ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਾਨਣ ਜਾਏ

08:18 AM Dec 02, 2023 IST

ਰਾਮ ਸਵਰਨ ਲੱਖੇਵਾਲੀ

Advertisement

ਆਪਣੇ ਮਿੱਤਰ ਦੇ ਪਿੰਡ ਜਾਣ ਦਾ ਸਬਬ ਬਣਿਆ। ਰਸਤੇ ਵਿਚ ਖੇਤਾਂ ਵਿਚ ਝੂਮਦੀਆਂ ਫ਼ਸਲਾਂ। ਮੋਟਰਾਂ ਵਿਚੋਂ ਕਲ ਕਲ ਵਹਿੰਦਾ ਪਾਣੀ। ਵੱਟਾਂ ਬੰਨਿਆਂ ’ਤੇ ਫਿਰਦੇ ਕਿਰਤੀ ਕਾਮੇ। ਦੂਰ ਤੱਕ ਹਰਿਆਲੀ ਦੀ ਵਿਛੀ ਚਾਦਰ। ਪੰਛੀਆਂ ਦੀਆਂ ਮਿੱਠੀਆਂ ਆਵਾਜ਼ਾਂ। ਉੱਪਰ ਛਤਰੀ ਤਾਣੀ ਖੜ੍ਹਾ ਨੀਲਾ ਅੰਬਰ। ਇਹ ਦ੍ਰਿਸ਼ ਖੇਤਾਂ ਦੇ ਜੀਵਨ ਨੂੰ ਰੂਪਮਾਨ ਕਰਦੇ ਨਜ਼ਰ ਆਏ। ਰੁੱਖਾਂ ਦੇ ਪੀਲੇ, ਚਿੱਟੇ ਫੁੱਲਾਂ ਦੀ ਸੰਗਤ ਨੇ ਮਨ ਮੋਹਿਆ। ਵਗਦੀ ਪੌਣ ਵਿਚ ਮਿਲੀ ਫ਼ਸਲਾਂ, ਫੁੱਲਾਂ ਦੀ ਮਹਿਕ। ਪਿੰਡ ਦੀ ਜੂਹ ਵਿਚ ਹਰੇ ਭਰੇ ਰੁੱਖ ਸਵਾਗਤ ਕਰਦੇ ਦਿਸੇ। ਕੁਦਰਤ ਦਾ ਸੰਗ ਸਾਥ ਮਾਣਦਿਆਂ ਪਿੰਡ ਪਹੁੰਚੇ।
ਪਿੰਡ ਦੇ ਵਿਚਕਾਰ ਖੁੱਲ੍ਹਾ ਡੁੱਲ੍ਹਾ ਘਰ। ਰੁੱਖਾਂ ਤੇ ਫੁੱਲਾਂ ਨੂੰ ਕਲਾਵੇ ਵਿਚ ਸਾਂਭੀ ਬੈਠਾ। ਇੱਕ ਪਾਸੇ ਮੱਝਾਂ, ਗਾਵਾਂ ਬੈਠੀਆਂ। ਨਾਲ ਦੇ ਵੱਡੇ ਬਰਾਂਡੇ ਵਿਚ ਖੇਤੀ ਵਰਤੋਂ ਦੇ ਸੰਦ। ਹਰ ਚੀਜ਼ ਥਾਂ ਸਿਰ ਸਾਂਭੀ ਨਜ਼ਰ ਆਈ। ਦੂਸਰੇ ਪਾਸੇ ਹਰੇ ਰੰਗ ਵਿਚ ਸਜੀ ਸਬਜ਼ੀਆਂ ਦੀ ਕਿਆਰੀ। ਘਰ ਦਾ ਮੂੰਹ ਮੁਹਾਂਦਰਾ ਮਨ ਨੂੰ ਭਾਇਆ। ਬੈਠਕ ਵਿਚ ਜਾ ਬੈਠੇ। ਘਰ ਦੇ ਜੀਆਂ ਨਾਲ ਮੇਲ ਮੁਲਾਕਾਤ। ਚਾਹ ਪਾਣੀ ਪੀਤਾ। ਬੈਠਕ ਵਿਚ ਹੀ ਸਾਹਵੇਂ ਬਣੀ ਅਲਮਾਰੀ ਵਿਚੋਂ ਤਕਦੀਆਂ ਪੁਸਤਕਾਂ ਮਨ ਦਾ ਸਕੂਨ ਬਣੀਆਂ। ਮਾਂ ਬਾਪ ਦੀ ਛਾਂ ਹੇਠ ਪਲਿਆ ਪੁੱਤਰ। ਪੁਸਤਕਾਂ ਨਾਲ ਵਫਾ ਕਰ ਕੇ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਤੋਰਦਾ ਜਾਪਿਆ। ਘਰ ਬਾਰ ਦੇ ਸੁਹਜ ਸਲੀਕੇ ਦੀ ਜਾਚ ਸਮਝ ਵਿਚ ਆਈ।
ਗੱਲਾਂ ਵਿਚ ਮਿਠਾਸ ਸੀ। ਸਲੀਕੇ ਵਿਚ ਮੁਹੱਬਤ। ਸਾਦ ਮੁਰਾਦੇ, ਸੁੱਚੀ ਜੀਵਨ ਜਾਚ। ਚਿਹਰਿਆਂ ’ਤੇ ਸੰਤੁਸ਼ਟੀ ਦੀ ਝਲਕ। ਨਾ ਕੋਈ ਵਲ ਨਾ ਫੇਰ। ਕੁਦਰਤ, ਜਿ਼ੰਦਗੀ ਤੇ ਕੰਮ ਦੇ ਉਪਾਸ਼ਕ। ਦੁਪਿਹਰ ਦੇ ਖਾਣੇ ਦਾ ਵਕਤ ਹੋਇਆ। ਪਿੰਡ ਦੀਆਂ ਨਿਆਮਤਾਂ ਨਾਲ ਬਣਿਆ ਖਾਣਾ। ਨਾ ਕੋਈ ਦਿਖਾਵਾ ਨਾ ਉਚੇਚ। ਖਾਣਾ ਖਾਂਦਿਆਂ ਮਾਂ ਦਾ ਚੁੱਲ੍ਹਾ ਚੌਂਕਾ ਅੱਖਾਂ ਸਾਹਵੇਂ ਨਜ਼ਰੀਂ ਪਿਆ। ਰੋਟੀ ਦੀ ਉਡੀਕ ਵਿਚ ਬੈਠੇ ਸਾਰੇ ਭੈਣ ਭਰਾ। ਮਾਂ ਦੇ ਹੱਥਾਂ ਦਾ ਸੁਹਜ ਤੱਕਦੇ। ਇੱਕ ਇਕੱਲੀ ਜਾਨ ਸਾਰੇ ਕੰਮ ਨੂੰ ਸਾਂਭੀ ਰੱਖਦੀ। ਅਸੀਂ ਮਿਲ ਬੈਠ ਕੇ ਖਾਂਦੇ। ਮਾਂ ਦੇ ਹੱਥਾਂ ਦੇ ਸੁਹਜ ਦਾ ਅਹਿਸਾਸ ਸਾਲਾਂ ਬਾਅਦ ਮਾਣਿਆ।
ਘਰਦਿਆਂ ਤੋਂ ਵਾਪਸ ਪਰਤਣ ਦੀ ਆਗਿਆ ਲਈ। ਰਾਹ ਵਿਚ ਆਉਂਦੇ ਖੇਤ ਆ ਰੁਕੇ। ਆਪਣੇ ਖੇਤਾਂ ਵਿਚ ਦੂਰ ਤੱਕ ਨਜ਼ਰ ਮਾਰਦਾ ਮਿੱਤਰ ਬੋਲਿਆ, ‘ਇਨ੍ਹਾਂ ਵਿਚ ਸਾਡੀ ਜਾਨ ਹੈ। ਰਿਜ਼ਕ ਹੈ। ਰਿਸ਼ਤਿਆਂ ਦੀ ਜੜ੍ਹ ਹੈ। ਧੀਆਂ ਪੁੱਤਰਾਂ ਦਾ ਭਵਿੱਖ ਹੈ। ਸੁਫ਼ਨਿਆਂ ਦੀ ਥਾਹ ਹੈ। ਸਾਡੇ ਸਾਹਾਂ ਦੀ ਤੰਦ ਹੈ। ਜਿਊਣ ਦੀ ਚਾਹ ਹੈ। ਇਹ ਸਿਦਕ, ਸਬਰ ਤੇ ਆਪਾ ਵਾਰੂ ਭਾਵਨਾ ਦੇ ਦਾਤੇ। ਇੱਥੋਂ ਹੀ ਮਿਲਦਾ ਸੰਘਰਸ਼ਾਂ ਦਾ ਸਬਕ। ਕਿਰਤ ਦੀ ਰਾਖੀ ਦਾ ਬੁਲੰਦ ਜਜ਼ਬਾ। ਦੇਸ਼ ਦੇ ਭੰਡਾਰ ਭਰਨ ਵਾਲੇ। ਕੁੱਲ ਲੋਕਾਈ ਦੇ ਖ਼ੈਰ ਖਵਾਹ। ਅੰਨ ਦਾਤੇ, ਇਹ ਖੇਤ ਹੀ ਤਾਂ ਹਨ। ਇੱਥੇ ਖ਼ੂਨ ਪਸੀਨਾ ਵਹਾਉਂਦੇ। ਇਨ੍ਹਾਂ ਨਾਲ ਮਿੱਟੀ ਹੁੰਦੇ। ਆਪਣੇ ਕਿਰਤੀ ਪੁੱਤਰ ਧੀਆਂ ਦੇ ਸਿਰਾਂ ’ਤੇ ਹੱਥ ਰੱਖਣਾ ਖੇਤਾਂ ਦੀ ਫਿਤਰਤ ਹੈ।
ਉਹ ਮੁੜ ਬੋਲਣ ਲੱਗਾ, “ਆਪਾਂ ਪਿੰਡਾਂ ਨੂੰ ਛੱਡ ਕੇ ਬਹੁਤ ਕੁਝ ਗੁਆ ਲਿਆ ਹੈ। ਸਾਂਝ, ਸਨੇਹ ਤੋਂ ਸੱਖਣੇ ਹੋ ਗਏ ਹਾਂ। ਆਪਣੇ ਕੰਮ ਨਾਲ ਮਤਲਬ ਰੱਖਦੇ ਹਾਂ। ਇੱਕ ਦੂਜੇ ਦੇ ਕੰਮ ਆਉਣ ਵਾਲੀ ਵਿਰਾਸਤ ਭੁੱਲ ਗਏ ਹਾਂ। ਚੰਦ ਸੁਖ ਸਹੂਲਤਾਂ ਬਦਲੇ ਚੈਨ ਗਵਾ ਬੈਠੇ ਹਾਂ। ਸਹਿਜਤਾ ਸਾਡੇ ਨਾਲ ਰੁੱਸ ਗਈ ਜਾਪਦੀ ਹੈ। ਮਾਵਾਂ ਦੀ ਛਾਂ ਸਾਥੋਂ ਖੁੱਸ ਗਈ ਹੈ। ਆਪੋ-ਆਪਣੇ ਘਰਾਂ ਵਿਚ ਸੁਖ ਤਾਂ ਮਾਣਦੇ ਹਾਂ ਪਰ ਇਕੱਠ ਦੇ ਸੁਖਦ ਅਹਿਸਾਸ ਤੋਂ ਸੱਖਣੇ ਹੋ ਗਏ ਹਾਂ। ਦਿਖਾਵੇ ਨਾਲ ਵੱਡੇ ਹੋਣ ਦੇ ਭਰਮ ਦਾ ਸਿ਼ਕਾਰ ਬਣ ਗਏ ਹਾਂ। ਇਕੱਲੇ ਇਕੱਲੇ ਅੱਗੇ ਵਧਣਾ ਚਾਹੁੰਦੇ ਹਾਂ। ਨਾਂ ਕਮਾਉਣਾ ਲੋਚਦੇ ਹਾਂ। ਖੇਤਾਂ ਦੇ ਪੁੱਤਰਾਂ ਨੇ ਏਕੇ ਨਾਲ ਹੱਕ ਹਾਸਲ ਕਰਨ ਦਾ ਸਬਕ ਦੇ ਸਾਨੂੰ ਹਲੂਣਿਆ ਹੈ।” ਗੱਲਾਂ ਕਰਦਿਆਂ ਖੇਤੋਂ ਘਰ ਵਾਪਸੀ ਦਾ ਰਾਹ ਫੜਿਆ।
ਮਸਤਕ ਸੋਚਾਂ ਦੀ ਤੰਦ ਬੁਣਨ ਲੱਗਾ- ‘ਇਹ ਵਕਤ ਦਾ ਕੇਹਾ ਵਹਿਣ ਹੋਇਆ! ਪਿੰਡਾਂ ਤੋਂ ਸ਼ਹਿਰਾਂ ਵਿਚ ਨਿਵਾਸ। ਬਾਲ ਬੱਚੇ ਸੁਖ ਸਹੂਲਤਾਂ ਵਿਚ ਪੜ੍ਹੇ। ਮਾਪਿਆਂ ਦੀ ਸੋਚ ਤੋਂ ਅਗਾਂਹ ਤੁਰੇ। ਵਿਦੇਸ਼ਾਂ ਲਈ ਜਹਾਜ਼ ਚੜ੍ਹ ਗਏ। ਬੇਗਾਨੀ ਧਰਤੀ ਦੇ ਨਾਗਰਿਕ ਬਣੇ। ਸਵਰਗ ਜਿਹੇ ਦਿਨ ਦੇਖੇ। ਮਾਪਿਆਂ ਤੋਂ ਦੂਰ ਮਸ਼ੀਨਾਂ ਬਣ ਜੀਣ ਲੱਗੇ। ਮੋਹ, ਮੁਹੱਬਤ ਤੇ ਸਾਂਝ ਦੀ ਪੀਂਘ ਤੋਂ ਉਤਰ ਗਏ। ਪੂੰਜੀ ਦੇ ਸਾਏ ਵਿਚ ਮਨੁੱਖ ਹੋਣ ਦਾ ਮਤਲਬ ਭੁੱਲ ਬੈਠੇ। ਸਭ ਕੁਝ ਪਾਉਣ ਦੀ ਲਾਲਸਾ ਲੈ ਬੈਠੀ। ਜਿਊਣ ਦੇ ਮਕਸਦ ਤੋਂ ਕੀ ਖੁੰਝੇ; ਜਿ਼ੰਦਗੀ ਦੀ ਝੋਲੀ ’ਚੋਂ ਸਾਂਝ, ਸਨੇਹ, ਮਿਲਾਪ, ਖੁਸ਼ੀ ਤੇ ਸਬਰ ਦੇ ਮੋਤੀ ਬਿਖਰ ਗਏ’।
‘ਆਪਣੇ ਲਈ ਜਿਊਣਾ ਚੰਗਾ ਹੈ। ਜੀਵਨ ਵਿਚ ਮਿਹਨਤ ਦੇ ਬਲਬੂਤੇ ਬੁਲੰਦੀਆਂ ਛੂਹਣਾ ਉਸ ਤੋਂ ਵੀ ਚੰਗਾ। ਆਪਣੀ ਸਮਝ, ਸਿੱਖਿਆ ਅਨੁਸਾਰ ਵਿਚਰਨਾ ਮਨੁੱਖ ਦਾ ਹੱਕ ਹੁੰਦਾ ਹੈ। ਜੇਕਰ ਜਿ਼ੰਦਗੀ ਉਚੇਰੇ ਉਦੇਸ਼ ਦੇ ਲੇਖੇ ਲੱਗੀ ਹੋਵੇ ਤਾਂ ਉੱਤਮ। ਹੋਰਾਂ ਦੇ ਜਿਊਣ ਵਿਚ ਰੰਗ ਭਰੇ ਤਾਂ ਹੀ ਜਿਊਣਾ ਸਾਰਥਕ ਬਣਦਾ। ਉਂਝ ਵੀ ਜਿਸ ਧਰਤੀ ਦੇ ਪੌਣ ਪਾਣੀ ਵਿਚ ਰਹਿਣਾ; ਜਿਸ ਸਮਾਜ, ਸਭਿਆਚਾਰ ਦਾ ਅੰਗ ਬਣਨਾ; ਉਸ ਦੀ ਬਿਹਤਰੀ ਵਿਚ ਸੀਰ ਪਾਉਣਾ ਲਾਜ਼ਮ ਹੁੰਦਾ। ਜਿਨ੍ਹਾਂ ਨਾਇਕਾਂ ਦੀ ਵਿਰਾਸਤ ਦੀ ਛਾਂ ਮਾਣੀ; ਉਨ੍ਹਾਂ ਦੇ ਸੋਚਾਂ, ਸੁਫ਼ਨਿਆਂ ਨੂੰ ਅੱਖੋਂ ਪਰੋਖੇ ਕਰਨਾ ਸਾਰਥਕ ਜੀਵਨ ਹਰਗਿਜ਼ ਨਹੀਂ ਹੁੰਦਾ। ਨਾ ਹੀ ਜੀਵਨ ਦੀ ਪ੍ਰਾਪਤੀ ਦਾ ਹਿੱਸਾ ਬਣਦਾ’।
ਜੀਵਨ ਵਿਚ ਬਰਾਬਰੀ ਅਤੇ ਸੰਕਲਪ ਨੂੰ ਜਿਊਣ ਦਾ ਮਕਸਦ ਬਣਾ ਤੁਰਦੇ। ਹਰ ਪਲ ਚੰਗੇਰੀ ਜਿ਼ੰਦਗੀ ਲਈ ਸੰਘਰਸ਼ ਕਰਦੇ। ਨਿੱਤ ਨਵੇਂ ਉਤਸ਼ਾਹ ਨਾਲ ਮੰਜਿ਼ਲ ਵੱਲ ਸਾਬਤ ਕਦਮੀਂ ਵਧਦੇ। ਰਾਹ ਦੀਆਂ ਔਕੜਾਂ ਨੂੰ ਖਿੜੇ ਮੱਥੇ ਟੱਕਰਦੇ। ਕਿਰਤ ਨੂੰ ਉਚਿਆਉਂਦੇ। ਡਿੱਗਿਆਂ ਨੂੰ ਉਠਾਉਂਦੇ। ਸੁੱਤਿਆਂ ਨੂੰ ਜਗਾਉਂਦੇ। ਚੇਤਨਾ ਦਾ ਚਾਨਣ ਵੰਡਦੇ। ਕਲਮ, ਕਲਾ ਨਾਲ ਜਿਊਣ ਰਾਹਾਂ ਨੂੰ ਰੌਸ਼ਨ ਕਰਦੇ। ਸਭਨਾਂ ਨੂੰ ਨਾਲ ਲੈ ਕੇ ਚਲਦੇ। ਹੱਕਾਂ ਹਿਤਾਂ ਲਈ ਸੰਘਰਸ਼ਾਂ ਦੇ ਪਿੜ ਮਘਾਉਂਦੇ। ਸਿਰੜ, ਸਿਦਕ ਤੇ ਲਗਨ ਦੇ ਕਲਾਵੇ ਵਿਚ ਰਹਿੰਦੇ। ਅਜਿਹੇ ਜਾਗਦੇ, ਜੂਝਦੇ ਮਨੁੱਖ ਜਿ਼ੰਦਗੀ ਦੇ ਸ਼ਾਹ ਸਵਾਰ ਬਣਦੇ। ਹੋਰਾਂ ਲਈ ਪ੍ਰੇਰਨਾ ਸ੍ਰੋਤ ਹੁੰਦੇ। ਉਹ ਜਿ਼ੰਦਗ਼ੀ ਦੇ ਬੁਲੰਦ ਸਿਤਾਰਿਆਂ ਦੀ ਕਤਾਰ ਵਿਚ ਆਉਂਦੇ।
ਬਿਖੜੇ ਪੈਂਡਿਆਂ ਦੇ ਸਿਦਕਵਾਨ ਪਾਂਧੀ। ਜਿ਼ੰਦਗੀ ਦੇ ਹਰ ਮੋੜ ਤੇ ਲੋਕਾਈ ਲਈ ਰੌਸ਼ਨੀ ਬਣ ਬਿਖਰਦੇ। ‘ਸੁਨਿਹਰੇ ਭਵਿੱਖ’ ਦਾ ਪ੍ਰਤੀਕ ਬਣੇ ਅਜਿਹੇ ਚਾਨਣ ਜਾਇਆਂ ਦੀ ਕਰਨੀ ਨੂੰ ਨਤਮਸਤਕ ਹੁੰਦਾ ਘਰ ਪਰਤਦਾ ਹਾਂ।

ਸੰਪਰਕ: 95010-06626

Advertisement

Advertisement