ਵਿਰਾਸਤ ਅਤੇ ਚੁਣੌਤੀਆਂ
ਕੁਝ ਦਿਨ ਪਹਿਲਾਂ ਬਹੁਜਨ ਸਮਾਜ ਪਾਰਟੀ ਦੀ ਮੁੱਖ ਆਗੂ ਮਾਇਆਵਤੀ ਨੇ ਆਪਣੇ ਭਤੀਜੇ ਅਕਾਸ਼ ਆਨੰਦ ਨੂੰ ਆਪਣਾ ਸਿਆਸੀ ਵਾਰਿਸ ਐਲਾਨਿਆ ਹੈ। 28 ਸਾਲਾ ਅਕਾਸ਼ ਆਨੰਦ ਉੱਤਰ ਪ੍ਰਦੇਸ਼ ਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਮੈਦਾਨ ਵਿਚ ਦਾਖ਼ਲ ਹੋਇਆ ਸੀ। 2001 ਵਿਚ ਬਸਪਾ ਦੇ ਬਾਨੀ ਕਾਂਸ਼ੀ ਰਾਮ ਨੇ ਮਾਇਆਵਤੀ ਨੂੰ ਆਪਣਾ ਸਿਆਸੀ ਵਾਰਿਸ ਬਣਾਇਆ ਸੀ।
ਕਾਂਸ਼ੀ ਰਾਮ ਨੇ 1984 ਵਿਚ ਡਾ. ਬੀਆਰ ਅੰਬੇਡਕਰ ਦੇ ਜਨਮ ਦਿਹਾੜੇ (14 ਅਪਰੈਲ) ’ਤੇ ਪਾਰਟੀ ਦੀ ਬੁਨਿਆਦ ਰੱਖੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਲੰਮੇ ਵਰ੍ਹੇ ਦੇਸ਼ ਦੇ ਅਤੇ ਖ਼ਾਸ ਕਰ ਕੇ ਉੱਤਰ ਪ੍ਰਦੇਸ਼ ਦੇ ਦਲਿਤਾਂ ਨੂੰ ਜਥੇਬੰਦ ਕਰਨ ਲਈ ਲਗਾਏ। 1971 ਵਿਚ ਉਨ੍ਹਾਂ ਨੇ ਆਲ ਇੰਡੀਆ ਐੱਸਸੀ, ਐੱਸਟੀ, ਓਬੀਸੀ ਤੇ ਘੱਟਗਿਣਤੀ ਕਰਮਚਾਰੀਆਂ ਦੀ ਜਥੇਬੰਦੀ ਬਣਾਈ ਅਤੇ 1981 ਵਿਚ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ (ਡੀਐੱਸ-4)। ਬਸਪਾ ਨੂੰ ਉੱਤਰ ਪ੍ਰਦੇਸ਼ ਦੀ ਸਿਆਸਤ ਵਿਚ ਵੱਡਾ ਹੁੰਗਾਰਾ ਮਿਲਿਆ ਅਤੇ ਦਲਿਤ ਤੇ ਪੱਛੜੀਆਂ ਜਾਤਾਂ ਦੀ ਸਾਂਝੀ ਸਿਆਸਤ ਦੀ ਉਮੀਦ ਉੱਭਰੀ। 1993 ਵਿਚ ਸਮਾਜਵਾਦੀ ਪਾਰਟੀ ਤੇ ਬਸਪਾ ਨੇ ਆਪਸੀ ਸਹਿਯੋਗ ਨਾਲ ਵਿਧਾਨ ਸਭਾ ਚੋਣਾਂ ਲੜੀਆਂ। 1995 ਅਤੇ 1997 ਵਿਚ ਮਾਇਆਵਤੀ ਥੋੜ੍ਹੇ ਸਮੇਂ ਲਈ ਮੁੱਖ ਮੰਤਰੀ ਬਣੀ ਅਤੇ ਫਿਰ 2002 ਤੋਂ 2003 ਤਕ ਮੁੱਖ ਮੰਤਰੀ ਰਹੀ। ਉਨ੍ਹਾਂ ਦਿਨਾਂ ਵਿਚ ਭਾਜਪਾ ਨੇ ਬਸਪਾ ਦੀ ਹਮਾਇਤ ਕੀਤੀ। ਬਸਪਾ ਨੇ 2007 ਵਿਚ ਉੱਤਰ ਪ੍ਰਦੇਸ਼ ਦੀਆਂ ਚੋਣਾਂ ਵਿਚ ਆਪਣੇ ਦਮ ’ਤੇ ਬਹੁਮਤ ਹਾਸਿਲ ਕੀਤਾ ਅਤੇ ਮਾਇਆਵਤੀ 2007 ਤੋਂ 2012 ਤਕ ਮੁੱਖ ਮੰਤਰੀ ਰਹੀ। ਉਸ ਸਮੇਂ ਬਸਪਾ ਨੇ ਦਲਿਤ ਅਤੇ ਤਥਾਕਥਿਤ ਉੱਚ ਜਾਤੀਆਂ ਦੇ ਗੱਠਜੋੜ ਨੂੰ ਉਭਾਰਿਆ। 2014 ਦੀਆਂ ਲੋਕ ਸਭਾ ਚੋਣਾਂ ਵਿਚ ਬਸਪਾ ਨੂੰ ਸਾਰੇ ਭਾਰਤ ਵਿਚ 4.2 ਫ਼ੀਸਦੀ ਵੋਟਾਂ ਮਿਲੀਆਂ ਪਰ ਉਹ ਕੋਈ ਸੀਟ ਨਾ ਜਿੱਤ ਸਕੀ। 2019 ਦੀਆਂ ਲੋਕ ਸਭਾ ਚੋਣਾਂ ਬਸਪਾ ਨੇ ਸਮਾਜਵਾਦੀ ਪਾਰਟੀ ਤੇ ਰਾਸ਼ਟਰੀ ਲੋਕ ਦਲ ਨਾਲ ਮਿਲ ਕੇ ਲੜੀਆਂ ਅਤੇ 10 ਹਲਕਿਆਂ ਵਿਚ ਸਫਲਤਾ ਪ੍ਰਾਪਤ ਕੀਤੀ। ਬਸਪਾ ਨੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸੂਬਿਆਂ ਵਿਚ ਕਈ ਖੇਤਰੀ ਪਾਰਟੀਆਂ ਨਾਲ ਵੀ ਚੋਣ ਸਮਝੌਤੇ ਕੀਤੇ ਹਨ।
ਬਹੁਜਨ ਸਮਾਜ ਪਾਰਟੀ ਨੇ ਦਲਿਤ ਲੋਕਾਂ ਦੀ ਅਗਵਾਈ ਦੇ ਸੁਪਨੇ ਜਗਾਏ ਅਤੇ ਉਨ੍ਹਾਂ ਵਿਚ ਸਫਲਤਾ ਹਾਸਿਲ ਕੀਤੀ। ਉੱਤਰ ਪ੍ਰਦੇਸ਼ ਤੋਂ ਇਲਾਵਾ ਪਾਰਟੀ ਉਤਰਾਖੰਡ, ਰਾਜਸਥਾਨ, ਪੰਜਾਬ, ਮੱਧ ਪ੍ਰਦੇਸ਼ ਆਦਿ ਸੂਬਿਆਂ ਵਿਚ ਪ੍ਰਭਾਵ ਰੱਖਦੀ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿਚ ਉਸ ਨੂੰ ਉੱਤਰ ਪ੍ਰਦੇਸ਼ ਦੀਆਂ ਕੁੱਲ ਵੋਟਾਂ ਵਿਚੋਂ 19.3 ਫ਼ੀਸਦੀ ਵੋਟਾਂ ਮਿਲੀਆਂ ਸਨ ਅਤੇ 2022 ਦੀਆਂ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ ਕੁੱਲ ਵੋਟਾਂ ਦਾ 12.88 ਫ਼ੀਸਦੀ। ਉੱਤਰ ਪ੍ਰਦੇਸ਼ ਵਿਚ ਪਾਰਟੀ ਸਾਹਮਣੇ ਮੁਸ਼ਕਿਲ ਇਹ ਹੈ ਕਿ ਇਕੱਲਿਆਂ ਚੋਣਾਂ ਲੜ ਕੇ ਉਹ 12 ਫ਼ੀਸਦੀ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਦੇ ਬਾਵਜੂਦ ਆਪਣੇ ਉਮੀਦਵਾਰਾਂ ਨੂੰ ਨਹੀਂ ਜਿਤਾ ਸਕਦੀ; 2022 ਵਿਚ ਪਾਰਟੀ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ ਸਿਰਫ਼ ਇਕ ਸੀਟ ਜਿੱਤੀ ਸੀ। ਮੌਜੂਦਾ ਸਿਆਸੀ ਮਾਹੌਲ ਵਿਚ ਬਸਪਾ ਇਕੱਲੀ ਪੈ ਗਈ ਹੈ; ਨਾ ਤਾਂ ਉਹ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਨਾਲ ਗੱਠਜੋੜ ਕਰਨ ਦੇ ਰੌਂਅ ਵਿਚ ਜਾਪਦੀ ਹੈ ਅਤੇ ਨਾ ਹੀ ਇਨ੍ਹਾਂ ਪਾਰਟੀਆਂ ਨੇ ਬਸਪਾ ਨੂੰ ਆਪਣੇ ਨਾਲ ਜੋੜਨ ਦੇ ਯਤਨ ਕੀਤੇ ਹਨ। ਅਜਿਹੇ ਹਾਲਾਤ ਵਿਚ ਅਕਾਸ਼ ਆਨੰਦ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਹੈ। ਉੱਤਰ ਪ੍ਰਦੇਸ਼ ਵਿਚ ਚੰਦਰਸ਼ੇਖਰ ਆਜ਼ਾਦ ਪ੍ਰਮੁੱਖ ਦਲਿਤ ਆਗੂ ਵਜੋਂ ਉੱਭਰਿਆ ਹੈ ਜਦੋਂਕਿ ਅਕਾਸ਼ ਨੇ ਸਿਆਸਤ ਵਿਚ ਆਪਣੀ ਛਾਪ ਅਜੇ ਛੱਡਣੀ ਹੈ। ਕਾਂਸ਼ੀ ਰਾਮ ਦੀ ਦਲਿਤ ਸ਼ਕਤੀਕਰਨ ਦੀ ਮੁਹਿੰਮ ਨੂੰ ਅੱਗੇ ਵਧਾਉਣਾ ਚੁਣੌਤੀਆਂ ਭਰਿਆ ਕਾਰਜ ਹੈ। ਜਮਾਤੀ ਤੇ ਜਾਤੀ ਦ੍ਰਿਸ਼ਟੀਕੋਣ ਤੋਂ ਤਾਂ ਇਹ ਚਾਹੀਦਾ ਸੀ/ਹੈ ਕਿ ਦਲਿਤ ਤੇ ਪੱਛੜੀਆਂ ਜਾਤੀਆਂ ਦੀਆਂ ਪਾਰਟੀਆਂ ਅਤੇ ਮਿਹਨਤਕਸ਼ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਪਾਰਟੀਆਂ ਇਕ ਮੰਚ ’ਤੇ ਇਕੱਠੀਆਂ ਹੁੰਦੀਆਂ ਪਰ ਅਜਿਹਾ ਮੰਚ ਕਦੇ ਵੀ ਹੋਂਦ ਵਿਚ ਨਹੀਂ ਆਇਆ। ਇਸ ਦਾ ਫ਼ਾਇਦਾ ਕੱਟੜਪੰਥੀ ਸਿਆਸਤ ਕਰਨ ਵਾਲੀਆਂ ਪਾਰਟੀਆਂ ਨੂੰ ਮਿਲਦਾ ਰਿਹਾ ਹੈ। ਇਸ ਸਮੇਂ ਦੇਸ਼ ਵਿਚ ਭਾਜਪਾ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਸੰਗਠਨ (National Democratic Alliance-ਐੱਨਡੀਏ) ਅਤੇ ‘ਇੰਡੀਆ’ ਗੱਠਜੋੜ ਵਿਚਕਾਰ ਮੁੱਖ ਟੱਕਰ ਹੋਣ ਦਾ ਮਾਹੌਲ ਉੱਭਰ ਰਿਹਾ ਹੈ; ਗੱਠਜੋੜਾਂ ਤੋਂ ਬਾਹਰ ਰਹਿਣ ਵਾਲੀਆਂ ਪਾਰਟੀਆਂ ਦੀਆਂ ਸਿਆਸੀ ਮੁਸ਼ਕਿਲਾਂ ਵਧਣ ਵਾਲੀਆਂ ਹਨ। ਬਸਪਾ ਵੀ ਅਜਿਹੀ ਚੁਣੌਤੀ ਦੇ ਰੂ-ਬ-ਰੂ ਹੈ।