ਹਿਮਾਲਿਆ ਦੇ ਇਕ ਪਿੰਡ ਦੇ ਸਬਕ
ਅਵਿਜੀਤ ਪਾਠਕ *
ਹਾਲ ਹੀ ਵਿਚ ਮੈਂ ਉਤਰਾਖੰਡ ’ਚ ਹਿਮਾਲਿਆ ਦੇ ਇਕ ਛੋਟੇ ਜਿਹੇ ਪਿੰਡ ਗਿਆ ਸੀ - ਕੋਈ ਖ਼ਾਸ ਤਰ੍ਹਾਂ ਦਾ ਸੈਲਾਨੀ ਬਣ ਕੇ ਝੁਲਸਾਉਂਦੀ ਗਰਮੀ ਤੋਂ ਆਰਜ਼ੀ ਰਾਹਤ ਪਾਉਣ ਲਈ ਨਹੀਂ ਸਗੋਂ ਇਕ ਘੁਮੰਤਰੂ, ਜਗਿਆਸੂ ਜਾਂ ਜੀਵਨ ਦਾ ਵਿਦਿਆਰਥੀ ਬਣ ਕੇ। ਖ਼ੈਰ, ਮੈਂ ਆਪਣੀ ਸ਼ਹਿਰੀ/ ਮਹਾਨਗਰੀ ਹੋਂਦ ਨਾਲ ਜੁੜੇ ਵਿਸ਼ੇਸ਼ਾਧਿਕਾਰਾਂ ਦੀ ਲ਼ਤ ਤੋਂ ਵਾਕਿਫ਼ ਹਾਂ। ਮੈਂ ਆਧੁਨਿਕਤਾ, ਵਿਕਾਸ ਅਤੇ ਮੰਡੀ ਸੰਚਾਲਿਤ ਅਰਥਚਾਰੇ ਦੇ ਫ਼ਲਾਂ ਦਾ ਸੁਆਦ ਚਖ ਚੁੱਕਿਆ ਹਾਂ। ਫਿਰ ਵੀ, ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਇਸ ਵਾਰ ਹਿਮਾਲਿਆ ਦੇ ਇਸ ਖ਼ਾਮੋਸ਼ ਜਿਹੇ ਪਿੰਡ ਨੇ ਮੈਨੂੰ ਤਿੰਨ ਅਜਿਹੇ ਵੱਡੇ ਸਬਕ ਸਿਖਾਏ ਹਨ ਜੋ ਮੇਰੀ ਆਧੁਨਿਕਤਾ ਜਾਂ ਯੂਨੀਵਰਸਿਟੀ ਦੀ ਪੜ੍ਹਾਈ ਵੀ ਨਹੀਂ ਸਿਖਾ ਸਕੀ।
ਸਭ ਤੋਂ ਪਹਿਲਾਂ ਖ਼ਾਮੋਸ਼ੀ ਦੀ ਤਾਕਤ ਨੂੰ ਮਹਿਸੂਸਣਾ ਅਤੇ ਆਤਮਸਾਤ ਕਰਨਾ ਕਮਾਲ ਦਾ ਅਨੁਭਵ ਸੀ। ਸਾਡੀ ਸ਼ਹਿਰੀ/ਮਹਾਨਗਰੀ ਹੋਂਦ ਵਿਚ ਫੈਲੇ ਸ਼ੋਰ -ਸਾਡੇ ਬੇਹਿਸ ਐਕਸਪ੍ਰੈਸਵੇਜ਼ ਅਤੇ ਫਲਾਈਓਵਰਾਂ ਤੋਂ ਨਿਰੰਤਰ ਗੁਜ਼ਰਦੇ ਰਹਿੰਦੇ ਹਜ਼ਾਰਾਂ ਵਾਹਨਾਂ ਦੇ ਸ਼ੋਰ ਅਤੇ ਇਨ੍ਹਾਂ ਕਾਰਨ ਪੈਦਾ ਹੋਣ ਵਾਲੇ ਧੂੰਏਂ ਅਤੇ ਗੈਸਾਂ; ਜਾਂ ਟੈਲੀਵਿਜ਼ਨ ਚੈਨਲਾਂ, ਭੜਕੀਲੇ ਸੰਗੀਤ ਅਤੇ ਵਟਸਐਪ ਸੰਦੇਸ਼ਾਂ ਦੀ ਨਿਰੰਤਰ ਬੰਬਾਰੀ ਕਰ ਕੇ ਪੈਦਾ ਹੋਣ ਵਾਲੇ ਇਕ ਤਰ੍ਹਾਂ ਦੇ ਮਾਨਸਿਕ ਪ੍ਰਦੂਸ਼ਣ ਦਾ ਕਿਆਸ ਲਾਓ। ਜਾਂ, ਇਹ ਗਿਆਤ ਕਰੋ ਕਿ ਸਾਡੇ ਸਮਿਆਂ ਵਿਚ ਅਸੀਂ ਕਿਸ ਕਿਸਮ ਦੀ ਰਫ਼ਤਾਰ ਨੂੰ ਚਾਹੁਣ ਜਾਂ ਪੂਜਣ ਲੱਗ ਪਏ ਹਾਂ। ਅਸੀਂ ਕਿਹੋ ਜਿਹੀ ਅੱਤ ਖਪਤਵਾਦੀ ਜੀਵਨ ਸ਼ੈਲੀ ਪਿੱਛੇ ਦੌੜਦੇ ਰਹਿੰਦੇ ਹਾਂ। ਕੀ ਇਹ ਇਸ ਕਰ ਕੇ ਹੈ ਕਿ ਅਸੀਂ ਖ਼ਾਮੋਸ਼ੀ ਤੋਂ ਡਰਦੇ ਹਾਂ? ਪਰ, ਫਿਰ ਜਿਵੇਂ ਹੀ ਮੈਂ ਉਸ ਪਿੰਡ ਦੇ ਆਲੇ ਦੁਆਲੇ ‘ਬੇਮਤਲਬ’ ਘੁੰਮਣਾ ਸ਼ੁਰੂ ਕੀਤਾ ਤਾਂ ਮੈਂ ਕੁਝ ਵੀ ਨਾ ਕਰਨ ਦੀ ਕਲਾ ਦੀ ਖੂਬਸੂਰਤੀ ਦਾ ਅਨੁਭਵ ਕਰਨਾ ਸ਼ੁਰੂ ਕਰ ਦਿੱਤਾ। ਤੇ ਮੇਰੀ ਕਾਹਲ ਭਰੀ ਹੋਂਦ ਤੋਂ ਇਸ ਮੁਕਤੀ ਨੇ ਮੈਨੂੰ ਖਾਮੋਸ਼ੀ ਦੀ ਖੂਬਸੂਰਤੀ ਅਤੇ ਸ਼ਕਤੀ ਦਾ ਅਹਿਸਾਸ ਕਰਵਾਇਆ। ਬਰਫ਼ ਨਾਲ ਲੱਦੀਆਂ ਪਹਾੜੀ ਚੋਟੀਆਂ, ਦਿਓਦਾਰ ਦੇ ਦਰੱਖ਼ਤਾਂ ਦੀਆਂ ਸਰਗੋਸ਼ੀਆਂ, ਤਿਤਲੀਆਂ ਅਤੇ ਛੋਟੇ ਛੋਟੇ ਪੀਲੇ ਫੁੱਲਾਂ ਦੀਆਂ ਅਠਖੇਲੀਆਂ, ਵਲੇਵੇਂਦਾਰ ਪਗਡੰਡੀਆਂ ’ਤੇ ਕਿਸੇ ਬਿਰਧ ਔਰਤ ਦੀ ਮੱਠੀ ਚਾਲ ਅਤੇ ਪਹਾੜਾਂ ਦੀਆਂ ਪਰਤਾਂ ਦੀ ਰਹੱਸਮਈ ਹੋਂਦ; ਮੇਰੇ ਆਸ ਪਾਸ ਹਰ ਚੀਜ਼ ਮੇਰੇ ਮਨ ਦੀ ਮੈਲ਼ ਨੂੰ ਸਾਫ਼ ਕਰ ਰਹੀ ਸੀ। ਇਹ ਅੰਦਰੂਨੀ ਅਮੀਰੀ ਮੈਨੂੰ ਧਰਤੀ ਨੂੰ ਬਰਬਾਦ ਕਰ ਰਹੇ ਅੱਤ ਖਪਤਵਾਦ ਦੀ ਵਿਧਾ ਤੋਂ ਬਚਾਉਣ ਵਿਚ ਸਹਾਈ ਹੋ ਰਹੀ ਹੈ।
ਦੂਜਾ, ਮੈਂ ਅੰਤਰਸਬੰਧਤਾ ਦੀ ਕਲਾ ਸਿੱਖੀ ਹੈ। ਸਫ਼ਲਤਾ ਮੁਖੀ/ਅੰਧ ਪ੍ਰਤੀਯੋਗੀ/ ਪੇਸ਼ੇਵਰ ਦੁਨੀਆ ਵਿਚ ਅਕਸਰ ਅਸੀਂ ਸਾਡੀ ਹਉੁਮੈ ਦਾ ਬੋਝ ਢੋਂਦੇ ਰਹਿੰਦੇ ਹਾਂ -ਸਾਡੀਆਂ ਡਿਗਰੀਆਂ ਤੇ ਡਿਪਲੋਮੇ, ਸਾਡੀ ਅਫ਼ਸਰਾਨਾ ਰੋਹਬ-ਦਾਬ ਤੇ ਤਨਖ਼ਾਹ ਭੱਤੇ ਜਾਂ ਸਾਡੀ ਦੌਲਤ ਤੇ ਰੁਤਬੇ ਦਾ ਬੋਝ। ਤੇ ਇਹ ਹਉਮੈ ਪਾਕੀਜ਼ਗੀ, ਅੰਤਰਸਬੰਧਤਾ ਅਤੇ ਸਜੀਵ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਭੰਗ ਕਰਦੀ ਹੈ। ਬਹਰਹਾਲ, ਇਸ ਹਿਮਾਲਿਆਈ ਪਿੰਡ ਵਿਚ ਮੈਂ ਮਤਵਾਲੀਆਂ ਪਹਾੜੀ ਚੋਟੀਆਂ, ਸ਼ਾਨਦਾਰ ਦਰੱਖ਼ਤਾਂ ਨਾਲ ਭਰੇ ਸੰਘਣੇ ਜੰਗਲ, ਵਿਸ਼ਾਲ ਅੰਬਰ ਜਿਸ ਦੇ ਖੁੱਲ੍ਹੇ ਦੀਦਾਰ ਨੂੰ ਕੋਈ ਟਾਵਰ ਤੇ ਸਕਾਈਸਕ੍ਰੇਪਰ ਨਹੀਂ ਢਕਦਾ ਅਤੇ ਪੰਛੀਆਂ ਦੀ ਚਹਿਚਹਾਹਟ (ਜੋ ਕਿ ਸਾਡੇ ਸ਼ਹਿਰੀ ਆਲੇ ਦੁਆਲੇ ’ਚੋਂ ਪੂਰੀ ਤਰ੍ਹਾਂ ਲੋਪ ਹੋ ਗਈ ਹੈ) ਵਿਚ ਆ ਕੇ ਮੈਂ ਮਹਿਸੂਸ ਕੀਤਾ ਕਿ ਇਕਾਂਗੀ, ਹਉਮੈ ਤੇ ਕਬਜ਼ਾਕਰੂ ਵਿਅਕਤੀ ਬਣ ਕੇ ਜੀਣ ਦਾ ਕੋਈ ਮਤਲਬ ਨਹੀਂ ਹੈ। ਮੈਂ ਮਹਿਸੂਸ ਕੀਤਾ ਕਿ ਮੈਂ ਸਮੁੱਚੀ ਕਾਇਨਾਤ ਦਾ ਹਿੱਸਾ ਹਾਂ। ਵਾਲਟ ਵਿਟਮੈਨ ਦੀ ਕਾਵਿਕ ਸੂਝ ਬੂਝ ਦੇ ਹਵਾਲੇ ਨਾਲ ਕਹਿਣਾ ਚਾਹੁੰਦਾ ਹਾਂ ‘‘ ਮੇਰੇ ਵਿਚ ਅਨੰਤ ਸਮਾਇਆ ਹੈ’’; ਅਤੇ ਕੁਦਰਤ ਨਾਲ ਲੈਅਬਧ ਹੋਏ ਬਗ਼ੈਰ ਮੈਂ ਸਾਰਥਕ ਢੰਗ ਨਾਲ ਜੀਅ ਨਹੀਂ ਸਕਦਾ, ਅਸੀਂ ਨਵ-ਕਲਾਸਕੀ ਅਰਥਚਾਰੇ ਦੇ ਹੰਕਾਰ ਅਤੇ ਖਪਤਵਾਦ ਦੀ ਸਿੱਧੀ ਜ਼ਰੀਏ ਇਸ (ਕੁਦਰਤ) ਨਾਲ ਖਿਲਵਾੜ ਕਰਨਾ ਤੇ ਇਸ ਨੂੰ ਜਿੱਤਣਾ ਚਾਹੁੰਦੇ ਹਾਂ। ਇਸ ਤਰੀਕੇ ਨਾਲ ਇਹ ਮੇਰੀ ਚੌਗਿਰਦਕ ਚੇਤਨਾ ਦੀ ਅਲਖ਼ ਜਗਾਉਂਦੀ ਹੈ।
ਤੀਜਾ, ਇਹ ਕਿ ਮੈਂ ਮੁਕਾਬਲੇ ਦੀ ਨਿਰਾਰਥਕਤਾ ਸਿੱਖੀ ਹੈ। ਜਿਵੇਂ ਮੈਂ ਦਰੱਖ਼ਤਾਂ ਦੇ ਹਾਰ ਦੇਖਦਾ ਹਾਂ ਤਾਂ ਮੈਂ ਮਹਿਸੂਸ ਕਰਦਾ ਹਾਂ ਕਿ ਸੰਪੂਰਨਤਾ ਦਾ ਕੋਈ ਮਿਆਰੀ ਸੰਕਲਪ ਨਹੀਂ ਹੁੰਦਾ; ਦਰਅਸਲ ਹਰੇਕ ਦਰੱਖ਼ਤ ਅਨੂਠਾ ਹੁੰਦਾ ਹੈ ਅਤੇ ਇਸ ਦੀ ਆਪਣੀ ਕਹਾਣੀ ਹੁੰਦੀ ਹੈ। ਹਿਮਾਲਿਆ ਦੇ ਜੰਗਲ ’ਚ ਤੁਰਦਿਆਂ ਮੈਂ ਇਹ ਨਿਮਰ ਅਰਾਜਕਤਾ ਦਾ ਅਨੁਭਵ ਕਰਦਾ ਹੈ ਜਿਸ ਨਾਲ ਮੈਨੂੰ ਇਕਸਾਰਤਾ/ ਇਕਰੂਪੀ ਖਾਹਸ਼ਾਂ (ਭਾਵ, ਸਾਰੀਆਂ ਸੁੰਦਰੀਆਂ ਇਕੋ ਜਿਹੀਆਂ ਨਜ਼ਰ ਆਉਣ; ਜਾਂ ਸਾਡੇ ਸਾਰੇ ਸਕੂਲ ‘ਟੌਪਰ’ ਡਾਕਟਰ/ਕੰਪਿਊਟਰ ਇੰਜਨੀਅਰ ਬਣਨਾ ਚਾਹੁੰਦੇ ਹਨ) ਲਈ ਸਾਡੀ ਤਲਾਸ਼ ਦੇ ਖੋਖਲੇਪਣ ਦਾ ਅਹਿਸਾਸ ਹੁੰਦਾ ਹੈ। ਦਰਅਸਲ, ਖੂਬਸੂਰਤੀ ਅਤੇ ਪ੍ਰਬੀਨਤਾ ਦੇ ਇਸ ਸੰਪੂਰਨ ਅਤੇ ਮਿਆਰੀ ਸੰਕਲਪ ਦੀ ਭਾਲ ਨੇ ਇਕ ਅਜਿਹਾ ਕਲਚਰ ਸਿਰਜ ਦਿੱਤਾ ਹੈ ਜਿਸ ਨਾਲ ਬੇਚੈਨੀ ਅਤੇ ਬੇਆਰਾਮੀ ਪੈਦਾ ਹੁੰਦੀ ਹੈ। ਕੁਦਰਤੀ ਮਾਹੌਲ ਵਿਚ ਕਿਤੇ ਕੋਈ ਮੁਕਾਬਲੇਬਾਜ਼ੀ ਨਹੀਂ ਹੈ। ਤਿਤਲੀ ਦਾ ਬਾਘ ਨਾਲ ਕੋਈ ਮੁਕਾਬਲਾ ਨਹੀਂ ਹੈ; ਦਿਓਦਾਰ ਦੇ ਲੰਮੇ ਦਰੱਖ਼ਤ ਨੰਦਾ ਦੇਵੀ ਚੋਟੀ ਨੂੰ ਛੂਹਣ ਦੀ ਚੇਸ਼ਟਾ ਨਹੀਂ ਕਰਦੇ; ਅਤੇ ਘਾਟੀਆਂ ਅਤੇ ਚੋਟੀਆਂ ਨੂੰ ਆਪਣੀ ਸਹਿਹੋਂਦ ਦੀ ਸੁੰਦਰਤਾ ਦਾ ਇਲਮ ਹੈ।
ਜੀ ਹਾਂ, ਹਿਮਾਲਿਆ ਦੇ ਰਾਹਾਂ ਤੋਂ ਗੁਜ਼ਰ ਕੇ ਮੈਂ ਜਗਿਆਸੂ ਅਤੇ ਘੁਮੰਤਰੂ ਬਣਿਆ ਹਾਂ। ਮੈਂ ਇਨ੍ਹਾਂ ਤਿੰਨ ਸਬਕਾਂ ਦੀ ਕੀਮਤ ਦੀ ਸਲਾਹੁਤਾ ਕਰਦਾ ਹਾਂ ਜਿਸ ਨੂੰ ਕੋਈ ਆਧੁਨਿਕ ਯੂਨੀਵਰਸਿਟੀ ਨਹੀਂ ਸਿਖਾ ਸਕਦੀ— ਖ਼ਾਮੋਸ਼ੀ ਦੀ ਸ਼ਕਤੀ, ਪਾਕੀਜ਼ਗੀ ਦੀ ਭਾਵਨਾ ਜਾਂ ਅੰਤਰਸਬੰਧਤਾ ਅਤੇ ਨਿਮਰ ਅਰਾਜਕਤਾ ਦੀ ਸੁੰਦਰਤਾ। ਮੈਂ ਸਾਦਗੀ ਅਤੇ ਨਿਊਨਤਮਵਾਦ ਦੇ ਜੀਵਨ ਪੰਧ ਨੂੰ ਸਲਾਹੁਣਾ ਸ਼ੁਰੂ ਕੀਤਾ ਹੈ। ਮੈਂ ਜਾਣਦਾ ਹਾਂ ਕਿ ਵਿਹਾਰਕ ਅਰਥਸ਼ਾਸਤਰੀ ਅਤੇ ਵਿਕਾਸ ਮਾਹਿਰ ਮੈਨੂੰ ਮੇਰੀ ਇਸ ਕਾਵਿਕ ਰੂਮਾਨੀਅਤ ਦੀਆਂ ਸੀਮਾਵਾਂ ਦਾ ਚੇਤਾ ਕਰਾਉਣਗੇ। ਉਹ ਜ਼ੋਰ ਨਾਲ ਆਖਣਗੇ ਕਿ ਉਤਰਾਖੰਡ ਨੂੰ ਨੌਜਵਾਨਾਂ ਲਈ ਨੌਕਰੀਆਂ ਅਤੇ ਰੁਜ਼ਗਾਰ ਦੇ ਮੌਕਿਆਂ ਦੀ ਲੋੜ ਹੈ; ਇਸ ਨੂੰ ਸੜਕਾਂ, ਹਸਪਤਾਲਾਂ, ਬਿਜਲੀ ਅਤੇ ਹੋਰ ਆਧੁਨਿਕ ਸਹੂਲਤਾਂ ਦੀ ਲੋੜ ਹੈ। ਦੂਜੇ ਸ਼ਬਦਾਂ ਵਿਚ, ਉਤਰਾਖੰਡ ਨੂੰ ਉਹ ਕੁਝ ਦਰਕਾਰ ਹੈ ਜਿਸ ਨੂੰ ‘ਵਿਕਾਸ’ ਦੇ ਨਾਂ ਨਾਲ ਪ੍ਰਚਾਰਿਆ ਜਾਂਦਾ ਹੈ। ਫੈਂਸੀ ਹੋਟਲਾਂ, ਰਿਜ਼ੌਰਟਾਂ ਦੇ ਪਸਾਰ ਅਤੇ ਦਿੱਲੀ ਤੇ ਮੁੰਬਈ ਤੋਂ ਆਉਂਦੇ ਅਮੀਰ ਲੋਕਾਂ ਲਈ ਦੋਇਮ ਘਰਾਂ; ਭੀਮਟਾਲ, ਭੋਵਾਲੀ, ਨੈਨੀਤਾਲ, ਅਲਮੋੜਾ ਅਤੇ ਮਸੂਰੀ ਜਿਹੀਆਂ ਥਾਵਾਂ ’ਤੇ ਗ਼ੈਰਯੋਜਨਾਬੱਧ ਸ਼ਹਿਰੀਕਰਨ ਅਤੇ ਇਸ ਦੇ ਸਿੱਟੇ ਵਜੋਂ ਹੋ ਰਹੀ ਜੰਗਲਾਂ ਦੀ ਕਟਾਈ; ਮਾਲਦਾਰ ਸੈਲਾਨੀਆਂ ਦੀਆਂ ਐਸਯੂਵੀ ਗੱਡੀਆਂ ਦੀ ਆਮਦੋ ਰਫ਼ਤ ਲਈ ਚਾਰ ਧਾਮ ਰਾਜਮਾਰਗ ਦੇ ਨਿਰਮਾਣ ਲਈ ਨਾਜ਼ੁਕ ਪਹਾੜੀਆਂ ਦੀ ਬਰਬਾਦੀ; ਅਤੇ ਬਹੁਤ ਸਾਰੇ ਪਣਬਿਜਲੀ ਪ੍ਰਾਜੈਕਟਾਂ ਦੇ ਵਾਤਾਵਰਨ ਉਪਰ ਪੈ ਰਹੇ ਅਸਰ ਕਰ ਕੇ ਉਤਰਾਖੰਡ ਵਾਰ ਵਾਰ ਹੜ੍ਹਾਂ, ਢਿੱਗਾਂ, ਭੂਚਾਲਾਂ ਅਤੇ ਜੰਗਲ ਦੀ ਅੱਗ ਜਿਹੀਆਂ ਘਟਨਾਵਾਂ ਦੇ ਰੂਪ ਵਿਚ ਵਿਕਾਸ ਦੇ ਅਜਿਹੇ ਘਾਤਕ ਸਿੱਟਿਆਂ ਦਾ ਸਾਹਮਣਾ ਕਰ ਰਿਹਾ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਇਕ ਲੋਕ ਪੱਖੀ, ਹੰਢਣਸਾਰ ਚੌਗਿਰਦੇ ਅਤੇ ਵਿਕਾਸ ਦੇ ਜੀਵਨ ਮੁਖੀ ਤਰਜ ਲਈ ਸੰਘਰਸ਼ ਕਰਨ ਵਾਲੇ ਸੁੰਦਰਲਾਲ ਬਹੁਗੁਣਾ ਅਤੇ ਚੰਡੀ ਪ੍ਰਸ਼ਾਦ ਭੱਟ ਜਿਹੇ ਲੋਕਾਂ ਦੀ ਵਿਰਾਸਤ ਨੂੰ ਇਸ ਪਹਾੜੀ ਰਾਜ ਵਿਚ ਭੁਲਾ ਦਿੱਤਾ ਗਿਆ ਹੈ।
ਜੇ ਕਿਸੇ ਨੇ ਜਲਵਾਯੂ ਐਮਰਜੈਂਸੀ ਦੇਖਣੀ ਹੋਵੇ ਤਾਂ ਇਹ ਇੱਥੇ ਆ ਚੁੱਕੀ ਹੈ। ਇਸ ਗੱਲ ਦੇ ਪੂਰੇ ਆਸਾਰ ਹਨ ਕਿ ਇਸ ਸਦੀ ਦੇ ਅੰਤ ਤੱਕ ਆਲਮੀ ਤਾਪਮਾਨ ਵਿਚ ਸਨਅਤੀ ਕ੍ਰਾਂਤੀ ਤੋਂ ਪਹਿਲਾਂ ਦੇ ਪੱਧਰਾਂ ਦੇ ਹਿਸਾਬ ਨਾਲ ਘੱਟੋਘੱਟ 2.9 ਡਿਗਰੀ ਸੈਲਸੀਅਸ ਦਾ ਵਾਧਾ ਹੋ ਜਾਵੇਗਾ। ਪਹਿਲਾਂ ਹੀ ਅਸੀਂ ਘਾਤਕ ਹੜ੍ਹਾਂ, ਜੰਗਲ ਦੀਆਂ ਅੱਗਾਂ, ਸੋਕਿਆਂ, ਬੇਤਹਾਸ਼ਾ ਗਰਮੀ ਅਤੇ ਨਵੀਆਂ ਬਿਮਾਰੀਆਂ ਨਾਲ ਜੂਝ ਰਹੇ ਹਾਂ। ਉਤਰਾਖੰਡ ਨੂੰ ਵਿਕਾਸ ਦੀ ਇਸ ਤਰਜ ਦੀ ਨਕਲ ਨਹੀਂ ਮਾਰਨੀ ਚਾਹੀਦੀ। ਸਗੋਂ ਇਸ ਖਾਮੋਸ਼ ਹਿਮਾਲਿਆਈ ਪਿੰਡ ਤੋਂ ਸਿੱਖੇ ਸਬਕ ਸਿੱਖ ਕੇ ਮੈਂ ਦੁਆ ਕਰਦਾ ਹਾਂ ਕਿ ਸਾਨੂੰ ਆਪਣੀ ਧਰਤੀ ਨੂੰ ਬਚਾਉਣ ਅਤੇ ਸਾਡੇ ਬੇਚੈਨ ਅਤੇ ਹਿੰਸਕ ਸਵੈ ਦੇ ਮੱਲ੍ਹਮ ਲਈ ਸਾਨੂੰ ਥੋੜ੍ਹੀ ਸੁਮੱਤ ਦਾ ਦਾਨ ਮਿਲੇ।
* ਲੇਖਕ ਸਮਾਜ ਸ਼ਾਸਤਰੀ ਹੈ।