For the best experience, open
https://m.punjabitribuneonline.com
on your mobile browser.
Advertisement

ਖੱਬੇ-ਪੱਖੀ ਆਗੂ ਸੰਸਦ ਵਿੱਚ ਚੁੱਕਣਗੇ ਮਨੀਪੁਰ ਦਾ ਮੁੱਦਾ

08:07 AM Jul 09, 2023 IST
ਖੱਬੇ ਪੱਖੀ ਆਗੂ ਸੰਸਦ ਵਿੱਚ ਚੁੱਕਣਗੇ ਮਨੀਪੁਰ ਦਾ ਮੁੱਦਾ
Advertisement

ਇੰਫਾਲ, 8 ਜੁਲਾਈ
ਮਨੀਪੁਰ ਦੌਰੇ ’ਤੇ ਆਏ ਖੱਬੇ-ਪੱਖੀ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਉਹ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਸੂਬੇ ’ਚ ਜਾਰੀ ਹਿੰਸਾ ਦਾ ਮੁੱਦਾ ਚੁੱਕਣਗੇ। ਸੀਪੀਆਈ ਅਤੇ ਸੀਪੀਐੱਮ ਦੇ ਪੰਜ ਮੈਂਬਰੀ ਵਫ਼ਦ ਨੇ ਅਮਰੀਕੀ ਸਫ਼ੀਰ ਐਰਿਕ ਗਾਰਸੇਟੀ ਵੱਲੋਂ ਮਨੀਪੁਰ ਬਾਰੇ ਕੀਤੀ ਗਈ ਟਿੱਪਣੀ ਦੀ ਨਿਖੇਧੀ ਵੀ ਕੀਤੀ। ਵਫ਼ਦ ਨੇ ਕਿਹਾ ਕਿ ਉੱਤਰ-ਪੂਰਬੀ ਸੂਬੇ ’ਚ ਸ਼ਾਂਤੀ ਲਈ ਸਾਰੇ ਵਰਗਾਂ ਦੇ ਲੋਕਾਂ ’ਚ ਭਰੋਸਾ ਅਤੇ ਯਕੀਨ ਕਾਇਮ ਕਰਨ ਦੀ ਲੋੜ ਹੈ। ਸੀਪੀਐੱਮ ਦੇ ਰਾਜ ਸਭਾ ਮੈਂਬਰ ਵਿਕਾਸ ਭੱਟਾਚਾਰਿਆ ਨੇ ਦਾਅਵਾ ਕੀਤਾ ਕਿ ਮਨੀਪੁਰ ’ਚ ਸਮੱਸਿਆ ਦਾ ਹੱਲ ਕੱਢਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਬੁਰੀ ਤਰ੍ਹਾਂ ਨਾਕਾਮ ਰਹੀਆਂ ਹਨ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨੇ ਇਕ ਸ਼ਬਦ ਤੱਕ ਨਹੀਂ ਬੋਲਿਆ ਜਦਕਿ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੱਕ ਮਨੀਪੁਰ ਸੜ ਰਿਹਾ ਹੈ। ਅਸੀਂ ਮਨੀਪੁਰ ਦਾ ਮੁੱਦਾ ਸੰਸਦ ’ਚ ਜ਼ਰੂਰ ਚੁੱਕਾਂਗੇ।’’ ਸੀਪੀਐੱਮ ਦੇ ਇਕ ਹੋਰ ਸੰਸਦ ਮੈਂਬਰ ਜੌਹਨ ਬ੍ਰਿਟਾਸ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਆਪਣਾ ਭਰੋਸਾ ਗੁਆ ਲਿਆ ਹੈ। ‘ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਦਿੱਲੀ ’ਚ ਹੋਈ ਸਰਬ ਪਾਰਟੀ ਮੀਟਿੰਗ ਦੌਰਾਨ ਅਸੀਂ ਕਿਹਾ ਸੀ ਕਿ ਬੀਰੇਨ ਸਿੰਘ ਸਮੱਸਿਆ ਦਾ ਹਿੱਸਾ ਹਨ। ਇਸ ਲਈ ਮੁੱਦੇ ਦਾ ਕਿਵੇਂ ਹੱਲ ਕੱਢਿਆ ਜਾ ਸਕਦਾ ਹੈ?’
ਖੱਬੇ-ਪੱਖੀ ਸੰਸਦ ਮੈਂਬਰਾਂ ਨੇ ਅਮਰੀਕੀ ਸਫ਼ੀਰ ਵੱਲੋਂ ਮਨੀਪੁਰ ਬਾਰੇ ਕੀਤੀ ਗਈ ਟਿੱਪਣੀ ’ਤੇ ਵੀ ਚਿੰਤਾ ਜਤਾਈ। ਸੀਪੀਆਈ ਦੇ ਸੰਸਦ ਮੈਂਬਰ ਬਿਨੋਏ ਵਿਸ਼ਵਮ ਨੇ ਕਿਹਾ ਕਿ ਅਮਰੀਕਾ ਵੱਲੋਂ ਦਿੱਤੀ ਗਈ ਤਜਵੀਜ਼ ਮਨੀਪੁਰ ਮੁੱਦੇ ’ਤੇ ਨਵਾਂ ਸਟੈਂਡ ਹੈ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਅਮਰੀਕਾ ਨੇ ਜਦੋਂ ਵੀ ਮਸਲੇ ਹੱਲ ਕਰਾਉਣ ਦੇ ਨਾਮ ’ਤੇ ਦਖ਼ਲ ਦਿੱਤਾ ਹੈ ਤਾਂ ਮਾਮਲੇ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ। ਵਿਸ਼ਵਮ ਨੇ ਕਿਹਾ ਕਿ ਕੇਂਦਰ ਅਤੇ ਮਨੀਪੁਰ ਦੀ ਭਾਜਪਾ ਸਰਕਾਰ ਨੇ ਅਮਰੀਕਾ ਨੂੰ ਸਿਆਸੀ ਖੇਡ ਖੇਡਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਇੰਟਰਨੈੱਟ ਸੇਵਾ ਬੰਦ ਰਹਿਣ ਦਾ ਮੁੱਦਾ ਚੁੱਕਦਿਆਂ ਉਨ੍ਹਾਂ ਹੈਰਾਨੀ ਜਤਾਈ ਕਿ ਨੈੱਟ ਸੇਵਾ ਤੋਂ ਬਿਨਾਂ ਕੋਈ ਵੀ ਸਰਗਰਮੀ ਜਾਂ ਤਰੱਕੀ ਕਿਵੇਂ ਸੰਭਵ ਹੋ ਸਕਦੀ ਹੈ। ਖੱਬੇ-ਪੱਖੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਇੰਫਾਲ ਤੋਂ ਇਲਾਵਾ ਚੂਰਾਚਾਂਦਪੁਰ ਅਤੇ ਥੌਊਬਲ ਜ਼ਿਲ੍ਹਿਆਂ ’ਚ ਰਾਹਤ ਕੈਂਪਾਂ ਦਾ ਦੌਰਾ ਕਰਕੇ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਰਾਜਪਾਲ ਅਨੁਸੂਈਆ ਉਇਕੇ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ। -ਪੀਟੀਆਈ

Advertisement

ਭੀੜ ਨੇ ਦੋ ਵਾਹਨ ਸਾੜੇ, ਪੁਲੀਸ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼
ਇੰਫਾਲ: ਭੀੜ ਨੇ ਕਾਂਗਲਾ ਕਿਲ੍ਹੇ ਨੇੜੇ ਦੋ ਵਾਹਨਾਂ ਨੂੰ ਸਾੜ ਦਿੱਤਾ ਅਤੇ ਪੁਲੀਸ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ। ਸੂਤਰਾਂ ਨੇ ਕਿਹਾ ਕਿ ਭੀੜ ਨੂੰ ਖਿਡਾਉਣ ਲਈ ਸੁਰੱਖਿਆ ਬਲਾਂ ਨੇ ਗੋਲੀਆਂ ਚਲਾਈਆਂ ਜਿਸ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹਿੰਸਾ ਰੋਕਣ ਲਈ ਥਲ ਸੈਨਾ ਅਤੇ ਅਸਾਮ ਰਾਈਫਲਜ਼ ਦੀਆਂ ਇਕ-ਇਕ ਕੰਪਨੀਆਂ ਸੋਂਗਡੋ ਪਿੰਡ ’ਚ ਤਾਇਨਾਤ ਕੀਤੀਆਂ ਗਈਆਂ ਹਨ। ਇੰਫਾਲ ਪੂਰਬੀ ਜ਼ਿਲ੍ਹੇ ਦੇ ਯਾਇਨਗੈਂਗਪੋਕਪੀ ਨੇੜੇ ਰੁਕ-ਰੁਕ ਕੇ ਗੋਲੀਬਾਰੀ ਦੀਆਂ ਰਿਪੋਰਟਾਂ ਹਨ। -ਪੀਟੀਆਈ

Advertisement
Tags :
Author Image

sukhwinder singh

View all posts

Advertisement
Advertisement
×