Bhagat Singh ਭਗਤ ਸਿੰਘ ਨੂੰ ‘ਅਪਰਾਧੀ’ ਦੱਸਣ ਵਾਲੇ ਸਾਬਕਾ ਫੌਜੀ ਅਧਿਕਾਰੀ ਨੂੰ 50 ਕਰੋੜ ਦਾ ਕਾਨੂੰਨੀ ਨੋਟਿਸ
ਲਾਹੌਰ, 8 ਜਨਵਰੀ
ਲਾਹੌਰ ਅਧਾਰਿਤ ਗੈਰ-ਮੁਨਾਫੇ ਵਾਲੀ ਸੰਸਥਾ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਨੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ‘ਅਪਰਾਧੀ’ ਦੱਸਣ ਅਤੇ ਵਿਦੇਸ਼ਾਂ ਤੋਂ ਫੰਡ ਲੈਣ ਦੇ ਖ਼ੁਦ ’ਤੇ ਲੱਗੇ ਦੋਸ਼ਾਂ ਲਈ ਪਾਕਿਸਤਾਨੀ ਫੌਜ ਦੇ ਸੇਵਾਮੁਕਤ ਅਧਿਕਾਰੀ ਨੂੰ 50 ਕਰੋੜ ਰੁਪਏ ਹਰਜਾਨੇ ਦਾ ਕਾਨੂੰਨੀ ਨੋਟਿਸ ਭੇਜਦਿਆਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ। ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਆਪਣੇ ਵਕੀਲ ਖਾਲਿਦ ਜ਼ਮਾਨ ਖ਼ਾਨ ਰਾਹੀਂ ਮੈਟਰੋਪਾਲਿਟਨ ਕਾਰਪੋਰੇਸ਼ਨ ਲਾਹੌਰ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਤੇ ਪਾਕਿਸਤਾਨ ਥਲ ਸੈਨਾ ਦੇ ਸੇਵਾਮੁਕਤ ਅਧਿਕਾਰੀ ਤਾਰਿਕ ਮਜੀਦ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
ਨੋਟਿਸ ਵਿਚ ਕਿਹਾ ਗਿਆ, ‘‘ਮੇਰਾ ਮੁਵੱਕਲ (ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦਾ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ) ਦੇਸ਼ ਭਗਤ ਹੈ ਅਤੇ ਦੇਸ਼ ਤੇ ਇਸਲਾਮ ਪ੍ਰਤੀ ਇਮਾਨਦਾਰ ਹੈ...ਉਸ ਨੇ ਕਿਸੇ ਤੋਂ ਇਕ ਦੁਆਨੀ ਨਹੀਂ ਲਈ।’’ ਭਗਤ ਸਿੰਘ ਦੇ ਹਵਾਲੇ ਨਾਲ ਨੋਟਿਸ ’ਚ ਕਿਹਾ ਗਿਆ, ‘‘ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ 12.09.1929 ਨੂੰ ਸੈਂਟਰਲ ਅਸੈਂਬਲੀ ਦਿੱਲੀ ’ਚ ਭਗਤ ਸਿੰਘ ਦੀ ਸ਼ਲਾਘਾ ਕੀਤੀ ਸੀ।’’ ਕੁਰੈਸ਼ੀ ਨੇ ਕਿਹਾ ਕਿ ਮਜੀਦ ਨੇ ਲਾਹੌਰ ਹਾਈ ਕੋਰਟ ਵਿਚ ਨਵੰਬਰ ’ਚ ਦਾਖ਼ਲ ਕੀਤੀ ਆਪਣੀ ਰਿਪੋਰਟ ’ਚ ਭਗਤ ਸਿੰਘ ਲਈ ‘ਬਹੁਤ ਭੱਦੀ ਤੇ ਅਪਮਾਨਜਨਕ ਭਾਸ਼ਾ’ ਵਰਤੀ ਸੀ। ਚੇਤੇ ਰਹੇ ਕਿ ਮਜੀਦ ਨੇ ਉਸ ਰਿਪੋਰਟ ਵਿਚ ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਮ ਭਗਤ ਸਿੰਘ ਦੇ ਨਾਮ ’ਤੇ ਰੱਖਣ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਭਗਤ ਸਿੰਘ ਇਨਕਲਾਬੀ ਨਹੀਂ ਬਲਕਿ ਅਪਰਾਧੀ ਸੀ ਤੇ ਅੱਜ ਦੇ ਸਮੇਂ ਮੁਤਾਬਕ ਉਹ ਦਹਿਸ਼ਤਗਰਦ ਸੀ, ਜਿਸ ਨੇ ਬਰਤਾਨਵੀ ਪੁਲੀਸ ਅਧਿਕਾਰੀ ਨੂੰ ਮਾਰਿਆ ਤੇ ਇਸ ਅਪਰਾਧ ਲਈ ਉਸ ਨੂੰ ਉਹਦੇ ਦੋ ਹੋਰ ਸਾਥੀਆਂ ਨਾਲ ਫਾਹੇ ਟੰਗਿਆ ਗਿਆ। -ਪੀਟੀਆਈ