ਲਹਿਰਾਗਾਗਾ: ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਖ਼ੁਦਕੁਸ਼ੀ ਕੀਤੀ
ਰਮੇਸ ਭਾਰਦਵਾਜ
ਲਹਿਰਾਗਾਗਾ, 16 ਅਪਰੈਲ
ਨੇੜਲੇ ਪਿੰਡ ਖੋਖਰ ਕਲਾਂ ਦੇ ਕਿਸਾਨ ਹਜ਼ਾਰਾ ਸਿੰਘ ਪੁੱਤਰ ਤਾਰਾ ਸਿੰਘ ਵਲੋਂ ਕਰਜ਼ੇ ਤੇ ਜ਼ਮੀਨ ਦੇ ਲੈਣ-ਦੇਣ ਤੋਂ ਤੰਗ ਆ ਕੇ ਵੱਡੇ ਤੜਕੇ ਆਪਣੇ ਘਰ ਤੂੜੀ ਵਾਲੇ ਕੋਠੇ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਭਰਾ ਬਿੱਕਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਤਾਰਾ ਸਿੰਘ ਨੇ 15 ਸਾਲ ਪਹਿਲਾਂ ਸਾਢੇ ਤਿੰਨ ਏਕੜ ਜ਼ਮੀਨ ਲਹਿਰਾਗਾਗਾ ਦੇ ਵਿਅਕਤੀ ਨੂੰ ਵੇਚੀ ਸੀ ਅਤੇ ਖਰੀਦਦਾਰ ਨੇ ਉਹ ਜ਼ਮੀਨ ਅੱਗੇ ਭਵਾਨੀਗੜ੍ਹ ਦੇ ਇਕ ਵਿਅਕਤੀ ਨੂੰ ਵੇਚ ਦਿੱਤੀ ਸੀ। ਉਹ ਵਿਅਕਤੀ 2 ਕਨਾਲ ਜ਼ਮੀਨ ਵੱਧ ਵਾਹ ਰਿਹਾ ਹੈ, ਜਿਸ ਤੋਂ ਉਹ ਪ੍ਰੇਸ਼ਾਨ ਸੀ। ਲੰਘੇ ਤੜਕੇ ਉਸ ਨੇ ਆਪਣੇ ਘਰ ਤੂੜੀ ਵਾਲੇ ਕੋਠੇ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਸ ਦੇ ਦੋ ਅਣਵਿਆਹੇ ਲੜਕੇ ਅਤੇ ਵਿਆਹੁਤਾ ਲੜਕੀ ਹਨ। ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਸਦਰ ਥਾਣਾ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਦੇ ਭਰਾ ਦੇ ਬਿਆਨਾ ’ਤੇ ਅਜੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਇਸ ਦੀ ਪੜਤਾਲ ਸਹਾਇਕ ਥਾਣੇਦਾਰ ਜਗਸੀਰ ਸਿੰਘ ਕਰ ਰਹੇ ਹਨ।