ਨੌਜਵਾਨਾਂ ਨੂੰ ਗੁਰਮਤਿ ਨਾਲ ਜੋੜਨ ਲਈ ਲੈਕਚਰ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਸਤੰਬਰ
ਗੁਰੂ ਨਾਨਕ ਲਾਇਬ੍ਰੇਰੀ, ਰਾਜਿੰਦਰ ਨਗਰ ਨਵੀਂ ਦਿੱਲੀ ਵਿੱਚ ਅਕਾਲੀ ਫੂਲਾ ਸਿੰਘ ਸਟੱਡੀ ਸਰਕਲ ਵੱਲੋਂ ਪੰਜਵੀਂ ਗੁਰਮਤਿ ਲੈਕਚਰ ਲੜੀ ਤਹਿਤ ‘ਵਰਤਮਾਨ ਸਮੇਂ ਵਿੱਚ ਨੌਜਵਾਨਾਂ ਨੂੰ ਗੁਰਮਤਿ ਨਾਲ ਕਿਵੇਂ ਜੋੜੀਏ’ ਵਿਸ਼ੇ ’ਤੇ ਲੈਚਕਰ ਕਰਵਾਇਆ ਗਿਆ। ਸਬੰਧਤ ਵਿਸ਼ੇ ’ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਸਮਾਂ ਬਿਤਾਉਣ ਦੀ ਬਜਾਏ ਜੇ ਅਸੀਂ ਬੱਚਿਆਂ ਨੂੰ ਮੋਬਾਈਲ ਫੜਾ ਦਿਆਂਗੇ ਤਾਂ ਉਹ ਬੱਚਾ ਵੱਡਾ ਹੋ ਕੇ ਕਦੇ ਵੀ ਮਾਪਿਆਂ ਅਤੇ ਸਮਾਜ ਦਾ ਆਗਿਆਕਾਰੀ ਨਹੀਂ ਹੋਵੇਗਾ। ਬੱਚਿਆਂ ਨੂੰ ਲੋੜ ਤੋਂ ਵੱਧ ਸਹੂਲਤਾਂ ਪ੍ਰਦਾਨ ਕਰ ਕੇ ਅਸੀਂ ਉਨ੍ਹਾਂ ਨੂੰ ਸਮਾਜ ਦੀ ਅਸਲੀਅਤ ਤੋਂ ਦੂਰ ਕਰ ਰਹੇ ਹਾਂ। ਉਹ ਕਲਪਨਾ ਵਿੱਚ ਜੀਣ ਦੇ ਆਦੀ ਹੋ ਜਾਂਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਰਸਤਾ ਦਿਖਾਉਣ ਲਈ ਮਾਪਿਆਂ ਅਤੇ ਅਧਿਆਪਕ ਦੀ ਭੂਮਿਕਾ ’ਤੇ ਵੀ ਬਲ ਦਿੱਤਾ। ਉਨ੍ਹਾਂ ਨੌਜਵਾਨਾਂ ਨੂੰ ਗੁਰਮਤਿ ਨਾਲ ਜੋੜਨ ਲਈ ਮੋਬਾਈਲ ਦੀ ਬਜਾਏ ਚੰਗੀਆਂ ਪੁਸਤਕਾਂ ਪੜ੍ਹਨ ਦੀ ਬਚਪਨ ਤੋਂ ਹੀ ਆਦਤ ਪਾਉਣ ’ਤੇ ਬਲ ਦਿੱਤਾ। ਰੁਪਿੰਦਰ ਸਿੰਘ ਮਾਰਕੋ ਨੇ ਆਪਣੇ ਪਿਤਾ ਲੇਖਕ ਮਨੋਹਰ ਸਿੰਘ ਮਾਰਕੋ ਰਚਿਤ ਪੁਸਤਕ ‘ਗੁਰੂ ਗ੍ਰੰਥ ਸਹਿਬ ਜੀ ਦੀਆਂ ਹੱਥ ਲਿਖਤ ਪ੍ਰਾਚੀਨ ਬੀੜਾਂ ਦੀ ਪ੍ਰਕਿਰਮਾ’ ਦੇ ਦੋ ਭਾਗਾਂ ਦਾ ਸੈੱਟ ਅਤੇ ਪ੍ਰੋ. ਹਰਮਿੰਦਰ ਸਿੰਘ ਨੇ ‘ਆਜ ਕਾ ਆਦੇਸ਼’ ਨਾਮਕ ਪੁਸਤਕ ਗਿਆਨੀ ਜੀ ਨੂੰ ਭੇਟ ਕੀਤੀ। ਬੀਬੀ ਇੰਦਰਜੀਤ ਕੌਰ ਨੇ ਵੀ ਆਪਣੀਆਂ ਦੋ ਕਾਵਿ ਪੁਸਤਕਾਂ ਰੁਪਿੰਦਰ ਸਿੰਘ ਮਾਰਕੋ ਨੂੰ ਭੇਟ ਕੀਤੀਆਂ।