ਜਪਾਨ ਭੂਚਾਲ ਦੇ ਸਬਕ
ਸੋਮਵਾਰ ਨੂੰ 7.6 ਦੀ ਤੀਬਰਤਾ ਵਾਲਾ ਭੂਚਾਲ ਆਉਣ, 155 ਛੋਟੇ ਭੂਚਾਲੀ ਝਟਕੇ ਲੱਗਣ ਅਤੇ ਅਗਲੇ ਦਿਨ ਇਕ ਮੀਟਰ ਤੱਕ ਉਚਾਈ ਵਾਲੀਆਂ ਲਹਿਰਾਂ ਵਾਲੀ ਸੁਨਾਮੀ ਜਪਾਨ ਦੇ ਸਮੁੰਦਰੀ ਤੱਟ ਤੱਕ ਆਉਣ ਦੇ ਬਾਵਜੂਦ ਇਹ ਦੇਸ਼ ਇਸ ਬਿਪਤਾ ’ਚੋਂ ਮੁਕਾਬਲਤਨ ਸੁਰੱਖਿਅਤ ਢੰਗ ਨਾਲ ਨਿਕਲਿਆ ਹੈ। ਕੇਂਦਰੀ ਅਤੇ ਪੱਛਮੀ ਜਪਾਨ ਦੇ ਪ੍ਰਭਾਵਿਤ ਖੇਤਰਾਂ ਦੀਆਂ ਬਹੁਤੀਆਂ ਇਮਾਰਤਾਂ ਭੂਚਾਲ ਦੇ ਝਟਕੇ ਸਹਿ ਕੇ ਵੀ ਢੱਠੀਆਂ ਨਹੀਂ। ਇਸ ਮੁਲਕ ਵਿਚ ਦੁਨੀਆ ਭਰ ’ਚੋਂ ਸਭ ਤੋਂ ਵੱਧ ਭੂਚਾਲ ਆਉਂਦੇ ਹਨ। ਇਸ ਨੇ ਭੂਚਾਲ ਦੇ ਅਸਰ ਤੋਂ ਅਛੂਤਾ ਰਹਿਣ ਵਾਲਾ ਬੁਨਿਆਦੀ ਢਾਂਚਾ ਬਣਾਉਣ ਲਈ ਇੰਜਨੀਅਰਿੰਗ ਤਕਨਾਲੋਜੀ ਵਿਚ ਭਾਰੀ ਨਿਵੇਸ਼ ਕੀਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਕੁਦਰਤੀ ਆਫ਼ਤਾਂ ਦਾ ਅਸਰ ਮੱਠਾ ਕਰਨ ਲਈ ਫੌਰੀ ਅਤੇ ਕਾਰਗਰ ਹੁੰਗਾਰਾ ਭਰਨ ਲਈ ਪ੍ਰਣਾਲੀ ਵੀ ਵਿਕਸਤ ਕੀਤੀ ਹੈ। 1923 ਵਿਚ ਟੋਕੀਓ ਅਤੇ ਯੋਕੋਹਾਮਾ ਵਿਚ 7.9 ਦੀ ਸ਼ਿੱਦਤ ਵਾਲਾ ਭੂਚਾਲ ਆਇਆ ਸੀ ਜਿਸ ਨੇ ਭੂਚਾਲ ਦੇ ਅਸਰ ਤੋਂ ਬਚ ਸਕਣ ਵਾਲੀਆਂ ਇਮਾਰਤਾਂ ਉਸਾਰਨ ਦੀ ਲੋੜ ਵੱਧ ਧਿਆਨ ਦਿਵਾਇਆ। 2011 ’ਚ ਭੂਚਾਲ ਕਾਰਨ ਆਈ ਸੁਨਾਮੀ ਕਰ ਕੇ 18,000 ਲੋਕ ਮਾਰੇ ਗਏ ਸਨ। ਇਸ ਤ੍ਰਾਸਦੀ ਨੇ ਵੀ ਧਰਤ ਦੀ ਕੰਬਣੀ ਅਤੇ ਸਮੁੰਦਰ ਦੀਆਂ ਲਹਿਰਾਂ ਕਾਰਨ ਪੈਣ ਵਾਲੀ ਦੂਹਰੀ ਮਾਰ ਨਾਲ ਸਿੱਝਣ ਲਈ ਕੰਮ ਕਰਨ ਦੀ ਲੋੜ ਉਭਾਰੀ ਸੀ।
ਇਸ ਵਾਰ ਆਏ ਭੂਚਾਲ ਦੌਰਾਨ ਜਪਾਨ ਇਸ ਨਾਲ ਸਿੱਝਣ ਲਈ ਤਿਆਰ ਸੀ। ਭੂਚਾਲ ਕਾਰਨ ਬੇਸ਼ੱਕ ਅੱਗਾਂ ਲੱਗੀਆਂ, ਇਮਾਰਤਾਂ ਬੁਰੀ ਤਰ੍ਹਾਂ ਝੂਲੀਆਂ ਤੇ ਕੁਝ ਡਿੱਗ ਵੀ ਗਈਆਂ ਅਤੇ ਸੜਕਾਂ ਵਿਚ ਪਾੜ ਪੈਣ ਕਾਰਨ ਬਚਾਅ ਕਾਰਜ ਪ੍ਰਭਾਵਿਤ ਹੋਏ ਪਰ ਇਸ ਨੁਕਸਾਨ ਨਾਲ ਚੰਗੀ ਤਰ੍ਹਾਂ ਨਜਿੱਠਿਆ ਗਿਆ। ਭੂਚਾਲ ਵਾਲੇ ਖੇਤਰਾਂ ਵਿਚ ਬੱਤੀ ਗੁੱਲ ਹੋਣ ਅਤੇ ਹਵਾਈ ਤੇ ਰੇਲ ਆਵਾਜਾਈ ’ਚ ਵਿਘਨ ਪੈਣ ਦੇ ਬਾਵਜੂਦ ਬਚਾਅ ਕਰਮੀਆਂ ਨੇ ਮਲਬੇ ਵਿਚ ਦੱਬੇ ਪੀੜਤਾਂ ਨੂੰ ਬਾਹਰ ਕੱਢਣ ਲਈ ਪੂਰਾ ਤਾਣ ਲਗਾਇਆ। ਫਿਰ ਵੀ ਮੰਗਲਵਾਰ ਸ਼ਾਮ ਤੱਕ 48 ਮੌਤਾਂ ਅਤੇ ਬਹੁਤ ਸਾਰੇ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ। ਤਕਰੀਬਨ ਇਕ ਲੱਖ ਲੋਕਾਂ ਨੂੰ ਸਪੋਰਟਸ ਹਾਲਾਂ ਅਤੇ ਸਕੂਲਾਂ ਦੇ ਜਿਮਨਾਸਟਿਕ ਘਰਾਂ ’ਚ ਸੁਰੱਖਿਅਤ ਪਹੁੰਚਾਇਆ। ਇਹ ਇਮਾਰਤਾਂ ਇਨ੍ਹਾਂ ਕੁਦਰਤੀ ਆਫ਼ਤਾਂ ਸਮੇਂ ਸੁਰੱਖਿਅਤ ਟਿਕਾਣਿਆਂ ਵਜੋਂ ਵਰਤੀਆਂ ਜਾਂਦੀਆਂ ਹਨ।
ਭਾਰਤ ਨੂੰ ਜਪਾਨ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਭਾਰਤ ਦੇ ਤੱਟੀ ਸੂਬਿਆਂ ਵਿਚੋਂ ਇਸ ਸਬੰਧ ਵਿਚ ਸਭ ਤੋਂ ਵਧੀਆ ਤਿਆਰੀ ਉੜੀਸਾ ਨੇ ਕੀਤੀ ਹੈ। ਉੜੀਸਾ ਦੁਆਰਾ ਕੀਤੀ ਤਿਆਰੀ ਦਰਸਾਉਂਦੀ ਹੈ ਕਿ ਪ੍ਰਸ਼ਾਸਨਿਕ ਪੱਧਰ ’ਤੇ ਵੱਡੇ ਕਦਮ ਚੁੱਕੇ ਜਾ ਸਕਦੇ ਹਨ ਪਰ ਇਸ ਸਬੰਧ ਵਿਚ ਹੋਰ ਵਧੀਆ ਪ੍ਰਬੰਧ ਕਰਨ ਦੀ ਲੋੜ ਹੈ। ਇਸ ਵਿਚ ਭੂਚਾਲ ਤੋਂ ਬਚਣ ਲਈ ਅਗਾਊਂ ਤਿਆਰੀ ਤੋਂ ਲੈ ਕੇ ਅਲਰਟ ਜਾਰੀ ਕਰਨ ਸਮੇਤ ਫੌਰੀ ਬਚਾਅ ਕਾਰਜਾਂ ਲਈ ਮਸ਼ੀਨਰੀ ਤਿਆਰ ਕਰਨ ਤੱਕ ਸਭ ਕੁਝ ਸ਼ਾਮਿਲ ਹੈ। ਅਗਾਊਂ ਸੂਚਨਾ ਤੋਂ ਲੈ ਕੇ ਤਿਆਰੀਆਂ ਕਰਨ ਵਿਚ ਵਿਗਿਆਨਕ ਸੰਸਥਾਵਾਂ ਦੀ ਭੂਮਿਕਾ ਅਹਿਮ ਹੈ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਸਾਡੇ ਦੇਸ਼ ਵਿਚ ਵੀ ਭੂਚਾਲ ਦੇ ਅਸਰ ਤੋਂ ਬਚਣ ਵਾਲੀਆਂ ਇਮਾਰਤਾਂ ਦੀ ਉਸਾਰੀ ਲਈ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਵੀ ਯਕੀਨੀ ਬਣਾਈ ਜਾਵੇ। ਦੇਸ਼ ਦੇ ਕਈ ਅਜਿਹੇ ਖੇਤਰ ਹਨ ਜਿਨ੍ਹਾਂ ਵਿਚ ਭੂਚਾਲ ਆਉਣ ਦਾ ਖ਼ਤਰਾ ਜ਼ਿਆਦਾ ਹੈ; ਉਨ੍ਹਾਂ ਖੇਤਰਾਂ ਵਿਚ ਤਿਆਰੀ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।