ਬਚਪਨ ਨੂੰ ਬਚਪਨ ਹੀ ਰਹਿਣ ਿਦਓ
ਬਲਦੇਵ ਸਿੰਘ (ਸੜਕਨਾਮਾ)
ਕਸੂਤੇ ਜਿਹੇ ਵੇਲੇ ਫੋਨ ਦੀ ਘੰਟੀ ਖੜਕੀ, ਵੇਖਿਆ ‘ਵਟਸਐਪ’ ਕਾਲ ਸੀ। ਫੋਨ ’ਤੇ ਮੇਰਾ ਪੁਰਾਣਾ ਹਮਜਮਾਤੀ ਸੀ।
‘‘ਸੌਂ ਤਾਂ ਨ੍ਹੀਂ ਸੀ ਗਿਆ?’’ ਆਵਾਜ਼ ਆਈ
‘‘ਹੁਣ ਕੀ ਫ਼ਰਕ ਪੈਂਦਾ ਜਾਗ ਪਿਆਂ। ਕਿਹੜੇ ਮੁਲਕ ਤੋਂ ਬੋਲ ਰਿਹੈ?’’ ਮੈਂ ਪੁੱਛਿਆ। ਉਹ ਅਮਰੀਕਾ ਚਲਾ ਗਿਆ ਸੀ। ‘ਵਟਸਐਪ’ ਕਾਲ ਵੀ ਉਸ ਦੇ ਬਾਹਰ ਹੋਣ ਦੀ ਤਸਦੀਕ ਕਰ ਰਹੀ ਸੀ। ਭਾਰਤੀ ਪਰਵਾਸੀਆਂ ਵਿਚ ਕਿੰਨੇ ਵੀ ਔਗੁਣ ਹੋਣ ਵਕਤ ਦੇ ਪਾਬੰਦ ਉਹ ਖੂਬ ਹੁੰਦੇ ਨੇ। ਦਿੱਤੇ ਸਮੇਂ ’ਤੇ ਹਮਜਮਾਤੀ ਆ ਗਿਆ।
‘‘ਕਿੰਨੇ ਦਿਨ ਹੋਗੇ ਆਏ ਨੂੰ?’’ ਮੈਂ ਪੁੱਛਿਆ,
‘‘ਤਿੰਨ ਵੀਕ ਹੋਗੇ।’’
‘‘ਕਮਾਲ ਐ ਆਇਆ ਅੱਜ ਐਂ। ਤੇਰੀ ਕਾਲਜ ਵੇਲੇ ਦੀ ਯਾਰੀ ਤਾਂ ਫਿਰ ਛੋਲਿਆ ਦਾ ਵੱਢ ਹੀ ਹੋਈ?’’ ਮੈਂ ਹੱਸਦਿਆਂ ਉਲਾਂਭਾ ਦਿੱਤਾ।
‘‘ਦਰਅਸਲ ਪਹਿਲਾਂ ਰਿਸ਼ਤੇਦਾਰਾਂ ਨੇ ਹਾਈਜੈਕ
ਕਰ ਲਿਆ, ਫਿਰ ਗਰਮੀ ਬਰਦਾਸ਼ਤ ਨਾ ਹੋਈ
ਰਾਜਸਥਾਨ ਘੁੰਮਦੇ ਮਾਊਂਟ ਆਬੂ ਵੱਲ ਚਲੇ ਗਏ।
ਅਨੁਭਵ ਵਧੀਆ ਰਿਹਾ।’’
ਮੈਂ ਪੁੱਛਣਾ ਚਾਹੁੰਦਾ ਸੀ। ਯਾਤਰਾ ਕਰਦਿਆਂ ਤੁਸੀਂ ਆਮ ਲੋਕਾਂ ਨੂੰ ਵੀ ਜ਼ਰੂਰ ਵੇਖਿਆ ਹੋਵੇਗਾ। ਕੋਈ ਸੜਕਾਂ ’ਤੇ ਮਜ਼ਦੂਰੀ ਕਰਦਾ, ਕੋਈ ਖੇਤਾਂ ਵਿਚ ਦਿਹਾੜੀ ਕਰਦਾ, ਕੋਈ ਬੱਕਰੀਆਂ ਭੇਡਾਂ ਦੇ ਇੱਜੜ ਚਰਾਉਂਦਾ। ਮਰਦਾਂ ਵਾਂਗ ਦਿਹਾੜੀ ਕਰਦੀਆਂ ਔਰਤਾਂ, ਰੁਕ ਕੇ ਉਨ੍ਹਾਂ ਨਾਲ ਵੀ ਗੱਲਾਂ ਕੀਤੀਆਂ? ਉਨ੍ਹਾਂ ਦਾ ਹਾਲ-ਚਾਲ ਵੀ ਪੁੱਛਿਆ? ਪਰ ਨਹੀਂ ਪੁੱਛ ਸਕਿਆ। ਜਿਹੜੇ ਮੁਲਕ ਵਿਚੋਂ ਉਹ ਆਇਆ ਹੈ, ਉੱਥੇ ਹਾਸ਼ੀਏ ਵੱਲ ਧੱਕੇ ਲੋਕਾਂ ਨੂੰ ਬਹੁਤਾ ਸੁਰਖ਼ੀਆਂ ਵਿਚ ਨਹੀਂ ਰੱਖਿਆ ਜਾਂਦਾ। ਹੁਣ ਤਾਂ ਇੱਥੇ ਵੀ ਝੁੱਗੀਆਂ ਝੌਂਪੜੀਆਂ ਨੂੰ ਕਿਸੇ ਜਸ਼ਨ ਮੌਕੇ ਝੱਟ-ਪੱਟ ਉਸਾਰੀਆਂ ਕੰਧਾਂ ਦੀ ਓਟ ਵਿਚ ਕਰ ਦਿੱਤਾ ਜਾਂਦਾ ਹੈ। ਮੈਨੂੰ ਸੋਚੀਂ ਪਿਆ ਵੇਖ ਕੇ ਮਿੱਤਰ ਬੋਲਿਆ;
‘‘ਵਾਪਸੀ ਵੇਲੇ ਅਸੀਂ ਇਕ ਰਿਸ਼ਤੇਦਾਰ ਦੇ ਘਰ ਕੁਝ ਸਮੇਂ ਲਈ ਰੁਕੇ। ਕਮਾਲ ਹੋ ਗਈ, ਬੜਾ ਹਾਈ-ਫਾਈ ਏਰੀਆ। ਰਿਸ਼ਤੇਦਾਰ ਵੀ ਮਿਲਾਪੜੀ ਰੂਹ ਵਾਲੇ, ਪਰ ਪੂਰੇ ਡਿਸਿਪਲਨ ਵਿਚ। ਸੇਵਾ ਭਾਵਨਾ ਦੇ ਚਾਅ ਨਾਲ ਭਰੇ ਹੋਏ ਉਨ੍ਹਾਂ ਦੇ ਇਕ ਤਿੰਨ ਸਾਢੇ ਤਿੰਨ ਸਾਲਾਂ ਦੇ ਬੱਚੇ ਨੇ ਤਾਂ ਸਾਨੂੰ ਅਚੰਭਿਤ ਕਰ ਦਿੱਤਾ। ਇੰਨਾ ਟੈਲੰਟ, ਇੰਗਲਿਸ਼ ਬੋਲੇ। ਉਸ ਨੂੰ ਵਿਸ਼ੇਸ਼ ਤੌਰ ’ਤੇ ਸਾਡੇ ਨਾਲ ਮਿਲਾਇਆ ਗਿਆ। ਮੈਂ ਵੇਖਿਆ ਬੱਚਾ ਕੁਝ ਡਰਿਆ ਡਰਿਆ ਤੇ ਸਹਿਮਿਆ ਹੋਇਆ ਸੀ। ਕੁਝ ਪੰਜਾਬੀ ਜਾਂ ਹਿੰਦੀ ਵਿਚ ਪੁੱਛਣ ’ਤੇ ਉਹ ਚੁੱਪ ਰਹੇ, ਆਪਣੇ ਡੈਡ ਵੱਲ ਵੇਖੇ। ਉਸ ਦੇ ਡੈਡ ਨੇ ਕਿਹਾ, ‘‘ਟੈੱਲ ਯੂਅਰ ਨੇਮ।’’ ਉਸ ਨੇ ਝੱਟ ਦੱਸ ਦਿੱਤਾ।...ਫਿਰ ਬੱਚੇ ਨੇ ਆਪਣੇ ਦਾਦਾ-ਦਾਦੀ ਅਤੇ ਮਾਂ ਬਾਰੇ ਵੀ ਦੱਸਿਆ। ਅੰਗਰੇਜ਼ੀ ਵਿਚ ਕਵਿਤਾਵਾਂ ਵੀ ਸੁਣਾਈਆਂ। ਮੈਂ ਪੁੱਛਿਆ;
‘‘ਇੰਨੀ ਛੋਟੀ ਉਮਰ ਵਿਚ ਇਹ ਚਮਤਕਾਰ ਕਿਵੇਂ ਹੋਇਆ?’’
‘‘ਬੜੀ ਮਿਹਨਤ ਕਰਨੀ ਪਈ ਜੀ। ਘਰ ਵਿਚ ਇਸ ਦੇ ਸਾਹਮਣੇ ਪੰਜਾਬੀ ਤਾਂ ਬਿਲਕੁਲ ਨਹੀਂ ਬੋਲੀ ਜਾਂਦੀ। ਬੱਚਿਆਂ ਨਾਲ ਰੀਲੇਟਡ ਇੰਗਲਿਸ਼ ਫਿਲਮਾਂ, ਸੀਡੀਆਂ, ਗੇਮਾਂ ਇਸ ਲਈ ਸਪੈਸ਼ਲ ਮੰਗਵਾਈਆਂ ਨੇ। ਸਾਡੀ ਪੰਜਾਬੀ ਵਿਚ ਤਾਂ ਕੋਈ ਫਿਊਚਰ ਨਹੀਂ ਹੈ। ਬੱਚੇ ਨੇ ਆਖ਼ਰ ਵਿਦੇਸ਼ ਸੈਟਲ ਹੋਣਾ। ਇਸ ਨੂੰ ਹੁਣੇ ਤੋਂ ਉਸ ਮਾਹੌਲ ਦੀ ਆਦਤ ਪਾ ਰਹੇ ਹਾਂ।’’ ਬੱਚੇ ਦਾ ਡੈਡ ਬੋਲੀ ਜਾ ਰਿਹਾ ਸੀ, ਮੈਂ ਪੁੱਛ ਬੈਠਾ:
‘‘ਆਂਢ-ਗੁਆਂਢ ਦੇ ਬੱਚਿਆਂ ਨਾਲ ਖੇਡਣ ਜਾਂਦਾ ਹੈ?’’
‘‘ਨਾ ਜੀ ਨਾ, ਨੈਵਰ, ਕੱਦੀ ਵੀ ਨਹੀਂ। ਪੰਜਾਬੀ ਬੱਚੇ ਇਹੋ ਜਿਹੀਆਂ ਨਾਨ-ਵੈਜ ਗਾਲ੍ਹਾਂ ਦਿੰਦੇ ਨੇ, ਤੌਬਾ ਤੌਬਾ...।’’ ਮੇਰੇ ਹਮਜਮਾਤੀ ਨੇ ਉਸ ਦੀ ਨਕਲ ਉਤਾਰੀ। ਹੱਸਿਆ ਫਿਰ ਦੱਸਣ ਲੱਗਾ ‘‘ਅਸੀਂ ਬੱਚੇ ਨੂੰ ਬੜੇ ਮੈਨਰਜ਼ ਸਿਖਾਏ ਨੇ। ਇੰਨੇ ਵਿਚ ਕਿਚਨ ਵਾਲੇ ਪਾਸਿਓਂ ਆਣ ਕੇ ਬੱਚੇ ਨੇ ਕਿਹਾ- ‘ਡੈਡੀ ਮੰਮਾ ਨੇ...।’ ਗੱਲ ਅਜੇ ਪੂਰੀ ਨਹੀਂ ਸੀ ਹੋਈ, ਉਸ ਦੇ ਡੈਡੀ ਦੀ ਗਰਜਵੀਂ ਦਹਾੜ ਸੁਣੀ;
‘‘ਨੋ ਪੰਜਾਬੀ ਯੂ ਨੋਅ?’’
‘‘ਬੱਚਾ ਤ੍ਰਾਹ ਗਿਆ। ਡਰ ਨਾਲ ਚਿਹਰਾ ਪੀਲਾ ਪੈ ਗਿਆ। ਉਹ ਕੰਬ ਗਿਆ। ਉਸ ਨੇ ਸਾਡੇ ਵੱਲ
ਵੇਖਿਆ, ਅੱਖਾਂ ਵਿਚ ਭੈਅ। ‘‘ਓ ਮਾਈ ਗੌਡ।’’ ਹਮਜਮਾਤੀ ਬੋਲਿਆ- ‘‘ਮੈਂ ਕਿਹਾ ਇਹ ਤਾਂ ਟਾਰਚਰ
ਹੈ। ਬੱਚੇ ਤੋਂ ਬਚਪਨ ਖੋਹਿਆ ਜਾ ਰਿਹੈ। ਇਸ ਦੀ ਖੜਮਸਤੀ, ਬਾਲਪਨ, ਮਸੂਮੀਅਤ ਸਭ ਖੋਹੇ ਜਾ ਰਹੇ
ਨੇ...।’’ ਉਹ ਬੋਲਿਆ:
‘‘ਬੱਚੇ ਨੂੰ ਜ਼ਰਾ ਵੀ ਖੁੱਲ੍ਹ ਦੇਵਾਂਗੇ ਤਾਂ ਸਿੱਖੇਗਾ ਕਿਵੇਂ?’’
ਪਰ ਇਸ ਤਰ੍ਹਾਂ ਤਾਂ ਅਸੀਂ ਬੱਚੇ ਨੂੰ ਆਪਣੇ ਵਿਰਸੇ ਨਾਲੋਂ, ਆਪਣੇ ਇਤਿਹਾਸ ਨਾਲੋਂ, ਆਪਣੇ ਸਭਿਆਚਾਰ ਨਾਲੋਂ ਤੋੜ ਰਹੇ ਹਾਂ। ਬੱਚੇ ਦੇ ਡੈਡੀ ਦੇ ਚਿਹਰੇ ਉੱਪਰ ਮੈਨੂੰ ਨਾਰਾਜ਼ਗੀ ਦਿਸੀ। ਉਸ ਨੇ ਇੰਨਾ ਹੀ ਕਿਹਾ, ‘‘ਵੱਡਾ ਹੋਏਗਾ ਤਾਂ ਸਿੱਖ ਲਏਗਾ ਪੰਜਾਬੀ ਕਿੱਧਰ ਭੱਜ ਚੱਲੀ ਏ।’’
‘‘ਹਾਂ ਪੰਜਾਬੀ ਭਾਸ਼ਾ ਨੂੰ ਤਾਂ ਬਹੁਤੇ ਇਵੇਂ ਸਮਝਦੇ ਨੇ ਆ ਜਾਏਗੀ, ਕਿੱਧਰ ਭੱਜ ਚੱਲੀ ਏ। ਇੱਧਰ ਆ ਕੇ ਪੰਜਾਬੀ ਬੋਲੀ ਤਾਂ ਯੂਪੀ ਬਿਹਾਰ ਤੋਂ ਆਏ ਵੀ ਸਿੱਖ ਜਾਂਦੇ ਨੇ।’’ ਮੈਨੂੰ ਹਾਸਾ ਆ ਗਿਆ।
‘‘ਕੀ ਗੱਲ?’’ ਹਮਜਮਾਤੀ ਨੇ ਹੈਰਾਨ ਹੁੰਦਿਆਂ ਪੁੱਛਿਆ।
ਮੈਨੂੰ ਟੀਵੀ ਚੈਨਲਾਂ ਉੱਪਰ ਚਲਦੀ ਇਕ ਐਡ ਯਾਦ ਆ ਗਈ। ਮੈਂ ਕਿਹਾ, ‘‘ਦੇਖੀ ਸੁਣੀ ਹੈ?’’ ਹਮਜਮਾਤੀ ਨੇ ਸਿਰ ਫੇਰਿਆ, ‘‘ਉਸ ਐਡ ਵਿਚ ਕਿਸੇ ਸਾਬਣ ਦੀ ਮਸ਼ਹੂਰੀ ਹੈ। ਸੁੰਦਰੀ ਦਾ ਦੋਸਤ ਜਾਂ ਪਤੀ ਉਸ ਦੇ ਸਰੀਰ ਵਿਚੋਂ ਆਉਂਦੀ ਮਹਿਕ ’ਤੇ ਮੋਹਿਤ ਹੈ ਤੇ ਸੁੰਦਰੀ ਆਖਦੀ ਹੈ, ‘ਮੈਨੂੰ ਨ੍ਹੌਣ ਜਾਣੈ।’ ਨਾ ਉਸ ਨੂੰ ਵਾਕ ਦੀ ਵਿਆਕਰਨ ਦਾ ਪਤਾ ਹੈ ਨਾ ਸਹੀ ਢੰਗ ਨਾਲ ‘ਨ੍ਹੌਣ’ ਸ਼ਬਦ ਦੇ ਉਚਾਰਨ ਦੀ ਸੂਝ ਹੈ। ਵੱਡੇ ਹੋ ਕੇ ਪੰਜਾਬੀ ਸਿੱਖਣ ਦਾ ਦਾਅਵਾ ਕਰਨ ਵਾਲੇ ਇਸ ਤਰ੍ਹਾਂ ਦਾ ਹੀ ਅਨੁਵਾਦ ਤੇ ਉਚਾਰਣ ਕਰਨਗੇ। ਇਹ ਐਡ ਹਰ ਦਿਨ ਸੈਂਕੜੇ ਵਾਰ ਦਿਖਾਈ ਜਾਂਦੀ ਹੋਵੇਗੀ ਤੇ ਅਸੀਂ ਇਹ ਸੁਣ ਕੇ ‘ਆਈ-ਗਈ’ ਕਰ ਛੱਡਦੇ ਹਾਂ। ਤੇਰਾ ਉਹ ਰਿਸ਼ਤੇਦਾਰ ਬੱਚੇ ਦੇ ਭਵਿੱਖ ਨੂੰ ਚਮਕਾਉਣ ਦੀ ਲਾਲਸਾ ਵਿਚ ਉਸ ਦੀ ਮਾਸੂਮੀਅਤ ਦਾ ਕਤਲ ਕਰ ਰਿਹਾ ਹੈ।’’
ਹਮਜਮਾਤੀ ਮਿੱਤਰ ਨੂੰ ਮੇਰੀ ਗੱਲ ਬੁਰੀ ਲੱਗੀ। ਬੋਲਿਆ, ‘‘ਜੇ ਬੱਚਿਆਂ ਨੂੰ ਚੰਗਾ ਸ਼ਹਿਰੀ ਬਣਾਉਣਾ ਹੈ ਤਾਂ ਵਿਦੇਸ਼ੀ ਭਾਸ਼ਾ ਜ਼ਰੂਰੀ ਹੈ। ਸਖ਼ਤ ਡਿਸਿਪਲਨ ਵੀ ਜ਼ਰੂਰੀ ਹੈ।’’
ਮੈਂ ਸਮਝ ਗਿਆ, ਵਿਦੇਸ਼ ਜਾ ਵਸਿਆ ਮਿੱਤਰ ਵਿਦੇਸ਼ੀ ਰਹਿਤਲ ਵਿਚ ਗ੍ਰਸਤ ਹੈ, ਪਰ ਮੈਂ ਸੋਚ ਰਿਹਾ ਸੀ,
ਗਲੀਆਂ ਵਿਚ ਦੌੜਨਾ, ਪਤੰਗ ਉਡਾਉਣਾ, ਰੇਤੇ ਵਿਚ ਲਿਟਣਾ, ਉਸ ਨੂੰ ਸਭ ਮਨ੍ਹਾ ਹੋਵੇਗਾ। ਇਕ ਗੀਤ
ਵਿਚ ਲੇਖਕ ਆਪਣੇ ਬਚਪਨ ਨੂੰ ਆਵਾਜ਼ਾਂ ਮਾਰਦਾ
ਹੈ। ਇਹ ਬੱਚਾ ਆਪਣੇ ਬਚਪਨ ਨੂੰ ਯਾਦ ਕਰਕੇ ਕੰਬ ਜਾਇਆ ਕਰੇਗਾ। ਇਕ ਡਿਸਿਪਲਨ ’ਚ ਵੱਡੇ ਹੋਏ ਬੱਚਿਆਂ ਦਾ ਇੰਡੀਆ ਹੋਏਗਾ ਤੇ ਦੂਜਾ ਗਲੀਆਂ ’ਚ ਰੂੜੀਆਂ ’ਤੇ ਕਾਗ਼ਜ਼, ਪਲਾਸਟਿਕ ਇਕੱਠਾ ਕਰਦੇ ਬੱਚਿਆਂ ਦਾ ਭਾਰਤ ਹੋਵੇਗਾ।
ਮੈਨੂੰ ਸੋਚੀਂ ਪਏ ਨੂੰ ਵੇਖ ਕੇ ਮਿੱਤਰ ਨੇ ਕਿਹਾ, ‘‘ਤੂੰ
ਬਹੁਤ ਬਦਲ ਗਿਐਂ, ਸੋਚਦਾ ਬਹੁਤ ਹੈ।’’ ਤੁਸੀਂ ਦੱਸੋ
ਉਹ ਸੱਚ ਆਖ ਰਿਹੈ?
ਸੰਪਰਕ: 98147 83069