ਕਾਨੂੰਨੀ ਸੁਧਾਰਾਂ ਨਾਲ ਨਿਵੇਸ਼ਕਾਂ ਨੂੰ ਹੋਵੇਗਾ ਲਾਭ: ਮੇਘਵਾਲ
ਲੰਡਨ, 6 ਜੂਨ
ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਅੱਜ ਕਿਹਾ ਕਿ ਨਿਆਂਪਾਲਿਕਾ ਤੇ ਝਗੜਿਆਂ ਦੇ ਨਿਬੇੜੇ ਦੇ ਬਦਲਵੇਂ ਹੱਲਾਂ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਰਕਾਰ ਕਈ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਨਿਵੇਸ਼ਕਾਂ ਨੂੰ ਇਸ ਦਾ ਫਾਇਦਾ ਹੋਵੇਗਾ ਤੇ ਭਾਰਤ-ਯੂਕੇ ਦੇ ਰਿਸ਼ਤੇ ਨਵੀਆਂ ਉਚਾਈਆਂ ‘ਤੇ ਪਹੁੰਚਣਗੇ। ਕਾਨੂੰਨ ਤੇ ਨਿਆਂ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਮੇਘਵਾਲ ਦਾ ਇਹ ਪਹਿਲਾ ਯੂਕੇ ਦੌਰਾ ਹੈ। ਉਨ੍ਹਾਂ ਅੱਜ ਇੱਥੇ ‘ਇੰਡੀਅਨ ਕੌਂਸਲ ਆਫ ਆਰਬਿਟਰੇਸ਼ਨ (ਆਈਸੀਏ) ਦੀ ਕਾਨਫਰੰਸ ਵਿਚ ਹਿੱਸਾ ਲਿਆ। ਉਹ ਆਪਣੇ ਬਰਤਾਨਵੀ ਹਮਰੁਤਬਾ ਐਲੈਕਸ ਚਾਕ ਨੂੰ ਵੀ ਮਿਲੇ ਤੇ ਕਾਨੂੰਨ-ਨਿਆਂ ਦੇ ਖੇਤਰ ਵਿਚ ਦੁਵੱਲੇ ਤਾਲਮੇਲ ਉਤੇ ਚਰਚਾ ਕੀਤੀ। ‘ਫਿਕੀ’ ਦੇ ਸਹਿਯੋਗ ਨਾਲ ਕਰਵਾਈ ਗਈ ਕਾਨਫਰੰਸ ਵਿਚ ਮੰਤਰੀ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ‘ਕਾਨੂੰਨੀ ਸੁਧਾਰਾਂ’ ਬਾਰੇ ਦੱਸਿਆ। ਇਹ ਕਾਨਫਰੰਸ ਭਾਰਤ-ਯੂਕੇ ਵਿਚਲੇ ਵਪਾਰਕ ਝਗੜਿਆਂ ਦੇ ਨਿਬੇੜੇ ਉਤੇ ਕੇਂਦਰਤ ਸੀ। ਮੇਘਵਾਲ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਨੂੰਨੀ ਸੁਧਾਰਾਂ ਨਾਲ ਵਿਦੇਸ਼ੀ ਨਿਵੇਸ਼ਕਾਂ ਨੂੰ ਸੌਖ ਹੋਵੇਗੀ। ਇਸ ਤੋਂ ਇਲਾਵਾ ਅਦਾਲਤਾਂ ਉਤੋਂ ਬੋਝ ਵੀ ਘਟੇਗਾ। ਕੇਂਦਰੀ ਮੰਤਰੀ ਮੇਘਵਾਲ ਨੇ ਕਿਹਾ ਕਿ ਵਪਾਰ, ਉਦਯੋਗ, ਵਣਜ ਤੇ ਨਿਵੇਸ਼ ਸਿਰਫ਼ ਉਦੋਂ ਹੀ ਤਰੱਕੀ ਕਰ ਸਕਦੇ ਹਨ ਜਦ ਸਰਕਾਰ ਦੀ ਨੀਤੀ ਇਸ ਲਈ ਸੁਖਾਵਾਂ ਵਾਤਾਵਰਨ ਮੁਹੱਈਆ ਕਰਵਾਏ। ਇਸ ਦੇ ਨਾਲ ਹੀ ਹਿੱਤਧਾਰਕਾਂ ਨੂੰ ਵਿਵਾਦਾਂ ਦੇ ਨਿਪਟਾਰੇ ਲਈ ਮਜ਼ਬੂਤ ਢਾਂਚਾ ਦੇਣਾ ਵੀ ਜ਼ਰੂਰੀ ਹੈ। -ਪੀਟੀਆਈ