ਇਨਸਾਫ਼ ਲੋਕਾਂ ਦੀ ਪਹੁੰਚ ’ਚ ਹੋਵੇ: ਸੰਤ ਸੀਚੇਵਾਲ
ਪੱਤਰ ਪ੍ਰੇਰਕ
ਜਲੰਧਰ, 16 ਅਗਸਤ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬਾਰ ਐਸੋਸੀਏਸ਼ਨ ਨਕੋਦਰ ਵਿੱਚ ਵਕੀਲਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨਸਾਫ ਲੋਕਾਂ ਦੀ ਪਹੁੰਚ ਵਿੱਚ ਹੋਵੇ ਤੇ ਕਾਨੂੰਨ ਦੀਆਂ ਕਿਤਾਬਾਂ ਲੋਕਾਂ ਦੇ ਕੰਮ ਆਉਣ। ਨਕੋਦਰ ਕੋਰਟ ਕੰਪਲੈਕਸ ਵਿੱਚ ਬੂਟੇ ਲਗਾਉਣ ਦੀ ਚਲਾਈ ਜਾ ਰਹੀ ਮੁਹਿੰਮ ਵਿੱਚ ਸ਼ਾਮਿਲ ਹੁੰਦਿਆ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਪਾਣੀਆਂ ਦੇ ਕੁਦਰਤੀ ਸਰੋਤਾਂ ਨੂੰ ਪਲੀਤ ਕੀਤਾ ਜਾ ਰਿਹਾ ਹੈ। ਉਸ ਵਿੱਚ ਫੈਕਟਰੀਆਂ ਦੇ ਗੰਦੇ ਪਾਣੀ ਪਾਏ ਜਾ ਰਹੇ ਹਨ। ਇਸ ਅਪਰਾਧ ਨੂੰ ਰੋਕਣ ਲਈ ਵਕੀਲ ਭਾਈਚਾਰਾ ਅੱਗੇ ਆਵੇ।
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ ਲਾਇਬ੍ਰੇਰੀ ਨੂੰ ਪੰਜ ਲੱਖ ਦੀ ਗਰਾਂਟ ਦੇਣ ਦਾ ਐਲਾਨ ਕਰਦਿਆ ਕਿਹਾ ਕਿ ਕਾਨੂੰਨ ਦੀਆਂ ਕਿਤਾਬਾਂ ਦਾ ਲਾਭ ਆਮ ਲੋਕਾਂ ਨੂੰ ਮਿਲਣਾ ਚਾਹੀਦਾ ਹੈ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਭਰੋਸਾ ਦਿੱਤਾ ਕਿ ਵਕੀਲ ਪ੍ਰਦੂਸ਼ਣ ਵਿਰੁੱਧ ਮਾਮਲਿਆਂ ਨੂੰ ਲੜਨਗੇ। ਇਸ ਮੌਕੇ ਕੋਰਟ ਕੰਪਲੈਕਸ਼ ਵਿੱਚ ਬੂਟੇ ਲਗਾਏ ਗਏ। ਸੰਤ ਸੀਚੇਵਾਲ ਨੂੰ ਵਕੀਲਾਂ ਵੱਲੋਂ ਸਨਮਾਨਿਤ ਕੀਤਾ ਗਿਆ।