ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਰਾਸਤ

07:59 AM Oct 23, 2023 IST

ਰਾਮ ਸਵਰਨ ਲੱਖੇਵਾਲੀ
ਕਾਲਜ ਪੜ੍ਹਦਿਆਂ ਜ਼ਿੰਦਗੀ ਦਾ ਪਹਿਲਾ ਸੁਖਾਵਾਂ ਮੋੜ ਆਇਆ। ਪ੍ਰਾਇਮਰੀ ਅਧਿਆਪਕ ਵਾਲੇ ਕੋਰਸ ਨੇ ਨੌਕਰੀ ਦੀ ਦਸਤਕ ਦਿੱਤੀ। ਨਿਯੁਕਤੀ ਪੱਤਰ ਮਿਲਿਆ। ਖ਼ੁਸ਼ੀ ਬਾਹਾਂ ਪਸਾਰ ਕੇ ਮਿਲੀ ਜਿਹੜੀ ਕਿਰਤੀ ਮਾਂ ਦੀਆਂ ਅੱਖਾਂ ਵਿਚ ਖ਼ੁਸ਼ੀ ਲੋਅ ਬਣ ਚਮਕੀ। ਝੁਰੜੀਆਂ ਭਰੇ ਚਿਹਰੇ ’ਤੇ ਤਸੱਲੀ ਦਿਸੀ। ਬਾਪ ਨੇ ਸ਼ਾਬਾਸ਼ ਦਿੱਤੀ ਤੇ ਨਾਲ ਹੀ ਅੱਗੇ ਪੜ੍ਹਦੇ ਰਹਿਣ ਦੀ ਤਾਕੀਦ ਕੀਤੀ। ਭੈਣਾਂ ਨੂੰ ਇਹ ਖ਼ੁਸ਼ੀ ਚਾਅ ਦੇ ਰੂਪ ਵਿਚ ਮਿਲੀ। ਪਰਿਵਾਰ ਨੇ ਗਲੀ ਗੁਆਂਢ ਨਾਲ ਮਿਲ ਬੈਠ ਖ਼ੁਸ਼ੀ ਦੁੱਗਣੀ ਕੀਤੀ। ਰਾਤ ਨੂੰ ਮਨ ਮਸਤਕ ’ਤੇ ਖ਼ੁਸ਼ੀ ਦੇ ਦੀਵੇ ਜਗੇ। ਜ਼ਿੰਦਗੀ ਦੇ ਸੁਖਦ ਸਫ਼ਰ ਦਾ ਰਾਹ ਖੁੱਲ੍ਹਿਆ।
ਨੌਕਰੀ ਵਾਲ਼ਾ ਸਕੂਲ ਜਿ਼ਲ੍ਹੇ ਦੀ ਹੱਦ ’ਤੇ ਸੀ। ਸਵੇਰ ਸਾਰ ਬੱਸ ਫੜ ਸਕੂਲੇ ਹਾਜ਼ਰ ਹੋਣ ਲਈ ਉਤਸ਼ਾਹ ਨਾਲ ਤੁਰੇ। ਮਨ ਵਿਚ ਸੋਚਾਂ ਦਾ ਵਹਿਣ ਉੱਠਿਆ। ਅਧਿਆਪਨ ਦੇ ਨਵੇਂ ਸਫ਼ਰ ਦੀ ਤਾਂਘ ਜਗਣ ਲੱਗੀ। ਬੱਸ ਦਾ ਸਫ਼ਰ ਮੁੱਕਿਆ ਪਰ ਉਸ ਪਿੰਡ ਜਾਣ ਲਈ ਅਜੇ ਪੈਦਲ ਪੈਂਡਾ ਬਾਕੀ ਸੀ ਅਤੇ ਪਿੰਡ ਟਿੱਬੇ ਤੋਂ ਪਾਰ ਸੀ। ਅਸੀਂ ਟਿੱਬਾ ਪਾਰ ਕਰਦੀ ਮੇਲ੍ਹਦੀ ਜਾਂਦੀ ਲਿੰਕ ਸੜਕ ’ਤੇ ਜਾ ਚੜ੍ਹੇ। ਰੇਤਲੇ ਟਿੱਬੇ ’ਤੇ ਕਿਤੇ ਕਿਤੇ ਹਰਿਆਵਲ ਨਜ਼ਰ ਆਉਂਦੀ। ਰਾਹ ਵਿਚ ਪਿੰਡ ਨੂੰ ਆਉਂਦੇ ਜਾਂਦੇ ਵਿਰਲੇ, ਟਾਵੇਂ ਸਾਈਕਲ ਸਵਾਰ ਮਿਲੇ।
ਖੱਦਰ ਦਾ ਚਿੱਟਾ ਕੁੜਤਾ ਪਜਾਮਾ ਪਹਨਿੀ ਅੱਗੇ ਤੁਰਦਾ ਸੁਤੰਤਰਤਾ ਸੈਨਾਨੀ ਬਾਪ। ਸੱਠਾਂ ਤੋਂ ਟੱਪੀ ਉਮਰ। ਆਸਵੰਦ ਚਿਹਰੇ ਤੋਂ ਝਲਕਦਾ ਆਤਮ-ਵਿਸ਼ਵਾਸ। ਬੁਲੰਦ ਹੌਸਲਾ ਤੇ ਪੱਕੇ ਇਰਾਦਿਆਂ ਵਿਚ ਢਲੀ ਸਖ਼ਤ ਜਾਨ। ਤੁਰਦੇ ਹੋਏ ਜੀਵਨ ਦੇ ਤਜਰਬੇ ਸਾਂਝੇ ਕਰਦੇ ਜਾਂਦੇ। ਮਗਰ ਤੁਰਦਾ ਮੈਂ ਉਨ੍ਹਾਂ ਦੇ ਕਦਮਾਂ ਦੀ ਤਾਲ ਸੁਣਦਾ। ਸਫ਼ਰ ਸੁਖਾਲਾ ਕਰਨ ਲਈ ਆਪਣੀਆਂ ਕਵਿਤਾਵਾਂ ਦੇ ਬੋਲ ਗੁਣਗੁਣਾਉਂਦੇ। ਮੈਨੂੰ ਸਮਝਾਉਂਦੇ ਜਾਂਦੇ, “ਪੁੱਤ ਮੈਂ ਭਾਵੇਂ ਰੁਲ ਖੁਲ ਕੇ ਦੋ ਤਿੰਨ ਜਮਾਤਾਂ ਹੀ ਪੜ੍ਹਿਆ ਹਾਂ ਪਰ ਇਸ ਪੜ੍ਹਾਈ ਦਾ ਬਹੁਤ ਮੁੱਲ ਹੈ। ਇਹ ਦੀਵੇ ਦੀ ਲੋਅ ਵਾਂਗਰ ਜਗਾਉਂਦੀ ਹੈ। ਮੈਨੂੰ ਚੇਤਨਾ ਤੇ ਸੰਘਰਸ਼ ਦੀ ਜਾਗ ਏਥੋਂ ਹੀ ਲੱਗੀ ਐ। ਸਿਰ ਉਠਾ ਕੇ ਜਿਊਣ ਦੀ ਇੱਛਾ ਨੂੰ ਏਸੇ ਨੇ ਪਾਲਿਆ। ਪੜ੍ਹਾਈ ਨੇ ਹੀ ਮਨ ਵਿਚ ਆਜ਼ਾਦੀ ਦਾ ਸੁਫ਼ਨਾ ਪਰੋਇਆ। ਸਫ਼ਲ ਜੀਵਨ ਲਈ ਇਸ ਦਾ ਸਾਥ ਜ਼ਰੂਰੀ ਹੈ। ਚੱਲ, ਹੁਣ ਤੂੰ ਵੀ ਪੈਰਾਂ ਸਿਰ ਹੋ ਗਿਐਂ। ਮੇਰਾ ਫਿ਼ਕਰ ਮੁੱਕ ਗਿਆ ਹੈ। ਸ਼ਬਦਾਂ ਨਾਲ਼ ਜੁੜਿਆ ਰਹੀਂ। ਕੁਝ ਚੰਗਾ ਤੇ ਨਵਾਂ ਕਰਨਾ ਕਦੇ ਨਾ ਭੁੱਲੀਂ। ਇਹ ਰਾਹ ਉਮਰ ਭਰ ਸਾਥ ਦੇਣ ਵਾਲਾ ਹੈ। ਜਿ਼ੰਦਗੀ ਦੀ ਅਸਲ ਜਾਇਦਾਦ ਇਹੋ ਹੈ ਜਿਹੜੀ ਸਾਹਾਂ ਦੀ ਤੰਦ ਟੁੱਟਣ ਮਗਰੋਂ ਵੀ ਬੰਦੇ ਦੀ ਸਾਖ ਬਣਾਈ ਰੱਖਦੀ ਹੈ।”
ਅਸੀਂ ਸਾਹੋ-ਸਾਹ ਹੋਏ ਟਿੱਬਾ ਉੱਤਰੇ। ਪਿੰਡ ਦੀ ਰੁਮਕਦੀ ਪੌਣ ਸੁਆਗਤ ਕਰਦੀ ਜਾਪੀ। ਸਕੂਲ ਦੇ ਦਰ ’ਤੇ ਪਹੁੰਚੇ ਤਾਂ ਮੁੱਖ ਅਧਿਆਪਕ ਤੇ ਸਟਾਫ ਅਪਣੱਤ ਨਾਲ ਮਿਲਿਆ। ਸ਼ਾਇਦ ਉਨ੍ਹਾਂ ਦੀ ਨਵੇਂ ਅਧਿਆਪਕ ਦੀ ਉਡੀਕ ਖ਼ਤਮ ਹੋਈ ਸੀ। ਚਾਹ ਪਾਣੀ ਪੀਂਦਿਆਂ ਗੱਲਾਂ ਤੁਰੀਆਂ। ਪਿਤਾ ਜੀ ਨੇ ਪਰਿਵਾਰ ਦੀ ਵਿਰਾਸਤ ਬਿਆਨ ਕੀਤੀ, “ਪਰਜਾ ਮੰਡਲ ਦਾ ਸਿਪਾਹੀ ਰਿਹਾਂ। ਜੇਲ੍ਹ ਜਾਣਾ ਮਨਜ਼ੂਰ ਕੀਤਾ ਪਰ ਗੋਰਿਆਂ ਦੀ ਈਨ ਨੀ ਮੰਨੀ। ਸੰਘਰਸ਼ ਕਰ ਕੇ ਜਿਊਣਾ, ਜਿੱਤਣਾ ਸਿੱਖਿਆ। ਬਹੁਤ ਔਕੜਾਂ ਝੱਲ ਕੇ ਪਰਿਵਾਰ ਨੂੰ ਪਾਲਿਆ ਪੜ੍ਹਾਇਆ ਹੈ। ਆਹ ਪੜ੍ਹਾਈ ਦਾ ਮੁੱਲ ਹੀ ਤਾਂ ਐ ਕਿ ਪੁੱਤਰ ਨੂੰ ਅਧਿਆਪਕ ਬਣ ਸੇਵਾ ਕਰਨ ਦਾ ਮੌਕਾ ਮਿਲਿਆ। ਮੌਕੇ ਹੀ ਜੀਵਨ ਦੇ ਰਾਹ ਹੁੰਦੇ ਨੇ। ਜਿਹੜਾ ਸੰਭਾਲ ਲਵੇ, ਉਹ ਮੰਜਿ਼ਲ ਪਾ ਲੈਂਦਾ। ਅੱਜ ਤੋਂ ਹੀ ਇਹ ਨਵਾਂ ਅਧਿਆਪਕ ਤੁਹਾਨੂੰ ਸੌਂਪ ਚੱਲਿਆਂ। ਇਹਤੋਂ ਪੜ੍ਹਾਈ ਲਿਖਾਈ ਦਾ ਪੂਰਾ ਕੰਮ ਲੈਣਾ। ਚੰਗਾ ਅਧਿਆਪਕ ਬਣਨ ਲਈ ਰਾਹ ਰਸਤਾ ਦਿਖਾਉਣਾ।” ਇਹ ਆਖਦਿਆਂ ਪਿਤਾ ਜੀ ਆਗਿਆ ਲੈ ਪਿੰਡ ਪਰਤ ਆਏ।
ਮੁਖੀ ਨੇ ਸਾਰਾ ਸਕੂਲ ਦਿਖਾਇਆ। ਸੁਚੱਜੇ ਢੰਗ ਨਾਲ਼ ਸੰਭਾਲਿਆ ਹੋਇਆ, ਸੁੰਦਰ ਦਿਖ ਵਾਲਾ ਪ੍ਰਾਇਮਰੀ ਸਕੂਲ। ਕਿਆਰੀਆਂ ਵਿਚ ਲੱਗੇ ਖਿੜੇ ਫੁੱਲ ਬੂਟੇ ਤੇ ਹਰੇ ਭਰੇ ਛਾਂ-ਦਾਰ ਰੁੱਖ ‘ਜੀ ਆਇਆਂ’ ਕਹਿੰਦੇ ਜਾਪੇ। ਸਾਰੇ ਅਧਿਆਪਕਾਂ ਤੇ ਬੱਚਿਆਂ ਨਾਲ ਮਿਲਾਇਆ। ਸਵਾਗਤ ਵਿਚ ਨੰਨ੍ਹੇ ਮੁੰਨੇ ਬੱਚਿਆਂ ਦੇ ਮੁਸਕਰਾਉਂਦੇ ਚਿਹਰੇ ਮਨ ਦਾ ਸਕੂਨ ਬਣੇ। ਮੁੱਖ ਅਧਿਆਪਕ ਨੇ ਸਲੀਕੇ ਨਾਲ ਕੰਮ ਸਮਝਾਇਆ। ਪੰਜਵੀਂ ਕਲਾਸ ਨੂੰ ਪੜ੍ਹਾਉਣ ਦਾ ਕੰਮ ਵੀ ਸੌਂਪ ਦਿੱਤਾ।
ਅੱਧੀ ਛੁੱਟੀ ਮਗਰੋਂ ਕਲਾਸ ਵਿਚ ਸਾਂ। ਸਾਰੇ ਬੱਚਿਆਂ ਦੇ ਚਿਹਰਿਆਂ ’ਤੇ ਖ਼ੁਸ਼ੀ ਦੇ ਭਾਵ ਸਨ। ਸਿੱਖਣ, ਸਮਝਣ ਦਾ ਰੌਂਅ ਨਜ਼ਰ ਆਇਆ। ਮੈਂ ਪਹਿਲ ਪ੍ਰਿਥਮੇ ਮਾਂ-ਬੋਲੀ ਦੀ ਪੁਸਤਕ ’ਚੋਂ ਮੋਤੀਆਂ ਜਿਹੇ ਸ਼ਬਦ ਪੜ੍ਹਦਿਆਂ ਕਵਿਤਾ ਦਾ ਪਾਠ ਕੀਤਾ। ਸਾਰਿਆਂ ਦਾ ਹੁੰਗਾਰਾ ਮਿਲਿਆ। ਫਿਰ ਦੂਜੇ ਵਿਸਿ਼ਆਂ ਦਾ ਕੰਮ ਵੀ ਕਰਨ ਲੱਗੇ। ਕੰਮ ਵਿਚ ਮਗਨ ਰਹਿੰਦਿਆਂ ਸਾਰੀ ਛੁੱਟੀ ਤੱਕ ਦਾ ਵਕਤ ਪਲਾਂ ਵਿਚ ਹੀ ਗੁਜ਼ਰ ਗਿਆ।
ਨੌਕਰੀ ਦੇ ਪਹਿਲੇ ਦਿਨ ਦੀ ਹਾਜ਼ਰੀ ਲਗਾਈ। ਦਫ਼ਤਰ ਵਿਚ ਸਟਾਫ ਨਾਲ ਬੈਠਿਆਂ ਮੁਖ ਅਧਿਆਪਕ ਦੇ ਬੋਲ ਸਨ, “ਜੁਆਨਾ, ਆਪਣੇ ਸਿਰ ਵੱਡੀ ਜਿ਼ੰਮੇਵਾਰੀ ਹੈ- ਬਾਲਾਂ ਦੀ ਜਿ਼ੰਦਗੀ ਸੰਵਾਰਨ ਦੀ। ਆਪਣੇ ਕੰਮ ਪ੍ਰਤੀ ਇਮਾਨਦਾਰੀ। ਜੀਵਨ ਦਾ ਆਦਰਸ਼ ਸਖ਼ਤ ਮਿਹਨਤ। ਖੁੱਲ੍ਹਾ ਡੁੱਲ੍ਹਾ ਮਨ ਤੇ ਚੰਗਾ ਆਚਾਰ ਵਿਹਾਰ। ਅਮਲਾਂ ਵਿਚ ਇਹ ਲਾਗੂ ਕੀਤਾ ਤਾਂ ਤੇਰੀ ਜਿ਼ੰਦਗੀ ਦਾ ਸਫ਼ਰ ਮਾਣ ਮੱਤਾ ਹੋਵੇਗਾ।” ਸਾਰੇ ਅਧਿਆਪਕ ਸਕੂਲੋਂ ਘਰਾਂ ਨੂੰ ਤੁਰੇ। ਉਸ ਦਿਨ ਮੈਂ ਮੁੱਖ ਅਧਿਆਪਕ ਦਾ ਮਹਿਮਾਨ ਬਣਿਆ।
ਰਾਤ ਨੂੰ ਚੰਨ ਤਾਰਿਆਂ ਨਾਲ ਖਿੜੀ ਰਾਤ ਵਿਚ ਬਾਪ ਦੇ ਜੀਵਨ ਪੰਧ ਦੀ ਪੁਸਤਕ ਦਾ ਪੰਨਾ ਖੁੱਲ੍ਹਿਆ ਜਿਸ ’ਤੇ ਗਿਆਨ, ਚੇਤਨਾ ਤੇ ਸੰਘਰਸ਼ ਦੀ ਇਬਾਰਤ ਸੀ। ਉਸ ਉੱਪਰ ਸੁਨਹਿਰੇ ਅੱਖਰਾਂ ਵਿਚ ਲਿਖਿਆ ਸੀ- ਹੱਕ ਮੰਗਿਆਂ ਨਹੀਂ, ਲੜਿਆਂ ਮਿਲਦੇ। ਮਨੁੱਖ ਨੂੰ ਹਾਲਤਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ, ਸੰਘਰਸ਼ ਕਰਨਾ ਚਾਹੀਦਾ। ਇਹ ਜਿ਼ੰਦਗੀ ਨੂੰ ਜਿੱਤ ਵੱਲ ਲਿਜਾਂਦਾ ਹੈ। ਇਹ ਰਾਹ ਦਸੇਰਾ ਹੀ ਨਹੀਂ, ਜਿਊਣ ਦਾ ਬਲ ਹੈ। ਸੰਘਰਸ਼ ਦੇ ਅੰਗ ਸੰਗ ਰਹਿਣ ਵਾਲੇ ਲੋਕ ਆਪਣੀਆਂ ਪ੍ਰਾਪਤੀਆਂ ਸਦਕਾ ਹੋਰਨਾਂ ਲਈ ਪ੍ਰੇਰਨਾ ਸ੍ਰੋਤ ਬਣਦੇ ਹਨ। ਜੀਵਨ ਤੇ ਸਮਾਜ ਦੀਆਂ ਪ੍ਰਾਪਤੀਆਂ ਸੰਘਰਸ਼ਾਂ ਦੀ ਦੇਣ ਹਨ। ਇਹੋ ਆਪਣੀ ਵਿਰਾਸਤ ਹੈ।
ਬਾਪ ਦੇ ਬੋਲ ਪੱਲੇ ਬੰਨ੍ਹ ਲਏ। ਵਿਰਾਸਤ ਦਾ ਲੜ ਨਹੀਂ ਛੱਡਿਆ। ਉਨ੍ਹਾਂ ਦੇ ਤੁਰ ਜਾਣ ਮਗਰੋਂ ਉਹੋ ਵਿਰਾਸਤ ਜੀਵਨ ਰਾਹ ’ਤੇ ਚਾਨਣ ਬਣ ਪਸਰੀ ਹੋਈ ਹੈ।
ਸੰਪਰਕ: 95010-06626

Advertisement

Advertisement