਵਾਂ ਵਿੱਚ ਵੜਦੇ ਹਨ ਤਾਂ ਚਿੰਤਾ ਹੋਰ ਵੀ ਗਹਿਰੀ ਹੋ ਜਾਂਦੀ ਹੈ।
ਵਿੱਦਿਅਕ ਅਦਾਰਾ ਸਮਾਜ ਦਾ ਹੀ ਹਿੱਸਾ ਹੁੰਦਿਆਂ ਵੀ ਉਹ ਚਾਨਣ ਮੁਨਾਰਾ ਹੁੰਦਾ ਹੈ ਜਿਸ ਨੇ ਗ਼ਲਤ ਕਦਰਾਂ ਕੀਮਤਾਂ ਵਿਰੁੱਧ ਆਵਾਜ਼ ਬੁਲੰਦ ਕਰਕੇ ਨਰੋਈਆਂ ਕਦਰਾਂ ਕੀਮਤਾਂ ਦਾ ਪਸਾਰ ਕਰਨਾ ਹੁੰਦਾ ਹੈ। ਜਦੋਂ ਅਜਿਹੇ ਅਦਾਰਿਆਂ ਵਿੱਚ ਜਿਨਸੀ ਸ਼ੋਸ਼ਣ ਵਰਗੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਸਾਡੀਆਂ ਧੀਆਂ ਦੀ ਸੁਰੱਖਿਆ ਦਾ ਮਾਮਲਾ ਉੱਭਰਦਾ ਹੈ। ਅਜਿਹੀਆਂ ਘਟਨਾਵਾਂ ਹਰ ਚੇਤਨ ਵਿਅਕਤੀ ਨੂੰ ਹਲੂਣਦੀਆਂ ਅਤੇ ਵਿੱਦਿਅਕ ਸੰਸਥਾਵਾਂ ਨੂੰ ਵੀ ਕਟਹਿਰੇ ਵਿੱਚ ਖੜ੍ਹਾ ਕਰਦੀਆਂ ਹਨ। ਇਸ ਵਰਤਾਰੇ ਦੀ ਜੜ੍ਹ ਤੱਕ ਪਹੁੰਚਣ ਦੀ ਲੋੜ ਹੈ। ਸੁਆਲ ਗੰਭੀਰ ਹਨ ਕਿ ਅਕਾਦਮਿਕ ਸੰਸਥਾਵਾਂ ਵਿੱਚ ਅਕਾਦਮਿਕ ਮਾਹੌਲ ਦਾ ਪਤਨ ਅਤੇ ਸਿਹਤਮੰਦ ਕਦਰਾਂ ਕੀਮਤਾਂ ਦਾ ਇਸ ਪੱਧਰ ਤੱਕ ਨਿਘਾਰ ਸਮਾਜ ਦੇ ਵੱਡੇ ਫ਼ਿਕਰਾਂ ਵਿੱਚ ਸ਼ਾਮਲ ਹੈ ਜਾਂ ਨਹੀਂ? ਇਸ ਨਾਲ ਜੁੜਿਆ ਸੁਆਲ ਹੈ ਕਿ ਅਸੀਂ ਕਿਸ ਸੱਭਿਆਚਾਰ ਨੂੰ ਅਪਣਾ ਰਹੇ ਹਾਂ? ਇਸ ਨੇ ਸਾਡੀ ਬੌਧਿਕ ਕੰਗਾਲੀ ਦਾ ਸੁਆਲ ਵੀ ਖੜ੍ਹਾ ਕੀਤਾ ਹੈ।
ਸਾਹਿਤ, ਕਲਾ ਅਤੇ ਸੱਭਿਆਚਾਰ ਦਾ ਸਿੱਖਿਆ ਨਾਲ ਗਹਿਰਾ ਰਿਸ਼ਤਾ ਹੁੰਦਾ ਹੈ। ਸਮਾਜ ਅੰਦਰ ਨਵੀਆਂ-ਨਰੋਈਆਂ ਕਦਰਾਂ-ਕੀਮਤਾਂ ਪੈਦਾ ਕਰਨ ਅਤੇ ਇਸ ਨੂੰ ਹੋਰ ਵਿਕਸਿਤ ਕਰਨ ਵਿੱਚ ਵਿੱਦਿਆ ਦਾ ਅਹਿਮ ਰੋਲ ਹੁੰਦਾ ਹੈ, ਪਰ ਸਾਡੇ ਮੁਲਕ ਅੰਦਰ ਵਿੱਦਿਅਕ ਪ੍ਰਬੰਧ ਜਮਹੂਰੀ ਕਦਰਾਂ-ਕੀਮਤਾਂ ਤੋਂ ਸੱਖਣੇ ਹੋਣ ਕਰਕੇ ਕਈ ਸਮੱਸਿਆਵਾਂ ਨੂੰ ਜਨਮ ਦੇ ਰਹੇ ਹਨ। ਵਿਦਿਆਰਥੀ ਦਾ ਸਰਬਪੱਖੀ ਵਿਕਾਸ ਕਰਨ ਲਈ ਸੰਸਥਾ ਵਿੱਚ ਸੁਖਾਵਾਂ ਮਾਹੌਲ ਹੋਣਾ ਜ਼ਰੂਰੀ ਹੈ। ਸਿੱਖਿਆ ਨੀਤੀ, ਪ੍ਰਬੰਧ ਅਤੇ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਵਿਚਲਾ ਅਸੰਤੁਲਨ ਵਿੱਦਿਅਕ ਅਦਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ।
ਮੌਜੂਦਾ ਸਿੱਖਿਆ ਦਾ ਪੱਧਰ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਵਿੱਚ ਉਸ ਤਰ੍ਹਾਂ ਦਾ ਯੋਗਦਾਨ ਨਹੀਂ ਪਾ ਰਿਹਾ ਜਿਸ ਦੀ ਜ਼ਰੂਰਤ ਹੈ, ਸਗੋਂ ਉਨ੍ਹਾਂ ਅੰਦਰ ਇਖ਼ਲਾਕੀ ਗਿਰਾਵਟ ਆ ਰਹੀ ਹੈ। ਰੁਜ਼ਗਾਰ ਪ੍ਰਾਪਤੀ ਦੀ ਗਾਰੰਟੀ ਤੋਂ ਵਾਂਝੀਆਂ ਮਹਿੰਗੀਆਂ ਪੜ੍ਹਾਈਆਂ ਨੇ ਵਿਦਿਆਰਥੀਆਂ ਅੰਦਰ ਬੇਅਰਾਮੀ ਤੇ ਬੇਚੈਨੀ ਪੈਦਾ ਕੀਤੀ ਹੈ। ਵਿੱਦਿਆ ਦੇ ਲਗਾਤਾਰ ਹੋ ਰਹੇ ਬਾਜ਼ਾਰੀਕਰਨ ਨੇ ਅਧਿਆਪਕਾਂ ਦੀ ਭੂਮਿਕਾ ਘਟਾ ਕੇ ਉਨ੍ਹਾਂ ਨੂੰ ਉਜ਼ਰਤੀ ਮਜ਼ਦੂਰ ਤੇ ਨਿੱਜੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਲਈ ਪੈਸਾ ਇਕੱਤਰ ਕਰਨ ਵਾਲੇ ਮਾਰਕੀਟਿੰਗ ਏਜੰਟ ਜਿਹੇ ਬਣਾ ਦਿੱਤਾ ਹੈ। ਇਸ ਕਰਕੇ ਉਹ ਜਾਂ ਤਾਂ ਸਿਰਫ਼ ਆਪਣੇ ਹਿੱਤ ਤੱਕ ਸੀਮਤ ਹੋ ਗਏ ਹਨ ਜਾਂ ਫਿਰ ਸਮੇਂ ਦੀ ਤ੍ਰਾਸਦੀ ਹੰਢਾਉਂਦਿਆਂ ਕਿਤੇ ਆਪਣੀ ਜ਼ਿੰਮੇਵਾਰੀ ਤੋਂ ਖੁੰਝ ਰਹੇ ਹਨ। ਇਸ ਕਾਰਨ ਉਸਾਰੂ ਸਮੂਹਿਕ ਚੇਤਨਾ ਤੋਂ ਵਿਰਵਾ ਹੋ ਰਿਹਾ ਵਿਦਿਆਰਥੀ ਵਰਗ ਦਾ ਬਹੁਤਾ ਹਿੱਸਾ ਦਿਸ਼ਾਹੀਣ ਹੋ ਚੁੱਕਾ ਹੈ। ਸਮਾਜ ਵਿਚਲਾ ਵਰਤਾਰਾ ਵਿਦਿਆਰਥੀਆਂ ਅੰਦਰ ਸਮਾਜ ਪ੍ਰਤੀ ਗ਼ੈਰ-ਸੰਜੀਦਾ ਵਿਹਾਰਕ ਬਿਰਤੀਆਂ ਪੈਦਾ ਕਰ ਰਿਹਾ ਹੈ। ਮੰਡੀ ਦਾ ਸੱਭਿਆਚਾਰ ਜ਼ਿਆਦਾਤਰ ਵਿਦਿਆਰਥੀ ਵਰਗ ਨੂੰ ਉਪਭੋਗੀ
ਮਨੁੱਖ ਬਣਾ ਰਿਹਾ ਹੈ। ਖੁੱਲ੍ਹੇਪਣ ਦੇ ਨਾਂ ਹੇਠ ਥੋਪੀ ਜਾ ਰਹੀ ਲਿੰਗਕ ਅਰਾਜਕਤਾ ਅਤੇ ਬਾਜ਼ਾਰੂ ਮਾਨਸਿਕਤਾ ਨਾਲ ਗੜੁੱਚ ਸਾਮਰਾਜੀ ਸੱਭਿਆਚਾਰਕ ਹਮਲੇ ਦੇ ਅਸਰ ਹੇਠ ਸਾਡੀ ਨੌਜਵਾਨ ਪੀੜ੍ਹੀ ਦੇ ਬਹੁਤੇ ਹਿੱਸੇ ਨੂੰ ਇਹ ਹਮਲਾ ਅਤੇ ਇਸ ਪਿੱਛੇ ਲੁੱਕੀਆਂ ਗੁੱਝੀਆਂ ਰਮਜ਼ਾਂ ਸਮਝ ਨਹੀਂ ਆ ਰਹੀਆਂ।
ਅਧਿਆਪਕ ਵਰਗ ਦੇ ਸਿਰ ਇਸ ਹਮਲੇ ਬਾਰੇ ਸਮਝਾਉਣ ਅਤੇ ਇਸ ਨੂੰ ਟੱਕਰ ਦੇਣ ਦੀ ਵੱਡੀ ਸਮਾਜਿਕ ਜ਼ਿੰਮੇਵਾਰੀ ਸੀ। ਉਸ ਦਾ ਜ਼ਿਆਦਾਤਰ ਹਿੱਸਾ ਬਾਜ਼ਾਰ ਦੀ ਚਕਾਚੌਂਧ ਵਿੱਚ ਅਜਿਹਾ ਗਵਾਚਿਆ ਹੈ ਕਿ ਉਨ੍ਹਾਂ ਸਾਹਮਣੇ ਵਿੱਦਿਅਕ ਅਦਾਰਿਆਂ ਅੰਦਰ ਜਮਹੂਰੀ ਮਾਹੌਲ, ਵਿਚਾਰਧਾਰਾ, ਅਗਾਂਹਵਧੂ ਅਤੇ ਸਿਹਤਮੰਦ ਸਮਾਜਿਕ ਕਦਰਾਂ ਕੀਮਤਾਂ ਦੀ ਉਸਾਰੀ ਦੇ ਮਸਲੇ ਵੇਲਾ ਵਿਹਾ ਚੁੱਕੇ ਮੁੱਦੇ ਹਨ।
ਇਸ ਸਭ ਦਾ ਸਿੱਟਾ ਹੈ ਕਿ ਅਸੀਂ ਵਿੱਦਿਅਕ ਅਦਾਰਿਆਂ ਅੰਦਰ ਲੰਪਨ ਕਿਸਮ ਦੇ ਗ਼ੈਰ-ਅਕਾਦਮਿਕ ਅਤੇ ਨਿੱਘਰੇ ਹੋਏ ਸੱਭਿਆਚਾਰਕ ਸਮੇਂ ਨੂੰ ਹੰਢਾਉਣ ਲਈ ਮਜਬੂਰ ਹਾਂ। ਦੂਜੇ ਪਾਸੇ, ਸਾਮਰਾਜੀ ਮੀਡੀਏ ਦੀਆਂ ਫਿਲਮਾਂ, ਪੋਰਨੋਗ੍ਰਾਫੀ, ਨੰਗੇਜ਼ ਨੇ ਬੱਚਿਆਂ ਤੇ ਨੌਜਵਾਨਾਂ ਦੀ ਮਾਨਸਿਕਤਾ ਨੂੰ ਬਿਮਾਰ ਕਰ ਦਿੱਤਾ। ਇਸੇ ਕਾਰਨ ਉਨ੍ਹਾਂ ਨੂੰ ਕੁੜੀਆਂ ਤੇ ਔਰਤਾਂ ਕਾਮ-ਤ੍ਰਿਪਤੀ ਦੀ ਪੂਰਤੀ ਲਈ ਮਸ਼ੀਨ ਤੋਂ ਵੱਧ ਕੁਝ ਨਹੀਂ ਲੱਗਦੀਆਂ।
ਸੋਸ਼ਲ ਮੀਡੀਆ ਦੀ ਬਿਨਾਂ ਸੋਚੇ ਸਮਝੇ ਅੰਨ੍ਹੀ ਵਰਤੋਂ ਕਿਸੇ ਹੱਦ ਤੱਕ ਜ਼ਰਖ਼ੇਜ਼ ਨੌਜਵਾਨ ਪੀੜ੍ਹੀ ਦੇ ਦਿਮਾਗਾਂ ’ਤੇ ਜ਼ਹਿਰ ਛਿੜਕ ਰਹੀ ਹੈ। ਨੌਜਵਾਨ ਪੀੜ੍ਹੀ ਨਾਲ ਧ੍ਰੋਹ ਕਮਾਇਆ ਜਾ ਰਿਹਾ ਹੈ। ਇਹ ਸਾਡੇ ਸਮਾਜ ਦੀ ਇੱਕ ਵੱਡੀ ਫ਼ਿਕਰਮੰਦੀ ਹੋਣੀ ਚਾਹੀਦੀ ਹੈ।
ਬਾਜ਼ਾਰੀਕਰਨ ਨੇ ਮੰਡੀ ਦੀਆਂ ਕੀਮਤਾਂ ਪੈਦਾ ਕਰ ਉਪਭੋਗੀ ਸੋਚ ਨੂੰ ਉਤਸ਼ਾਹਿਤ ਕੀਤਾ ਜਿਵੇਂ ਟੀਵੀ, ਸੋਸ਼ਲ ਮੀਡੀਆ, ਇਸ਼ਤਿਹਾਰਾਂ, ਫਿਲਮਾਂ ਵਿੱਚ ਵੀ ਔਰਤ ਨੂੰ ਮਨੁੱਖ ਵਜੋਂ ਨਹੀਂ ਦਿਖਾਇਆ ਜਾਂਦਾ, ਸਗੋਂ ਨੁਮਾਇਸ਼ ਦੀ ਵਸਤੂ ਬਣਾ ਕੇ ਪੇਸ਼ ਕੀਤਾ ਜਾਂਦਾ ਜਾਂਦਾ ਹੈ। ਇਸੇ ਤਰ੍ਹਾਂ ਕਾਰਪੋਰੇਟ ਘਰਾਣੇ ਤੇ ਬਹੁਕੌਮੀ ਕੰਪਨੀਆਂ ਆਪਣੀਆਂ ਵਸਤਾਂ ਵੇਚਣ ਲਈ ਹਰ ਇਸ਼ਤਿਹਾਰ ਵਿੱਚ ਸੋਹਣੀ ਕੁੜੀ ਨੂੰ ਲੈ ਕੇ ਆਉਂਦੀਆਂ ਹਨ। ਮੰਡੀ ਵੱਲੋਂ ਔਰਤਾਂ ਦੇ ਸੁੰਦਰਤਾ ਮੁਕਾਬਲੇ ਕਰਵਾ ਕੇ ਉਨ੍ਹਾਂ ਦੇ ਜਿਸਮ ਨੂੰ ਜ਼ਿਆਦਾ ਮਾਨਤਾ ਦਿੱਤੀ ਗਈ ਹੈ। ਇਸ ਤਹਿਤ ਉਤਸ਼ਾਹਿਤ ਕੀਤੇ ਜਾ ਰਹੇ ਲੱਚਰ ਸੱਭਿਆਚਾਰ ਵਿਚਲੀ ਲੱਚਰ ਗਾਇਕੀ ਨੇ ਵੀ ਮਰਦਾਂ ਦੀ ਕਾਮ ਵਾਸਨਾ ਨੂੰ ਭੜਕਾਉਣ ਵਿੱਚ ਕਸਰ ਨਹੀਂ ਛੱਡੀ। ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਵਿਦਿਆਰਥੀਆਂ ਨੂੰ ਗੁਮਰਾਹ ਕਰ ਰਹੀ ਹੈ। ਜ਼ਿਆਦਾਤਰ ਵਿਦਿਆਰਥੀ ਮੋਬਾਈਲਾਂ ’ਤੇ ਇੱਕ ਦੂਜੇ ਨਾਲ ਚੈਟਿੰਗ ਕਰਦਿਆਂ ਅਸ਼ਲੀਲ ਮੈਸੇਜ ਤੇ ਤਸਵੀਰਾਂ ਭੇਜ ਕੇ ਆਪਣਾ ਵਕਤ ਟਪਾ ਰਹੇ ਹਨ। ਸਾਮਰਾਜੀ ਸੱਭਿਆਚਾਰ ਨੇ ਆਜ਼ਾਦੀ ਦੇ ਭਰਮ ਰਾਹੀਂ ਖੁੱਲ੍ਹੇ ਜਿਨਸੀ ਸਬੰਧਾਂ ਨੂੰ ਉਤਸ਼ਾਹਿਤ ਕੀਤਾ ਹੈ।
ਕਿਸੇ ਪੀੜਤ ਲੜਕੀ ਲਈ ਇਨਸਾਫ਼ ਮੰਗਣ ਵਾਲਿਆਂ ਦਾ ਨਿਸ਼ਾਨਾ ਵੀ ਸਿਰਫ਼ ਮੁਜ਼ਰਮ ਤੱਕ ਹੀ ਕੇਂਦਰਿਤ ਹੁੰਦਾ ਹੈ। ਮੁਜ਼ਰਮ ਨੂੰ ਅਜਿਹਾ ਬਣਾਉਣ ਵਾਲੇ ਹਾਲਾਤ ਨੂੰ ਮਨਫ਼ੀ ਕਰਦੇ ਅਜਿਹੇ ਸੰਘਰਸ਼ ਥੋੜ-ਚਿਰਾ ਪ੍ਰਗਟਾਵਾ ਹੁੰਦੇ ਹਨ। ਜ਼ਿਆਦਾਤਰ ਮਾਮਲੇ ਸੁਰਖੀਆਂ ਵਿੱਚ ਨਹੀਂ ਆਉਂਦੇ। ਅਜਿਹੀਆਂ ਘਟਨਾਵਾਂ ਕਾਰਨ ਵਿਦੇਸ਼ਾਂ ਵਿੱਚ ਸਾਡੇ ਮੁਲਕ ਦਾ ਇਹ ਅਕਸ ਬਣਦਾ ਜਾ ਰਿਹਾ ਹੈ ਕਿ ਇਹ ਗੁੰਡਿਆਂ, ਬਦਮਾਸ਼ਾਂ ਤੇ ਬਲਾਤਕਾਰੀਆਂ ਦਾ ਦੇਸ਼ ਹੈ।
ਇਸ ਕਲੰਕ ਤੋਂ ਮੁਕਤੀ ਪਾਉਣ ਲਈ ਸਮਾਜ ਦੇ ਕਿਰਦਾਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਲੋਕ ਲਹਿਰ ਬਣਾ ਕੇ ਲੜਨਾ ਸਮੇਂ ਦੀ ਜ਼ਰੂਰਤ ਹੈ। ਵਿੱਦਿਅਕ ਸੰਸਥਾਵਾਂ ਇਸ ਵਿੱਚ ਅਹਿਮ ਰੋਲ ਅਦਾ ਕਰ ਸਕਦੀਆਂ ਹਨ। ਅਧਿਆਪਕਾਂ ਤੇ ਮਾਪਿਆਂ ਦੋਵਾਂ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਅਜਿਹੇ ਵਰਤਾਰੇ ਪ੍ਰਤੀ ਸਮੇਂ ਸਮੇਂ ’ਤੇ ਸੁਚੇਤ ਕਰਦੇ ਰਹਿਣ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੀ ਸਮਾਜਿਕ ਜ਼ਿੰਮੇਵਾਰੀ ਪਛਾਣੀਏ। ਇਸ ਵਰਤਾਰੇ ਵਿਰੁੱਧ ਰਲ ਕੇ ਅੱਗੇ ਵਧੀਏ। ਸਾਂਝੇ ਯਤਨਾਂ ਸਦਕਾ ਹੀ ਕੋਈ ਗੱਲ ਅੱਗੇ ਤੋਰੀ ਜਾ ਸਕਦੀ ਹੈ।
ਸੰਪਰਕ: 94636-15536