ਲਹਿਰਾਗਾਗਾ: ਪਿੰਡ ਲੇਹਲ ਖੁਰਦ ਵਾਸੀਆਂ ਨੇ ਐੱਸਡੀਐੱਮ ਦਫਤਰ ’ਚ ਸੁੱਟੇ ਮਰੇ ਪਸ਼ੂ
ਰਮੇਸ਼ ਭਾਰਦਵਾਜ
ਲਹਿਰਾਗਾਗਾ, 13 ਅਕਤੂਬਰ
ਨੇੜਲੇ ਪਿੰਡ ਲਹਿਲ ਖੁਰਦ ਵਾਸੀਆਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦੀ ਅਗਵਾਈ ਹੇਠ ਐੱਸਡੀਐੱਮ ਲਹਿਰਾਗਾਗਾ ਦੇ ਦਫ਼ਤਰ ਵਿੱਚ ਮਰੇ ਪਸ਼ੂ ਸੂੱਟੇ। ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਜਰਨਲ ਸਕੱਤਰ ਬਹਾਦਰ ਸਿੰਘ ਤੇ ਸੀਨੀਅਰ ਆਗੂ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਪਿੰਡ ਵਾਸੀਆਂ ਵਲੋਂ ਬਣਾਈ ਪਿੰਡ ਤੋਂ ਦੂਰ ਕੰਰਗਾਬਾੜੀ ਦਾ ਹੈ, ਜਿਸ ਨੂੰ ਕੋਈ ਰਸਤਾ ਨਹੀਂ ਹੈ। ਉਨ੍ਹਾਂ ਵਲੋਂ ਇਸ ਸਬੰਧੀ ਐੱਸਡੀਐੱਮ ਅਤੇ ਤਹਿਸੀਲਦਾਰ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ ਜਦੋਂ ਪਿੰਡ ਵਿੱਚ ਕੋਈ ਪਸ਼ੂ ਮਰ ਜਾਂਦਾ ਹੈ ਤਾਂ ਪਸ਼ੂ ਘਰ ਵਿੱਚ ਹੀ ਗਲਣ ਸੜਣ ਲੱਗ ਜਾਂਦਾ ਹੈ ਉਸ ਵਿਚੋਂ ਬਦਬੂ ਮਾਰਨ ਲੱਗ ਜਾਂਦੀ ਹੈ, ਜਿਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗਣ ਦਾ ਖ਼ਤਰਾ ਰਹਿੰਦਾ ਹੈ ਕਿਉਂਕਿ ਪਸ਼ੂ ਨੂੰ ਕੰਰਗਾਬਾੜੀ ਤੱਕ ਲੈ ਕੇ ਜਾਣ ਲਈ ਰਸਤਾ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਰਸਤਾ ਲਾਇਆ ਜਾਵੇ। ਜੇ ਅਜਿਹਾ ਨਹੀਂ ਹੁੰਦਾ ਤਾਂ ਪਿੰਡ ਵਾਲਿਆਂ ਨੂੰ ਨਾਲ ਲੈਕੇ ਜਥੇਬੰਦੀ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਵਿੱਢੇਗੀ। ਅਧਿਕਾਰੀਆਂ ਨੇ ਕਿਹਾ ਕਿ ਮਸਲੇ ਨੂੰ ਛੇਤੀ ਹੱਲ ਕਰਵਾਇਆ ਜਾਵੇਗਾ।