ਲਹਿਰਾਗਾਗਾ: ਨਗਰ ਕੌਂਸਲ ਦੇ ਸੀਨੀਅਰ ਤੇ ਜੂਨੀਅਰ ਮੀਤ ਪ੍ਰਧਾਨ ਚੁਣੇ
ਰਮੇਸ਼ ਭਾਰਦਵਾਜ
ਲਹਿਰਾਗਾਗਾ, 24 ਸਤੰਬਰ
ਲਹਿਰਾਗਾਗਾ ਨਗਰ ਕੌਂਸਲ ਦੇ ਸੀਨੀਅਰ ਮੀਤ ਅਤੇ ਜੂਨੀਅਰ ਮੀਤ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਐੱਸਡੀਐੱਮ ਲਹਿਰਾ ਸੂਬਾ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸੀਨੀਅਰ ਮੀਤ ਪ੍ਰਧਾਨ ਤੇ ਜੂਨੀਅਰ ਮੀਤ ਪ੍ਰਧਾਨ ਲਈ ਨੋਟਿਸ ਦਿੱਤਾ ਗਿਆ ਸੀ, ਜਿਸ ਵਿੱਚ ਅੱਜ ਸਰਬਸੰਮਤੀ ਨਾਲ ਸੀਨੀਅਰ ਮੀਤ ਪ੍ਰਧਾਨ ਜਸਵੀਰ ਕੌਰ ਵਾਰਡ ਨੰਬਰ-9 ਪਤਨੀ ਦਲਵਾਰਾ ਸਿੰਘ ਹੈਪੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਲਹਿਰਾ ਤੇ ਜੂਨੀਅਰ ਮੀਤ ਪ੍ਰਧਾਨ ਸਰਿੰਦਰ ਕੌਰ ਵਾਰਡ ਨੰਬਰ-2 ਪਤਨੀ ਸੁਨੀਲ ਕੁਮਾਰ ਬਬਲੀ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ ਨੇ ਦੋਵਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਲਹਿਰਾਗਾਗਾ ਦੇ ਵਿਕਾਸ ਕਾਰਜਾਂ ’ਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਇਸ ਮੀਟਿੰਗ ਵਿੱਚ ਐੱਸਡੀਐੱਮ ਸੂਬਾ ਸਿੰਘ, ਲਹਿਰਾਗਾਗਾ ਦੇ ਡੀਐੱਸਪੀ ਦੀਪਇੰਦਰਪਾਲ ਸਿੰਘ ਜੇਜੀ, ਕੈਬਨਿਟ ਮੰਤਰੀ ਦੇ ਪੁੱਤਰ ਕੌਂਸਲਰ ਗੌਰਵ ਗੋਇਲ, ਮੰਤਰੀ ਦੇ ਭਰਾ ਐਕਸੀਅਨ ਨਰਿੰਦਰ ਗੋਇਲ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਡਾ. ਸ਼ੀਸ਼ਪਾਲ ਆਨੰਦ ਵੀ ਹਾਜ਼ਰ ਸਨ।