ਖੱਬੇ-ਪੱਖੀ ਨੇਤਾ ਦੀਸਾਨਾਇਕ ਹੋਣਗੇ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ
ਕੋਲੰਬੋ, 22 ਸਤੰਬਰ
Sri Lanka New President ਖੱਬੇ-ਪੱਖੀ ਆਗੂ ਅਨੁਰਾ ਕੁਮਾਰਾ ਦੀਸਾਨਾਇਕ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ ਅਤੇ ਉਹ ਭਲਕੇ ਸੋਮਵਾਰ ਨੂੰ ਦੇਸ਼ ਦੇ ਨੌਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣਗੇ। ਚੋਣ ਕਮਿਸ਼ਨ ਨੇ ਇਤਿਹਾਸਕ ਦੂਜੇ ਗੇੜ ਤੱਕ ਖਿੱਚੀ ਵੋਟਾਂ ਦੀ ਗਿਣਤੀ ਮਗਰੋਂ ਦੀਸਾਨਾਇਕ ਨੂੰ ਜੇਤੂ ਐਲਾਨ ਦਿੱਤਾ ਹੈ। ਮਾਰਕਸਵਾਦੀ ਜਨਤਾ ਵਿਮੁਕਤੀ ਪੇਰਾਮੁਨਾ ਪਾਰਟੀ ਦੇ ਮੋਰਚੇ ਨੈਸ਼ਨਲ ਪੀਪਲਜ਼ ਪਾਵਰ (ਐੱਨਪੀਪੀ) ਦੇ ਆਗੂ ਦਿਸਾਨਾਇਕ (56) ਨੇ ਦੂਜੇ ਗੇੜ ਦੀ ਵੋਟਿੰਗ ਵਿੱਚ ਆਪਣੇ ਨਜ਼ਦੀਕੀ ਵਿਰੋਧੀ ਸਾਮਗੀ ਜਨ ਬਾਲਵੇਗਾਯਾ (ਐਸਜੇਬੀ) ਦੇ ਸਾਜਿਤ ਪ੍ਰੇਮਦਾਸਾ ਨੂੰ ਹਰਾ ਦਿੱਤਾ। ਉਹ ਮਾਰਕਸਵਾਦੀ ਪਾਰਟੀ ਦੇ ਪਹਿਲੇ ਨੇਤਾ ਹਨ ਜੋ ਦੇਸ਼ ਦੀ ਵਾਗਡੋਰ ਸੰਭਾਲ ਰਹੇ ਹਨ। ਮੌਜੂਦਾ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਪਹਿਲੇ ਗੇੜ ਦੀ ਵੋਟਾਂ ਦੀ ਗਿਣਤੀ ਵਿੱਚੋਂ ਹੀ ਬਾਹਰ ਹੋ ਗਏ ਸਨ। ਉਹ ਚੋਟੀ ਦੇ ਦੋ ਉਮੀਦਵਾਰਾਂ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਹੇ। ਐੱਨਪੀਪੀ ਨੇ ਕਿਹਾ ਕਿ ਦੀਸਾਨਾਇਕ ਸੋਮਵਾਰ ਨੂੰ ਦੇਸ਼ ਦੇ ਨੌਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣਗੇ। -ਪੀਟੀਆਈ