ਖੱਬੀਆਂ ਧਿਰਾਂ ਤੇ ਕਿਸਾਨ ਜਥੇਬੰਦੀਆਂ ਨੇ ਰਾਜਪਾਲ ਨੂੰ ਭੇਜਿਆ ਮੰਗ ਪੱਤਰ
ਪੱਤਰ ਪ੍ਰੇਰਕ
ਮਾਨਸਾ, 21 ਨਵੰਬਰ
ਖੱਬੀਆਂ ਪਾਰਟੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਅਧੀਨ ਕਿਸਾਨ-ਮਜਦੂਰ ਜਥੇਬੰਦੀਆਂ ਦੇ ਵਫ਼ਦ ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਰਾਹੀਂ ਇੱਕ ਮੰਗ ਪੱਤਰ ਪੰਜਾਬ ਦੇ ਰਾਜਪਾਲ ਦੇ ਨਾਂ ਭੇਜਿਆ ਗਿਆ। ਵਫ਼ਦ ਵੱਲੋਂ ਮੰਗ ਕੀਤੀ ਕਿ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ ਅਤੇ ਹਰਿਆਣਾ ਨੂੰ ਉਥੇ ਜ਼ਮੀਨ ਅਲਾਟ ਕਰਨ ਦਾ ਫੈਸਲਾ ਤੁਰੰਤ ਰੱਦ ਕੀਤਾ ਜਾਵੇ।ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਦੱਸਿਆ ਕਿ ਚੰਡੀਗੜ੍ਹ ਪੰਜਾਬ ਦੇ ਦਰਜਨਾਂ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਧਰਤੀ ’ਤੇ ਵਸਾਇਆ ਗਿਆ ਸੀ। ਉਨ੍ਹਾਂ ਕਿਹਾ ਕਿ 1966 ਦੇ ਪੰਜਾਬ ਪੁਨਰਗਠਨ ਐਕਟ ਮੁਤਾਬਿਕ ਵੀ ਇਸ ਨੂੰ ਪੰਜਾਬ ਦੀ ਰਾਜਧਾਨੀ ਪ੍ਰਵਾਨ ਕੀਤਾ ਗਿਆ ਸੀ ਅਤੇ ਹਰਿਆਣਾ ਨੂੰ ਅਪਣੀ ਨਵੀਂ ਰਾਜਧਾਨੀ ਉਸਾਰਨ ਤੱਕ ਇਥੇ ਆਰਜ਼ੀ ਤੌਰ ’ਤੇ ਰਾਜਧਾਨੀ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਕੇਂਦਰ ਸਰਕਾਰ ਦੀ ਬਦਨੀਤੀ ਕਾਰਨ ਬਾਦ ਵਿੱਚ ਉਹ ਫੈਸਲਾ ਕਦੇ ਵੀ ਅਮਲ ਵਿੱਚ ਨਹੀਂ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਹੁਣ ਇਕ ਸਾਜ਼ਿਸ਼ ਤਹਿਤ ਮੋਦੀ ਸਰਕਾਰ, ਪੰਜਾਬ ਵਿੱਚ ਭੜਕਾਹਟ ਪੈਦਾ ਕਰਨ ਲਈ ਹਰਿਆਣਾ ਨੂੰ ਰਾਜਧਾਨੀ ਉਸਾਰਨ ਲਈ ਚੰਡੀਗੜ੍ਹ ਵਿਖੇ ਹੀ ਜ਼ਮੀਨ ਅਲਾਟ ਕਰਨ ਦੀ ਸਕੀਮ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਜਨਤਾ ਇਸ ਸਾਜ਼ਿਸ਼ ਨੂੰ ਕਦੇ ਵੀ ਸਿਰੇ ਨਹੀਂ ਚੜ੍ਹਨ ਦੇਵੇਗੀ।
ਇਸ ਮੌਕੇ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਸੁਰਿੰਦਰਪਾਲ ਸ਼ਰਮਾ, ਵਿਜੇ ਕੁਮਾਰ ਭੀਖੀ, ਆਰਐੱਮਪੀਆਈ ਵੱਲੋਂ ਕਾਮਰੇਡ ਲਾਲ ਚੰਦ ਤੇ ਹੋਰ ਹਾਜ਼ਰ ਸਨ।